ਅੰਮ੍ਰਿਤਸਰ, 30 ਜਨਵਰੀ (ਪੰਜਾਬ ਪੋਸਟ ਬਿਊਰੋ)- ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ (ਰਜਿ:) ਦੀ ਇੱਕ ਹੰਗਾਮੀ ਮੀਟਿੰਗ ਪ੍ਰਿੰ: ਕੁਲਵੰਤ ਸਿੰਘ ਅਣਖੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਹੋਰਨਾਂ ਤੋਂ ਇਲਾਵਾ ਇੰਜ: ਦਲਜੀਤ ਸਿੰਘ ਕੋਹਲੀ, ਲਖਬੀਰ ਸਿੰਘ ਘੁੰਮਣ, ਗੁਰਮੀਤ ਸਿੰਘ ਭੱਟੀ, ਕਿਰਪਾਲ ਸਿੰਘ ਬੱਬਰ, ਮੋਹਿੰਦਰਪਾਲ ਸਿੰਘ, ਡਾ. ਇੰਦਰਜੀਤ ਸਿੰਘ ਗੋਗੋਆਣੀ, ਹਰਦੀਪ ਸਿੰਘ ਚਾਹਲ, ਨਿਰਮਲ ਸਿੰਘ ਆਨੰਦ, ਡਾ. ਕੁਲਵੰਤ ਸਿੰਘ ਚੰਦੀ, ਸੁਰਿੰਦਰ ਕੁਮਾਰ ਸੇਠੀ ਸ਼ਾਮਿਲ ਹੋਏ। ਮੀਟਿੰਗ ਵਿੱਚ ਨਗਰ ਨਿਗਮ ਨਿੰਦਿਆ ਕੀਤੀ ਗਈ। ਪ੍ਰਧਾਨ ਪ੍ਰਿੰ: ਕੁਲਵੰਤ ਸਿੰਘ ਅਣਖੀ ਦੱਸਿਆ ਕਿ ਰਾਮ ਬਾਗ ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਗਰਮੀਆਂ ਦੀ ਰਾਜਧਾਨੀ ਦਾ ਹੈੱਡਕੁਆਟਰ ਸੀ। ਵਰਤਮਾਨ ਸਮੇਂ ਵੀ ਰਾਮਬਾਗ ਵਿੱਚ ਰਿਆਸਤੀ ਇਮਾਰਤਾਂ ਅਤੇ ਸਦੀ ਤੋਂ ਵੀ ਵੱਧ ਪੁਰਾਤਨ ਮਨਮੋਹਕ ਦਰੱਖਤ ਹਨ। ਪ੍ਰੰਤੂ ਇਸ ਵਿਰਾਸਤੀ ਰਾਮਬਾਗ ਵਿੱਚ ਕੁੱਝ ਐਸ਼-ਪ੍ਰਸਤ ਅਮੀਰਜ਼ਾਦਿਆਂ ਨੇ ਕਲੱਬਾਂ ਬਣਾ ਕੇ ਬਾਗ ਨੂੰ ਸਿਧਾਂਤਕ ਤੌਰ ਤੇ ਕਲੰਕਤ ਕੀਤਾ ਹੋਇਆ ਹੈ। ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਇੰਨ੍ਹਾਂ ਕਲੱਬਾਂ ਨੂੰ ਰਾਮ ਬਾਗ ਵਿੱਚੋਂ ਬਾਹਰ ਕੱਢਣ ਦਾ ਫੈਂਸਲਾ ਦਿੱਤਾ ਹੋਇਆ ਹੈ। ਅੰਮ੍ਰਿਤਸਰ ਪ੍ਰਸ਼ਾਸ਼ਨ ਤੇ ਨਗਰ ਨਿਗਮ ਸੁਧਾਰ ਟਰੱਸਟ ਨੇ ਇੰਨ੍ਹਾਂ ਕਲੱਬਾਂ ਨੂੰ ਗੁਰੂ ਤੇਗ ਬਹਾਦਰ ਨਗਰ ਵਿੱਚ ਥਾਂ ਵੀ ਦਿੱਤੀ ਹੈ, ਪ੍ਰੰਤੂ ਇਹ ਸਭ ਕੁੱਝ ਹੋਣ ਦੇ ਬਾਵਜੂਦ ਕਲੱਬਾਂ ਬਾਹਰ ਲਿਜਾਣ ਦੀ ਬਜਾਏ ਇਤਿਹਾਸਕ ਰਾਮਬਾਗ ਨੂੰ ਡੀਨੋਟੀਫਾਈ ਕਰਾਉਣ ਲਈ ਕੁੱਝ ਲੋਕ ਸਫਲ ਹੋ ਰਹੇ ਜਾਪਦੇ ਹਨ। ਇਸ ਕਾਰਨ ਸਮੁੱਚੇ ਅੰਮ੍ਰਿਤਸਰ ਦੇ ਵਾਸੀ ਨਗਰ ਨਿਗਮ ਦੀ ਇਸ ਕਾਰਵਾਈ ਦੇ ਸਖਤ ਖਿਲਾਫ ਹਨ। ਉਨਾਂ ਕਿਹਾ ਕਿ ਅੰਮ੍ਰਿਤਸਰ ਵਿਕਾਸ ਮੰਚ ਅੰਮ੍ਰਿਤਸਰ ਦੇ ਵਾਸੀਆਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਹੋਇਆਂ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਾਸੋਂ ਇਹ ਜੋਰਦਾਰ ਮੰਗ ਕਰਦਾ ਹੈ ਕਿ ਰਾਮਬਾਗ ਦੀ ਵਿਰਾਸਤੀ ਸ਼ਾਨ ਹਰ ਹਾਲ ਵਿੱਚ ਬਹਾਲ ਰੱਖੀ ਜਾਵੇ ਤੇ ਇਸ ਨੂੰ ਡੀਨੋਟੀਫਾਈ ਨਾ ਕੀਤਾ ਜਾਵੇ।
Check Also
ਜਨਮ ਦਿਨ ਮੁਬਾਰਕ – ਭੂਮਿਕਾ ਕਾਂਸਲ
ਸੰਗਰੂਰ, 2 ਜਨਵਰੀ (ਜਗਸੀਰ ਲੌਂਗੋਵਾਲ) – ਚੀਮਾ ਮੰਡੀ ਸੰਗਰੂਰ ਵਾਸੀ ਸੁਰੇਸ਼ ਕਾਂਸਲ ਲਾਡੀ ਪਿਤਾ ਅਤੇ …