ਪੰਜਾਬ ਦੇ ਮਾਲਵਾ ਖੇਤਰ ਦੀ ਧਰਤੀ ਪੀਰਾਂ ਪੈਗੰਬਰਾਂ, ਰਿਸ਼ੀ-ਮੁਨੀਆਂ ਦੀ ਧਰਤੀ ਹੈ।ਜ਼ਿਲਾ ਬਠਿੰਡਾ ਕਈ ਇਤਿਹਾਸਕ ਥਾਵਾਂ ਨਾਲ ਮਸ਼ਹੂਰ ਹੈ, ਜਿਥੇ ਸਾਡੇ ਦੇਵੀ ਦੇਵਤਿਆਂ ਨੇ ਆਪਣੀ ਚਰਨ ਛੋਹ ਨਾਲ ਧਰਤੀ ਨੂੰ ਰੰਗ ਭਾਗ ਲਾਏ।ਇਹਨਾਂ ਹੀ ਥਾਵਾਂ ਵਿਚੋ ਇਕ ਹੈ ਬਠਿੰਡਾ ਤੋਂ 30 ਕਿਲੋਮੀਟਰ ਦੀ ਦੂਰੀ `ਤੇ ਪਿੰਡ ਮਾਈਸਰ ਖਾਨਾ ਜਿਥੇ ਸਾਲ ਵਿੱਚ ਦੋ ਵਾਰੀ ਮੇਲਾ ਭਰਦਾ ਹੈ।ਜੋ ਹਿੰਦੂ-ਸਿੱਖ ਏਕਤਾ ਦਾ ਪ੍ਰਤੀਕ ਹੈ।ਇਹ ਮੇਲਾ ਦੇਸ਼ੀ ਮਹੀਨਿਆਂ ਚੇਤ ਤੇ ਅੱਸੂ ਦੇ ਨਰਾਤਿਆਂ ਵਿੱਚ ਛਟ ਨੂੰ ਭਰਦਾ ਹੈ।ਇਸ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਪੇਂਡੂ ਤੇ ਸ਼ਹਿਰੀ ਲੋਕਾਂ ਤੋਂ ਇਲਾਵਾ ਦੇਸ਼ ਪ੍ਰਦੇਸ਼ ਵਿੱਚੋਂ ਮਾਤਾ ਦੇ ਭਗਤ ਪਹੰੁਚਦੇ ਹਨ। ਇਸ ਪ੍ਰਸਿੱਧ ਤੇ ਇਤਿਹਾਸਕ ਸਥਾਨ ਤੇ ਮਾਂ ਦੁਰਗਾ ਦਾ ਪ੍ਰਚੀਨ ਮੰਦਰ ਸਥਿਤ ਹੈ।ਪਿੰਡ ਮਾਈਸਰਖਾਨਾ ਵਿਖੇ ਬਣੇ ਸ੍ਰੀ ਦੁਰਗਾ ਮੰਦਰ ਦਾ ਪ੍ਰਬੰਧ ਸ੍ਰੀ ਸਨਾਤਮ ਧਰਮ ਪੰਜਾਬ ਮਹਾਵੀਰ ਦਲ ਜ਼ਿਲਾ ਬਠਿੰਡਾ ਵਲੋਂ ਸੰਭਾਲਿਆ ਜਾਂਦਾ ਹੈ।ਇਸ ਮੰਦਰ ਦੇ ਇਤਿਹਾਸ ਮੁਤਾਬਕ ਸੰਨ 1515 ਈਸਵੀ ਵਿੱਚ ਪਿੰਡ ਦਾ ਇਕ ਜ਼ਿਮੀਦਾਰ ਕਮਾਲੂ ਜੋ ਕਿ ਬਾਬਾ ਕਾਲੂ ਰਾਮ ਦਾ ਚੇਲਾ ਸੀ ਉਹ ਹਰ ਸਾਲ ਬਾਬਾ ਜੀ ਦੇ ਨਾਲ ਮਾਂ ਜਵਾਲਾ ਜੀ ਦੇ ਦਰਸ਼ਨਾਂ ਲਈ ਜਾਂਦਾ ਰਹਿੰਦਾ ਸੀ।