ਦਿਲੀ, 10 ਜੁਲਾਈ ( ਅੰਮ੍ਰਿਤ ਲਾਲ ਮੰਨਣ)- ਕੇਂਦਰੀ ਖ਼ਜ਼ਾਨਾ ਮੰਤਰੀ ਸ੍ਰੀ ਅਰੁਣ ਜੇਟਲੀ ਵੱਲੋਂ ਲੋਕ ਸਭਾ ਵਿਚ ਪੇਸ਼ ਸਾਲ 2014-15 ਦੇ ਆਮ ਬਜਟ ਵਿਚ ਨਿੱਜੀ ਆਮਦਨੀ ਟੈਕਸ ਦੀ ਛੋਟ ਸੀਮਾ 50 ਹਜ਼ਾਰ ਰੁਪਏ ਵਧਾ ਦਿੱਤੀ ਗਈ ਹੈ। ਅਰਥਾਤ ਨਿੱਜੀ ਟੈਕਸ ਦੇਣ ਵਾਲੇ ੬੦ ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਹੁਣ ਇਹ ਛੋਟ 2 ਲੱਖ ਤੋਂ ਵਧਾ ਕੇ 2.50 ਲੱਖ ਰੁਪਏ ਹੋਵੇਗੀ ਅਤੇ ਬਜ਼ੁਰਗ ਨਾਗਰਿਕਾਂ ਲਈ ਇਹ ਛੋਟੇ ਦੀ ਹੱਦ 2.50 ਲੱਖ ਤੋਂ ਵਧਾ ਕੇ 3 ਲੱਖ ਰੁਪਏ ਕੀਤੀ ਗਈ। ਨਾ ਹੀ ਨਿੱਜੀ ਟੈਕਸ ਦੇਣ ਵਾਲਿਆਂ ਨੂੰ ਅਤੇ ਨਾ ਹੀ ਅਣਵੰਡੇ ਹਿੰਦੂ ਪਰਿਵਾਰਾਂ ਲਈ, ਫਰਮਾਂ ਲਈ ਜਾਂ ਵਣਜ ਅਦਾਰਿਆਂ ਲਈ ਸਰਚਾਰਜ ਦੀ ਦਰ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਵਿਦਿਅਕ ਸੈਸ ਪਹਿਲਾਂ ਵਾਂਗ ੩ ਫੀਸਦੀ ਜਾਰੀ ਰਹੇਗਾ।
ਇਨਕਮ ਟੈਕਸ ਐਕਟ ਦੀ ਮੱਦ 80/ਸੀ ਤਹਿਤ ਨਿਵੇਸ਼ ਦੀ ਹੱਦ ੧ ਲੱਖ ਰੁਪਏ ਤੋਂ ਵਧਾ ਕੇ 1.50 ਲੱਖ ਰੁਪਏ ਕਰਨਾ ਤਜਵੀਜ਼ ਕੀਤਾ ਗਿਆ ਹੈ ਅਤੇ ਆਪਣੇ ਰਹਿਣ ਲਈ ਬਣਾਏ ਮਕਾਨਾਂ ਦੇ ਮਾਮਲੇ ਵਿਚ ਕਰਜ਼ਾ ਲੈਣ ‘ਤੇ ਵਿਆਜ਼ ਕਟੌਤੀ ਦੀ ਦਰ 1.50 ਲੱਖ ਤੋਂ ਵਧਾ ਕੇ 2 ਲੱਖ ਰੁਪਏ ਕਰਨ ਦੀ ਤਜਵੀਜ਼ ਹੈ। ਛੋਟੇ ਉਦਮੀਆਂ ਪ੍ਰਤੀ ਹੁੰਗਾਰਾ ਦੇਣ ਲਈ ਮੈਨੂੰਫੈਕਚਰਿੰਗ ਕੰਪਨੀ ਨੂੰ ਜਿਹੜੀ ਇਕ ਸਾਲ ਵਿਚ ਕਿਸੇ ਨਵੇਂ ਪਲਾਂਟ ਜਾਂ ਮਸ਼ੀਨਾ ਲਈ 2.50 ਕਰੋੜ ਰੁਪਏ ਵੱਧ ਦਾ ਨਿਵੇਸ਼ ਕਰੇਗੀ, ਉਸ ਵਸਤ ਨਿਰਮਾਣ ਕੰਪਨੀ ਨੂੰ 15 ਫੀਸਦੀ ਦੀ ਦਰ ਨਾਲ ਨਿਵੇਸ਼ ਭੱਤਾ ਦੇਣ ਦੀ ਤਜਵੀਜ਼ ਰੱਖੀ ਗਈ ਹੈ। ਇਹ ਫਾਇਦਾ ੩ ਸਾਲਾਂ ਲਈ ਹੋਵੇਗਾ ਅਰਥਾਤ ਉਸ ਨਿਵੇਸ਼ ਲਈ ਜਿਹੜਾ 31.3.2017 ਤੱਕ ਕੀਤਾ ਜਾਵੇਗਾ। ੧੦੦ ਕਰੋੜ ਰੁਪਏ ਤੋਂ ਵੱਧ ਕਿਸੇ ਇਕ ਸਾਲ ਵਿਚ ਨਿਵੇਸ਼ ਕਰਨ ਵਾਲੀ ਵਸਤ ਨਿਰਮਾਣ ਕੰਪਨੀ ਨੂੰ 31.3.2015 ਤੱਕ ਨਿਵੇਸ਼ ਭੱਤਾ ਪਹਿਲਾਂ ਵਾਂਗ ਜਾਰੀ ਰੱਖਿਆ ਜਾਵੇਗਾ। ਵਧੇਰੇ ਨਿਸ਼ਚਿਤਤਾ ਲਿਆਉਣ ਲਈ ਅਤੇ ਫੰਡ ਮੈਨੇਜਰ ਨੂੰ ਭਾਰਤ ਵਿਚ ਆਉਣ ਦਾ ਉਤਸ਼ਾਹ ਦੇਣ ਲਈ ਪ੍ਰਤੀਭੂਤੀਆਂ ਵਿਚ ਵਿਦੇਸ਼ੀ ਪੱਧਰ ‘ਤੇ ਮਿਲਦੀ ਆਮਦਨੀ ਨੂੰ ਪੂੰਜੀ ਲਾਭ ਸਮਝਿਆ ਜਾਵੇਗਾ। ਵਿਦੇਸ਼ੀ ਲਾਭ ਅੰਸ਼ ‘ਤੇ 15 ਫੀਸਦੀ ਦੀ ਰਿਆਇਤੀ ਦਰ ਜਾਰੀ ਰਹੇਗੀ। ਇਕੁਟੀ ਵਾਲੇ ਫੰਡਜ਼ ਤੋਂ ਇਲਾਵਾ ਮਿਉਚਲ ਫੰਡ ਦੇ ਬਾਕੀ ਯੂਨਿਟਾਂ ਦੇ ਤਬਾਦਲੇ ‘ਤੇ ਲੰਬੇ ਸਮੇਂ ਦੇ ਫਾਇਦਿਆਂ ‘ਤੇ ਟੈਕਸ ਦੀ ਦਰ 10 ਫੀਸਦੀ ਤੋਂ ਵਧਾ ਕੇ 20 ਫੀਸਦੀ ਕਰਨ ਦੀ ਤਜਵੀਜ਼ ਹੈ ਤਾਂ ਜੋ ਵਿਚ-ਵਿਚਾਲੇ ਸਮਝੌਤਾ ਕਰਨ ਵਾਲਿਆਂ ਨੂੰ ਟਾਲਿਆ ਜਾ ਸਕੇ। ਸੇਵਾਵਾਂ ਦੇਣ ਲਈ ਬਹੁਤ ਵਧੀਆ ਕੰਮ ਪ੍ਰਤੀ ਹੁੰਗਾਰਾ ਦੇਣ ਵਾਸਤੇ ਚਾਲੂ ਮਾਲੀ ਸਾਲ ਦੌਰਾਨ 60 ਹੋਰ ਆਏਕਰ ਸੇਵਾ ਕੇਂਦਰ ਖੋਲ੍ਹੇ ਜਾਣਗੇ। ਪ੍ਰਤੱਖ ਟੈਕਸ ਤਜਵੀਜਾਂ ਨਾਲ ਆਮਦਨੀ ਵਿਚ 22 ਹਜ਼ਾਰ 200 ਕਰੋੜ ਰੁਪਏ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ।
Check Also
ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਨੇ ਅਲੂਮਨੀ ਮੀਟ ਕਰਵਾਈ
ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਵੱਲੋਂ ਅਲੂਮਨੀ ਮੀਟ …