ਫਾਜ਼ਿਲਕਾ, 14 ਅਕਤੂਬਰ (ਵਨੀਤ ਅਰੋੜਾ)- ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਸਥਾਨਕ ਡੀ.ਸੀ.ਡੀ.ਏ.ਵੀ. ਪਬਲਿਕ ਸਕੂਲ ਵਿਚ ਕਰਵਾਏ ਗਏ। ਇੰਨ੍ਹਾਂ ਮੁਕਾਬਲਿਆਂ ਵਿਚ ਬੋਲਚਾਲ ਦੀ ਭਾਸ਼ਾ ਅਤੇ ਟਕਸਾਲੀ ਬੋਲੀ ਸਬੰਧੀ ਮੁਕਾਬਲੇ ਕਰਵਾਏ ਗਏ। ਇੰਨ੍ਹਾਂ ਮੁਕਾਬਲਿਆਂ ਵਿਚ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਦੇ ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਸਨ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਵੱਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ।
ਇਸ ਮੌਕੇ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਿਤ ਇਹ ਮੁਕਾਬਲੇ ਆਪਣੇ ਆਪ ਵਿਚ ਅਣਮੁੱਲੇ ਕਹੇ ਜਾ ਸਕਦੇ ਹਨ। ਪੰਜਾਬੀ ਸੂਬੇ ਦੇ ਸਬੰਧ ਵਿਚ ਕਰਵਾਏ ਜਾ ਰਹੇ ਇਹ ਰਾਜ ਪੱਧਰੀ ਸਮਾਗਮ ਆਪਣੇ ਆਪ ਵਿਚ ਬੇਮਿਸਾਲ ਹਨ। ਅੱਜ ਅਸੀ ਆਪਣੀ ਮਾਂ ਬੋਲੀ ਨੂੰ ਹੀ ਭੁੱਲਦੇ ਜਾ ਰਹੇ ਹਾਂ। ਲੋੜ ਇਸ ਗੱਲ ਦੀ ਹੈ ਕਿ ਅਸੀਂ ਆਪਣੀ ਮਾਂ ਬੋਲੀ ਦੀ ਕਦਰ ਕਰੀਏ ਅਤੇ ਮਾਂ ਬੋਲੀ ਨੂੰ ਬੋਲੀਏ। ਪੰਜਾਬੀ ਸੂਬੇ ਦੀ ਇਸ ਵਰ੍ਹੇਗੰਢ ਤੇ ਸਾਨੂੰ ਆਪਣੇ ਰੀਤੀ ਰਿਵਾਜਾਂ ਅਤੇ ਆਪਣੀ ਭਾਸ਼ਾ ਪ੍ਰਤੀ ਪੂਰੀ ਸੁਹਿਰਦਤਾ ਦਿਖਾਉਣੀ ਪਵੇਗੀ।
ਸ਼੍ਰੀ ਜਿਆਣੀ ਨੇ ਕਿਹਾ ਕਿ ਪੰਜਾਬੀ ਸੂਬਾ ਪੰਜਾਬੀਆਂ ਦੀਆਂ ਸ਼ਹਾਦਤਾਂ, ਕੁਰਬਾਨੀਆਂ ਦੇ ਕਾਰਨ ਬਣਿਆ ਹੈ। ਅੱਜ ਦਾ ਪੰਜਾਬ ਠੇਠ ਪੰਜਾਬੀ ਬੋਲੀ ਦੇ ਅਧਾਰਤ ਪੰਜਾਬ ਹੈ। ਅੱਜ ਦੇ ਪੰਜਾਬ ਨੂੰ ਹਰ ਖੇਤਰ ਵਿਚ ਤਰੱਕੀ ਕਰਦਿਆਂ ਦੇਖ ਕੇ ਸਾਡੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਕਾਰਨ ਅੱਜ ਪੰਜਾਬ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਕਰਵਾਏ ਗਏ ਮੁਕਾਬਲੇ ਪੰਜਾਬੀ ਦੇ ਵਿਦਿਆਰਥੀਆਂ ਨੂੰ ਨਵੀਂ ਦਿਸ਼ਾ ਦਿਖਾਉਣਗੇ। ਠੇਠ ਅਤੇ ਨਿਰੋਲ ਪੰਜਾਬੀ ਭਾਸ਼ਾ ਨੂੰ ਸਮਰਪਿਤ ਇੰਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਵਿਚ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ।
ਇਸ ਮੌਕੇ ਹਲਕਾ ਬੱਲੂਆਣਾ ਦੇ ਵਿਧਾਇਕ ਸ. ਗੁਰਤੇਜ ਸਿੰਘ ਘੁੜਿਆਣਾ ਨੇ ਕਿਹਾ ਕਿ ਪੰਜਾਬ ਨੇ ਸਿੱਖਿਆ ਦੇ ਖੇਤਰ ਵਿਚ ਬੇਮਿਸਾਲ ਤਰੱਕੀ ਕੀਤੀ ਹੈ। ਅੱਜ ਪੰਜਾਬ ਸਿੱਖਿਆ ਦੇ ਖੇਤਰ ਵਿਚ ਤੀਜੇ ਸਥਾਨ ਤੇ ਹੈੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਸੂਬੇ ਦੀ ਤਰੱਕੀ ਲਈ ਜਿੱਥੇ ਕੁਰਬਾਨੀਆਂ ਕੀਤੀਆਂ ਗਈਆਂ ਹਨ ਉੱਥੇ ਹੀ ਅੱਜ ਪੰਜਾਬ ਨੂੰ ਨਵੀਆਂ ਬੁਲੰਦੀਆਂ ਤੇ ਲਿਜਾਣ ਲਈ ਪਿੱਛਲੇ 9 ਸਾਲਾਂ ਵਿਚ ਬਹੁਤ ਵੱਡੇ ਪੱਧਰ ਤੇ ਵਿਕਾਸ ਕਾਰਜ ਕਰਵਾਏ ਗਏ ਹਨ।
ਇਸ ਮੌਕੇ ਕਰਵਾਏ ਗਏ ਮਿਡਲ ਪੱਧਰ ਦੇ ਮੁਕਾਬਲਿਆਂ ਵਿਚ ਮਾਨਸਾ ਜ਼ਿਲ੍ਹੇ ਦੀ ਜਸ਼ਨਪ੍ਰੀਤ ਕੌਰ ਨੇ ਅਵੱਲ ਅਤੇ ਪਟਿਆਲਾ ਜ਼ਿਲ੍ਹੇ ਦੀ ਮਨਪ੍ਰੀਤ ਕੌਰ ਨੇ ਦੂਜਾ ਅਤੇ ਕਪੂਰਥਲਾ ਦੀ ਕੋਮਲਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤਰ੍ਹਾਂ ਹੀ ਸੈਕੰਡਰੀ ਪੱਧਰ ਦੇ ਮੁਕਬਾਲਿਆਂ ਵਿਚ ਬਰਨਾਲਾ ਜ਼ਿਲ੍ਹੇ ਦੀ ਸੁਖਪ੍ਰੀਤ ਕੌਰ ਨੇ ਪਹਿਲਾ, ਪਟਿਆਲਾ ਜ਼ਿਲ੍ਹੇ ਦੀ ਰੁਪਿੰਦਰ ਕੌਰ ਨੇ ਦੂਜਾ ਅਤੇ ਤਰਨਤਾਰਨ ਦੇ ਵਿਸ਼ਾਲ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਮੁੱਖ ਮਹਿਮਾਨ ਅਤੇ ਹੋਰਨਾਂ ਸ਼ਖਸ਼ੀਅਤਾਂ ਵੱਲੋਂ ਅਵੱਲ ਰਹੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ।
ਇੰਨ੍ਹਾਂ ਰਾਜ ਪੱਧਰੀ ਮੁਕਾਬਲਿਆਂ ਵਿਚ ਵਿਦਿਆਰਥੀਆਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਨੇ ਸਭ ਦਾ ਮਵਿਨ ਮੋਹ ਲਿਆ। ਇੰਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਵੱਲੋਂ ਗਿੱਧਾ, ਭੰਗੜਾ, ਗੱਤਕਾ ਅਤੇ ਵਿਦਿਆਰਥੀਆਂ ਵੱਲੋਂ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ( ਜਨਰਲ ) ਸ. ਚਰਨਦੇਵ ਸਿੰਘ ਮਾਨ, ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਸਿੱਖਿਆ ਡਾ. ਸੁਖਵੀਰ ਸਿੰਘ ਬੱਲ੍ਹ, ਹਰਪਾਲ ਸਿੰਘ ਸੰਧੂ, ਜਥੇਦਾਰ ਗੁਰਜੰਟ ਸਿੰਘ ਚਿਮਨੇਵਾਲਾ, ਜ਼ਿਲ੍ਹਾ ਸਿੱਖਿਆ ਅਧਿਕਾਰੀ ਸ਼੍ਰੀ ਹਰੀ ਚੰਦ ਕੰਬੋਜ, ਡਿਪਟੀ ਡੀ.ਈ.ਓ. ਸੁਖਦੇਵ ਸਿੰਘ, ਸ਼੍ਰੀਮਤੀ ਸਤਿੰਦਰਜੀਤ ਕੌਰ, ਸ. ਪੰਮੀ ਸਿੰਘ, ਸਰਪੰਚ ਸਾਹਿਬ ਸਿੰਘ ਸੰਧੂ ਜਥੇਦਾਰ ਚਰਨ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਹਾਜਰ ਸਨ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …