Monday, August 4, 2025
Breaking News

ਆਓ ਰਾਵਣ ਬਿਰਤੀ ਤਿਆਗੀਏ

              ਭਾਰਤ ਦੇਸ਼ ਰਿਸ਼ੀਆਂ, ਮੁਨੀਆਂ, ਪੀਰਾਂ-ਪੈਗੰਬਰਾਂ ਅਤੇ ਗੁਰੂ ਸਾਹਿਬਾਨਾਂ ਦਾ ਦੇਸ਼ ਹੈ।ਹਰ ਰੁੱਤ ਹੀ ਕੋਈ ਨਾ ਕੋਈ ਤਿਉਹਾਰ ਆਉਂਦਾ ਰਹਿੰਦਾ ਹੈ ‘ਤੇ Rawanਆਪਾਂ ਸਾਰੇ ਹੀ ਹਿੰਦੂ, ਸਿੱਖ, ਮੁਸਲਿਮ ਤੇ ਇਸਾਈ ਧਰਮਾਂ ਦੇ ਲੋਕ ਬੜੀ ਸ਼ਰਧਾ ਨਾਲ ਰਲ ਮਿਲ ਕੇ ਮਨਾਉਂਦੇ ਆ ਰਹੇ ਹਨ।
ਦੁਸਿਹਰੇ ਦੇ ਤਿਉਹਾਰ ਨੂੰ ਬਦੀ ਤੇ ਨੇਕੀ ਦੀ ਜਿੱਤ ਕਰਕੇ ਜਾਣਿਆ ਜਾਂਦਾ ਹੈ।ਆਪਾਂ ਸਾਰੇ ਹੀ ਰਾਵਣ ਤੇ ਰਾਮ ਚੰਦਰ ਦੀ ਬਿਰਤੀ ਦਾ ਫਰਕ ਵੀ ਭਲੀ-ਭਾਂਤ ਜਾਣਦੇ ਹਾਂ ਕਿਉਂਕਿ ਇਹ ਗੱਲਾਂ ਪੜਾਈ ਦੇ ਸਿਲੇਬਸ ਦਾ ਹਿੱਸਾ ਵੀ ਬਣ ਚੁੱਕੀਆਂ ਹਨ।ਰਾਮਚੰਦਰ ਜੀ ਆਪਣੇ ਪੂਰਵਜਾਂ ਦਾ ਕਹਿਣਾ ਮੰਨ ਕੇ 14 ਸਾਲ ਦੇ ਬਨਵਾਸ `ਤੇ ਗਏ ਤੇ ਜਦ ਉਹ ਬਹੁਤ ਹੀ ਔਖਿਆਈਆਂ ਕੱਟ ਕੇ ਇਸ ਬਨਵਾਸ ਨੂੰ ਭੋਗ ਕੇ ਵਾਪਸ ਅਯੁੱਧਿਆ ਪਹੁੰਚੇ ਤਾਂ ਇਸ ਖੁਸ਼ੀ ਵਿੱਚ ਹੀ ਸਾਰੀ ਲੁਕਾਈ ਨੇ ਘਿਉ ਦੇ ਦੀਵੇ ਬਾਲ ਕੇ ਉਹਨਾਂ ਨੂੰ ਜੀ ਆਇਆਂ ਕਿਹਾ ਤੇ ਇਸ ਦਿਨ ਨੂੰ ਹੀ ਲੋਕ ਦੀਵਾਲੀ ਭਾਵ ਦੀਪਾਂਵਾਲੀ ਨਾਲ ਅੱਜ ਤੱਕ ਮਨਾਉਂਦੇ ਆ ਰਹੇ ਹਨ।ਇਸੇ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 52 ਹਿੰਦੂੂ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਛੁਡਵਾ ਕੇ ਲਿਆਂਦਾ, ਜੋ ਕਿ ਮੁਗਲ ਹਕੂਮਤ ਨੇ ਕੈਦੀ ਬਣਾ ਰੱਖੇ ਸਨ।ਇਸ ਖੁਸ਼ੀ ਵਿੱਚ ਵੀ ਪੂਰੀ ਲੁਕਾਈ ਨੇ ਖੁਸ਼ੀ ਵਿੱਚ ਖੀਵੇ ਹੋ ਕੇ ਪਟਾਕੇ ਚਲਾ ਕੇ ‘ਤੇ ਦੀਪਮਾਲਾ ਕਰ ਕੇ ਆਪੋ ਆਪਣੇ ਮਨਾਂ ਦੀ ਖੁਸ਼ੀ ਜਾਹਰ ਕੀਤੀ ਸੀ ‘ਤੇ ਇਹ ਦਿਨ ਇਤਿਹਾਸਕ ਬਣ ਗਿਆ ਜੋ ਕਿ ਅੱਜ ਤੱਕ ਸਾਰੇ ਹੀ ਧਰਮਾਂ ਦੇ ਲੋਕ ਬੜੀ ਧੂਮਧਾਮ ਨਾਲ ਮਨਾਉਂਦੇ ਹਨ।
ਜਿਸ ਵੇਲੇ ਰਾਮ ਚੰਦਰ ਜੀ 14 ਸਾਲ ਦਾ ਬਨਵਾਸ ਕੱਟ ਰਹੇ ਸਨ।ਉਸ ਸਮੇਂ ਹੀ ਲੰਕਾ ਦੇ ਰਾਜੇ ਰਾਵਣ ਨਾਲ ਉਨਾਂ ਦਾ ਤਕਰਾਰ ਹੋਇਆ। ਭਾਂਵੇ ਕਿ ਰਾਵਣ ਬਹੁਤ ਵਿਦਵਾਨ ਤੇ ਚਾਰ ਵੇਦਾਂ ਦਾ ਗਿਆਤਾ ਸੀ, ਪਰ ਉਸ ਦੀ ਘਿਨੌਣੀ ਬਿਰਤੀ ਕਰਕੇ ‘ਤੇ ਸੀਤਾ ਨੂੰ ਆਪਣੇ ਰਾਜ ਭਾਗ ਵਿੱਚ ਕੈਦੀ ਬਣਾ ਕੇ ਰੱਖਣ ਕਰਕੇ ਹੀ ਉਸ ਨੂੰ ਇਸਦੀ ਕੀਮਤ, ਆਪਣੀ ਅਤੇ ਆਪਣੇ ਭਰਾਵਾਂ ਕੁੰਭਕਰਨ ਤੇ ਮੇਘਨਾਥ ਦੀ ਜਾਨ ਦੀ ਅਹੂਤੀ ਦੇ ਕੇ ਚੁਕਾਉਣੀ ਪਈ। ਹੋਰ ਵੀ ਬਹੁਤ ਜਿਆਦਾ ਨੁਕਸਾਨ ਹੋਇਆ।ਇਤਿਹਾਸਕਾਰ ਕਹਿੰਦੇ ਹਨ ਕਿ ਉਸ ਦੀ ਸੋਨੇ ਦੀ ਬਣਾਈ ਹੋਈ ਲੰਕਾ ਨੂੰ ਰਾਮ ਚੰਦਰ ਦੇ ਅਨਿਨ ਭਗਤ ਹਨੂੰਮਾਨ ਨੇ ਰਾਖ ਵਿੱਚ ਬਦਲ ਦਿੱਤਾ ਤੇ ਮਾਨਵ ਨੁਕਸਾਨ ਵੀ ਕਾਫ਼ੀ ਹੋਇਆ।ਰਾਮਚੰਦਰ ਤੇ ਰਾਵਣ ਦੀ ਬਿਰਤੀ ਦਾ ਜ਼ਮੀਨ ਅਸਮਾਨ ਦਾ ਫ਼ਰਕ ਸੀ, ਜਿੱਥੇ ਰਾਮ ਚੰਦਰ ਆਪਣੇ ਮਾਤਾ ਪਿਤਾ ਅਤੇ ਵੱਡਿਆਂ ਦਾ ਸਤਿਕਾਰ ਕਰਦੇ ਸਨ, ਕਹਿਣੇ ਵਿੱਚ ਰਹਿ ਕੇ ਪਰਜਾ ਦੇ ਵਿੱਚ ਵਿਚਰਦੇ ਅਤੇ ਉਹਨਾਂ ਦੇ ਦੁੱਖ-ਸੁੱਖ ਦੇ ਭਾਈਵਾਲ ਬਣਦੇ ਸਨ, ਉਥੇ ਹੀ ਰਾਵਣ ਆਪਣੇ ਅੜੀਅਲ ਸੁਭਾਅ ਅਤੇ ਆਪਣੇ ਅਧੀਨ ਕੀਤੀਆਂ ਸ਼ਕਤੀਆਂ ਦੇ ਘਮੰਡ ਕਰਕੇ ਜਾਣਿਆਂ ਜਾਂਦਾ ਸੀ।