ਅੰਮ੍ਰਿਤਸਰ, 9 ਅਕਤੂੁਬਰ (ਪੰਜਾਬ ਪੋਸਟ ਬਿਊਰੋ) – ਦੇਸ਼ ਦੇ ਆਮ ਲੋਕਾਂ ਦੀ ਆਵਾਜ਼ ਦਬਾਉਣ ਲਈ ਪੱਤਰਕਾਰਾਂ `ਤੇ ਹਮਲੇ ਤੇੇ ਕਤਲ, ਇਕ ਗਿਣੀ ਮਿਥੀ ਸਾਜ਼ਿਸ਼ ਤਹਿਤ ਵਾਪਰ ਰਿਹਾ ਹੈ ਜਿਸ ਨਾਲ ਦੇਸ਼ ਦੀਆਂ ਘੱਟ ਗਿਣਤੀਆਂ ਵਿੱਚ ਸਹਿਮ ਤੇ ਫਿਕਰ ਦੀ ਲਹਿਰ ਹੈ’’ ਇਹ ਸ਼ਬਦ ਅੱਜ ਇਥੇ ਫੋਕਲੋਰ ਰਿਸਰਚ ਅਕਾਦਮੀ ਵਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਏ ਗਏ ਇਕ ਦੇਸ਼ ਪੱਧਰੀ ਸੈਮੀਨਾਰ ਵਿੱਚ ਪ੍ਰਮੁੱਖ ਪੱਤਰਕਾਰ ਤੇ ਸਾਫ਼ਮਾ ਦੇ ਕੌਮੀ ਸਕੱਤਰ ਸਤੀਸ਼ ਜੈਕਬ ਨੇ ਪ੍ਰਗਟ ਕੀਤੇ।ਉਹਨਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਦੇਸ਼ ਦੀ ਅਜ਼ਾਦੀ ਦੇ ਅਸਲ ਹੀਰੋ ਨੂੰ ਪਾਸੇ ਕਰ ਕੇ ਕਥਾ ਕਥਿਤ ਹੀਰੋ ਨੂੰ ਲੋਕਾਂ `ਤੇ ਥੋਪਿਆ ਜਾ ਰਿਹਾ ਹੈ, ਜਿਹਨਾਂ ਦਾ ਦੇਸ਼ ਦੀ ਆਜ਼ਾਦੀ ਸਮਾਗਮ ਵਿੱਚ ਕੋਈ ਥਾਂ ਨਹੀਂ ਸੀ। ਪੰਜਾਬ ਦੇ ਸੰਦਰਭ ਵਿੱਚ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਖਾਤਮਾ ਤਾਂ ਹੋਇਆ ਹੈ ਕਿ ਉਹਨਾਂ ਨੇ ਫਿਰਕੂ ਪਾਰਟੀਆਂ ਨਾਲ ਲਗਾਤਾਰ ਸਾਥ ਤੇ ਸਾਂਝ ਨੂੰ ਜਾਰੀ ਰੱਖਿਆ ਹੈ।
ਸਥਾਨਕ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ ਹੋਏ ਇਸ ਸੈਮੀਨਾਰ ਵਿੱਚ ਜਨਸਤਾ ਦੇ ਸਾਬਕਾ ਸੰਪਾਦਕ ਓਮ ਥਾਨਵੀ ਨੇ ਕਿਹਾ ਕਿ ਭਾਵੇਂ ਦੇਸ਼ ਵਿੱਚ ਐਮਰਜੈਂਸੀ ਨਹੀਂ ਹੈ, ਪਰ ਹੋ ਉਸੇ ਤਰਾਂ ਰਿਹਾ ਹੈ, ਜਿਵੇਂ ਦੇਸ਼ ਵਿੱਚ ਇਕ ਪਾਸੜ ਐਮਰਜੈਂਸੀ ਲੱਗੀ ਹੋਈ ਹੋਵੇ।ਉਹਨਾਂ ਦੁੱਖ ਪ੍ਰਗਟ ਕੀਤਾ ਕਿ ਮੀਡੀਆ ਨੂੰ ਪੂੰਜੀਪਤੀ ਖਰੀਦ ਰਹੇ ਹਨ ਤੇ ਲੋਕਾਂ ਦੀ ਆਵਾਜ਼ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਅਜੇ ਵੀ ਦੇਸ਼ ਵਿੱਚ ਸਾਹਸ ਵਾਲੇ ਲੋਕ ਹਨ, ਜੋ ਸਰਕਾਰੀ ਪੈਸੇ ਦੇ ਰੋਹਬ ਤੇ ਜਬਰਦਸਤੀ ਨਾਲ ਰੋਕਣ ਦੇ ਬਾਵਜੂਦ ਵੀ ਲੋਕਾਂ ਦੀਆਂ ਅਵਾਜ਼ ਬਣੇ ਹੋਏ ਹਨ।ਪ੍ਰਸਿੱਧ ਪੱਤਰਕਾਰ ਸੀਮਾ ਮੁਸਤਫ਼ਾ ਨੇ ਕਿਹਾ ਕਿ ਸਰਕਾਰ ਨੇ ਭਾਵੇਂ ਬਹੁਤ ਕੋਸ਼ਿਸ਼ਾਂ ਕੀਤੀਆਂ ਹਨ, ਕਿ ਪੱਤਰਕਾਰਾਂ ਤੇ ਸੈਂਸਰਸ਼ਿਪ ਲਗਾਈ ਜਾਵੇ, ਪਰ ਸਰਕਾਰਾਂ ਨੂੰ ਇਸ ਵਿੱਚ ਪੂਰੀ ਸਫ਼ਲਤਾ ਨਹੀਂ ਮਿਲ ਸਕੀ।ਉਹਨਾਂ ਕਿਹਾ ਕਿ ਪੂੰਜੀਪਤੀ ਲੋਕ ਹੀ ਮੀਡੀਆ ਵਿੱਚ ਕੰਟਰੈਕਟ ਸਿਸਟਮ ਲੈ ਕੇ ਆਏ ਤਾਂ ਕਿ ਪੱਤਰਕਾਰ ਮਾਲਕ ਦੀ ਭਾਸ਼ਾ ਬੋਲਣ ਤੋਂ ਬਾਹਰ ਨਾ ਜਾਣ ਤੇ ਡਰੇ ਰਹਿਣ।ਉਹਨਾਂ ਦੁੱਖ ਪ੍ਰਗਟ ਕੀਤਾ ਕਿ ਅੱਜ ਸਿਰਫ਼ ਸਰਕਾਰੀ ਖਬਰਾਂ ਹੀ ਹੈਡ ਲਾਈਨ ਬਣਦੀ ਹੈ, ਪਰ ਗਰੀਬ ਤੇ ਭੁੱਖ ਨਾਲ ਮਰ ਰਹੇ ਲੋਕਾਂ ਦੀਆਂ ਲੋੜ ਮੁੱਖ ਖ਼ਬਰਾਂ ਨਹੀਂ ਬਣਦੀਆਂ। ਉਹਨਾਂ ਕਿਹਾ ਕਿ ਗੌਰੀ ਲੰਕੇਸ਼ ਤੇ ਹੋਰਨਾਂ ਬੁੱਧੀਜੀਵੀਆਂ ਦੇ ਕਤਲ ਸਿਰਫ਼ ਤੇ ਸਿਰਫ਼ ਸਿਆਸੀ ਕਤਲ ਹਨ।
ਪੱਤਰਕਾਰ ਭਾਰਤ ਭੂਸ਼ਨ ਨੇ ਕਿਹਾ ਕਿ ਸਰਕਾਰ, ਮਾਫੀਆ, ਪੁਲਿਸ, ਗਉ ਰੱਖਿਅਕ ਤੇ ਹੋਰ ਅਜਿਹੇ ਲੋਕ ਨਹੀਂ ਚਾਹੁੰਦੇ ਕਿ ਉਹਨਾਂ ਵਿਰੁੱਧ ਖ਼ਬਰਾਂ ਛਾਪੀਆਂ ਜਾਣ।ਇਸ ਕਰਕੇ ਆਰ.ਟੀ.ਆਈ ਨਾਲ ਸੰਬਧਤ ਲੋਕਾਂ, ਪੱਤਰਕਾਰਾਂ ਤੇ ਬੁੱਧੀਜੀਵੀਆਂ ਦੇ ਕਤਲ ਹੋ ਰਹੇ ਹਨ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।ਉਹਨਾਂ ਕਿਹਾ ਕਿ ਲੋੜ ਹੈ ਕਿ ਭਾਰਤ ਇਕ ਰਹੇ ਇਸ ਲਈ ਰਲ ਕੇ ਕੰਮ ਕਰਨ ਦੀ ਲੋੜ ਹੈ।ਕਸ਼ਮੀਰ ਟਾਈਮਜ਼ ਦੀ ਪੱਤਰਕਾਰ ਅਨੁਰਾਧਾ ਜਾਮਵਾਲ ਨੇ ਕਿਹਾ ਕਿ ਅੱਜ ਪੱਤਰਕਾਰਾਂ ਤੇ ਹੋਰ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਪੈਸੇ ਨਾਲ, ਧੌਂਸ ਨਾਲ ਦਬਾਇਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਦੇਸ਼ ਭਗਤ ਲੋਕਾਂ ਦੀ ਆਵਾਜ਼ ਉਠਾਉਣ ਵਾਲਾ ਮੀਡੀਆ ਗਵਾਚ ਰਿਹਾ ਹੈ।ਉਹਨਾਂ ਕਿਹਾ ਦੇਸ਼ ਭਗਤ ਲੋਕਾਂ ਨੂੰ ਦੇਸ਼ ਵਿਰੋਧੀ ਕਹਿਣ ਵਾਲਿਆਂ ਦਾ ਬੀਤਿਆ ਕੱਲ ਸੀ ਕੀ ਹੈ? ਇਹ ਸਭ ਨੂੰ ਪਤਾ ਹੈ? ਕਾਰਵਾਂ ਮੈਗਜ਼ਿਨ ਦੇ ਸੰਪਾਦਕ ਹਰਤੋਸ਼ ਬੱਲ ਨੇ ਤਾੜਨਾ ਕਰਦੇ ਹੋਏ ਕਿਹਾ ਕਿ ਗੌਰੀ ਲੰਕੇਸ਼ ਦਾ ਕਤਲ ਸਿਰਫ਼ ਗੌਰੀ ਦਾ ਕਤਲ ਨਹੀਂ, ਸਗੋਂ ਸਮੁੱਚੇ ਮੀਡੀਏ ਦਾ ਕਤਲ ਹੈ, ਜੋ ਸਿਰਫ਼ ਆਪਣੇ ਮੁਨਾਫ਼ੇ ਵਧਾਉਣ ਵਾਸਤੇ ਕਤਲ ਹੈ।ਉਹਨਾਂ ਸੱਦਾ ਦਿੱਤਾ ਕਿ ਇਸ ਮਾਹੌਲ ਵਿੱਚ ਕਲਮਕਾਰਾ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਪੰਜਾਬੀ ਪੱਤਰਕਾਰ ਸਤਨਾਮ ਮਾਣਕ ਨੇ ਕਿਹਾ ਕਿ ਆਰ.ਐਸ.ਐਸ ਨੇ ਦੇਸ਼ ਤੇ ਰਾਜਾਂ ਦੀਆਂ ਸਭ ਮਹੱਤਵਪੂਰਨ ਸੰਸਥਾਵਾਂ `ਤੇ ਕਬਜਾ ਕਰ ਲਿਆ ਹੈ ਤੇ ਸਰਕਾਰੀ ਤੰਤਰ ਵਲੋਂ ਘੱਟ ਗਿਣਤੀਆਂ ਖਿਲਾਫ਼ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ, ਜੋ ਖਤਰਨਾਕ ਵਰਤਾਰਾ ਹੈ।ਉਹਨਾਂ ਕਿਹਾ ਕਿ ਫਿਰਕਾਪ੍ਰਸਤੀ ਹਮੇਸ਼ਾ ਖ਼ਤਰਨਾਕ ਹੁੰਦੀ ਹੈ, ਇਸ ਲਈ ਸਾਨੂੰ ਦੇਸ਼ ਵੰਡ ਤੋਂ ਸਬਕ ਸਿਖਣਾ ਚਾਹੀਦਾ ਹੈ।ਉਹਨਾਂ ਕਿਹਾ ਜੋ ਪਾਰਟੀਆਂ, ਲੋਕਾਂ ਹਿੱਤਾਂ ਵਿਰੁੱਧ ਕੰਮ ਕਰਦੀਆਂ ਹਨ, ਉਹ ਹਾਸ਼ੀਏ ਤੇ ਚਲੀਆਂ ਜਾਂਦੀਆਂ ਹਨ ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਦੇਸ਼ ਜਮਹੁਰੀ ਰਹੇ ਤੇ ਲੋਕ ਇੱਕਠੇ ਰਹਿਣ।
ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਮੰਚ ਸੰਚਾਲਨ ਕੀਤਾ ਤੇ ਸਮੁੱਚੇ ਸਮਾਗਮ ਦੀ ਰੂਪ ਰੇਖਾ ਦਰਸ਼ਕਾਂ ਸਾਹਮਣੇ ਰੱਖੀ।ਸ਼ਾਇਰ ਸੁਰਜੀਤ ਜੱਜ ਨੇ ਸਭ ਨੂੰ ਜੀ ਆਇਆ ਨੂੰ ਕਿਹਾ ਤੇ ਅਕਾਦਮੀ ਵੱਲੋਂ ਮਤਾ ਕਰਮਜੀਤ ਕੌਰ ਜੱਸਲ ਨੇ ਪੇਸ਼ ਕੀਤਾ।ਜਿਸ ਵਿੱਚ ਗੌਰੀ ਲੰਕੇਸ਼, ਕੁਲਬਰਗੀ, ਦਾਭੋਲਕਰ ਤੇ ਹੋਰਾਂ ਦੇ ਕਤਲਾਂ ਦੀ ਨਿੰਦਾ ਕੀਤੀ ਤੇ ਪ੍ਰੈਸ ਦੀ ਆਜ਼ਾਦੀ, ਲਿਖਣ ਬੋਲਣ ਦੀ ਆਜ਼ਾਦੀ ਤੇ ਸੰਵਿਧਾਨ ਤਹਿਤ ਮਿਲੇ ਮੌਲਿਕ ਅਧਿਕਾਰਾਂ ਦੀ ਰਾਖਵੀਂ ਲਈ ਵਚੱਣਬੱਧਤਾ ਦੁਹਰਾਈ ਗਈ।
ਸਾਫ਼ਮਾ ਪੰਜਾਬ ਚੈਪਟਰ, ਮਾਝਾ ਵਿਰਾਸਤ ਟਰੱਸਟ ਅਜਨਾਲਾ, ਚੰਡੀਗੜ ਪੰਜਾਬ ਜਰਨਲਿਸਟ ਐਸੋਸੀਏਸ਼ਨ, ਵਿਰਸਾ ਵਿਹਾਰ ਸੁਸਾਇਟੀ, ਪੀਸ ਐਂਡ ਹਾਰਮੋਨੀ ਆਸਟੇ੍ਰਲੀਆ ਦੇ ਸਹਿਯੋਗ ਨਾਲ ਕਰਵਾਏ ਇਸ ਸੈਮੀਨਾਰ ਵਿੱਚ ਐਸ ਪ੍ਰਸ਼ੋਤਮ, ਕਾਬਲ ਸਿੰਘ, ਇੰਦਰਜੀਤ ਸਿੰਘ, ਗੁਰਦੇਵ ਸਿੰਘ ਮਹਿਲਾਂਵਾਲਾ, ਦਿਲਬਾਗ ਸਿੰਘ ਸਰਕਾਰੀਆ, ਸਤੀਸ਼ ਝੀਂਗਣ, ਰੰਜੀਵ ਸ਼ਰਮਾ, ਗੁਰਜਿੰਦਰ ਬਘਿਆੜੀ, ਹਰਜੀਤ ਸਿੰਘ ਲਾਡੀ, ਪੀਸ ਐਂਡ ਹਾਰਮੋਨੀ ਸੰਸਥਾਂ ਦੇ ਆਗੂ ਤੋਂ ਇਲਾਵਾ ਭੁਪਿੰਦਰ ਸਿੰਘ ਸੰਧੂ, ਕਮਲ ਗਿੱਲ, ਅਮਰਜੀਤ ਆਸਲ, ਲਖਬੀਰ ਸਿੰਘ ਨਿਜ਼ਾਮਪੂਰਾ, ਬਲਵਿੰਦਰ ਸਿੰਘ ਦੁਧਾਲਾ, ਕਾ. ਵਿਜੇ ਮਿਸ਼ਰਾ, ਮਨਜੀਤ ਸਿੰਘ, ਜਗਤਾਰ ਸਿੰਘ ਮਹਿਲਾਂਵਾਲਾ, ਸਮੀ ਭਸੀਨ, ਬਲਬੀਰ ਮੂਧਲ, ਗੁਰਪ੍ਰੀਤ ਸਿੰਘ ਆਦਿ ਤੋਂ ਇਲਾਵਾਂ ਵੱਖ-ਵੱਖ ਸ਼ਖਸ਼ੀਅਤਾਂ ਹਾਜ਼ਰ ਸਨ।ਇਸ ਤੋਂ ਇਲਾਵਾ ਆਏ ਮਹਿਮਾਨ ਪੱਤਰਕਾਰਾਂ ਨੂੰ ਬੁੱਕੇ ਤੇ ਸ਼ਾਲ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …