Sunday, December 22, 2024

ਸਾਇੰਸ ਮਾਸਟਰ ਤੋਂ ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਦਾ ਸਫ਼ਰ

Dr. Anoop Singh

                                                                                                                                                                                                                            ਸੁਰਿੰਦਰ ਸਿੰਘ ਨਿਮਾਣਾ

                                                                                                                                                                                    ਜਨਰਲ ਸਕੱਤਰ, ਪੰਜਾਬੀ ਲੋਕ ਲਿਖਾਰੀ ਮੰਚ, ਬਟਾਲਾ ।

           ਡਾ. ਅਨੂਪ ਸਿੰਘ ਸਮਕਾਲੀ ਸਾਹਿਤ ਖੇਤਰ ਦਾ ਇੱਕ ਚਰਚਿਤ ਨਾਂ ਹੈ। ਪਿਛਲੇ ਚਾਰ ਦਹਾਕਿਆਂ ਤੋਂ ਉਹ ਨਿਰੰਤਰ ਕਲਮ ਚਲਾਉਂਦਾ ਹੋਇਆ ਤਤਕਾਲੀ ਸਮੱਸਿਆਵਾਂ ‘ਤੇ ਡੂੰਘਾ ਚਿੰਤਨ ਪੇਸ਼ ਕਰਦਾ ਆ ਰਿਹਾ ਹੈ। ਉਸ ਦੇ ਤੱਥਾਂ ਅਤੇ ਅੰਕੜਿਆਂ ਆਧਾਰਿਤ ਲਿਖੇ ਸਮਕਾਲੀ ਰਾਜਨੀਤੀ ਤੇ ਸਮਾਜਿਕ ਸੰਕਟਾਂ ਦਾ ਡੂੰਘਾ ਵਿਸ਼ਲੇਸ਼ਣ ਕਰਦੇ ਹੁਣ ਤਕ ਛਪੇ ਹਜ਼ਾਰਾਂ ਲੇਖਾਂ ਦਾ ਇਕ ਵੱਡਾ ਪਾਠਕ ਵਰਗ ਬਣ ਚੁੱਕਾ ਹੈ।ਆਪਣੀ ਗੱਲ ਨੂੰ ਦੋ-ਟੁੱਕ ਸਪੱਸ਼ਟ ਕਹਿਣ ਜਾਂ ਲਿਖਣ ਦਾ ਉਸ ਦਾ ਵੱਡਾ  ਹੌਂਸਲਾ ਹੈ।ਉਹ ਉਨ੍ਹਾਂ ਚੋਣਵੇਂ ਲੇਖਕਾਂ ‘ਚ ਸ਼ਾਮਿਲ  ਹੈ ਜਿਨ੍ਹਾਂ ਕੋਲ ਲਿਖਣ ਵਾਸਤੇ ਸਮਾਜਿਕ, ਆਰਥਿਕ ਤੇ ਰਾਜਨੀਤਕ ਸਰੋਕਾਰਾਂ ਨਾਲ ਸਬੰਧਤ ਗੰਭੀਰ ਵਿਸ਼ੇ ਹੁੰਦੇ ਹਨ ਅਤੇ ਉਹ ਆਪਣੇ ਵਿਸ਼ੇ ਨਾਲ ਧੁਰ ਅੰਦਰੋਂ ਜੁੜ ਕੇ ਲਿਖਦੇ ਹਨ।