ਇਤਿਹਾਸਕਾਰਾਂ ਦੇ ਮੁਤਾਬਕ ਪਵਨ ਉਸ ਨੂੰ ਪੱਖਾ ਝੱਲਦੀ ਸੀ, ਚੰਨ ਤਾਰੇ ਉਸ ਦੀ ਰਸੋਈ ਕਰਦੇ ਸਨ।ਉਸ ਨੇ ਵਰ ਵੀ ਲੈ ਰੱਖਿਆ ਸੀ ਕਿ ਉਸ ਦੀ ਕਦੇ ਮੌਤ ਨਾ ਹੋਵੇ। ਕਾਫ਼ੀ ਸਾਰੀਆਂ ਰਾਣੀਆਂ ਅਤੇ ਹਰ ਕਿਸਮ ਦੀ ਐਸ਼ੋ ਅਰਾਮ ਕਰਨ ਵਾਲਾ ਵਿਦਵਾਨ ਤੇ ਵੇਦਾਂ ਦੇ ਗਿਆਤੇ ਦਾ ਆਖ਼ਰ ਵਿੱਚ ਕੀ ਹਸ਼ਰ ਹੋਇਆ ਉਸ ਤੋਂ ਸਾਰੀ ਹੀ ਲੁਕਾਈ ਭਲੀ-ਭਾਂਤ ਜਾਣੂ ਹੈ।ਏਸੇ ਕਰਕੇ ਹੀ ਇਸ ਤਿਉਹਾਰ ਨੂੰ ਨੇਕੀ ਤੇ ਬਦੀ ਦੀ ਜਿੱਤ ਕਰਕੇ ਵੀ ਜਾਣਿਆ ਜਾਂਦਾ ਹੈ ‘ਤੇ ਰਾਮ ਚੰਦਰ ਹੱਥੋਂ ਇਸ ਦਾ ਅੰਤ ਵੀ ਇਤਿਹਾਸ ਵਿੱਚ ਦਰਜ ਹੈ।
ਦੁਸਿਹਰੇ ਅਤੇ ਦੀਵਾਲੀ ਨੂੰ ਸਾਰੇ ਹੀ ਧਰਮਾਂ ਦੇ ਲੋਕ ਮਨਾਉਂਦੇ ਹਨ।ਬੜੇ ਖ਼ਤਰਨਾਕ ਪਟਾਕੇ ਅਤੇ ਬਰੂਦ ਨੂੰ ਫ਼ੂਕਿਆ ਜਾਂਦਾ ਹੈ, ਜੋ ਕਿ ਮਨੁੱਖਤਾ ਲਈ ਅਤਿਅੰਤ ਖ਼ਤਰਨਾਕ ਹੈ।ਮਠਿਆਈਆਂ ਦਾ ਆਦਾਨ ਪ੍ਰਦਾਨ ਵੀ ਕੀਤਾ ਜਾਂਦਾ ਹੈ।ਦੁਸਿਹਰੇ ਵਾਲੇ ਦਿਨ ਕਈ ਵਹਿਮੀ ਤੇ ਭਰਤੀ ਲੋਕ ਪੁਤਲਿਆਂ ਦੀਆਂ ਅੱਧ-ਮੱਚੀਆਂ ਲੱਕੜਾਂ ਨੂੰ ਵੀ ਘਰੀਂ ਲਿਆਉਂਦੇ ਹਨ ਕਿ ਇਹ ਘਰੇ ਰੱਖਣ ਨਾਲ ਭੂਤ-ਪ੍ਰੇਤ ਤੇ ਬੱਚਿਆਂ ਉਤੇ ਕਿਸੇ ਜਾਦੂ ਟੂਣੇ ਦਾ ਅਸਰ ਨਹੀਂ ਹੁੰਦਾ, ਪਰ ਇਹ ਸਿਰਫ਼ ਮਿਥਿਹਾਸਕ ਗੱਲਾਂ ਹਨ, ਜਦੋਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ ਦਾ ਖੰਡਨ ਕੀਤਾ ਗਿਆ ਹੈ।
ਜੇਕਰ ਅਜੋਕੇ ਸਮਾਜ ਤੇ ਅੱਜ ਦੇ ਮੌਜੂਦਾ ਹਲਾਤਾਂ `ਤੇ ਨਜ਼ਰ ਮਾਰੀਏ ਤਾਂ ਅੱਜਕਲ ਜਿਆਦਾ ਚਿਹਰੇ ਰਾਵਣ ਬਣਕੇ ਘੁੰਮ ਰਹੇ ਹਨ, ਥਾਂ-ਥਾਂ ਦੰਗੇ ਫ਼ਸਾਦ, ਮੈਂ ਤੇ ਹੰਕਾਰ ਦਾ ਬੋਲਬਾਲਾ ਹੈ। ਜੇਕਰ ਕਿਸੇ ਨੂੰ ਕੋਈ ਸਿਆਣਾ ਮੱਤ ਵਾਲੀ ਗੱਲ ਕਹਿੰਦਾ ਵੀ ਹੈ ਤਾਂ ਉਸ ਦਾ ਉਸ ਹੈਵਾਨ ਬਿਰਤੀ ਤੇ ਕੋਈ ਅਸਰ ਨਹੀਂ ਹੁੰਦਾ।ਹਰ ਇਕ ਤਿਉਹਾਰ ਮਨਾਉਣਾ ਚਾਹੀਦਾ ਹੈ, ਸਾਰੇ ਹੀ ਰਲ ਮਿਲ ਕੇ ਮਨਾਉਣ ਦੀ ਫਿਤਰਤ ਕਾਇਮ ਰੱਖੀਏ, ਪਰ ਨਾਲ ਦੀ ਨਾਲ ਇਹ ਵੀ ਜ਼ਰੂਰੀ ਹੈ ਕਿ ਜਿਹੜਾ ਵੀ ਤਿਉਹਾਰ ਮਨਾਈਏ ਉਸ ਵਿੱਚੋ ਕੋਈ ਸਿੱਖਿਆ ਵੀ ਗ੍ਰਹਿਣ ਕਰੀਏ ਤੇ ਆਪਣੇ ਆਪ ਨੂੰ ਬਦਲ ਕੇ ਚੰਗੇ ਸ਼ਹਿਰੀ ਹੋਣ ਦਾ ਸਬੂਤ ਦੇਈਏ।ਮਨੁੱਖਤਾ ਦੀ ਭਲਾਈ ਲਈ ਖਤਰਨਾਕ ਪਟਾਕੇ ਤੇ ਬਰੂਦ ਤੋਂ ਪ੍ਰਹੇਜ ਕਰੀਏ ਜੋ ਕਿ ਅਣਗਿਣਤ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ।ਆਪਣੇ ਸੁਭਾਅ ਵਿੱਚ ਨਰਮੀ ਲਿਆਈਏ।ਜੀਓ ਅਤੇ ਜਿਉਣ ਦਿਉ ਸਿਧਾਂਤ ਤੇ ਚੱਲੀਏ। ਭਾਈਚਾਰਾ ਕਾਇਮ ਰੱਖੀਏ। ਆਪਣੇ ਵੱਡਿਆਂ ਦਾ ਸਤਿਕਾਰ ਕਰੀਏ।ਹਰ ਇਕ ਤਿਉਹਾਰ ਨੂੰ ਕੁਝ ਸਿੱਖਣ ਲਈ ਮਨਾਈਏ।30 ਸਤੰਬਰ, 2017 ਦਿਨ ਸ਼ਨੀਵਾਰ ਨੂੰ ਦੁਸਿਹਰਾ ਮਨਾਉਂਦੇ ਸਮੇਂ ਰਾਵਣ ਬਿਰਤੀ ਨੂੰ ਮਨਾਂ ਵਿੱਚੋਂ ਮਨਫੀ ਕਰੀਏ ਤੇ ਵਧੀਆ ਸੋਚ ਦੇ ਧਾਰਣੀ ਬਣ ਕੇ ਦੁਨੀਆਂ ਲਈ ਇਕ ਮਿਸਾਲ ਬਣੀਏ।

 
ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ।
ਮੋਬਾ – 94176-22046

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply