Wednesday, December 11, 2024

ਗ੍ਰਿਫ਼ਿਥ ਦੀਆਂ ਅਠਾਰਵੀਆਂ ਸਿੱਖ ਖੇਡਾਂ

PPA160603

                    ਸੋਚ ਰਿਹਾ ਸਾਂ ਕਿ ਇਸ ਵਾਰੀ ਗ੍ਰਿਫ਼ਿਥ ਦੇ ਸਾਲਾਨਾ ਸ਼ਹੀਦੀ ਟੂਰਨਾਮੈਂਟ ਵਿਚ ਸ਼ਾਮਲ ਹੋਣ ਲਈ ਜਾਵਾਂ ਕਿ ਨਾ। ਬੁੱਢੇ ਵਾਰੇ ਇਹ ਮੈਨੂੰ ਖ਼ਫ਼ਤ ਜਿਹਾ ਹੀ ਹੋ ਗਿਆ ਹੈ ਕਿ ਗੁਰਮੁਖੀ ਅੱਖਰਾਂ ਵਿਚ ਅਤੇ ਸਮਝ ਆਉਣ ਵਾਲ਼ੀ ਪੰਜਾਬੀ ਬੋਲੀ ਵਿਚ ਲਿਖੀਆਂ ਆਪਣੀਆਂ ਕਿਤਾਬਾਂ ਨੂੰ, ਇਸ ਜਹਾਨੋ ਕੂਚ ਕਰਨ ਤੋਂ ਪਹਿਲਾਂ ਪਹਿਲਾਂ, ਵਧ ਤੋਂ ਵਧ ਪਾਠਕਾਂ ਦੇ ਹੱਥਾਂ ਤੱਕ ਪੁਚਾ ਸਕਾਂ। ਇਸ ਕਾਰਜ ਲਈ ਅਜਿਹੇ ਮੇਲਿਆਂ ਤੋਂ ਚੰਗੇਰਾ ਹੋਰ ਮੌਕਾ ਕੇਹੜਾ ਮਿਲ਼ ਸਕਦਾ ਹੈ, ਜਿਥੇ ਕਿ ਦੂਰ ਦੁਰਾਡੇ ਸ਼ਹਿਰਾਂ ਤੋਂ ਆਏ ਪਾਠਕਾਂ ਦੇ ਹੱਥਾਂ ਵਿਚ ਇਹ ਕਿਤਾਬਾਂ ਇਕੋ ਥਾਂ ਤੋਂ ਹੀ ਪੁਚਾਈਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਕਰਨ ਨਾਲ਼ ਵੱਖ ਵੱਖ ਸ਼ਹਿਰਾਂ ਵਿਚ ਜਾਣ ਵਾਲ਼ੇ ਸਫ਼ਰ ਅਤੇ ਖ਼ਰਚ ਦੀ ਬੱਚਤ ਹੋ ਜਾਂਦੀ ਹੈ; ਪਰ ਦੂਜੇ ਪਾਸੇ ਪਾਲ਼ੇ ਤੋਂ ਵੀ ਡਰਦਾ ਸਾਂ। ਪਰਥ ਵਾਲ਼ੀਆਂ ਗੇਮਾਂ ਸਮੇ, ਜਦੋਂ ਇਹ ਐਲਾਨ ਹੋਇਆ ਕਿ ਅਗਲੇ ਸਾਲ ਇਹ ਖੇਡਾਂ ਵੁਲਗੂਲਗੇ ਵਿਖੇ ਹੋਣਗੀਆਂ ਤਾਂ ਮੈਂ ਆਖਿਆ ਕਿ ਮੈਂ ਵੀ ਓਥੇ ਉਸ ਸਮੇ ਆਵਾਂਗਾ। ਲਾਗੋਂ ਹੀ ਅਮਨਦੀਪ ਸਿਧੂ ਨੇ ਝੱਟ ਚੁਟਕੀ ਲਈ, “ਜੇ ਤੂੰ ਸਿਆਲ਼ ਕੱਢ ਗਿਆ, ਤਾਇਆ ਤਾਂ!” ਗੱਲ ਤਾਂ ਭਤੀਜ ਦੀ ਠੀਕ ਹੀ ਸੀ। ਪੰਗਾ ਲੈ ਲਿਆ ਮੈਲਬਰਨ ਤੋਂ ਪਰਥ ਕਾਰ ਰਾਹੀਂ ਜਾਣ ਦਾ। ਜਾਂਦੇ ਸਮੇ ਤਾਂ ਪਹੁੰਚ ਗਏ ਪਰ ਮੁੜਦਿਆਂ ਰਸਤੇ ਵਿਚ ਮੈਂ ਪੈਂਚਰ (ਕਾਰ ਨਹੀਂ, ਮੈਂ ਖ਼ੁਦ) ਹੋ ਗਿਆ। ਸੋਚਿਆ ਕਿ ਠੀਕ ਹੋ ਜਾਵਾਂਗਾ ਪਰ ਰਿਵਰਲੈਂਡ ਵਿਚ ਇਹ ਯਾਤਰਾ ਰੋਕਣੀ ਹੀ ਪਈ। ਨਾਲ਼ਦਿਆਂ ਨੂੰ ਆਖਿਆ ਕਿ ਉਹ ਮੈਲਬਰਨ ਨੂੰ ਚਾਲੇ ਪਾਉਣ ਅਤੇ ਮੈਨੂੰ ਮੇਰੇ ਹਾਲ ਤੇ ਛੱਡ ਦੇਣ। ਓਥੇ ਫਿਰ ਸੱਜਣਾਂ ਨੇ ਸੇਵਾ ਸੰਭਾਲ਼ ਕਰਕੇ ਮੈਨੂੰ ਇਸ ਸੰਸਾਰ ਦੇ ਵਿਚ ਹੀ ਰੱਖ ਲਿਆ। ਐਵੇਂ ਜਾਹ ਜਾਂਦੀ ਹੋਣ ਲੱਗੀ ਸੀ!
