Wednesday, December 18, 2024

ਖ਼ਾਲਸਾ ਕਾਲਜ ਵਿਖੇ ਇੰਟਰਨੈਸ਼ਨਲ ਲਾਅ ਕਾਨਫ਼ਰੰਸ-2024 ਦਾ ਆਯੋਜਿਤ

ਅੰਮ੍ਰਿਤਸਰ, 14 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ੁਦਮੁਖ਼ਤਿਆਰ ਸੰਸਥਾ ਖ਼ਾਲਸਾ ਕਾਲਜ ਦੇ ਸੰੁਦਰ ਸਿੰਘ ਮਜੀਠੀਆ ਹਾਲ ਵਿਖੇ ਅੱਜ ਬਾਰ ਕੌਂਸਲ ਆਫ਼ ਪੰਜਾਬ ਐਂਡ ਹਰਿਆਣਾ ਚੰਡੀਗੜ੍ਹ ਵੱਲੋਂ ਖਾਲਸਾ ਕਾਲਜ ਆਫ਼ ਲਾਅ ਦੇ ਸਹਿਯੋਗ ਨਾਲ ਕਰਵਾਈ ਗਈ ‘ਇੰਟਰਨੈਸ਼ਨਲ ਲਾਅ ਕਾਨਫ਼ਰੰਸ-2024’ ਮੌਕੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਜਸਟਿਸ ਸ੍ਰੀਮਤੀ ਲੀਸਾ ਗਿੱਲ, ਜਸਟਿਸ ਸ: ਹਰਸਿਮਰਨ ਸਿੰਘ ਸੇਠੀ ਅਤੇ ਜਸਟਿਸ ਸ: ਜਸਗੁਰਪ੍ਰੀਤ ਸਿੰਘ ਪੁਰੀ ਨੇ ਸੰਬੋਧਨ ਕਰਦਿਆਂ ਕਾਨੂੰਨੀ ਮਾਹਿਰਾਂ ਨੂੰ ਸਮਾਜ ਦੇ ਹਰੇਕ ਵਰਗ ਨੂੰ ਇਨਸਾਫ਼ ਪ੍ਰਦਾਨ ਕਰਨ ਲਈ ਹਰ ਹੀਲਾ ਵਰਤਣ ਦੀ ਅਪੀਲ ਕੀਤੀ।
ਉਨ੍ਹਾਂ ਨੇ ਸਾਂਝੇ ਤੌਰ ’ਤੇ ਆਪਣੇ ਸੰਬੋਧਨ ਦੌਰਾਨ ਕਾਨੂੰਨੀ ਬੁੱਧੀਜੀਵੀਆਂ ਨੂੰ ਦਰਪੇਸ਼ ਚੁਣੌਤੀਆਂ ਦਾ ਵਰਨਣ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਸਮਾਜ ’ਚ ਨਿਯਮਾਂ ਨੂੰ ਲਾਗੂ ਕਰਨ ਸਬੰਧੀ ਪੇਚੀਦਗੀਆਂ ਵੱਧ ਰਹੀਆਂ ਹਨ, ਵਕੀਲਾਂ ਅਤੇ ਜੱਜ ਸਾਹਿਬਾਨ ਸਾਹਮਣੇ ਨਵੀਆਂ ਚੁਣੌਤੀਆਂ ਉਭਰ ਰਹੀਆਂ ਹਨ।ਉਨ੍ਹਾਂ ਨਿਆਂ ਪ੍ਰਣਾਲੀ ਨੂੰ ਚੁਸਤ-ਦਰੁਸਤ ਕਰਨ ਲਈ ਉੱਚ ਨੈਤਿਕ ਕਦਰਾਂ-ਕੀਮਤਾਂ ਨੂੰ ਅਪਨਾਉਣ ’ਤੇ ਜ਼ੋਰ ਦਿੱਤਾ।ਜ਼ਿਕਰਯੋਗ ਹੈ ਕਿ ਉਕਤ ਕਾਨਫਰੰਸ ਨਾਲ ਸਬੰਧਿਤ ਪਹਿਲਾਂ ਸੈਸ਼ਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਇਆ ਗਿਆ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਸਮਰਪਿਤ ਇਹ ਕਾਨਫਰੰਸ ਅੰਮ੍ਰਿਤਸਰ ਜ਼ਿਲ੍ਹਾ ਬਾਰ ਦੇ ਸਹਿਯੋਗ ਨਾਲ ਕਰਵਾਈ ਗਈ।ਉਕਤ ਜੱਜ ਸਾਹਿਬਾਨ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਵਲੋਂ ਦਰਸਾਏ ਉੱਚੇ ਨੈਤਿਕ ਚਰਿਤਰ ਅਤੇ ਸੱਚੇ ਜੀਵਨ ਨੂੰ ਅਪਨਾ ਕੇ ਹੀ ਅਸੀ ਸਮਾਜ ਦੇ ਲੋੜੀਂਦੇ ਵਰਗ ਨੂੰ ਇਨਸਾਫ਼ ਦਿਵਾਉਣ ’ਚ ਕਾਮਯਾਬ ਹੋ ਸਕਦੇ ਹਾਂ।ਉਨ੍ਹਾਂ ਕਿਹਾ ਕਿ ਸਮਾਜ ’ਚ ਵੱਧ ਰਹੀ ਮੁਕੱਦਮੇਬਾਜ਼ੀ ਕਾਰਨ ਕਾਨੂੰਨੀ ਮਾਹਿਰਾਂ ਵੱਲੋਂ ਸਮੇਂ ਸਿਰ ਅਤੇ ਤੇਜ਼ੀ ਨਾਲ ਇਨਸਾਫ਼ ਪ੍ਰਦਾਨ ਕਰਨਾ ਇਕ ਵੱਡੀ ਜ਼ਿੰਮੇਵਾਰੀ ਹੈ।ਉਨ੍ਹਾਂ ਕਾਨੂੰਨ ਦੇ ਵਿਦਿਆਰਥੀਆਂ ਨੂੰ ਵੱਡੇ ਸੁਪਨੇ ਦੇਖਣ, ਅਸਫ਼ਲਤਾਵਾਂ ਤੋਂ ਸਿੱਖਣ ਅਤੇ ਆਪਣੇ ਚੁਣੇ ਹੋਏ ਚੁਣੌਤੀਪੂਰਨ ਕਾਨੂੰਨੀ ਕਰੀਅਰ ’ਚ ਉਪਲੱਬਧੀਆਂ ਪ੍ਰਾਪਤ ਕਰਨ ਲਈ ਆਪਣੀ ਆਤਮਿਕ ਜਜ਼ਬੇ ’ਚ ਵਿਸ਼ਵਾਸ ਕਰਨ ਲਈ ਕਿਹਾ।
ਇਸ ਤੋਂ ਪਹਿਲਾਂ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਖ਼ਾਲਸਾ ਕਾਲਜ ਆਫ਼ ਲਾਅ ਦੇ ਡਾਇਰੈਕਟਰ ਡਾ. ਜਸਪਾਲ ਸਿੰਘ ਨਾਲ ਮਿਲ ਕੇ ਆਏ ਹੋਏ ਜੱਜ ਸਾਹਿਬਾਨ ਦਾ ਮੋਮੈਂਟੋ ਦੇ ਕੇ ਸਵਾਗਤ ਕੀਤਾ।

Check Also

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਨੇ ਡੀ.ਏ.ਵੀ ਖੇਡਾਂ ‘ਚ ਰਾਸ਼ਟਰੀ ਪੱਧਰ ‘ਤੇ ਜਿੱਤੇ 41 ਸੋਨ, 15 ਸਿਲਵਰ ਅਤੇ 10 ਕਾਂਸੀ ਦੇ ਤਗਮੇ

ਅੰਮ੍ਰਿਤਸਰ, 17 ਦਸੰਬਰ (ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਡੀ.ਏ.ਵੀ ਸਪੋਰਟਸ …