ਬਟਾਲਾ, 17 ਜੁਲਾਈ (ਨਰਿੰਦਰ ਬਰਨਾਲ) – ਜ਼ਿਲਾ ਗੁਰਦਾਸਪੁਰ ਅੰਦਰ ਬਾਸਮਤੀ ਦੀ ੧੫੦੯ ਕਿਸਮ ਦੀ ਅਗੇਤੀ ਲਵਾਈ ਕਰਨ ਕਰਕੇ ਇਸ ਫਸਲ ‘ਤੇ ਫੁੱਟਰਾਟ (ਬੂਟਿਆਂ ਦਾ ਪੈਰਾਂ ਤੋਂ ਗਲਣ ਦਾ ਰੋਗ) ਦੀ ਬਿਮਾਰੀ ਦੇਖੀ ਗਈ ਹੈ। ਇਸ ਬਿਮਾਰੀ ਦੀ ਰੋਕਥਾਮ ਅਤੇ ਬਚਾਅ ਲਈ ਖੇਤੀਬਾੜੀ ਮਹਿਕਮੇ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਫੁੱਟਰਾਟ ਨਾਲ ਪ੍ਰਭਾਵਤ ਖੇਤ ਵਿੱਚ ਸਿੰਚਾਈ ਲਈ ਪਾਣੀ ਵੱਤਰ ਦਾ ਲਗਾਇਆ ਜਾਵੇ ਤਾਂ ਜੋ ਇਸ ਰੋਗ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ। ਫੁੱਟਰਾਟ ਦੇ ਰੋਗ ਸਬੰਧੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਕਾਸ ਅਫਸਰ (ਸਿਖਲਾਈ) ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਇਹ ਬਿਮਾਰੀ ਬਾਸਮਤੀ ੧੫੦੯ ਦੀ ਅਗੇਤੀ ਲਵਾਈ ਅਤੇ ਪਨੀਰੀ ਦੀਆਂ ਜੜ੍ਹਾਂ ਨੂੰ ਸੋਧਣ ਤੋਂ ਬਗੈਰ ਲਵਾਈ ਕਰਨ ਕਰਕੇ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਖੇਤ ‘ਚ ਫੁੱਟਰਾਟ ਦੀ ਬਿਮਾਰੀ ਫਸਲ ਨੂੰ ਪੈ ਗਈ ਹੋਵੇ ਤਾਂ ਬਿਮਾਰੀ ਵਾਲੇ ਬੂਟੇ ਜੜੋਂ ਪੁੱਟ ਕੇ ਦਬਾ ਦੇਣੇ ਚਾਹੀਦੇ ਹਨ ਅਤੇ ਉਨਾਂ ਦੀ ਜਗਾ ਨਵੇਂ ਬੂਟੇ ਲਗਾ ਦੇਣੇ ਚਾਹੀਦੇ ਹਨ। ਇਸ ਤੋਂ ਇਲਾਵਾ ਪ੍ਰਭਾਵਤ ਖੇਤ ਵਿੱਚ ਸਿੰਚਾਈ ਲਈ ਪਾਣੀ ਵੱਤਰ ਦਾ ਹੀ ਲਗਾਇਆ ਜਾਵੇ।
ਡਾ. ਅਮਰੀਕ ਸਿੰਘ ਨੇ ਕਿਹਾ ਕਿ ਪੈਰਾਂ ਦੇ ਗਲਣ ਦੀ ਬਿਮਾਰੀ ਦੀ ਰੋਕਥਾਮ ਲਈ ਜ਼ਰੂਰੀ ਹੈ ਕਿ ਪਨੀਰੀ ਦੀਆਂ ਜੜ੍ਹਾਂ ਨੂੰ ਖੇਤ ਵਿੱਚ ਲਾਉਣ ਤੋਂ ਪਹਿਲਾਂ ਸੋਧ ਲਿਆ ਜਾਵੇ। ਉਨਾ ਦੱਸਿਆ ਕਿ ਜੜ੍ਹਾਂ ਸੋਧਣ ਲਈ ਕਿਸੇ ਗੁੜ ਬਨਾਉਣ ਵਾਲੇ ਕਰਾਹ, ਟਰਾਲੀ ਵਿੱਚ ਤਰਪਾਲ ਪਾ ਕੇ ਜਾਂ ਖੇਤ ਵਿੱਚ ਟੋਇਆ ਪੁੱਟ ਕੇ ਅਤੇ ਤਰਪਾਲ ਪਾ ਕੇ ੧੦੦ ਲਿਟਰ ਪਾਣੀ ਵਿੱਚ ੨੦੦ ਗ੍ਰਾਮ ਕਾਰਬੈਂਡਾਜ਼ਿਮ ਘੋਲ ਬਨਾਉਣ ਉਪਰੰਤ ਪਨੀਰੀ ਦੀਆਂ ਜੜਾਂ ਨੂੰ ਘੱਟੋ ਘੱਟ ੬ ਘੰਟੇ ਡੁਬੋ ਕੇ ਰੱਖੋ। ਇਸ ਤਰ੍ਹਾਂ ਕਰਨ ਨਾਲ ਪਨੀਰੀ ਦੀਆਂ ਜੜ੍ਹਾਂ ਸੋਧੀਆਂ ਜਾਂਦੀਆਂ ਹਨ ਅਤੇ ਇਹ ਪਨੀਰੀ ਲਗਾਉਣ ਨਾਲ ਫੁੱਟਰਾਟ ਤੇ ਹੋਰ ਬਿਮਾਰੀਆਂ ਦਾ ਹਮਲਾ ਵੀ ਫਸਲ ‘ਤੇ ਨਹੀਂ ਹੁੰਦਾ। ਡਾ. ਅਮਰੀਕ ਸਿੰਘ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਫੁੱਟਰਾਟ ਦੀ ਬਿਮਾਰੀ ਤੋਂ ਬਚਾਅ ਲਈ ਦਵਾਈ ਵਿਕਰੇਤਾਵਾਂ ਦੇ ਪਿਛੇ ਲੱਗ ਕੇ ਬਿਨਾ ਮਤਲਬ ਕੋਈ ਦਵਾਈ ਜਾਂ ਸਪਰੇਅ ਨਾ ਕਰਨ ਕਿਉਂਕਿ ਇਸ ਨਾਲ ਉਨ੍ਹਾਂ ਦਾ ਹੋਰ ਆਰਥਿਕ ਨੁਕਸਾਨ ਹੋਵੇਗਾ। ਉਨਾਂ ਕਿਹਾ ਕਿ ਦੇਖਣ ‘ਚ ਆਇਆ ਹੈ ਕਿ ਕਈ ਕਿਸਾਨਾਂ ਨੇ ਦਾਣੇਦਾਰ ਕੀਟਨਾਸ਼ਕਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਖੇਤੀ ਲਾਗਤ ਖਰਚੇ ਵਧਣ ਦੇ ਨਾਲ-ਨਾਲ ਵਾਤਾਵਰਣ ਵੀ ਪ੍ਰਦੂਸ਼ਣ ਹੋ ਰਿਹਾ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਬਾਸਮਤੀ ਦੀ ਫਸਲ ਉੱਪਰ ਕਿਸੇ ਕਿਸਮ ਦੀ ਸਮੱਸਿਆ ਆਵੇ ਤਾਂ ਖੇਤੀ ਮਾਹਿਰਾਂ ਨਾਲ ਸੰਪਰਕ ਕਰਕੇ ਹੀ ਦਵਾਈਆਂ ਦੀ ਵਰਤੋਂ ਕੀਤੀ ਜਾਵੇ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ ਅੰਤਰਰਾਜੀ ਜੂਨੀਅਰ ਰੈਡ ਕਰਾਸ ਸਿਖਲਾਈ-ਕਮ-ਸਟੱਡੀ ਕੈਂਪ ਦਾ ਉਦਘਾਟਨ
ਅੰਮ੍ਰਿਤਸਰ, 27 ਦਸੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਨੇ ਪੰਜਾਬ ਸਟੇਟ ਬ੍ਰਾਂਚ …