         ਡਾ. ਅਨੂਪ ਸਿੰਘ ਨੇ ਹੁਣ ਤਕ ਆਪਣੀ ਜ਼ਿੰਦਗੀ ਵਿਚ ਜਿਹੜੀਆਂ ਪ੍ਰਾਪਤੀਆਂ ਕੀਤੀਆਂ ਹਨ,ਉਨ੍ਹਾਂ ਪਿੱਛੇ ਉਸ ਦੀ ਡੂੰਘੀ ਮਿਹਨਤ ਤੇ ਦ੍ਰਿੜਤਾ ਸਾਫ਼ ਨਜ਼ਰ ਆਉਂਦੀ ਹੈ। ਲਗਾਤਾਰ ਘੰਟਿਆਂ ਬੱਧੀ ਸਰੀਰਕ ਤੇ ਦਿਮਾਗੀ ਕੰਮ ਕਰਨ ਦੀ ਅਸੀਮ ਸ਼ਕਤੀ ਰੱਖਣ ਵਾਲਾ ਡਾ. ਅਨੂਪ ਸਿੰਘ ਨਾ ਅੱਕਦਾ ਹੈ, ਨਾ ਥੱਕਦਾ ਹੈ। ਹਫ਼ਤੇ ਦੇ  ਸੱਤੇ ਦਿਨ ਮਨ੍ਹੇਰੇ ਤਿੰਨ-ਚਾਰ ਵਜੇ ਤੋਂ ਚਾਰ-ਪੰਜ ਘੰਟੇ ਨਿਠ ਕੇ ਪੜ੍ਹਨ ਉਪਰੰਤ ਲੰਮੀ ਸੈਰ ਜਾਂ ਸਾਈਕਲ ਚਲਾਉਣਾ ਉਸ ਦਾ ਨਿਤ ਦਾ  ਕਰਮ ਹੈ। ਦਿਨ ਦਾ ਬਾਕੀ ਸਮਾਂ ਸਮਾਜਿਕ, ਆਰਥਿਕ,ਸਭਿਆਚਾਰਕ ਅਤੇ ਚਲ਼ੰਤ ਮਸਲਿਆਂ ‘ਤੇ ਅਖ਼ਬਾਰਾਂ ਲਈ ਲਿਖਣ,ਕਿਸੇ ਕਿਤਾਬ ਦਾ ਖਰੜਾ ਤਿਆਰ ਕਰਨ,ਵੱਖ-ਵੱਖ ਲੇਖਕਾਂ ਵਲੋਂ ਨਿਰੰਤਰ ਆ ਰਹੀਆਂ ਕਿਤਾਬਾਂ ਦੀਆਂ ਭਿਮਕਾਵਾਂ ਲਿਖਣ,ਹਰ ਮਹੀਨੇ ਲੋਕਲ ਜਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ,ਕਸਬਿਆਂ ਤੇ ਪਿੰਡਾਂ ਵਿਚ ਵੱਖ ਵੱਖ ਲੇਖਕਾਂ/ਲੇਖਿਕਾਵਾਂ ਦੀਆਂ ਕਿਤਾਬਾਂ ਦਾ ਲੋਕ ਅਰਪਣ ਜਾਂ ਗੋਸ਼ਟੀ ਰਚਾਉਣ,ਸਕੂਲਾਂ ਕਾਲਜਾਂ ਵਿਚ ਵਿਦਿਆਰਥੀਆਂ ਨੂੰ ਉਸਾਰੂ ਅਗਵਾਈ ਹਿਤ ਪ੍ਰੋਗਰਾਮ ਕਰਵਾਉਣ ਹਿਤ ਲੱਗਦਾ ਹੈ ਅਤੇ ਮਹੀਨੇ ਵਿਚ ਔਸਤਨ ਚਾਰ-ਪੰਜ ਅਜਿਹੇ ਪ੍ਰੋਗਰਾਮ ਕਰਨਾ ਡਾ. ਅਨੂਪ ਸਿੰਘ ਅਤੇ ਉਸ ਦੇ ਸਾਥੀਆਂ ਲਈ ਖੱਬੇ ਹੱਥ ਦਾ ਕੰਮ ਹੈ।ਇਹ ਪ੍ਰੋਗਰਾਮ ਮਾਂ-ਬੋਲੀ ਪੰਜਾਬੀ ਦਾ ਮਾਣ ਸਤਿਕਾਰ ਵਧਾਉਣ,ਸਮਾਜਿਕ ਕਦਰਾਂ-ਕੀਮਤਾਂ ‘ਤੇ ਡਟ ਕੇ ਪਹਿਰਾ ਦੇਣ, ਕਿਸੇ ਨਾਲ ਹੋ ਰਹੇ ਧੱਕੇ ਖਿਲਾਫ਼ ਖੜ੍ਹਨ ਜਾਂ ਕਿਸੇ ਦੇ ਚੰਗੇ ਕੰਮਾਂ ਦੀ ਸਿਫ਼ਤ-ਸਲਾਹੁਤ ਕਰਕੇ ਸਮਾਜ ਨੂੰ ਹੋਰ ਰਹਿਣ ਯੋਗ ਬਣਾਉਣ ਸਬੰਧੀ ਹੁੰਦੇ ਹਨ।
         04-03-1950 ਨੂੰ  ਅਨੂਪ ਸਿੰਘ ਦਾ ਜਨਮ  ਆਰਥਿਕ ਤੰਗੀ ਨਾਲ  ਦੋ-ਚਾਰ ਹੋ ਰਹੇ ਪਰ ਮਿਹਨਤੀ ,ਉਦਾਰ ਧਾਰਮਿਕ ਬਿਰਤੀ ਵਾਲੇ, ਸੰਤ ਸੁਭਾਅ ਅਤੇ ਸਿੱਖਿਆ ਤੇ ਗਿਆਨ ਪ੍ਰਾਪਤੀ ਦੇ ਚਾਹਵਾਨ ਤੇ ਸਿਰੜੀ ਕਿਸਾਨ ਸ. ਦਰਸ਼ਨ ਸਿੰਘ ਦੇ ਘਰ ਪਿੰਡ ਖਾਨੋਵਾਲ, ਤਹਿ. ਤੇ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਬਾਪ ਦੇ ਉਤਸ਼ਾਹ ਤੇ ਪ੍ਰਭਾਵ ਹੇਠ  ਅਨੂਪ ਸਿੰਘ ਨੇ ਪੰਜਾਬੀ ਸੂਬੇ ਦੇ ਮੋਰਚੇ ਵਿਚ ਅੰਮ੍ਰਿਤਸਰ ਤੇ ਅੰਬਾਲਾ ਦੀਆਂ ਜੇਲ੍ਹਾਂ ‘ਚ ਦਸ ਸਾਲ ਦੀ ਉਮਰ ‘ਚ ਤਿੰਨ ਮਹੀਨੇ ਕੈਦ ਕੱਟੀ। ਉਹ ਅਜੇ ਤੇਰਾਂ ਸਾਲ ਦੀ ਉਮਰ ਵਿਚ ਸਨ ਕਿ ਮਾਂ ਦਾ ਸਦੀਵੀਂ ਵਿਛੋੜਾ ਸਹਿਣਾ ਪਿਆ।ਬਾਪ ਅਤੇ ਸਮੁੱਚੇ ਪਰਿਵਾਰ ਲਈ ਇਹ ਮੁਸ਼ਕਲਾਂ ਦੇ ਨਾਲ-ਨਾਲ ਨਵੀਆਂ ਤੇ ਵੱਡੀਆਂ ਜ਼ੁੰਮੇਵਾਰੀਆਂ ਦਾ ਬੋਝ ਪਾ ਗਿਆ ਪਰ ਸ. ਦਰਸ਼ਨ ਸਿੰਘ ਦੀ ਸਿਰਤੋੜ ਕੋਸ਼ਿਸ਼ ਅਤੇ ਬੱਚਿਆਂ ਨੂੰ  ਵਧ ਤੋਂ ਵਧ ਪੜ੍ਹਾਉਣ ਦੀ ਰੀਝ ਨੂੰ ਉਸ ਸਮੇਂ ਬੂਰ ਪਿਆ ਜਦੋਂ 1971 ਵਿਚ ਡਾ. ਅਨੂਪ ਸਿੰਘ ਨੇ “ਉਨ੍ਹਾਂ ਦਿਨਾਂ” ‘ਚ ਪਹਿਲੇ ਦਰਜੇ ਨਾਲ ਬੀ. ਐਸ.ਸੀ ਕਰ ਲਈ ।
           ਬਾਪ ਦੀ ਰੀਝ  ਆਪਣੇ ਮੁੰਡੇ  ਨੂੰ ਐਮ.ਐਸਸੀ. ਕਰਵਾਉਣ ਦੀ ਸੀ ਅਤੇ ਮੁੰਡਾ ਵੀ ਪੰਜਾਬੀ ਯੂਨੀਵਰਸਿਟੀ  ਐਮ.ਐਸਸੀ. ਭੌਤਿਕ ਵਿਗਿਆਨ ਵਿਚ ਦਾਖਲੇ ਲਈ ਪਹੁੰਚ ਗਿਆ ਪਰ ਯੂਨੀਵਰਸਿਟੀ ਵੱਲੋਂ ਦੋ ਸਾਲ ਦੀ ਥਾਂ ਤਿੰਨ ਸਾਲਾਂ ਦੀ ਸ਼ਰਤ ਲਾਉਣ ਕਾਰਨ ਅਤੇ ਘਰ ਦੀ ਆਰਥਿਕ ਹਾਲਤ ਨੂੰ ਵੇਖਦੇ ਡਾ. ਅਨੂਪ ਸਿੰਘ ਨੇ ਬੀ.ਐਡ ਵਿਚ ਦਾਖਲ ਹੋ  1972 ਵਿਚ ਬੀ.ਐਡ ਕਰ ਲਈ।ਪੇਪਰ ਹੋਣ ਉਪਰੰਤ ਗੁਰੁ ਗੋਬਿੰਦ ਸਿੰਘ ਖਾਲਸਾ ਸਕੂਲ ਭਾਗੋਵਾਲ (ਬਟਾਲਾ), ਜਿਥੋਂ ਖ਼ੁਦ ਦਸਵੀਂ ਪਾਸ ਕੀਤੀ ਸੀ, ਸਕੂਲ ਦੇ ਮੁੱਖ ਅਧਿਆਪਕ ਵੱਲੋਂ ਸਰਕਾਰੀ ਨੌਕਰੀ ਮਿਲਣ ਤਕ ਪੜ੍ਹਾਉਣ ਦੀ  ਤਜਵੀਜ਼ ਖਿੜੇ ਮੱਥੇ ਮੰਨ  ਕੇ ਅਧਿਆਪਨ ਦਾ ਕਾਰਜ ਸ਼ੁਰੂ ਕਰ ਦਿੱਤਾ।ਮਸਾਂ ਤਿੰਨ ਮਹੀਨੇ ਹੀ ਲੰਘੇ ਸਨ ਕਿ ਸਰਕਾਰੀ ਨੌਕਰੀ ਮਿਲਣ ‘ਤੇ 16-08-1975 ਨੂੰ ਬਤੌਰ ਸਾਇੰਸ ਮਾਸਟਰ ਸਰਕਾਰੀ ਹਾਈ ਸਕੂਲ,ਭੀਖੋਵਾਲੀ ਹਾਜ਼ਰ ਹੋ ਗਏ ਅਤੇ 1974  ਵਿਚ ਸ.ਹਾ. ਸਕੂਲ ਕਲਾਨੌਰ ਚਲੇ ਗਏ ਜਿਥੇ ਸੇਵਾ ਦੌਰਾਨ 1980 ਵਿਚ ਐਮ.ਏਂ. ਰਾਜਨੀਤੀ ਸ਼ਾਸਤਰ ਕਰ ਲਈ।
        1985 ਵਿਚ ਇਕ ਅਧਿਆਪਕ ਦੀਆਂ ਮੁਸ਼ਕਲਾਂ ਵਿਚ ਉਸ ਦੀ ਮਦਦ ਹਿਤ ਉਸ ਨਾਲ ਆਪਸੀ ਬਦਲੀ ਕਰਵਾ ਕੇ ਸਰਕਾਰੀ ਮਿਡਲ ਸਕੂਲ ਖੁਸ਼ੀਪੁਰ ਚਲੇ ਗਏ। ਇਥੇ ਸੇਵਾ ਕਾਲ ਦੌਰਾਨ 1986-87  ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚੋਂ ਦੂਜੇ ਨੰਬਰ ‘ਤੇ ਰਹਿ ਕੇ ਐਮ.ਏ ਪੰਜਾਬੀ ਕਰਨ ਉਪਰੰਤ ਸਾਲ 1988-91 ਵਿਚ ਪਹਿਲਾਂ ਵਾਂਗ ਹੀ ਪ੍ਰਾਈਵੇਟ ਤੋਰ ‘ਤੇ ਪੰਜਾਬੀ ਨਾਵਲ ‘ਤੇ ਪੀ.ਐਚ.ਡੀ. ਕਰ ਲਈ।ਡਬਲ ਐਮ.ਏ ਅਤੇ ਪੀਐਚ. ਡੀ ਕਰਨ ਨਾਲ ਬਾਪ ਦਰਸ਼ਨ ਸਿੰਘ ਨੂੰ ਆਪਣਾ ਕੱਦ ਵਧਿਆ ਲੱਗਿਆ।ਲੱਗਭਗ ਚੌਵੀ ਸਾਲ ਸਾਇੰਸ ਮਾਸਟਰ ਦੀ ਸੇਵਾ ਮਗਰੋਂ ਆਪ ਪੰਜਾਬੀ ਲੈਕਚਰਾਰ ਚੁਣੇ ਗਏ ਅਤੇ ਸਰਕਾਰੀ ਸੈਕੰਡਰੀ ਸਕੂਲ ਧਿਆਨਪੁਰ ਵਿਖੇ ਬਤੌਰ ਪੰਜਾਬੀ ਲੈਕਚਰਾਰ ਹਾਜ਼ਰ ਹੋ ਗਏ ।ਸਾਲ 1997 ਚ ਸਰਕਾਰੀ ਸੈਕੰਡਰੀ ਸਕੂਲ ਤਾਰਾਗੜ੍ਹ ( ਬਟਾਲਾ) ਬਦਲੀ ਕਰਵਾ ਲਈ।ਜਿਥੋਂ ਆਪਣੀ ਸਮੁੱਚੀ ਮਾਣਮੱਤੀ ਸੇਵਾ ਪੂਰੀ ਕਰਦੇ ਹੋਏ ਸਾਲ 2008 ਵਿਚ ਬਤੌਰ ਪੰਜਾਬੀ ਲੈਕਚਰਾਰ ਸੇਵਾ ਮੁਕਤ ਹੋਏ।
        1975 ਵਿਚ ਇਕ ਖਾਂਦੇ-ਪੀਂਦੇ ਘਰਾਣੇ ਦੀ ਧੀ ਮਹਿੰਦਰ ਕੌਰ ਨਾਲ ਸ਼ਾਦੀ ਇਕ ਵਰਦਾਨ ਸਿੱਧ ਹੋਈ।ਪਤਨੀ ਨੇ ਆਪੇ ਨੂੰ ਪੂਰੀ ਤਰ੍ਹਾਂ ਡਾ. ਅਨੂਪ ਸਿੰਘ ਅਤੇ ਸਹੁਰਾ ਪਰਵਾਰ ਨੂੰ ਸਮਰਪਿਤ ਕਰਦਿਆਂ ਜਿੱਥੇ ਪਰਵਾਰ ਦੀ ਆਰਥਿਕ ਤੰਗੀ ਨੂੰ ਖੁਸ਼ਹਾਲੀ ਵਿਚ ਬਦਲਣ ਵਿਚ ਮੋਢੇ ਨਾਲ ਮੋਢਾ ਜੋੜਿਆ ਉੱਥੇ ਡਾ. ਅਨੂਪ ਸਿੰਘ ਦੀਆਂ ਅਧਿਆਪਕ-ਮੁਲਾਜ਼ਮ ਜਥੇਬੰਦੀ ਵਿਚ ਸਰਗਰਮੀਆਂ ਨੂੰ ਵੀ ਖਿੜੇ ਮੱਥੇ ਪ੍ਰਵਾਨ ਕਰਦਿਆਂ ਉਨ੍ਹਾਂ ਦੀ ਹਾਂ ਵਿਚ ਹਾਂ ਮਿਲਾ ਕੇ ਉਸ ਦੀ ਪੂਰੀ ਮਦਦ ਕੀਤੀ । ਉਸ ਦੇ ਜਥੇਬੰਦਕ  ਕੰਮਾਂ ਅਤੇ ਪੜ੍ਹਨ-ਲਿਖਣ ਦੇ ਰੁਝੇਵਿਆਂ ਲਈ ਸਮਾਂ ਦੇਣ ਹਿਤ ਜੀਵਨ ਸਾਥਣ ਨੇ ਸਰਕਾਰੀ ਅਧਿਆਪਕਾ ਵਜੋਂ ਕੰਮ ਕਰਨ ਦੇ ਨਾਲ-ਨਾਲ ਘਰ ਦੇ ਕੰਮਾਂ ਦਾ ਲੱਗਭਗ ਪੂਰਾ ਭਾਰ ਵੀ ਆਪਣੇ ਮੋਢਿਆਂ ‘ਤੇ ਚੁੱਕ ਲਿਆ। ਇਸੇ ਸਹਿਯੋਗ ਸਦਕਾ ਹੀ ਡਾ.ਅਨੂਪ ਸਿੰਘ ਨੇ ਪਿੱਛੇ ਮੁੜ ਕੇ ਨਾ ਵੇਖਦੇ ਹੋਏ ਗੌਰਮਿੰਟ ਟੀਚਰਜ਼ ਯੂਨੀਅਨ ਵਿਚ ਬਲਾਕ ਪੱਧਰ ਦੀ ਅਹੁਦੇਦਾਰੀ (ਚੋਣਾਂ ਜਿੱਤ ਕੇ) ਤੋਂ ਸ਼ੁਰੂ ਕਰਕੇ,ਸੂਬਾ ਪੱਧਰੀ ਅਹੁਦੇਦਾਰੀਆਂ  ਤਕ ਸੰਭਾਲਦੇ ਹੋਏ ਮੁਲਾਜ਼ਮ ਘੋਲਾਂ ਵਿਚ ਮੋਹਰੀ ਭੂਮਿਕਾ ਨਿਭਾ ਕੇ ਸਮੁੱਚੇ ਮੁਲਾਜ਼ਮ ਵਰਗ ਲਈ ਵੱਡੀਆਂ ਪ੍ਰਾਪਤੀਆਂ ਲਈ ਜਿੱਥੇ ਬਿਨਾਂ ਤਨਖਾਹ ਛੁੱਟੀ ਲਈ ਉਥੇ ਸੌ ਦਿਨਾਂ ਦੀ ਕਮਾਈ ਛੁੱਟੀ ਵੀ ਮੁਲਾਜ਼ਮ ਲਹਿਰ ਦੇ ਲੇਖੇ ਲਗਾ ਦਿੱਤੀ। ਅਜਿਹੀਆਂ ਉਦਾਹਰਣਾਂ ਸਿਰਫ਼ ਪੋਟਿਆਂ ‘ਤੇ ਹੀ ਗਿਣੀਆਂ ਜਾ ਸਕਦੀਆਂ ਹਨ।ਇਥੇ ਇਹ ਵੀ ਵਰਣਨ ਯੋਗ ਹੈ ਕਿ 1978 ਵਿਚ ਅਸਥਾਈ ਅਧਿਆਪਕਾਂ ਨੂੰ ਰੈਗੂਲਰ ਕਰਾਉਣ ਅਤੇ ਅਧਿਆਪਕਾਂ ਦੀਆਂ ਖਾਲੀ ਪੋਸਟਾਂ ‘ਤੇ ਨਿਯੁਕਤੀਆਂ ਕਰਾਉਣ ਲਈ ਜੇਲ੍ਹ ਭਰੋ ਅੰਦੋਲਨ ਵਿਚ ਡਾ. ਅਨੂਪ ਸਿੰਘ ਨੇ ਤਿੰਨ ਮਹੀਨੇ ਚੰਡੀਗੜ੍ਹ ਜੇਲ੍ਹ ‘ਚ ਕੱਟੇ ਅਤੇ ਇਸ ਸਮੇਂ ਦੀ ਤਨਖਾਹ ਵੀ ਕਟਾਈ।
     ਜੇ ਗੱਲ ਸਾਹਿਤ ਦੀ ਕਰੀਏ ਤਾਂ ਡਾ. ਅਨੂਪ ਸਿੰਘ ਦਾ ਮੋਹ ਇਸ ਨਾਲ ਨੌਕਰੀ ਵਿਚ ਆਉਣ ‘ਤੇ ਹੀ ਸ਼ੁਰੂ ਹੋ ਗਿਆ ਸੀ । ਉਨ੍ਹਾਂ ਨੇ ਆਮ ਸਾਹਿਤ ਪੜ੍ਹਨ ਦੇ ਨਾਲ-ਨਾਲ ਮਾਰਕਸਵਾਦੀ ਦਰਸ਼ਨ ਨੂੰ ਵੀ ਨਿੱਠ ਕੇ ਪੜ੍ਹਿਆ, ਸਮਝਿਆ ਤੇ ਜਥੇਬੰਦਕ ਅਤੇ ਲੋਕ ਭਲਾਈ ਦੇ ਕੰਮਾਂ ਰਾਹੀਂ ਅਮਲੀ ਤੌਰ ‘ਤੇ ਲਾਗੂ ਕੀਤਾ। ਅਧਿਆਪਕ ਤੇ ਮੁਲਾਜ਼ਮ ਮਸਲਿਆਂ ਸਬੰਧੀ ਵੱਖ ਵੱਖ ਅਖ਼ਬਾਰਾਂ ਅਤੇ ਮੁਲਾਜ਼ਮ ਪਰਚਿਆਂ ਵਿਚ ਸੈਂਕੜੇ ਲੇਖ ਲਿਖੇ।ਉਹ ਮੁਲਾਜ਼ਮ ਲਹਿਰ ਪਰਚੇ ਦੇ ਸੰਪਾਦਕੀ ਮੰਡਲ ‘ਚ ਵੀ ਰਹੇ।ਮਾਂ-ਬੋਲੀ ਪੰਜਾਬੀ, ਜਿਸ ਨੂੰ ਉਹ ਮਾਂ-ਜਣਨੀ ਬਰਾਬਰ ਸਤਿਕਾਰ ਦੇਂਦੇ ਹਨ,ਨਾਲ ਮੋਹ ਹਿਤ ਉਨ੍ਹਾਂ ਆਪਣੀ ਪਹਿਲੀ ਕਿਤਾਬ “ਸਮਕਾਲੀਨ ਯਥਾਰਥ ਅਤੇ ਪੰਜਾਬੀ ਨਾਵਲ” 1989 ਵਿਚ ਪੀਐਚ.ਡੀ ਕਰਦਿਆਂ ਹੀ ਛਪਾਈ ਅਤੇ ਉਸ ਤੋਂ ਬਾਅਦ ਚਲ ਸੋ ਚਲ।ਡਾ. ਅਨੂਪ ਸਿੰਘ ਹੁਣ ਤਕ ਰਾਜਨੀਤਕ ਆਰਥਿਕਤਾ, ਸਿੱਖ ਦਰਸ਼ਨ, ਆਲੋਚਨਾ, ਨਿਬੰਧ ਸੰਗ੍ਰਹਿ, ਸਫ਼ਰਨਾਮਾ ਅਤੇ ਜੀਵਨ ਜਾਚ ਸਬੰਧੀ ਢਾਈ ਦਰਜਨ ਮੌਲਿਕ ਕਿਤਾਬਾਂ ਮਾਂ-ਬੋਲੀ ਦੀ ਝੋਲੀ ਪਾ ਚੁੱਕੇ ਹਨ। ਉਨ੍ਹਾਂ ਦੇ ਚਲੰਤ ਮਾਮਲਿਆਂ ਸਬੰਧੀ ਹਜ਼ਾਰਾਂ ਲੇਖ ਵੱਖ-ਵੱਖ ਅਖ਼ਬਾਰਾਂ ਵਿਚ ਛਪ ਚੁੱਕੇ ਹਨ ਅਤੇ ਕੁੱਝ ਕਿਤਾਬਾਂ ਦੀ ਸੰਪਾਦਨਾ, ਸਹਿ ਸੰਪਾਦਨਾ ਕਰ ਚੁੱਕੇ ਹਨ ਅਤੇ ਇਹ ਸਫ਼ਰ ਨਿਰੰਤਰ ਜਾਰੀ ਹੈ।ਜੀਵਨ ਜਾਚ ਸਬੰਧੀ ਪੁਸਤਕ ‘ਉਚੇਰੀ ਸੋਚ ਚੰਗੇਰੀ ਜ਼ਿੰਦਗੀ’ ਦਾ ਦੂਜਾ ਭਾਗ ‘ਕੰਮ,ਕੰਮ ਤੇ ਸਿਰਫ਼ ਕੰਮ’ ਅਤੇ ਰਾਜਨੀਤਕ ਆਰਥਿਕਤਾ ਸਬੰਧੀ ਪੁਸਤਕ, ‘ਭਾਰਤ ਬਨਾਮ ਇੰਡੀਆ’ ਦੇ ਦੂਜੇ ਭਾਗ ‘ਪਹੁੰਚੇ ਹਾਂ ਕਿਸ ਮੁਕਾਮ ਤੇ’ ਉੱਪਰ ਉਹ ਲਗਾਤਾਰ ਕੰਮ ਕਰ ਰਿਹਾ ਹੈ।
          ਨੌਕਰੀ ਦੌਰਾਨ ਅਧਿਆਪਕ-ਮੁਲਾਜ਼ਮ ਜਥੇਬੰਦੀਆਂ ਦੀਆਂ ਅਹੁਦੇਦਾਰੀਆਂ ਦੇ ਨਾਲ-ਨਾਲ ਸਾਲ 1989 ਵਿਚ ਡਾ. ਅਨੂਪ ਸਿੰਘ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ  ਵਿਚ ਮੈਂਬਰ ਵਜੋਂ ਸ਼ਾਮਲ ਹੋਏ ਅਤੇ  ਕੁਝ ਸਮੇਂ ਬਾਅਦ ਆਪ ਜੀ ਨੂੰ ਮੰਚ ਦੇ ਜਨਰਲ ਸਕੱਤਰ ਚੁਣਿਆ ਗਿਆ।ਲੱਗਭਗ ਬਾਰ੍ਹਾਂ ਕੁ ਸਾਲ ਇਸ ਅਹੁਦੇ ‘ਤੇ ਕੰਮ ਕਰਨ ਉਪਰੰਤ ਆਪ ਜੀ ਨੂੰ ਇਸ ਕ੍ਰਿਆਸ਼ੀਲ ਲੇਖਕ ਮੰਚ ਦੇ ਪ੍ਰਧਾਨ ਬਣਨ ਦਾ ਮਾਣ ਦਿਤਾ ਗਿਆ। ਇਸੇ ਦੌਰਾਨ 2008 ਅਤੇ 2010 ਵਿਚ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਚੋਣਾਂ ਵਿਚ ਆਪ ਸਭ ਤੋਂ ਵਧ ਵੋਟਾਂ ਲੈ ਕੇ ਅਕਾਦਮੀ ਦੇ ਮੀਤ ਪ੍ਰਧਾਨ ਚੁਣੇ ਜਾਂਦੇ ਰਹੇ।ਸ਼ੁਰੂ ਤੋਂ ਆਪਣੇ ਕੰਮ ਕਰਨ ਦੇ ਉਦਮੀ ਸੁਭਾਅ ਅਤੇ ਪਹਿਲ ਕਦਮੀ ਕਰਨ ਦੀ  ਰੁਚੀ ਤਹਿਤ ਅਕਾਡਮੀ ਵਿਚ ਏਨਾ ਕੰਮ ਕੀਤਾ ਕਿ 2012 ਵਿਚ ਬਿਨਾਂ ਮੁਕਾਬਲਾ ਅਕਾਦਮੀ ਦੇ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ। 2012-14 ਦੀ ਪਾਰੀ ਵਿਚ ਪੰਜਾਬੀ ਸਾਹਿਤ ਅਕਾਦਮੀ ਦੀ ਸਰਪ੍ਰਸਤੀ ਅਤੇ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਦੇ ਨਾਂ ਹੇਠ ਕੰਮ ਕਰਨ ਦੇ ਪਿਛਲੇ ਸਭ ਰਿਕਾਰਡ ਮਾਤ ਪਾ ਦਿਤੇ ਅਤੇ ਕਈ ਨਵੀਆਂ ਪੈੜਾਂ ਪਾਈਆਂ ਜੋ ਇਥੇ ਗਿਣਾਉਣ ਵਾਸਤੇ ਥਾਂ ਇਜਾਜ਼ਤ ਨਹੀ ਦੇਂਦਾ।ਸਿੱਟੇ  ਵਜੋਂ ਉਹ 04 ਮਈ 2014 ਨੂੰ ਪੰਜਾਬੀ ਸਾਹਿਤ ਅਕਾਦਮੀ ਦੇ ਬਿਨਾ ਮੁਕਾਬਲਾ ਜਨਰਲ ਸਕੱਤਰ ਚੁਣੇ ਗਏ ਹਨ।
     ਸਾਨੂੰ ਆਸ ਹੀ ਨਹੀਂ ਸਗੋਂ ਪੂਰਨ ਭਰੋਸਾ ਹੈ ਕਿ ਡਾ. ਅਨੂਪ ਸਿੰਘ ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਦੇ ਅਹੁਦੇ ਨਾਲ ਪੂਰਾ ਇਨਸਾਫ਼ ਕਰਨ ਤੋਂ ਕਿਤੇ ਵੱਧ ਕੰਮ ਕਰਨਗੇ ਅਤੇ ਆਉਣ ਵਾਲੇ ਸਮੇਂ  ਵਿਚ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੀ ਰਾਖੀ ਤੇ ਮਜਬੂਤੀ ਲਈ ਹੋਰ ਵੱਡੀਆਂ ਜ਼ੁੰਮੇਵਾਰੀਆਂ ਨੂੰ ਓਟਣ ਲਈ ਤਿਆਰ ਰਹਿਣਗੇ।ਮਾਂ-ਬੋਲੀ ਪੰਜਾਬੀ ਤੇ ਮਾਂ-ਧਰਤੀ ਦੀ ਰਿਣ ਪੂਰਤੀ ਉਹ ਇਸ ਤਰ੍ਹਾਂ ਹੀ ਕਰ ਸਕਦਾ ਹੈ।
                         
Surinder Singh Nimana
ਮੋਬ:-8872735111

Check Also

ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ

ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵੱਲੋਂ ਸ਼ਰਧਾ ਸਤਿਕਾਰ …

Leave a Reply