ਅੰਮ੍ਰਿਤਸਰ, 18 ਜੁਲਾਈ ( ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਤੇ ਸਿੱਖ ਵਾਚ ਗਰੁੱਪ ਦੇ ਕਨਵੀਨਰ ਡਾ. ਗੁਰਬਚਨ ਸਿੰਘ ਬਚਨ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ‘ਚ ਕਿਹਾ ਹੈ ਕਿ ਜੇਕਰ ਹਰਿਆਣਾ ਕਮੇਟੀ ਦੇ ਨਾਮਪੁਰ ਕਿਸੇ ਵੀ ਸਿੱਖ ਦਾ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਸਿੱਧੇ ਤੌਰ ‘ਤੇ ਹਰਿਆਣਾ ਦੀ ਹੁੱਡਾ ਸਰਕਾਰ ਜ਼ਿੰਮੇਵਾਰ ਹੋਵੇਗੀ । ਡਾ. ਬਚਨ ਨੇ ਕਿਹਾ ਹੈ ਕਿ ਸਿੱਖਾਂ ਦਾ ਕੁਰਬਾਨੀਆਂ ਭਰਿਆ ਇਤਿਹਾਸ ਹੈ। ਦੇਸ਼ ਦੀ ਅਜ਼ਾਦੀ ਲਈ 80% ਤੋਂ ਵੱਧ ਕੁਰਬਾਨੀਆਂ ਇਕੱਲੇ ਸਿੱਖਾਂ ਦੇ ਹਿੱਸੇ ਆਈਆਂ ਸਨ, ਪਰ ਦੇਸ਼ 60 ਸਾਲਾਂ ਤੋਂ ਵੱਧ ਰਾਜ ਕਰਨ ਵਾਲੀ ਕਾਂਗਰਸ ਨੇ ਹਮੇਸ਼ਾਂ ਹੀ ਸਿੱਖਾਂ ਨਾਲ ਧ੍ਰੋਹ ਕਮਾਇਆ ਹੈ, ਕਹਿਣ ਨੂੰ ਕਾਂਗਰਸ ਪਾਰਟੀ ਧਰਮ ਨਿਰਪੱਖ ਅਖਵਾਉਂਦੀ ਹੈ, ਪਰ ਹਰਿਆਣਾ ‘ਚ ਵੋਟਾਂ ਖ਼ਾਤਰ ਸਿੱਖਾਂ ਨਾਲ ਜੋ ਖੇਡ ਕਾਂਗਰਸ ਖੇਡ ਰਹੀ ਹੈ, ਉਹ ਅੱਤ ਨਿੰਦਣਯੋਗ ਹੈ। ਇਸ ਕਾਂਗਰਸ ਪਾਰਟੀ ਨੇ ਸਾਡੇ ਧਰਮ ‘ਚ ਸਿੱਧੇ ਤੌਰ ‘ਤੇ ਦਖਲਅੰਦਾਜ਼ੀ ਕਰਦਿਆਂ ਅਣਮੁੱਲੀਆਂ ਸ਼ਹਾਦਤਾਂ ਦੇ ਕੇ ਹੋਂਦ ਵਿੱਚ ਆਈ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁੱਡਾ ਸਰਕਾਰ ਵੱਲੋਂ ਤੋੜਨ ਦੀ ਕੋਸ਼ਿਸ਼ ਕੀਤੀ ਹੈ ‘ਤੇ ਸਿੱਖਾਂ ਦੇ ਜਾਨ ਤੋਂ ਪਿਆਰੇ ਗੁਰਧਾਮਾਂ, ਜਾਇਦਾਦਾ ‘ਤੇ ਕਬਜ਼ਾ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਵੋਟਾਂ ਦੀ ਖ਼ਾਤਰ ਇਸ ਕਾਂਗਰਸ ਨੇ ਸਿੱਖਾਂ ਨੂੰ ਭਰਾ ਮਾਰੂ ਜੰਗ ਵਿੱਚ ਝੋਕ ਦਿੱਤਾ ਹੈ, ਜੋ ਬੇਹੱਦ ਅਫਸੋਸ ਜਨਕ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਔਰੰਗਜੇਬ ਤੇ ਅੰਗਰੇਜਾਂ ਵਾਂਗ ਹੀ ਸਿੱਖਾਂ ਦੀ ਦੁਸ਼ਮਣ ਬਣ ਕੇ ਗੁਰੂ-ਘਰਾਂ ‘ਤੇ ਕਬਜਾ ਕਰਨ ਦੀ ਨੀਅਤ ਧਾਰਨ ਕਰੀ ਬੈਠੀ ਹੈ। ਉਨ੍ਹਾਂ ਜਜ਼ਬਾਤੀ ਹੁੰਦਿਆਂ ਹਰਿਆਣੇ ਦੇ ਉਨ੍ਹਾਂ ਭੁੱਲੜ-ਵੀਰਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਦੀ ਲੁੰਬੜ ਚਾਲ ਨੂੰ ਸਮਝਣ ਤੇ ਭਾਈ ਲਛਮਣ ਸਿੰਘ ਧਾਰੋਵਾਲੀ ਸਮੇਤ ਅਨੇਕਾਂ ਸ਼ਹੀਦ ਹੋਏ ਸਿੰਘਾਂ ਦੀਆਂ ਕੁਰਬਾਨੀਆਂ ਵੱਲ ਵੇਖਣ। ਉਨ੍ਹਾਂ ਕਾਂਗਰਸ ਦਾ ਸਾਥ ਦੇ ਰਹੇ ਸਿੱਖ ਵੀਰਾਂ ਨੂੰ ਸਵਾਲ ਕੀਤਾ ਕਿ ਕੀ? ਭਾਈ ਲਛਮਣ ਸਿੰਘ ਵਰਗਿਆਂ ਦੀਆਂ ਕੁਰਬਾਨੀਆਂ ਇਸ ਲਈ ਸਨ ਕਿ ਅਸੀਂ ਆਪਣੇ ਗੁਰਧਾਮ ਕਾਂਗਰਸ ਦੀ ਝੋਲੀ ਪਾ ਦੇਈਏ ।ਉਨ੍ਹਾਂ ਹਰਿਆਣੇ ਦੇ ਸਮੂਹ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਕਾਂਗਰਸ ਦੀਆਂ ਸਿੱਖ ਵਿਰੋਧੀ ਚਾਲਾਂ ਨੂੰ ਸਮਝਦਿਆਂ ਸਿੱਖਾਂ ਦੀ ਸ਼੍ਰੋਮਣੀ ਸੰਸਥਾ ‘ਸ਼੍ਰੋਮਣੀ ਕਮੇਟੀ’ ਨੂੰ ਟੁੱਟਣ ਤੋਂ ਬਚਾਉਣ ਲਈ ਅੱਗੇ ਆਉਣ।
Check Also
ਤਿਬੜੀ ਮਿਲਟਰੀ ਸਟੇਸ਼ਨ ‘ਚ ਸਾਬਕਾ ਸੈਨਿਕਾਂ ਦੀ ਰੈਲੀ
ਅੰਮ੍ਰਿਤਸਰ, 9 ਮਾਰਚ (ਸੁਖਬੀਰ ਸਿੰਘ) – ਪੈਂਥਰ ਡਿਵੀਜ਼ਨ ਨੇ ਦੇਸ਼ ਲਈ ਸਮਰਪਿਤ ਸੇਵਾ ਅਤੇ ਕੁਰਬਾਨੀ …