ਦੱਸਿਆ ਜਾਂਦਾ ਹੈ ਕਿ ਬਾਬਾ ਕਮਾਲੂ ਸੰਤਾਂ ਵਾਸਤੇ ਹਰ ਰੋਜ਼ ਮਾਈਸਰਖਾਨੇ ਤੋਂ ਪਿੰਡ ਨਥਾਣੇ ਦੁੱਧ ਲੈ ਕੇ ਜਾਂਦਾ ਸੀ।ਇਕ ਦਿਨ ਜਦੋਂ ਕਮਾਲੂ ਨਥਾਣੇ ਦੁੱਧ ਲੈ ਕੇ ਗਿਆ ਤਾਂ ਬਾਬਾ ਕਾਲੂ ਨਾਥ ਕੋਲ ਕੋਹੜ ਠੀਕ ਕਰਵਾੳਂੁਣ ਆਏ ਕੋਹੜੀਆਂ ਦੀ ਟੋਲੀ ਬੈਠੀ ਸੀ।ਬਾਬਾ ਕਾਲੂ ਨਾਥ ਨੇ ਕਮਾਲੂ ਦਾ ਲਿਆਂਦਾ ਹੋਇਆ ਦੁੱਧ ਉਨਾਂ ਕੋਹੜੀਆਂ ਨੂੰ ਪੀਣ ਲਈ ਦਿੱਤਾ ਅਤੇ ਕੋਹੜੀਆਂ ਦਾ ਬਚਿਆ ਜੂਠਾ ਦੁੱਧ ਇੱਕਠਾ ਕਰਕੇ ਬਾਬਾ ਕਮਾਲੂ ਨੂੰ ਪੀਣ ਲਈ ਦੇ ਦਿੱਤਾ।ਬਾਬਾ ਕਮਾਲੂ ਨੇ ਉਹ ਦੁੱਧ ਪੀਣ ਦੀ ਥਾਂ ਕੋਲ ਸੁੱਕੇ ਜੰਡ ਦੀ ਜੜ ਵਿੱਚ ਪਾ ਦਿੱਤਾ ਤੇ ਦੁੱਧ ਡੁੱਲਦੇ ਸਾਰ ਹੀ ਹਰਾ-ਭਰਾ ਹੋ ਗਿਆ ਅਤੇ ਕੋਹੜੀਆ ਦਾ ਰੋਗ ਵੀ ਠੀਕ ਹੋ ਗਿਆ।ਦੁੱਧ ਡੋਲਣ ਤੋਂ ਬਾਅਦ ਕ੍ਰੋਧਿਤ ਹੋਏ ਬਾਬਾ ਕਾਲੂ ਰਾਮ ਤਪੱਸਿਆ ਵਿੱਚ ਲੀਨ ਹੋ ਗਏ ਅਤੇ ਭਗਤ ਕਮਾਲੂ ਬਾਬਾ ਕਾਲੂ ਰਾਮ ਦੀ ਸੇਵਾ ਲਈ ਨਥਾਣੇ ਰਹਿਣ ਲੱਗ ਪਏ।
ਦੂਸਰੇ ਪਾਸੇ ਜਦੋਂ ਬਾਬਾ ਕਮਾਲੂ ਬਿਰਧ ਹੋ ਗਏ ਤਾਂ ਉਹ ਮਾਤਾ ਜਵਾਲਾ ਜੀ ਦੇ ਦਰਸ਼ਨ ਕਰਨ ਨਹੀ ਜਾ ਸਕਦੇ ਸਨ, ਕਿਉਕਿ ਬਹੁਤ ਜਿਆਂਦਾ ਬਿਰਧ ਹੋ ਗਏ ਸਨ।ਕਿਉਕਿ ਹਰ ਸਾਲ ਜਵਾਲਾ ਜੀ ਮਾਂ ਦੇ ਦਰਸ਼ਨ ਕਰਨ ਲਈ ਜਾਇਆ ਕਰਦੇ ਸਨ।ਬਾਬਾ ਕਾਲੂ ਰਾਮ ਨੇ ਸਮਾਧੀ ਖੋਲੀ ਤਾਂ ਉਨਾਂ ਭਗਤ ਕਮਾਲੂ ਨੂੰ ਕਿਹਾ ਕਿ ਤੂੰ ਪਿੰਡ ਮਾਈਸਰਖਾਨੇ ਦੇ ਸਮਸ਼ਾਨਘਾਟ ਵਿੱਚ ਜਾ, ਉਥੇ ਮਾਂ ਜਵਾਲਾ ਕੋਹੜੀ ਦੇ ਰੂਪ ਵਿੱਚ ਬੈਠੀ ਹੈ।ਉਸ ਦੇ ਦਰਸ਼ਨ ਕਰੀਂ ਅਤੇ ਹੋਰ ਕੋਈ ਗਲਤੀ ਨਾ ਕਰੀਂ ਭਗਤ ਕਮਾਲੂ ਪਿੰਡ ਨਥਾਣੇ ਤੋਂ ਮਾਈਸਰਖਾਨੇ ਸਮਸ਼ਾਨਘਾਟ ਵਿੱਚ ਜਾ ਪੁੱਜਾ ਤਾਂ ਉਸ ਨੂੰ ਇਕ ਬਜ਼ੁੱਰਗ ਔਰਤ ਬੈਲ ਗੱਡੀ ਵਿੱਚ ਬੈਠੀ ਦਿਖਾਈ ਦਿੱਤੀ, ਭਗਤ ਕਮਾਲੂ ਉਸ ਬਜ਼ੁੱਰਗ ਔਰਤ ਦੇ ਪੈਰਾਂ ਵਿੱਚ ਡਿੱਗ ਪਿਆ ਤੇ ਮਾਤਾ ਜੀ ਨੂੰ ਦਰਸ਼ਨ ਤੇ ਆਸ਼ੀਰਵਾਦ ਦੇਣ ਲਈ ਆਖਣ ਲੱਗਾ ਵਾਰ-ਵਾਰ ਬੇਨਤੀ ਕਰਨ ਤੇ ਮਾਤਾ ਜੀ ਨੇ ਆਪਣਾ ਅਸਲੀ ਰੂਪ ਵਿੱਚ ਆ ਕੇ ਭਗਤ ਕਮਾਲੂ ਨੂੰ ਦਰਸ਼ਨ ਦਿੱਤੇ ਅਤੇ ਹਰ ਸਾਲ ਅੱਸੂ-ਚੇਤ ਦੇ ਨਰਾਤਿਆਂ ਨੂੰ ਇਥੇ ਆ ਕੇ ਦਰਸ਼ਨ ਦੇਣ ਦਾ ਵਚਨ ਦਿੱਤਾ ਤੇ ਕਿਹਾ ਕਿ ਜੋ ਵੀ ਭਗਤ ਇਥੇ ਆ ਕੇ ਮੇਰੇ ਦਰਸ਼ਨ ਕਰੇਗਾ, ਉਸ ਦੀ ਮਾਂ ਜਵਾਲਾ ਹਰ ਤਰਾਂ ਦੀ ਮਨੋਕਾਮਨਾ ਪੂਰੀ ਕਰੇਗੀ। ਉਦੋਂ ਤੋਂ ਹੀ ਇਸ ਸਥਾਨ ਤੇ ਭਾਰੀ ਮੇਲਾ ਲੱਗਣਾ ਸ਼ੁਰੂ ਹੋ ਗਿਆ।ਇਸ ਮੇਲੇ ਵਿੱਚ ਸਾਰੇ ਧਰਮਾਂ ਦੇ ਲੱਖਾਂ ਸ਼ਰਧਾਲੂ ਆ ਕੇ ਸ਼ੀਸ ਝੁਕਾਉਂਦੇ ਹਨ।ਇਸ ਮੰਦਰ ਦੀ ਦੇਖ ਭਾਲ ਲਈ ਸ੍ਰੀ ਸਨਾਤਮ ਧਰਮ ਪੰਜਾਬ ਮਹਾਂਵੀਰ ਦਲ (ਰਜਿ:) ਹੈ।ਇਸ ਮੇਲੇ ਵਿਚ 32 ਯੂਨਿਟਾਂ ਦੇ ਲੱਗਭਗ 1200 ਤੋਂ 1500 ਸੇਵਕ ਮੈਂਬਰ ਦਰਸ਼ਨ ਕਰਵਾਉਣ, ਲੰਗਰ, ਜਲ, ਬਿਜਲੀ, ਜੁੱਤਿਆਂ ਦੀ ਸੰਭਾਲ ਅਤੇ ਫਰੀ ਡਿਸਪੈਸਰੀ ਆਦਿ ਦੀ ਸੇਵਾ ਨਿਸ਼ਕਾਮ ਕਰਦੇ ਹਨ।ਇਸ ਮੰਦਰ ਦੇ ਬਾਹਰ ਬਣੇ ਟਿੱਲੇ `ਤੇ ਸ਼ਰਧਾਲੂ ਆਪਣੀ ਸੁੱਖ ਪੂਰੀ ਹੋਣ ਤੋਂ ਬਾਅਦ ਮਿੱਟੀ ਚੜਾਉਂਦੇ ਹਨ। ਮੰਦਰ ਅੰਦਰ ਪੁਰਾਤਨ ਬੇਰੀ ਦੇ ਦਰਖ਼ਤ ਹੇਠ ਨਵ-ਬੱਚਿਆਂ ਦੀ ਝੰਡ ਉਤਾਰੀ ਜਾਂਦੀ ਹੈ। ਮੰਦਰ ਦੇ ਸਾਹਮਣੇ ਬਣੇ ਸੰੁਦਰ ਸਰੋਵਰ ਤੋਂ ਇਲਾਵਾ ਮੰਦਰ ਦੇ ਅੰਦਰ ਇਕ ਸੰੁਦਰ ਸੇਜ ਘਰ ਤੇ ਯੱਸ਼ਸ਼ਾਲਾ ਵੀ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਹੈ।ਮੰਦਰ ਅੰਦਰ ਜਵਾਲਾ ਜੀ ਤੋਂ ਲਿਆਂਦੀ ਗਈ ਪਵਿੱਤਰ ਜੋਤੀ 1983 ਤੋਂ ਲਗਾਤਾਰ ਅਖੰਡ ਰੂਪ ਵਿਚ ਬਿਰਾਜਮਾਨ ਹੈ।ਮੰਦਰ ਵਿੱਚ ਬਾਬਾ ਕਮਾਲੂ ਜੀ ਦੀ ਸਮਾਧ ਵੀ ਬਣੀ ਹੋਈ ਹੈ। ਜਿਸ ਦੇ ਦਰਸ਼ਨ ਕਰਨ ਤੋਂ ਬਾਅਦ ਸ਼ਰਧਾਲੂ ਆਪਣੀ ਯਾਤਰਾ ਸਫ਼ਰ ਸਮਝਦੇ ਹਨ।ਮੰਦਰ ਦੇ ਸਾਹਮਣੇ ਗੁਰਦੁਆਰਾ ਸਾਹਿਬ ਜੀ ਦੀ ਸੰੁਦਰ ਇਮਾਰਤ ਬਣੀ ਹੋਈ ਹੈ, ਜਿਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਚਰਨ ਪਾਏ ਸਨ।
ਅਵਤਾਰ ਸਿੰਘ ਕੈਂਥ
ਬਠਿੰਡਾ।
ਮੋ- 9356200120