Sunday, May 25, 2025
Breaking News

1 ਜੂਨ ਨੂੰ ਮਨਾਇਆ ਜਾਵੇਗਾ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ – ਦਲਮੇਘ ਸਿੰਘ

PPN260519

ਅੰਮ੍ਰਿਤਸਰ, 26 ਮਈ (ਗੁਰਪ੍ਰੀਤ ਸਿੰਘ)-  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ੧੯ ਜੇਠ, ਸੰਮਤ ਨਾਨਕਸ਼ਾਹੀ 546 ਮੁਤਾਬਿਕ 1  ਜੂਨ 2014  ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ। ਦਫਤਰ ਤੋਂ ਜਾਰੀ ਪ੍ਰੈੱਸ ਨੋਟ ‘ਚ ਸ . ਦਲਮੇਘ ਸਿੰਘ ਸਕੱਤਰ ਨੇ ਦੱਸਿਆ ਹੈ ਕਿ ਬਾਣੀ ਦੇ ਬੋਹਿਥ, ਸ਼ਾਂਤੀ ਦੇ ਪੁੰਜ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜ਼ੁਲਮ ਤੇ ਅਨਿਆ ਵਿਰੁੱਧ ਅਸਹਿ ਤੇ ਅਕਹਿ ਕਸ਼ਟ ਸਹਾਰਦੇ ਹੋਏ  ਆਪਣਾ ਬਲੀਦਾਨ ਦੇ ਕੇ ਧਰਮ ਦੀ ਰੱਖਿਆ ਕੀਤੀ ਤੇ ਸ਼ਾਂਤਮਈ ਰਹਿ ਕੇ ਸ਼ਹੀਦੀਆਂ ਦੇਣ ਦੀ ਪਰੰਪਰਾ ਆਰੰਭੀ। ਇਸੇ ਪ੍ਰੰਪਰਾ ਤੇ ਚਲਦੇ ਹੋਏ ਗੁਰਸਿੱਖਾਂ ਨੇ ਸ਼ਾਂਤਮਈ ਰਹਿ ਕੇ ਬੰਦ-ਬੰਦ ਕਟਵਾਏ, ਆਰਿਆਂ ਨਾਲ ਤਨ ਚਿਰਵਾਏ ਤੇ ਰੰਬੀਆਂ ਨਾਲ ਖੋਪਰ ਲੁਹਾਏ ਅਤੇ ਹੋਰ ਕਈ ਕਿਸਮ ਦੇ ਅਸਹਿ ਤੇ ਅਕਹਿ ਕਸ਼ਟ ਖਿੜੇ ਮੱਥੇ ਪ੍ਰਵਾਨ ਕਰਦੇ ਹੋਏ ਧਰਮ ਤੋਂ ਆਪਾ ਵਾਰਿਆ। ਗੁਰੂ ਸਾਹਿਬ ਤੇ ਉਨ੍ਹਾਂ ਦੇ ਸਿੱਖਾਂ ਦੀ ਲਾ-ਮਿਸਾਲ ਕੁਰਬਾਨੀ ਤੇ ਧਰਮ ਤੋਂ ਆਪਾ ਵਾਰਨ ਸਦਕਾ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ 23 ਮਈ ਤੋਂ 31 ਮਈ ਤੱਕ ਸ਼ਾਮ 5-30 ਵਜੇ ਗੁਰ-ਇਤਿਹਾਸ ਦੀ ਕਥਾ ਹੋਵੇਗੀ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ 30 ਮਈ ਸ਼ੁੱਕਰਵਾਰ ਨੂੰ ਸਵੇਰੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਅਖੰਡਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ 1 ਜੂਨ  ਦਿਨ ਐਤਵਾਰ ਨੂੰ ਸਵੇਰੇ 8-00 ਵਜੇ ਭੋਗ ਪੈਣਗੇ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਮੁਖਵਾਕ ਦੀ ਕਥਾ ਹੋਵੇਗੀ। ਉਪਰੰਤ ਪੰਥ ਪ੍ਰਸਿੱਧ ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਤੇ ਬੀਰ-ਰਸੀ ਵਾਰਾਂ ਰਾਹੀਂ ਸੰਗਤਾਂ ਨੂੰ  ਨਿਹਾਲ ਕੀਤਾ ਜਾਵੇਗਾ। ਇਸੇ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਾਹਿਬਾਨ ਵੱਲੋਂ ਦੁਪਹਿਰ 12-00 ਵਜੇ ਤੋਂ 1-30 ਵਜੇ ਤੱਕ ਸ਼ਹੀਦੀ ਪ੍ਰਸੰਗ ਦੀ ਕਥਾ ਹੋਵੇਗੀ। 1 ਜੂਨ  ਨੂੰ ਸ਼ਹੀਦੀ ਪੁਰਬ ਸਬੰਧੀ ਦੁਪਹਿਰ 2-00 ਵਜੇ ਤੋਂ 4-00 ਵਜੇ ਤੱਕ ਕਵੀ ਦਰਬਾਰ ਹੋਵੇਗਾ। ਜਿਸ ਵਿੱਚ ਕਵੀ-ਜਨ ਸ਼ਹੀਦੀ ਪੁਰਬ ਨਾਲ ਸਬੰਧਤ ‘ਕਵਿਤਾਵਾਂ’ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ 31 ਮਈ ਤੱਕ ਸ਼ਾਮ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੀ ਬਜਾਏ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਹਾਜ਼ਰੀਆਂ ਭਰ ਕੇ ਗੁਰ-ਇਤਿਹਾਸ ਦੀ ਕਥਾ ਸਰਵਣ ਕਰਨ ਤੇ ਸ਼ਹੀਦੀ ਪੁਰਬ ਨੂੰ ਸਮਰਪਿਤ ਹੋ ਰਹੇ ਸਮਾਗਮਾਂ ‘ਚ ਪ੍ਰੀਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਖੁਸ਼ੀਆਂ ਪ੍ਰਾਪਤ ਕਰਨ।

Check Also

ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ

ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ …

Leave a Reply