ਟੈਕਸਾਂ ਤੋਂ ਕੁੱਲ ਪ੍ਰਾਪਤੀਆਂ ਅੰਦਾਜ਼ਨ 1364524 ਕਰੋੜ ਰੁਪਏ
ਯੋਜਨਾ ਪਿੜ ਦਾ ਖਰਚਾ 5 ਲੱਖ 75 ਹਜ਼ਾਰ ਕਰੋੜ ਰੁਪਏ ਜੋ ਕਿ ਸਾਲ 2013-14 ਦੇ ਹੋਏ ਖਰਚੇ ਨਾਲੋਂ 26.9 ਫੀਸਦੀ ਜ਼ਿਆਦਾ ਹੈ
ਦਿਲੀ, 10 ਜੁਲਾਈ ( ਅੰਮ੍ਰਿਤ ਲਾਲ ਮੰਨਣ)- ਖ਼ਜ਼ਾਨਾ ਮੰਤਰੀ ਸ੍ਰੀ ਅਰੁਣ ਜੇਟਲੀ ਵੱਲੋਂ ਲੋਕ ਸਭਾ ਵਿਚ ਪੇਸ਼ ਸਾਲ 2014-15 ਦੇ ਆਮ ਬਜਟ ਵਿਚ ਆਖਿਆ ਗਿਆ ਹੈ ਕਿ ਗ਼ੈਰ ਯੋਜਨਾ ਖਰਚ ਲਈ ਇਸ ਮਾਲੀ ਸਾਲ ਦਾ ਅੰਦਾਜ਼ਾ 12 ਲੱਖ 19 ਹਜ਼ਾਰ 892 ਕਰੋੜ ਰੁਪਏ ਦਾ ਹੈ ਅਤੇ ਇਸ ਤੋਂ ਵੱਖਰੇ ਤੌਰ ‘ਤੇ ਖਾਦ ‘ਤੇ ਰਿਆਇਤ ਅਤੇ ਰੱਖਿਆ ਸੇਵਾਵਾਂ ਲਈ ਪੂੰਜੀ ਖਰਚੇ ਦਾ ਪ੍ਰਬੰਧ ਕੀਤਾ ਗਿਆ। ਯੋਜਨਾ ਖਰਚ ਵਿਚ ਦਰਸਾਇਆ ਗਿਆ ਵਾਧਾ ਵਧੇਰੇ ਕਰਕੇ ਖੇਤੀ, ਸਿਹਤ ਤੇ ਸਿੱਖਿਆ ਵਿਚ ਸਮਰੱਥਾ ਵਧਾਉਣ, ਪੇਂਡੂ ਸੜਕਾਂ ਤੇ ਕੌਮੀ ਰਾਜ ਮਾਰਗਾਂ ਲਈ ਬੁਨਿਆਦੀ ਢਾਂਚੇ, ਰੇਲ ਢਾਂਚੇ ਦੇ ਵਿਸਥਾਰ, ਸਵੱਛ ਊਰਜਾ ਪਹਿਲ ਕਦਮੀ, ਜਲ ਸੋਮਿਆਂ ਤੇ ਦਰਿਆਵਾਂ ਦੀ ਸੰਭਾਲੀ ਹੈ। ਇਸ ਤਰ੍ਹਾਂ ਕੁੱਲ ਖਰਚੇ ਦਾ ਅਨੁਮਾਨ 17 ਲੱਖ 94 ਹਜ਼ਾਰ 892 ਕਰੋੜ ਦਾ ਹੈ। ਇਸ ਖਰਚੇ ਲਈ ਪੈਸੇ ਦੇ ਪ੍ਰਬੰਧ ਵਾਸਤੇ 13 ਲੱਖ 64 ਹਜ਼ਾਰ 524 ਕਰੋੜ ਰੁਪਏ ਟੈਕਸਾਂ ਤੋਂ ਮਿਲਣ ਦਾ ਅੰਦਾਜ਼ਾ ਹੈ। ਇਸ ਵਿਚੋਂ ਕੇਂਦਰ ਦਾ ਹਿੱਸਾ 9 ਲੱਖ 77 ਹਜ਼ਾਰ 258 ਕਰੋੜ ਰੁਪਏ ਹੈ। ਟੈਕਸਾਂ ਤੋਂ ਬਗੈਰ ਹੁੰਦੀ ਆਮਦਨੀ ਇਸ ਮਾਲੀ ਸਾਲ ਲਈ 2 ਲੱਖ 12 ਹਜ਼ਾਰ 500 ਕਰੋੜ ਰੁਪਏ ਹੋਣ ਦੀ ਆਸ ਹੈ। ਇਸ ਤੋਂ ਇਲਾਵਾ 73 ਹਜ਼ਾਰ 952 ਕਰੋੜ ਰੁਪਏ ਉਧਾਰ ਵਜੋਂ ਲਏ ਜਾਣਗੇ। ਸ੍ਰੀ ਜੇਟਲੀ ਨੇ 2014-15 ਦੇ ਇਸ ਬਜਟ ਵਿਚ 98 ਹਜ਼ਾਰ 30 ਕਰੋੜ ਰੁਪਏ ਔਰਤਾਂ ਦੀ ਭਲਾਈ ਲਈ ਤੇ 81 ਹਜ਼ਾਰ 75 ਕਰੋੜ ਰੁਪਏ ਬੱਚਿਆਂ ਦੀ ਭਲਾਈ ਲਈ ਰੱਖਣ ਦਾ ਐਲਾਨ ਕੀਤਾ ਹੈ।