Friday, April 19, 2024

ਸਰਨਾ ਮਜੀਠੀਆ ਖਿਲਾਫ ਬੋਲਣ ਤੋਂ ਪਹਿਲੇ ਆਪਣੇ ਪਿਛੋਕੜ ਵਲ ਝਾਕੇ- ਭੋਗਲ

PPN260415
ਨਵੀਂ ਦਿੱਲੀ 26 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਪੰਜਾਬ ਦੇ ਮਾਲ ਮੰਤਰੀ ਬਿਕ੍ਰਮ ਸਿੰਘ ਮਜੀਠੀਆ ਵਲੋਂ ਬੀਤੇ ਦਿਨੀ ਇਕ ਚੋਣ ਜਲਸੇ ਦੌਰਾਨ ਦਸਮ ਗ੍ਰੰਥ ਦੀ ਤੁੱਕ ਅਨਜਾਣੇ ‘ਚ ਗਲਤ ਪੜਨ ਨਾਲ ਪੈਦਾ ਹੋਏ ਵਿਵਾਦ ‘ਤੇ ਸ਼੍ਰੋਮਣੀ ਅਕਾਲੀ ਦਲ ਸਰਨਾ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਬੇਲੋੜਾ ਕਰਾਰ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜੱਥੇਬੰਦਕ ਸਕੱਤਰ ਕੁਲਦੀਪ ਸਿੰਘ ਭੋਗਲ ਨੇ ਸਰਨਾ ਨੂੰ ਆਪਣੇ ਕਾਰਜ ਕਾਲ ਦੌਰਾਨ ਦੀਆਂ ਗਲਤੀਆਂ ਤੇ ਵੀ ਝਾਤ ਮਾਰਨ ਦੀ ਸਲਾਹ ਦਿੱਤੀ ਹੈ। ਪ੍ਰੈਸ ਨੂੰ ਜਾਰੀ ਆਪਣੇ ਬਿਆਨ ਵਿਚ ਭੋਗਲ ਨੇ ਸਰਨਾ ਵਲੋਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਬੀਬੀ ਸ਼ੀਲਾ ਦੀਕਸ਼ਤ ਦੀ ਤਾਰੀਫ ਕਰਦੇ ਹੋਏ ਭਾਈ ਗੁਰਦਾਸ ਜੀ ਦੀ ਵਾਰ “ਮੇਰੀ ਖਲਹੁ ਮੌਜੜੇ ਗੁਰਸਿਖ ਹੰਢਾਂਦੇ” ਨੂੰ ਪੜਣ ਦੌਰਾਨ ਬੀਬੀ ਸ਼ੀਲਾ ਨੂੰ ਆਪਣੇ ਚਮ੍ਹ ਦੀਆਂ ਜੁਤੀਆਂ ਪਵਾਉਣ ਦੀ ਕੀਤੀ ਗਈ ਬਿਆਨਬਾਜ਼ੀ ਨੂੰ ਵੀ ਚੇਤੇ ਕਰਵਾਇਆ।23 ਅਕਤੂਬਰ 2012 ਨੂੰ ਦਿੱਲੀ ਕਮੇਟੀ ਵਲੋਂ ਕੀਤੀ ਗਈ ਪ੍ਰੈਸ ਕਾਨਫਰੈਂਸ ਦੌਰਾਨ ਦਿੱਲੀ ਕਮੇਟੀ ਚੋਣਾਂ ‘ਚ ਪ੍ਰਧਾਨ ਦੀ ਸਿੱਧੀ ਚੋਣ ਸਿੱਖਾਂ ਵਲੋਂ ਕਰਨ ਵਾਸਤੇ ਦਿੱਲੀ ਸਰਕਾਰ ਵਲੋਂ ਗ੍ਰਹਿ ਮੰਤਰਾਲੇ ਨੂੰ ਭੇਜੀ ਗਈ ਤਜਵੀਜ਼ ਬਾਰੇ ਇਕ ਪੱਤਰਕਾਰ ਵਲੋਂ ਪੁੱਛੇ ਗਏ ਸਵਾਲ ਦੇ ਜਵਾਬ ‘ਚ ਸਰਨਾ ਵਲੋਂ ਦਿੱਤੇ ਗਏ ਜਵਾਬ  “ਕਿ ਕਿਸੇ ਵੀ ਨਵੀਂ ਚੀਜ਼ ਦੀ ਜਾਂਚ ਜਿਵੇਂ ਚੁਹਿਆਂ ਤੇ ਕੀਤੀ ਜਾਂਦੀ ਹੈ ਉਸੇ ਤਰ੍ਹਾਂ ਹੀ ਪ੍ਰਧਾਨ ਦੀ ਸਿੱਧੀ ਚੋਣ ਦਾ ਤਰੀਕਾ ਵੀ ਦੇਸ਼ ‘ਚ ਸਿੱਖਾਂ ‘ਤੇ ਵਰਤਿਆ ਜਾ ਰਿਹਾ ਹੈ” ਦਾ ਜਿਕਰ ਕਰਦੇ ਹੋਏ ਭੋਗਲ ਨੇ ਸਰਨਾ ਵਲੋਂ ਇਨ੍ਹਾਂ ਦੋਹਾਂ ਮਸਲਿਆਂ ‘ਤੇ ਮਾਫ਼ੀ ਨਾ ਮੰਗਣ ਦਾ ਵੀ ਹਵਾਲਾ ਦਿੱਤਾ। ਸਰਨਾ ਵਲੋਂ ਆਪਣੇ ਕਾਰਜਕਾਲ ਦੌਰਾਨ ਦਿੱਲੀ ਕਮੇਟੀ ਦੀ ਸਟੇਜਾਂ ਤੇ ਦਸਮ ਗ੍ਰੰਥ ਦੀ ਬਾਣੀ ਰਾਗੀ ਸਿੰਘਾ ਨੂੰ ਪੜ੍ਹਨ ਤੋਂ ਰੋਕਣ ਦੀ ਗੱਲ ਕਰਦੇ ਹੋਏ ਭੋਗਲ ਨੇ ਸਵਾਲ ਪੁੱਛਿਆ ਕਿ ਅੱਜ ਮਜੀਠੀਆ ਦੇ ਖਿਲਾਫ ਬਾਣੀ ਨੂੰ ਤੋੜਨ ਦਾ ਹਵਾਲਾ ਦੇ ਕੇ ਕਿ ਸਰਨਾ ਦਸਮ ਗ੍ਰੰਥ ਨੂੰ ਫਿਰ ਸਮਰਪਿਤ ਹੋ ਗਏ ਹਨ? ਭੋਗਲ ਨੇ ਸਰਨਾ ਨੂੰ ਆਪਣਾ ਏਜੰਡਾ ਸਾਫ਼ ਕਰਨ ਦੀ ਅਪੀਲ ਕਰਦੇ ਹੋਏ ਸੰਗਤਾਂ ਨੂੰ ਗੁਮਰਾਹ ਨਾ ਕਰਨ ਦੀ ਬੇਨਤੀ ਵੀ ਕੀਤੀ। ਇਸ ਮੌਕੇ ਭੋਗਲ ਨੇ ਮਜੀਠੀਆ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਿਖਤੀ ਮਾਫ਼ੀ ਮੰਗਣ ਤੋਂ ਬਾਅਦ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਆਪਣਾ ਫੈਸਲਾ ਇਸ ਮਸਲੇ ਤੇ ਆਉਣ ਤਕ ਪੰਥਕ ਧਿਰਾ ਨੂੰ ਸ਼ਾਂਤ ਰਹਿਣ ਦੀ ਵੀ ਅਪੀਲ ਕੀਤੀ ਹੈ।

Check Also

ਡਾ. ਐਸ.ਪੀ ਸਿੰਘ ਓਬਰਾਏ “ਸਿੱਖ ਗੌਰਵ ਸਨਮਾਨ“ ਨਾਲ ਸਨਮਾਨਿਤ

ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ) – ਅਕਾਲ ਪੁਰਖ ਕੀ ਫ਼ੌਜ ਵੱਲੋਂ ਆਪਣੇ 25 ਸਾਲਾ ਸਥਾਪਨਾ …

Leave a Reply