ਗੱਲ ਤਾਂ ਕਰਨ ਲੱਗੇ ਸੀ ਗ੍ਰਿਫ਼ਿਥ ਦੇ ਸ਼ਹੀਦੀ ਟੂਰਨਾਮੈਂਟ ਦੀ ਪਰ ਜਾ ਵੜੇ ਹੋਰ ਹੀ ਪਾਸੇ। ਕਿਤਾਬਾਂ ਤੇ ਪਾਲ਼ੇ ਦੀ ਉਧੇੜ-ਬੁਣ ਜਿਹੀ ਦੌਰਾਨ ਹੀ ਗ੍ਰਿਫ਼ਿਥ ਤੋਂ ਸ. ਸਰਵਨ ਸਿੰਘ ਜੀ ਦਾ ਫ਼ੋਨ ਆ ਗਿਆ ਕਿ ਮੈਂ ਆਵਾਂ ਤੇ ਪਹਿਲਾਂ ਵਾਂਙ ਹੀ, ਖੇਡਾਂ ਦੌਰਾਨ, ਮਾਈਕ ਦੀ ਸੇਵਾ ਨਿਭਾਵਾਂ। ਫਿਰ ਤਾਂ ਦੁਚਿਤੀ ਵਾਲ਼ੀ ਕੋਈ ਗੱਲ ਹੀ ਨਹੀਂ ਸੀ ਰਹਿਣੀ।; ਜਾਣਾ ਹੀ ਜਾਣਾ ਸੀ। ਮਾਈਕ ਦੇ ਹੀ ਤਾਂ ਬਹੁਤੇ ਝਗੜੇ ਨੇ। ਗੁਰਦੁਆਰਾ ਸਾਹਿਬਾਨ ਵਿਚ ਚਾਰ ਹੀ ਤਾਂ ਵਸਤੂ ਹੁੰਦੀਆਂ ਨੇ: ਕੁਣਕਾ ਤੇ ਫੁਲਕਾ; ਮਾਈਕ ਤੇ ਮਾਇਆ। ਕੁਣਕਾ ਤੇ ਫੁਲਕਾ ਸੰਗਤਾਂ ਵਾਸਤੇ ਅਤੇ ਮਾਈਕ ਤੇ ਮਾਇਆ ਆਗੂਆਂ ਵਾਸਤੇ। ਇਸ ਮਾਈਕ ਵਾਸਤੇ ਤਾਂ ਏਡੇ ਵੱਡੇ ਲੀਡਰ, ਘੱਲੂਘਾਰੇ ਦੀ ਯਾਦ ਵਾਲ਼ੇ ਦੀਵਾਨ ਸਮੇ, ਹਰ ਵਾਰੀਂ ਸ੍ਰੀ ਅਕਾਲ ਤਖ਼ਤ ਉਪਰ ਜਾ ਕੇ, ਮਾਈਕ ਖੋਹਣ ਦੇ ਯਤਨਾਂ ਵਿਚ ਹੰਗਾਮਾ ਕਰ ਦਿੰਦੇ ਹਨ। ਫਿਰ ਮਾਈਕ ਤੇ ਮਾਇਆ ਦੋਹਾਂ ਵਿਚੋਂ ਸਮਝਦਾਰ ਬੰਦਾ ਤਾਂ ਮਾਇਆ ਨੂੰ ਕੰਟ੍ਰੋਲ ਕਰਦਾ ਹੈ ਤੇ ਮੇਰੇ ਵਰਗਾ, ਜਿਸ ਦੇ ਸਿਰ ਵਿਚਲਾ ਕੋਈ ਸਕਰੂ ਢਿੱਲਾ ਹੁੰਦਾ ਹੈ, ਉਹ ਭੱਜ ਕੇ ਮਾਈਕ ਨੂੰ ਪੈਂਦਾ ਹੈ। ਇਸ ਵਿਚ ਖਾਣ ਪੀਣ ਨੂੰ ਕੁਝ ਨਹੀਂ ਤੇ ਨੁਕਤਾਚੀਨੀ ਦਾ ਸਾਹਮਣਾ ਸਾਰੇ ਪਾਸਿਆਂ ਤੋਂ ਕਰਨਾ ਪੈਂਦਾ ਹੈ।
ਸਦਾ ਵਾਂਙ ਵਿਸ ਵਾਰੀ ਵੀ ਭਾਵੇਂ ਕਿ ਸ. ਮਹਿੰਗਾ ਸਿੰਘ ਖੱਖ ਵਲੋਂ ਕਾਰ ਤੇ ਆਪਣੇ ਨਾਲ਼ ਲੈ ਜਾਣ ਦੀ ਪੇਸ਼ਕਸ਼ ਤਾਂ ਹੋ ਗਈ ਸੀ ਪਰ ਫਿਰ ਸੋਚਿਆ ਕਿ ਮੈਂ ਕਿਤਾਬਾਂ ਵਾਲਾ ਵੱਡਾ ਸਾਰਾ ਅਟੈਚੀ ਆਪਣੇ ਨਾਲ਼ ਧੂਹਣਾ ਹੈ; ਇਸ ਲਈ ਕਾਹਨੂੰ ਕਾਰ ਵਿਚ ਬੇਲੋੜਾ ਭਾਰ ਪਾਉਣਾ ਹੈ। ਸਵੇਰੇ ਛੇ ਵਜੇ ਹੀ ਘਰੋਂ ਨਿਕਲ਼ ਪਿਆ ਤੇ ਸ਼ਾਮ ਤੱਕ ਰਿੜ੍ਹਦਾ ਖਿੜ੍ਹਦਾ ਆਖਰ ਗ੍ਰਿਫ਼ਿਥ ਅੱਪੜ ਹੀ ਗਿਆ। ਅੱਗੋਂ ਸਟੇਸ਼ਨ ਤੋਂ ਸ. ਸਰਵਨ ਸਿੰਘ ਨੇ ਆਪਣੀ ਵੱਡੀ ਸਾਰੀ ਕਾਰ ਵਿਚ ਚੁੱਕ ਕੇ ਮੈਨੂੰ ਗੁਰਦੁਆਰਾ ਸਾਹਿਬ ਵਿਖੇ ਜਾ ਜਮ੍ਹਾ ਕਰਵਾਇਆ। ਜਦੋਂ ਗੁਰਦੁਆਰਾ ਸਾਹਿਬ ਵਿਚ ਦਾਖਲ ਹੋਇਆ ਤਾਂ ਓਥੇ ਗਹਿਮਾ ਗਹਿਮ, ਰੌਣਕ ਮੇਲਾ। ਬੀਬੇ, ਬੀਬੀਆਂ, ਬੱਚੇ, ਬੱਚੀਆਂ ਖੇਡਾਂ ਵਿਚ ਸ਼ਾਮਲ ਹੋਣ ਲਈ ਬਾਹਰੋਂ ਆ ਰਹੀਆਂ ਸੰਗਤਾਂ ਵਾਸਤੇ, ਕਈ ਪ੍ਰਕਾਰ ਦੀਆਂ ਮਿਠਿਆਈਆਂ ਅਤੇ ਬਹੁ ਪ੍ਰਕਾਰੀ ਭੋਜਨ ਤਿਆਰ ਕਰਨ ਵਿਚ ਰੁੱਝੀਆਂ ਹੋਈਆਂ ਸਨ। ਪਤਾ ਲੱਗਾ ਕਿ ਹਫ਼ਤਿਆਂ ਤੋਂ ਹੀ ਸਦਾ ਵਾਂਙ ਗ੍ਰਿਫ਼ਿਥ ਦੀਆਂ ਸੰਗਤਾਂ ਭੋਜਨ ਸਮੱਗਰੀ ਤਿਆਰ ਕਰ ਰਹੀਆਂ ਹਨ। ਫਿਰ ਅਧੀ ਰਾਤ ਤੋਂ ਲੱਗ ਕੇ ਦਿਨ ਚੜ੍ਹਨ ਤੱਕ ਬੱਚੇ ਬੱਚੀਆਂ ਸਮੇਤ ਤਾਜੇ ਫੁਲਕੇ ਬਣਾਉਣ ਦੀ ਸੇਵਾ ਵਿਚ ਸ਼ਰਧਾ ਸਹਿਤ ਲੱਗੀਆਂ ਹੋਈਆਂ, ਨਾਲ ਨਾਲ਼ ਬਾਣੀ ਦਾ ਪਾਠ ਕਰਦੀਆਂ ਸਨ।
ਖੇਡਾਂ ਸਿੱਖ ਇਤਿਹਾਸ ਵਿਚ:
ਸਿੱਖ ਧਰਮ ਵਿਚ ਖੇਡਾਂ ਦਾ ਵਾਹਵਾ ਹੀ ਮਹੱਤਵ ਹੈ। ਸਿੱਖ ਇਤਿਹਾਸ ਪੜ੍ਹਿਆਂ ਸਾਨੂੰ ਪਤਾ ਲੱਗਦਾ ਹੈ ਕਿ ਸ੍ਰੀ ਗੁਰੂ ਅੰਗਦ ਦੇਵ ਜੀ, ਖਡੂਰ ਸਾਹਿਬ ਵਿਖੇ ਰੋਜ਼ਾਨਾ ਬੱਚਿਆਂ ਅਤੇ ਨੌਜਵਾਨਾਂ ਦੇ ਘੋਲ਼ ਕਰਵਾਇਆ ਕਰਦੇ ਸਨ। ਇਕ ਸਮੇ ਅਜਿਹਾ ਵੀ ਹੋਇਆ ਕਿ ਬੱਚਿਆਂ ਦੇ ਘੋਲ਼ ਸਮੇ ਬਾਦਸ਼ਾਹ ਹਿਮਾਯੂੰ ਵੀ ਸ਼ੇਰ ਸ਼ਾਹ ਸੂਰੀ ਤੋਂ ਹਾਰ ਖਾ ਕੇ ਆਇਆ ਤਾਂ ਵੀ ਗੁਰੂ ਜੀ ਨੇ ਖੇਡਾਂ ਵੱਲੋਂ ਧਿਆਨ ਨਾ ਹਟਾਇਆ। ਇਸ ਦੀ ਯਾਦ ਵਿਚ, ਓਥੇ ਇਸ ਸਮੇ ਗੁਰਦੁਆਰਾ ਸ੍ਰੀ ਮੱਲ ਅਖਾੜਾ ਸਾਹਿਬ ਸੁਸ਼ੋਭਤ ਹੈ। ਉਹ ਗੁਰਦੁਆਰਾ ਅਸਾਨੂੰ ਗੁਰੂ ਸਾਹਿਬ ਜੀ ਦਾ ਕੌਮ ਦੇ ਬੱਚਿਆਂ ਦੀ ਸਰੀਰਕ ਸੇਹਤ ਵਾਸਤੇ, ਖੇਡਾਂ ਦੁਆਰਾ ਸੁਚੱਜੇ ਉਦਮ ਦੀ ਯਾਦ ਦਿਵਾਉਂਦਾ ਹੈ।
ਫਿਰ, ਸਤਿਗੁਰੂ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਆਪਣੇ ਸਿੱਖਾਂ ਨੂੰ ਜਿਥੇ ਸ਼ਸ਼ਤਰ ਵਿੱਦਿਆ ਦੇ ਨਾਲ਼ ਨਾਲ਼ ਸ਼ਿਕਾਰ, ਘੋੜ ਸਵਾਰੀ ਆਦਿ ਮਾਰਸ਼ਲ ਖੇਡਾਂ ਵਾਸਤੇ ਉਤਸ਼ਾਹਤ ਕਰਦੇ ਸਨ ਓਥੇ ਉਹਨਾਂ ਨੇ ਘੋਲ਼ ਵਾਸਤੇ ਅਖਾੜੇ ਵੀ ਬਣਾਏ। ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦਰਸ਼ਨੀ ਡਿਉੜੀ ਦੇ ਵਿਚਕਾਰ ਜੋ ਖੁਲ੍ਹਾ ਸਥਾਨ ਹੈ, ਏਥੇ ਘੋਲ਼, ਗਤਕਾ ਆਦਿ ਖੇਡਾਂ, ਗੁਰੂ ਸਾਹਿਬਾਨ ਦੇ ਸਮੇ ਅਤੇ ਬਾਅਦ ਵਿਚ, ਦਲ ਖ਼ਾਲਸਾ ਅਤੇ ਮਿਸਲਾਂ ਵੇਲ਼ੇ ਖੇਡੀਆਂ ਜਾਇਆ ਕਰਦੀਆਂ ਸਨ। ਸਤਿਗੁਰੂ ਹਰਿ ਗੋਬਿੰਦ ਸਾਹਿਬ ਜੀ ਆਪ ਵੀ ਅਖਾੜੇ ਵਿਚ ਘੁਲ਼ਿਆ ਕਰਦੇ ਸਨ। ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਸਤਿਗੁਰੂ ਜੀ ਸਰੀਰਕ ਤੌਰ ਤੇ ਏਨੇ ਬਲੀ ਸਨ ਕਿ ਇਕ ਪੈਂਦੇ ਖਾਨ ਤੋਂ ਬਿਨਾ ਹੋਰ ਕੋਈ ਆਪ ਜੀ ਦਾ ਅਖਾੜੇ ਵਿਚ ਜੋਰ ਨਹੀਂ ਸੀ ਕਰਵਾ ਸਕਦਾ।
ਸਤਿਗੁਰੂ ਕਲਗੀਧਰ ਪਾਤਿਸ਼ਾਹ ਨੇ ਤਾਂ ਪਹਿਲੇ ਗੁਰੂ ਸਾਹਿਬਾਨ ਦੀ ਪ੍ਰੰਪਰਾ ਨੂੰ ਚਾਲੂ ਰੱਖਣ ਦੇ ਨਾਲ਼ ਨਾਲ਼, ਹਿੰਦੁਸਤਾਨ ਦੇ ਇਕ ਮੌਸਮੀ ਤਿਉਹਾਰ ਹੋਲੀਆਂ ਨੂੰ ਵੀ ਮਾਰਸ਼ਲ ਰੂਪ ਵਿਚ ਬਦਲ ਦਿਤਾ। ਲੋਕਾਂ ਨੂੰ ਇਸ ਸਮੇ ਅਸ਼ਲੀਲ ਤੇ ਗੰਦੀਆਂ ਹਰਕਤਾਂ ਤੋਂ ਛੁਟਕਾਰਾ ਦਿਵਾ ਕੇ, ਗੁਰੂ ਜੀ ਨੇ ਉਸ ਤਿਉਹਾਰ ਨੂੰ ਹੋਲੇ ਮਹੱਲੇ ਦੇ ਰੂਪ ਵਿਚ ਮਨਾਉਣਾ ਸ਼ੁਰੂ ਕੀਤਾ। ਬਜਾਇ ਨਸ਼ੇ ਵਰਤ ਕੇ ਇਕ ਦੂਜੇ ਉਪਰ ਗੰਦ ਉਛਾਲਣ ਅਤੇ ਬੇਢੱਬੀਆਂ ਹਰਕਤਾਂ ਕਰਨ ਦੇ, ਉਹਨਾਂ ਨੇ ਇਸ ਸਮੇ ਗਤਕੇ ਦੇ ਜੌਹਰ ਵਿਖਾਉਣ, ਮਸਨੂਈ ਯੁਧ, ਦੁਸ਼ਮਣ ਤੇ ਚੜ੍ਹਾਈ, ਘੋੜ ਸਵਾਰੀ ਸਮੇ ਦੇ ਕਰਤਬ ਆਦਿ ਜੁਝਾਰੂ ਖੇਡਾਂ ਨੂੰ ਉਤਸ਼ਾਹਤ ਕੀਤਾ। ਅੱਜ ਵੀ ਸਿੱਖ ਪੰਥ ਵਿਚ ਇਹ ਪ੍ਰੰਪਰਾ ਚੱਲਦੀ ਆ ਰਹੀ ਹੇ ਤੇ ਇਸ ਦਾ ਸਭ ਤੋਂ ਵਿਸ਼ੇਸ਼ ਪ੍ਰਗਟਾਵਾ, ਹਰੇਕ ਸਾਲ ਮਾਰਚ ਮਹੀਨੇ ਸਮੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੁੰਦਾ ਹੈ।
ਏਸੇ ਪਿਛੋਕੜ ਨੂੰ ਅੱਗੇ ਤੋਰਦੇ ਹੋਏ, ਜਿਸ ਵੀ ਦੇਸ਼ ਵਿਚ ਸਿੱਖ ਗਏ ਹਨ, ਓਥੇ ਖੇਡਾਂ ਲਈ, ਆਪਣੇ ਵਸੀਲਿਆਂ ਅਨੁਸਾਰ, ਉਦਮ ਕਰਦੇ ਹਨ। ਏਥੇ ਆਸਟ੍ਰੇਲੀਆ ਵਿਚ ਵੀ, ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਤੋਂ 1988 ਦੇ ਈਸਟਰ ਦੇ ਸਮੇ ਤੋਂ ਸ਼ੁਰੂ ਕਰਕੇ, ਹਰ ਸਾਲ ਸਾਰੇ ਆਸਟ੍ਰੇਲੀਆ ਵਿਚ ਵਸਦੇ ਸਿੱਖਾਂ ਵੱਲੋਂ, ਵੱਡੇ ਪੈਮਾਨੇ ਉਪਰ ਖੇਡ ਮੇਲਾ ਕਰਾਇਆ ਜਾਂਦਾ ਹੈ। ਇਸ ਸਾਲ ਵੈਸਟਰਨ ਆਸਟ੍ਰੇਲੀਆ ਦੀ ਰਾਜਧਾਨੀ ਵਿਖੇ ਛੱਬਵੀਆਂ ਖੇਡਾਂ ਹੋ ਕੇ ਹਟੀਆਂ ਹਨ ਤੇ ਨਾਲ਼ ਹੀ ਅਗਲੇ ਸਾਲ ਵਾਸਤੇ ਵੀ, ਮਿਨੀ ਪੰਜਾਬ, ਵੁਲਗੂਲਗੇ ਦਆਿਂ ਗੇਮਾਂ ਵਾਸਤੇ ਤਿਆਰੀਆਂ ਜਾਰੀ ਹਨ। ਇਹਨਾਂ ਵੱਡੀਆਂ ਸਾਲਾਨਾ ਖੇਡਾਂ ਤੋਂ ਇਲਾਵਾ ਕੁਝ ਸਥਾਨਕ ਤੌਰ ਤੇ ਵੀ ਸਿੱਖ ਖੇਡਾਂ ਕਰਵਾਈਆਂ ਜਾਂਦੀਆਂ ਹਨ ਜਿਨ੍ਹਾਂ ਵਿਚੋਂ ਗ੍ਰਿਫ਼ਿਥ ਦੀਆਂ ਸਿੱਖ ਖੇਡਾਂ ਆਪਣਾ ਨਿਵੇਕਲਾ ਸਥਾਨ ਰੱਖਦੀਆਂ ਹਨ। ਇਹ ਖੇਡਾਂ ਹਰੇਕ ਸਾਲ ਜੂਨ ਦੇ ਪਹਿਲੇ ਹਫ਼ਤੇ ਦੇ ਲੌਂਗ ਵੀਕਐਂਡ ਉਪਰ ਹੁੰਦੀਆਂ ਹਨ। ਇਸ ਸਮੇ 7 ਤੇ 8 ਜੂਨ ਨੂੰ ਹੋਈਆਂ ਹਨ। 1995 ਵਿਚ, ਸ. ਰਣਜੀਤ ਸਿੰਘ ਸ਼ੇਰਗਿੱਲ ਨੇ, ਕੁਝ ਸਾਥੀਆਂ ਦੇ ਸਹਿਯੋਗ ਨਾਲ਼, ਪੰਜਾਬ ਪੁਲਿਸ ਵੱਲੋਂ, ਤਸੀਹੇ ਦੇਣ ਉਪ੍ਰੰਤ, ਸ਼ਹੀਦ ਕਰ ਕੇ ਲਾਪਤਾ ਕੀਤੇ ਗਏ ਆਪਣੇ ਵੱਡੇ ਭਰਾ, ਸ. ਅਜਮੇਰ ਸਿੰਘ ਦੀ ਯਾਦ ਵਿਚ ਸ਼ੁਰੂ ਕੀਤੀਆਂ ਸਨ। ਸ਼ਹੀਦ ਅਜਮੇਰ ਸਿੰਘ ਜੀ ਕਬੱਡੀ ਦੇ ਪ੍ਰਸਿਧ ਖਿਡਾਰੀ ਸਨ; ਇਸ ਲਈ ਪਹਿਲੇ ਸਾਲ ਉਹਨਾਂ ਅਤੇ ਬਾਕੀ ਸ਼ਹੀਦਾਂ ਦੀ ਯਾਦ ਵਿਚ ਸਿਰਫ਼ ਕਬੱਡੀ ਦਾ ਮੈਚ ਹੀ ਕੀਤਾ ਗਿਆ ਸੀ। ਦੋ ਸਾਲ ਦੇ ਵਕਫ਼ੇ ਪਿੱਛੋਂ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਸੁਚੱਜੀ ਕਮੇਟੀ ਦੀ ਅਗਵਾਈ ਹੇਠ ਹਰੇਕ ਸਾਲ, ਹਿੰਦੁਸਤਾਨ ਦੀ ਸਰਕਾਰ ਵੱਲੋਂ ਕੀਤੇ ਗਏ ਸਿੱਖ ਸ਼ਹੀਦਾਂ ਦੀ ਯਾਦ ਨੂੰ ਇਹ ਸਮੱਰਪਤ ਖੇਡਾਂ, ਜੂਨ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਅਤੇ ਉਸ ਸਾਕੇ ਦੀ ਯਾਦ ਨੂੰ ਕਾਇਮ ਰੱਖਣ ਵਾਸਤੇ ਕਰਵਾਈਆਂ ਜਾਂਦੀਆਂ ਹਨ।
ਹੋਰ ਵੀ ਖ਼ੁਸ਼ੀ ਦੀ ਗੱਲ ਇਹ ਹੈ ਕਿ ਕਿਉਂਕਿ ਇਹ ਸ਼ਹੀਦਾਂ ਦੀ ਯਾਦ ਵਿਚ ਕੀਤੀਆਂ ਜਾਂਦੀਆਂ ਹੋਣ ਕਰਕੇ, ਇਹਨਾਂ ਖੇਡਾਂ ਸਮੇ ਹੋਰ ਲਚਰ ਪ੍ਰੋਗਰਾਮ ਨਹੀਂ ਕੀਤੇ ਜਾਂਦੇ। ਨਾ ਤੇ ਰਾਤ ਨੂੰ ਡਿਨਰ ਡਾਂਸ ਕੀਤਾ ਜਾਂਦਾ ਹੈ ਤੇ ਨਾ ਹੀ ਅਸ਼ਲੀਲ ਗੀਤ ਗਾਉਣ ਵਾਲ਼ਿਆਂ ਦਾ ਅਖਾੜਾ ਲਾਇਆ ਜਾਂਦਾ ਹੈ। ਇਸ ਕਰਕੇ ਇਹ ਖੇਡਾਂ ਆਪਣਾ ਵਿਸ਼ੇਸ਼ ਸਥਾਨ ਰੱਖਦੀਆਂ ਹਨ। ਇਸ ਤੋਂ ਇਲਾਵਾ ਹੋਰ ਵੀ ਚੰਗੀ ਗੱਲ ਇਹ ਹੈ ਕਿ ਬਾਕੀ ਖੇਡਾਂ ਜਿਥੇ ਵੱਖਰੀਆਂ ਕਮੇਟੀਆਂ ਦੀ ਅਗਵਾਈ ਹੇਠ ਹੁੰਦੀਆਂ ਹਨ ਓਥੇ ਗ੍ਰਿਫ਼ਿਥ ਦੀਆਂ ਖੇਡਾਂ ਦਾ ਪ੍ਰਬੰਧ ਏਥੋਂ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਆਪ ਅੱਗੇ ਲੱਗ ਕੇ ਖ਼ੁਦ ਕਰਦੀ ਹੈ। ਕਮੇਟੀ ਦੇ ਆਗੂ ਹਰ ਸਾਲ ਸਿੱਖਾਂ ਦੇ ਘਰ ਘਰ ਜਾ ਕੇ ਉਗਰਾਹੀ ਕਰਦੇ ਹਨ ਅਤੇ ਏਥੋਂ ਦੀਆਂ ਸਿੱਖ ਬੀਬੀਆਂ, ਇਸ ਖੇਡ ਮੇਲੇ ਉਪਰ ਬਾਹਰੋਂ ਆਉਣ ਵਾਲ਼ੇ ਖਿਡਾਰੀਆਂ ਅਤੇ ਦਰਸ਼ਕਾਂ ਵਾਸਤੇ, ਉਚੇਚੇ ਤੌਰ ਤੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ, ਲੰਗਰ ਅਤੇ ਕਈ ਪ੍ਰਕਾਰ ਦੀਆਂ ਮਿਠਿਆਈਆਂ ਬਣਾਉਣ ਦੀ ਸੇਵਾ ਕਰਦੀਆਂ ਹਨ। ਇਸ ਕਾਰਜ ਲਈ ਹਫ਼ਤਿਆਂ ਬੱਧੀ ਉਤਸ਼ਾਹ ਨਾਲ਼ ਸਾਰੇ ਭਰਾਵਾਂ ਅਤੇ ਭੈਣਾਂ ਵੱਲੋਂ ਨਿਰਇੱਛਤ ਸੇਵਾ ਕੀਤੀ ਜਾਂਦੀ ਹੈ। ਇਹ ਉਤਸ਼ਾਹ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਪੁਰਾਣੇ ਸਮੇ ਵਿਆਹ ਵਾਲ਼ੇ ਘਰ ਵਿਚ ਹੋਇਆ ਕਰਦਾ ਸੀ। ਇਸ ਸਾਰੇ ਸਿੱਖ ਵਸਨੀਕ, ਇਸ ਨੂੰ ਆਪਣੇ ਘਰ ਦਾ ਕਾਰਜ ਸਮਝ ਕੇ, ਇਸ ਉਦਮ ਵਿਚ ਤਨ, ਮਨ ਅਤੇ ਧਨ ਨਾਲ਼ ਹਿੱਸਾ ਪਾਉਂਦੇ ਹਨ। ਇਸ ਵਾਰ ਵੀ ਸ੍ਰੀ ਗੁਰੂ ਸਿੰਘ ਸਭਾ ਦੀ ਅਗਵਾਈ ਹੇਠ, ਸਾਰੀ ਕਮੇਟੀ ਅਤੇ ਗ੍ਰਿਫ਼ਿਥ ਦੀ ਸਮੂੰਹ ਸਾਧ ਸੰਗਤਾਂ ਵੱਲੋਂ ਬੜੇ ਉਤਸ਼ਾਹ ਨਾਲ਼ ਤਿਆਰੀ ਕਰ ਕੇ ਖੇਡਾਂ ਕਰਵਾਈਆਂ ਗਈਆਂ ਹਨ।
ਰੱਬ ਕਰੇ, ਗ੍ਰਿਫ਼ਿਥ ਦੀਆਂ ਸੰਗਤਾਂ ਵਿਚ ਇਹ ਉਤਸ਼ਾਹ ਏਸੇ ਤਰ੍ਹਾਂ ਹੀ ਬਣਿਆ ਰਹੇ ਅਤੇ ਬਾਕੀ ਖੇਡ ਮੇਲਿਆਂ ਦੇ ਪ੍ਰਬੰਧਕ ਵੀ ਇਸ ਤੋਂ ਉਤਸ਼ਾਹ ਅਤੇ ਅਗਵਾਈ ਪਰਾਪਤ ਕਰਦੇ ਰਹਿਣ। ਚੰਗੇ ਕਾਰਜ ਨੂੰ ਵੀ ਚੰਗੇਰਾ ਬਣਾਉਣ ਦੀ ਹਮੇਸ਼ਾਂ ਗੁੰਜਾਇਸ਼ ਹੁੰਦੀ ਹੈ। ਜੇਕਰ ਕਿਤੇ ਕੋਈ ਕਮੀ ਰਹਿੰਦੀ ਜਾਪੇ ਤਾਂ ਉਸ ਨੂੰ ਦੂਰ ਕਰਨ ਦੇ ਯਤਨ ਕਰਦੇ ਰਹਿਣਾ ਚਾਹੀਦਾ ਹੈ। ਇਹਨਾਂ ਖੇਡਾਂ ਨੂੰ ਬੇਲੋੜੀਆਂ ਕੰਪਲੀਕੇਟਿਡ ਨਹੀਂ ਬਣਨ ਦੇਣਾ ਚਾਹੀਦਾ। ਭਵਿਖ ਵਿਚ ਵੀ ਚੌਧਰਤਾ, ਲਚਰਤਾ, ਨਸ਼ੇ ਆਦਿ ਵਰਗੀਆਂ ਬੀਮਾਰੀਆਂ ਤੋਂ ਇਹਨਾਂ ਨੂੰ ਬਚਾਈ ਰੱਖਣ ਲਈ ਸੁਚੇਤ ਰਹਿਣਾ ਚਾਹੀਦਾ ਹੈ। ਕਿਰਤੀ ਸਿੱਖਾਂ ਤੋਂ ਉਗਰਾਹੀ ਕਰਕੇ ਇਕੱਠੇ ਕੀਤੇ ਗਏ ਧਨ ਨੂੰ ਅਤਿ ਮਹਿੰਗੇ ਕੌਮੈਂਟੇਟਰ, ਲਚਰ ਗਵੱਈਏ ਆਦਿ ਬਾਹਰੋਂ ਮੰਗਵਾ ਕੇ, ਉਹਨਾਂ ਉਪਰ ਨਹੀਂ ਰੋੜ੍ਹਨਾ ਚਾਹੀਦਾ। ਆਸਟ੍ਰੇਲੀਆ ਦੇ ਸਿੱਖਾਂ ਵਿਚ ਹਰ ਪ੍ਰਕਾਰ ਦੀ ਟੇਲੈਂਟ ਮੌਜੂਦ ਹੈ; ਉਸ ਤੋਂ ਹੀ ਲਾਭ ਲੈਣਾ ਚਾਹੀਦਾ ਹੈ। ਫਿਰ ਆਮ ਕਰਕੇ, ਅਤੇ ਖਾਸ ਕਰਕੇ ਇਹਨਾਂ ਖੇਡਾਂ ਸਮੇ ਨਸ਼ੇ ਵਰਤਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਹ ਤਾਂ ਖੇਡਾਂ ਹੀ ਸ਼ਹੀਦਾਂ ਦੀ ਯਾਦ ਵਿਚ ਕਰਵਾਈਆਂ ਜਾਂਦੀਆਂ ਹਨ। ਪ੍ਰਬੰਧਕਾਂ ਵੱਲੋਂ ਸਾਰੇ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਹਰ ਵਾਰ ਨਿਮਰਤਾ ਸਹਿਤ ਵਾਰ ਵਾਰ, ਬੇਨਤੀ ਕੀਤੀ ਜਾਂਦੀ ਹੈ ਕਿ ਕੋਈ ਵੀ ਸੱਜਣ ਖੇਡ ਗਰਾਊਂਡ ਵਿਚ ਨਸ਼ਾ ਪੀ ਕੇ ਨਾ ਆਵੇ।
PPA160604
ਇਸ ਸਮੇ ਸੰਗਤਾਂ ਵੱਲੋਂ ਭੇਟ ਕੀਤੀ ਗਈ ਮਾਇਆ, ਜੋ ਖੇਡਾਂ ਤੋਂ ਵਧ ਜਾਵੇ, ਉਹ ਉਸਰ ਰਹੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਫ਼ੰਡ ਵਿਚ ਪਾ ਲਈ ਜਾਂਦੀ ਹੈ। ਇਸ ਛੋਟੇ ਜਿਹੇ ਸ਼ਹਿਰ ਵਿਚ ਥੋਹੜੀ ਗਿਣਤੀ ਵਿਚ ਹੀ ਸੰਗਤ ਰਹਿੰਦੀ ਹੈ ਤੇ ਗੁਰਦੁਆਰਾ ਸਾਹਿਬ ਦੀ ਵਿਸ਼ਾਲ ਦੋ ਮੰਜ਼ਲਾ ਇਮਾਰਤ, ਸਾਢੇ ਪੰਜ ਏਕੜ ਥਾਂ ਉਪਰ ਉਸਾਰੀ ਜਾ ਰਹੀ ਹੈ। ਪ੍ਰਬੰਧਕਾਂ ਵੱਲੋਂ ਸਾਰੀ ਸੰਗਤ ਨੂੰ, ਇਸ ਵਿਸ਼ਾਲ ਗੁਰਦੁਆਰਾ ਸਾਹਿਬ ਦੀ ਉਸਾਰੀ ਵਿਚ ਵੀ ਹਿੱਸਾ ਪਾਉਣ ਹਿਤ ਬੇਨਤੀ ਕੀਤੀ ਜਾਂਦੀ ਹੈ। ਇਸ ਕਾਰਜ ਵਾਸਤੇ ਦਿਤੀ ਗਈ ਮਾਇਆ ਉਪਰ ਇਨਕਮ ਟੈਕਸ ਦੀ ਵੀ ਸਰਕਾਰੋਂ ਛੋਟ ਹੈ। ਇਹ ਜਾਣ ਕੇ ਸੰਗਤਾਂ ਨੂੰ ਖ਼ੁਸ਼ੀ ਹੋਵੇਗੀ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਉਸਰ ਗਈ ਹੈ ਤੇ ਸਿਰਫ਼ ਥੋਹੜਾ ਜਿਹਾ ਕਾਰਜ ਹੀ ਅੜਿਆ ਹੋਇਆ ਹੈ। ਇਹ ਸਿਰਫ ਕਾਨੂੰਨੀ ਕਾਰਵਾਈ ਕਰਕੇ ਹੀ ਰੁਕਿਆ ਹੋਇਆ ਹੈ ਵਰਨਾ ਸੰਗਤ ਵੱਲੋਂ ਮਾਇਆ ਦੀ ਕੋਈ ਕਮੀ ਨਹੀਂ। ਇਹ ਸਾਰਾ ਕਾਰਜ ਸੰਗਤ ਤੋਂ ਆਈ ਮਾਇਆ ਨਾਲ ਹੀ ਹੋ ਰਿਹਾ ਹੈ।
ਛੇਤੀ ਹੀ ਸੰਗਤਾਂ ਇਸ ਵਿਸ਼ਾਲ ਗੁਰਦੁਆਰਾ ਸਾਹਿਬ ਦੇ ਉਦਘਾਟਨ ਦਾ ਸੱਦਾ-ਪੱਤਰ ਵੀ ਪਰਾਪਤ ਕਰ ਲੈਣਗੀਆਂ।
ਖੇਡਾਂ ਵਿਚ ਕੇਹੜੀਆਂ ਕੇਹੜੀਆਂ ਤੇ ਕਿਥੋਂ ਕਿਥੋਂ ਟੀਮਾਂ ਆਈਆਂ, ਕਿਸ ਕਿਸ ਦਾ ਕਿਸ ਕਿਸ ਨਾਲ਼ ਮੈਚ ਹੋਇਆ। ਕੌਣ ਕੌਣ ਇਕ ਨੰਬਰ ਤੇ ਰਿਹਾ ਤੇ ਕੌਣ ਕੌਣ ਦੂਜੇ ਨੰਬਰ ਉਪਰ ਰਹੇ, ਇਹ ਸਭ ਖੇਡਾਂ ਦੇ ਜਾਣੂਆਂ ਨੇ ਪਾਠਕਾਂ ਨੂੰ ਦੱਸ ਹੀ ਦਿਤਾ ਹੋਵੇਗਾ; ਮੈਂ ਤਾਂ ਆਪਣੀ ਸਮਝ ਮੁਤਾਬਿਕ ਕੁਝ ਗੱਲਾਂ ਦਾ ਏਥੇ ਜ਼ਿਕਰ ਕਰਨ ਲੱਗਾ ਹਾਂ:
ਵੈਸੇ ਤਾਂ ਹਰੇਕ ਸ਼ਹਿਰ ਦੀਆਂ ਸੰਗਤਾਂ ਵੱਲੋਂ ਆਪਣੇ ਸ਼ਹਿਰ ਦੇ ਹਿੱਸੇ ਆਈਆਂ ਖੇਡਾਂ ਸਮੇ, ਹਰ ਪ੍ਰਕਾਰ ਦੀ ਸੇਵਾ ਵਿਚ ਕੋਈ ਕਸਰ ਨਹੀਂ ਛੱਡੀ ਜਾਂਦੀ ਪਰ ਜੋ ਪਿਆਰ ਤੇ ਸਤਿਕਾਰ ਨਾਲ਼ ਲੰਗਰ ਦੀ ਸੇਵਾ ਗ੍ਰਿਫ਼ਿਥ ਦੀਆਂ ਸੰਗਤਾਂ ਵੱਲੋਂ ਕੀਤੀ ਜਾਂਦੀ ਹੈ, ਇਸ ਦਾ ਜਵਾਬ ਨਹੀਂ। ਫਿਰ ਇਸ ਸਮੇ ਤੇ ਸ਼ਹੀਦਾਂ ਦੇ ਸਤਿਕਾਰ ਨੂੰ ਮੁਖ ਰੱਖਦਿਆਂ ਹੋਇਆਂ ਕੋਈ ਵੀ ਕਾਰਜ ਧਰਮ ਤੇ ਸਦਾਚਾਰ ਤੋਂ ਉਲ਼ਟ ਨਹੀਂ ਕੀਤਾ ਜਾਂਦਾ; ਸਭ ਕੁਝ ਸ਼ਰਧਾ ਅਤੇ ਭਾਵਨੀ ਸਹਿਤ ਕੀਤਾ ਜਾਂਦਾ ਹੈ।
ਹੋਰ ਵੀ ਵਧੀਆ ਗੱਲ ਇਹ ਕਿ ਦੋਵੇਂ ਦਿਨਾਂ ਦੀਆਂ ਸ਼ਾਮਾਂ ਨੂੰ ਗੁਰਦੁਆਰਾ ਸਾਹਿਬ ਵਿਖੇ, ਖੇਡਾਂ ਦੀ ਸਮਾਪਤੀ ਤੇ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ। ਇਸ ਵਾਰੀਂ ਵੀ ਦੇਸ ਤੋਂ ਨਾਮੀ ਢਾਡੀ ਜਥਾ, ਗਿਆਨੀ ਫੌਜਾ ਸਿੰਘ ਸੁਦਾਗਰ ਜੀ ਅਤੇ ਸਿੱਖ ਵਿਦਵਾਨ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜੀ ਵੀ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਸਿੱਖ ਪੰਥ ਦਾ ਜੁਝਾਰੂ ਪੱਖ ਅਤੇ ਸਿੱਖ ਪੰਥ ਦੇ ਸਨਮੁਖ ਮੌਜੂਦਾ ਸਮੱਸਿਆਵਾਂ ਬਾਰੇ ਚਾਨਣਾ ਪਾਇਆ। ਹੋਰ ਵੀ ਚੰਗਾ ਹੋਵੇ ਜੇ ਤੀਜੀ ਸ਼ਾਮ ਨੂੰ ਵੀ ਦੀਵਾਨ ਸਜਾਉਣ ਦਾ ਪ੍ਰਬੰਧ ਕੀਤਾ ਜਾਇਆ ਕਰੇ।
ਪਤਾ ਲੱਗਾ ਕਿ ਇਸ ਵਾਰੀਂ ਕਬੱਡੀ ਦੀਆਂ ਕੁਝ ਟੀਮਾਂ ਨੇ, ਇਸ ਸ਼ਹੀਦੀ ਟੂਰਨਾਮੈਂਟ ਵਿਚ ਸ਼ਮੂਲੀਅਤ ਨਹੀਂ ਕੀਤੀ। ਉਹਨਾਂ ਦੀਆਂ ਕੁਝ ਸ਼ਰਤਾਂ ਸਨ ਜੋ ਪ੍ਰਬੰਧਕਾਂ ਨੂੰ ਮਨਜ਼ੂਰ ਨਹੀਂ ਸਨ। ਕਬੱਡੀ ਪੰਜਾਬੀਆਂ ਦੀ ਮਾਂ ਖੇਡ ਹੈ ਤੇ ਇਸ ਤੋਂ ਬਿਨਾ ਖੇਡ ਮੇਲਾ ਅਧੂਰਾ ਰਹਿ ਜਾਂਦਾ ਹੈ ਤੇ ਫਿਰ ਜੇ ਉਸ ਸਮੇ ਕੁਮੈਂਟਰੀ ਕਰਨ ਲਈ ਚਰਨਾਮਤ ਸਿੰਘ ਅਤੇ ਰਣਜੀਤ ਸਿੰਘ ਖੈੜਾ ਦੀ ਜੋੜੀ ਆ ਜਾਵੇ ਤਾਂ ਕਹਿਣੇ ਹੀ ਕਿਆ! ਸੋਨੇ ਤੇ ਸੁਹਾਗੇ ਵਾਲ਼ੀ ਗਲ ਬਣ ਜਾਂਦੀ ਹੈ ਜੀ। (ਗੁੱਡ ਆਨ ਯੂ ਮਾਈਟ!) ਇਸ ਜੋੜੀ ਤੋਂ ਇਲਾਵਾ ਬਲਵਿੰਦਰ ਸਿੰਘ ਧਾਲੀਵਾਲ ਆਫ਼ ਜੱਗਬਾਣੀ ਨੇ ਵੀ ਬੁਲੰਦ ਆਵਾਜ਼ ਵਿਚ ਕੁਮੈਂਟਰੀ ਦਾ ਰੰਗ ਬੰਨ੍ਹਿਆਂ। ਇਹਨਾਂ ਖੇਡਾਂ ਦੇ ਨਾਲ਼ ਨਾਲ਼ ਸਾਨੂੰ ਖਾਸ ਸਿੱਖ ਖੇਡ ਗਤਕੇ ਨੂੰ ਵੀ ਉਤਸ਼ਾਹਤ ਕਰਨਾ ਚਾਹੀਦਾ ਹੈ। ਇਸ ਵਾਰੀਂ ਗੱਤਕੇ ਦੇ ਜੌਹਰ ਕੁਝ ਨੌਜਵਾਨਾਂ ਵੱਲੋਂ ਵਿਖਾਏ ਵੀ ਗਏ। ਇਸ ਪੱਖ ਤੇ ਹੋਰ ਵੀ ਧਿਆਨ ਦੇਣ ਦੀ ਲੋੜ ਹੈ।
ਇਸ ਮੇਲੇ ਵਿਚ ਹਾਕੀ ਬਿਲਕੁਲ ਹੀ ਨਹੀਂ ਦਿਸਦੀ। ਇਸ ਬਾਰੇ ਸ. ਤੀਰਥ ਸਿੰਘ ਨਿੱਝਰ ਜੀ ਨਾਲ਼ ਗੱਲ ਕੀਤੀ ਤਾਂ ਉਹਨਾਂ ਨੇ ਕੁਝ ਗਰਾਊਂਡ ਦੀ ਬਣਤਰ ਬਾਰੇ ਸਮੱਸਿਆ ਦਾ ਜ਼ਿਕਰ ਕੀਤਾ। ਵਿਚਾਰ ਆਈ ਕਿ ਜਿਸ ਗਰਾਊਂਡ ਵਿਚ ਏਥੋਂ ਦੇ ਵਸਨੀਕ ਹਾਕੀ ਖੇਡ ਸਕਦੇ ਹਨ ਓਸੇ ਗਰਾਊਂਡ ਵਿਚ ਆਪਣੇ ਖਿਡਾਰੀ ਕਿਉਂ ਨਹੀਂ ਖੇਡ ਸਕਦੇ! ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ।
ਹੋਰ ਵੀ ਵਧੀਆ ਗੱਲ ਇਸ ਵਾਰੀ ਇਹ ਹੋਈ ਕਿ ਨੌਜਵਾਨਾਂ, ਬੱਚੇ ਅਤੇ ਬੱਚੀਆਂ ਦੇ ਦਸਤਾਰ ਮੁਕਾਬਲੇ ਵੀ ਕਰਵਾਏ ਗਏ।
ਇਸ ਵਾਰੀ ਦਾ ਇਹ ਸ਼ਹੀਦੀ ਟੂਰਨਾਮੈਂਟ ਹਰੇਕ ਪੱਖੋਂ ਪਿਛਲੇ ਸਾਲਾਂ ਨਾਲ਼ੋਂ ਵਧ ਸਫ਼ਲਤਾ ਸਹਿਤ ਨੇਪਰੇ ਚੜ੍ਹਿਆ। ਇਸ ਲਈ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨ, ਬੀਬੀਆਂ, ਬੱਚੇ, ਖਿਡਾਰੀ ਟੀਮਾਂ, ਟੀਮਾਂ ਦੇ ਪ੍ਰਬੰਧਕ, ਕੁਮੈਂਟੇਟਰ ਆਦਿ ਵਧਾਈ ਦੇ ਪਾਤਰ ਹਨ। ਇਸ ਵਾਰੀ, ਇਸ ਟੂਰਨਾਮੈਨਟ ਸਮੇ, ਪੰਜਾਬੀ ਪ੍ਰਿੰਟ ਅਤੇ ਇਲਟ੍ਰੌਨਿਕ ਮੀਡੀਆ ਨੇ ਵੀ ਬਹੁਤ ਹੀ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਨਾਲ਼ ਹੀ ਢੁਕਵੇਂ ਸੁਝਾ ਦਿਤੇ ਅਤੇ ਅੱਗੇ ਤੋਂ ਵਧੇਰੇ ਸਹਿਯੋਗ ਦੇਣ ਦੀ ਪੇਸ਼ਕਸ਼ ਵੀ ਕੀਤੀ। ਮੀਡੀਏ ਦੇ ਨਾਂ ਮੈਂ ਜਾਣ ਕੇ ਨਹੀਂ ਲਿਖ ਰਿਹਾ ਕਿ ਅਜਿਹਾ ਕਰਨ ਨਾਲ਼ ਕਿਸੇ ਦਾ ਨਾਂ ਰਹਿ ਗਿਆ ਤਾਂ ਉਸ ਨਾਲ਼ ਬੇਇਨਸਾਫੀ ਹੋਵੇਗੀ।
ਜਾਂਦੇ ਜਾਂਦੇ: ਇਸ ਵਾਰੀ ਦੇ ਸ਼ਹੀਦੀ ਟੂਰਨਾਮੈਂਟ ਇਕ ਹੋਰ ਬਹੁਤ ਹੀ ਮਹੱਤਵਪੂਰਨ ਵਾਧਾ ਹੋਇਆ। ਉਹ ਇਹ ਕਿ ਨਿਊਜ਼ੀਲੈਂਡ ਤੋਂ ਮਾਉਰੀ ਲੜਕੀਆਂ ਦੀ ਕਬੱਡੀ ਦੀ ਟੀਮ ਨੇ ਵੀ ਇਸ ਟੂਰਨਾਮੈਂਟ ਵਿਚ ਆਪਣੀ ਕਬੱਡੀ ਸਕਿੱਲ ਦੇ ਜੌਹਰ ਵਿਖਾਏ। ਇਹ ਨਿਊ ਜ਼ੀਲੈਂਡ ਦੇ ਅਸਲ ਵਸਨੀਕਾਂ ਦੀਆਂ ਬੱਚੀਆਂ ਹਨ।
ਸੰਤੋਖ ਸਿੰਘ
0435 060 970

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਨੇ ਖੇਡਾਂ ਵਤਨ ਪੰਜਾਬ ਦੀਆਂ ’ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 8 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply