Wednesday, July 2, 2025
Breaking News

ਸ੍ਰੀ ਹਰਿਮੰਦਰ ਸਾਹਿਬ ਵਿਖੇ ਚੌਂਕੀ ਸ਼ਬਦ ਕੀਰਤਨ ਮਰਯਾਦਾ

Golden Temple    ਸਿੱਖ ਧਰਮ ਵਿਚ ਚੌਂਕੀ ਦਾ ਸਬੰਧ ਚਾਰ ਰਾਗੀਆਂ ਦੀ ਕੀਰਤਨ ਸਭਾ ਦੇ ਨਾਲ ਹੈ।ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਤੋਂ ਹੀ ਚਾਰ ਚੌਂਕੀਆਂ ਸ਼ੁਰੂ ਕੀਤੀਆਂ ਸਨ।
(1) ਅੰਮ੍ਰਿਤ ਵੇਲੇ ਦੀ ਆਸਾ ਕੀ ਵਾਰ ਦੀ ਚੌਂਕੀ।
(2) ਸਵਾ ਪਹਿਰ ਦਿਨ ਚੜ੍ਹਨ ‘ਤੇ ਕੀਤੀ ਜਾਣ ਵਾਲੀ ਚਰਨਕੰਵਲ ਕੀ ਚੌਂਕੀ।
(3) ਸ਼ਾਮ ਵੇਲੇ ਰਹਿਰਾਸ ਤੋਂ ਪਹਿਲਾਂ ਸੋਦਰ ਕੀ ਚੌਂਕੀ।
4) ਚਾਰ ਘੜੀ ਰਾਤ ਦੇ ਬੀਤਣ ਉਪਰੰਤ ਕਲਿਆਣ ਦੀ ਚੌਂਕੀ।
ਇਹ ਚੌਂਕੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਹਰਿਮੰਦਰ ਸਾਹਿਬ ਵਿਚ ਪ੍ਰਭਾਤ ਵੇਲੇ ਪ੍ਰਕਾਸ਼ ਹੋ ਚੁੱਕਣ ਤੋਂ ਸ਼ੁਰੂ ਹੋ ਕੇ ਰਾਤ ਨੂੰ ਮਰਯਾਦਾ ਦੀ ਸਮਾਪਤੀ ਤੱਕ ਹੁੰਦੀਆਂ ਹਨ ਅਤੇ ਹੁਣ ਵੀ ਕੁੱਝ ਸਮੇਂ ਦੇ ਵਾਧ ਘਾਟ ਨਾਲ ਪ੍ਰਚੱਲਿਤ ਚੱਲੀਆਂ ਆ ਰਹੀਆਂ ਹਨ।ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਕਾਸ਼ਤ ਰਸਾਲਾ ਗੁਰਦੁਆਰਾ ਗਜ਼ਟ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ ਪ੍ਰਕਾਸ਼ਤ ਕੀਤੀ ਜਾਂਦੀ ਹੈ।ਅਸੀਂ ਏਥੇ ਪਾਠਕਾਂ ਦੇ ਗਿਆਨ ਲਈ ਪ੍ਰਕਾਸ਼ਿਤ ਕਰ ਰਹੇ ਹਾਂ।

ਸਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਦੀ ਪਵਿੱਤਰ ਮਰਯਾਦਾ
* ਕਿਵਾੜ ਖੁੱਲ੍ਹਣ ਦਾ ਸਮਾਂ                             2-00 ਵਜੇ ਅੰਮ੍ਰਿਤ ਵੇਲੇ
* ਕੀਰਤਨ ਆਰੰਭ                              2-00 ਵਜੇ ਅੰਮ੍ਰਿਤ ਵੇਲੇ
* ਆਸਾ ਦੀ ਵਾਰ ਦਾ ਕੀਰਤਨ ਆਰੰਭ                      3-00 ਵਜੇ ਸਵੇਰੇ
* ਪਾਲਕੀ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਚੱਲਣ ਦਾ ਸਮਾਂ       4-00 ਵਜੇ ਸਵੇਰੇ
* ਪਹਿਲਾ ਹੁਕਮਨਾਮਾ                            4-00 ਵਜੇ ਸਵੇਰੇ
* ਪਹਿਲੀ ਅਰਦਾਸ                                             5-00 ਵਜੇ ਸਵੇਰੇ
* ਆਸਾ ਦੀ ਵਾਰ ਦੀ ਸਮਾਪਤੀ                           6-00 ਵਜੇ ਸਵੇਰੇ
* ਦੂਸਰੀ ਅਰਦਾਸ ਤੇ ਹੁਕਮਨਾਮਾ                    6-15 ਵਜੇ ਸਵੇਰੇ
* ਸ਼ਾਮ ਨੂੰ ਸੋਦਰੁ, ਰਹਿਰਾਸਿ ਸਾਹਿਬ ਦਾ ਪਾਠ ਸੂਰਜ ਛਿਪਣ ਉਪਰੰਤ ਸ਼ੁਰੂ ਹੁੰਦਾ ਹੈ।
* ਹੁਕਮਨਾਮਾ ਰਾਤ ਨੂੰ ਸਮਾਪਤੀ ਸਮੇਂ                       10-30 ਵਜੇ ਰਾਤ
* ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪਾਲਕੀ ਚੱਲਣ ਦਾ ਸਮਾਂ       10-45 ਵਜੇ ਰਾਤ
* ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਣ ਦਾ ਸਮਾਂ                11-00 ਵਜੇ ਰਾਤ
* ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਕਿਵਾੜ ਖੁੱਲ੍ਹਣ ਤੋਂ ਲੈ ਕੇ ਸਮਾਪਤੀ ਤੱਕ ਅਖੰਡ ਕੀਰਤਨ ਹੁੰਦਾ ਰਹਿੰਦਾ ਹੈ।
ਰਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਜਾਣ ਉਪਰੰਤ ਇਕ ਘੰਟਾ ਸੇਵਾ ਤੇ ਸਫਾਈ ਆਦਿ ਉਪਰੰਤ ਇਸ਼ਨਾਨ ਕਰਾਉਣ ਦੀ ਸੇਵਾ ਸ਼ਰਧਾਲੂ, ਸੇਵਾਦਾਰਾਂ ਦੇ ਸਹਿਯੋਗ ਨਾਲ ਕਰਦੇ ਹਨ।
ਇਸ਼ਨਾਨ ਸਮੇਂ ਮਿਲ ਕੇ ਪ੍ਰੇਮੀ ਇਸ਼ਨਾਨ ਕਰਾਉਂਦੇ ਹਨ ਅਤੇ ਨਾਲ ਬੜੇ ਹੀ ਪ੍ਰੇਮ ਸਹਿਤ ਰਸ-ਭਿੰਨੀ ਸੁਰ ਵਿਚ ਗੁਰਬਾਣੀ ਦੇ ਸ਼ਬਦ ਗਾਇਨ ਕਰਦੇ ਹਨ।ਇਸ਼ਨਾਨ ਆਦਿ ਦੀ ਸੇਵਾ ਕਰਾਉਣ ਉਪਰੰਤ ਵਿਛਾਈਆਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੰਘਾਸਨ ਸਜਾ ਕੇ ਅਰਦਾਸ ਹੁੰਦੀ ਹੈ ਤੇ ਕੜਾਹ ਪ੍ਰਸ਼ਾਦਿ ਦੀ ਦੇਗ ਵਰਤਦੀ ਹੈ।
ਫਿਰ ਤਿੰਨ-ਪਹਿਰੇ ਦੀ ਚੌਂਕੀ ਦਾ ਕੀਰਤਨ ਹੁੰਦਾ ਹੈ।
ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਵਿਚਕਾਰਲੀ ਛੱਤ ਅਤੇ ਗੁੰਬਦ ਵਿਚ ਹਰ ਵਕਤ ਅਖੰਡ ਪਾਠ ਸਾਹਿਬ ਚੱਲਦੇ ਹਨ, ਜਿਨ੍ਹਾਂ ਦਾ ਵਾਰੀ ਨਾਲ ਰੋਜ਼ਾਨਾ ਇਕ ਅਖੰਡ ਪਾਠ ਸਾਹਿਬ ਦਾ ਭੋਗ ਪੈਂਦਾ ਹੈ।
ਰਾਤ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਇਸ਼ਨਾਨ ਤੋਂ ਬਾਅਦ ਵਿਛਾਈਆਂ ਕੀਤੀਆਂ ਜਾਂਦੀਆਂ ਹਨ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਲਈ ਸਿੰਘਾਸਨ ਤਿਆਰ ਕੀਤਾ ਜਾਂਦਾ ਹੈ।ਦੂਜੇ ਪਾਸੇ ਹਰਿਮੰਦਰ ਸਾਹਿਬ ਦੇ ਕਿਵਾੜ ਖੁਲਣ ਤੋਂ ਪਹਿਲਾਂ ਦਰਸ਼ਨੀ ਡਿਓੜੀ ਦੇ ਬਾਹਰ ਪ੍ਰੇਮੀ ਸਿੰਘ ਸ਼ਬਦ ਪੜਦੇ ਹਨ-
`ਦਰਮਾਦੇ ਠਾਢੇ ਦਰਬਾਰਿ। ਤੁਝ ਬਿਨੁ ਸੁਰਤਿ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲਿ ਕਿਵਾਰ।`
ਇਸ ਸ਼ਬਦ ਦੇ ਗਾਇਣ ਤੋਂ ਬਾਅਦ ਗਰਮੀਆਂ ਵਿਚ ਦੋ ਵਜੇ ਅਤੇ ਸਰਦੀਆਂ ਵਿਚ ਤਿੰਨ ਵਜੇ ਕਿਵਾੜ ਖੁੱਲ੍ਹ ਜਾਂਦੇ ਹਨ।ਸ੍ਰੀ ਹਰਿਮੰਦਰ ਸਾਹਿਬ ਕੀਰਤਨ ਆਰੰਭ ਹੋ ਜਾਂਦਾ ਹੈ।ਇਕ ਘੰਟੇ ਦੀ ਇਹ ਚੌਂਕੀ ਸਰਦੀਆਂ ਵਿੱਚ ਚਾਰ ਵਜੇ ਅਤੇ ਗਰਮੀਆਂ ਵਿਚ ਤਿੰਨ ਵਜੇ ਸਮਾਪਤ ਹੁੰਦੀ ਹੈ।
ਤਿੰਨ ਪਹਿਰ ਵਾਲੀ ਚੌਂਕੀ ਤੋਂ ਬਾਅਦ ਦੂਜਾ ਰਾਗੀ ਜਥਾ ‘ਆਸਾ ਕੀ ਵਾਰ’ ਦਾ ਕੀਰਤਨ ਸ਼ੁਰੂ ਕਰ ਦਿੰਦਾ ਹੈ।ਇਕ ਘੰਟੇ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਗ੍ਰੰਥੀ ਸਿੰਘ, ਸੰਗਤ ਸਹਿਤ ਸ਼ਬਦ ਗਾਇਨ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਹਰਿਮੰਦਰ ਸਾਹਿਬ ਵੱਲ ਲੈ ਕੇ ਆਉਂਦੇ ਹਨ।ਮੁੱਖ ਦੁਆਰ ਉਤੇ ਪਹੁੰਚਣ ‘ਤੇ ਪਾਲਕੀ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗ੍ਰੰਥੀ ਸਿੰਘ ਸਿੰਘਾਸਨ ਉਤੇ ਬਿਰਾਜਮਾਨ ਕਰਦੇ ਹਨ ਅਤੇ ਵਾਕ ਲੈਂਦੇ ਹਨ। ‘ਆਸਾ ਕੀ ਵਾਰ’ ਦਾ ਬੰਦ ਕੀਤਾ ਕੀਰਤਨ ਫਿਰ ਆਰੰਭ ਕਰ ਦਿੱਤਾ ਜਾਂਦਾ ਹੈ। ਕੀਰਤਨ ਦੀ ਸਮਾਪਤੀ ਤੋਂ ਬਾਅਦ ਸਰਦੀਆਂ ਵਿਚ ਸੱਤ ਵਜੇ ਅਤੇ ਗਰਮੀਆਂ ਵਿਚ 6.00 ਵਜੇ ਅਰਦਾਸ ਹੁੰਦੀ ਹੈ।
‘ਆਸਾ ਕੀ ਵਾਰ’ ਤੋਂ ਬਾਅਦ ਦਿਨ ਦੇ 12 ਵਜੇ ਤਕ ਕੀਰਤਨ ਹੁੰਦਾ ਹੈ ਅਤੇ ਸ਼ਬਦ ਚੌਂਕੀ ਦੀ ਅਰਦਾਸ ਹੁੰਦੀ ਹੈ। ਫਿਰ ਕੀਰਤਨ ਆਰੰਭ ਹੋ ਜਾਂਦਾ ਹੈ।ਤਿੰਨ ਵਜੇ ਤੋਂ ਬਾਅਦ ਸ਼ਬਦ-ਚੌਂਕੀ ਚਰਨ ਕਮਲ ਦੀ ਅਰਦਾਸ ਹੁੰਦੀ ਹੈ। ਫਿਰ ਕੀਰਤਨ ਆਰੰਭ ਹੋ ਜਾਂਦਾ ਹੈ।
ਸੂਰਜ ਛਿਪਣ ‘ਤੇ ਰਹਿਰਾਸ ਦੀ ਅਰਦਾਸ ਹੁੰਦੀ ਹੈ ਅਤੇ ਆਰਤੀ ਕਰ ਚੁਕਣ ਤੋਂ ਬਾਅਦ ਫਿਰ ਕੀਰਤਨ ਆਰੰਭ ਹੋ ਜਾਂਦਾ ਹੈ।ਇਸ ਚੌਂਕੀ ਨੂੰ ਆਰਤੀ ਅਤੇ ਕਲਿਆਣ ਦੀ ਚੌਂਕੀ ਕਹਿੰਦੇ ਹਨ। ਇਸ ਚੌਂਕੀ ਤੋਂ ਲਗਭਗ ਇਕ ਘੰਟੇ ਬਾਅਦ ਪ੍ਰੇਮੀ ਸਿੰਘਾਂ ਦੀ ਚੌਂਕੀ ਸ਼ਬਦ ਪੜ੍ਹਦੀ ਹੈ। ਅਰਦਾਸ ਤੋਂ ਬਾਅਦ ਫਿਰ ਕੀਰਤਨ ਸ਼ੁਰੂ ਹੋ ਜਾਂਦਾ ਹੈ।ਇਸ ਨੂੰ ਕੀਰਤਨ ਸੋਹਿਲੇ ਦੀ ਚੌਂਕੀ ਕਰਕੇ ਜਾਣਿਆਂ ਜਾਂਦਾ ਹੈ।ਇਹ ਚੌਂਕੀ ਗਰਮੀਆਂ ਵਿਚ 10.30 ਵਜੇ ਅਤੇ ਸਰਦੀਆਂ ਵਿਚ 9.30 ਵਜੇ ਸਮਾਪਤ ਹੁੰਦੀ ਹੈ।ਕੀਰਤਨ ਸੋਹਿਲੇ ਦਾ ਪਾਠ ਕਰਕੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਣ ਕਰਕੇ, ਅਰਦਾਸ ਕਰਨ ਉਪਰੰਤ ਗ੍ਰੰਥੀ ਸਿੰਘ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਦਰ ਸਹਿਤ ਸੰਗਤਾਂ ਵਲੋਂ ਲਿਆਂਦੀ ਹੋਈ ਪਾਲਕੀ ਵਿਚ ਸੁਸ਼ੋਭਿਤ ਕੀਤਾ ਜਾਂਦਾ ਹੈ।ਸ੍ਰੀ ਹਰਿਮੰਦਰ ਸਾਹਿਬ ਦੇ ਦੁਆਰ ਬੰਦ ਕਰ ਦਿੱਤੇ ਜਾਂਦੇ ਹਨ। ਸੰਗਤਾਂ ਸ਼ਬਦ ਗਾਇਨ ਕਰਦੀਆਂ ਪਾਲਕੀ ਸਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਚੱਲ ਪੈਂਦੀਆਂ ਹਨ।ਉਥੇ ਪਹੁੰਚਣ ‘ਤੇ ਗ੍ਰੰਥੀ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਸਹਿਤ ਸੁਖਾਸਣ ਵਾਲੇ ਕਮਰੇ (ਕੋਠਾ ਸਾਹਿਬ) ਵਿਚ ਪਲੰਘ ਉਤੇ ਬਿਰਾਜਮਾਨ ਕਰਦੇ ਹਨ।
ਇਸ ਤਰ੍ਹਾਂ ਹਰ ਰੋਜ਼ 18 ਤੋਂ 20 ਘੰਟੇ ਤੱਕ ਸ੍ਰੀ ਹਰਿਮੰਦਰ ਸਾਹਿਬ ਵਿੱਚ ਵੱਖ-ਵੱਖ ਚੌਂਕੀਆਂ ਰਾਹੀਂ ਕੀਰਤਨ ਦਾ ਪ੍ਰਵਾਹ ਚਲਦਾ ਹੈ।ਮੁੱਖ ਤੌਰ ‘ਤੇ ਇਹ ਸਾਰੀ ਕੀਰਤਨ ਪ੍ਰਕ੍ਰਿਆ ਗੁਰੂ ਅਰਜਨ ਦੇਵ ਜੀ ਦੁਆਰਾ ਸਥਾਪਿਤ ਚਾਰ ਚੌਂਕੀਆਂ ਦੇ ਅੰਤਰਗਤ ਹੈ।

Diljit Bedi

 

 

 

 

 

ਦਿਲਜੀਤ ਸਿੰਘ ਬੇਦੀ
ਅੰਮ੍ਰਿਤਸਰ।
 ਮੋ – 98148 98570

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply