ਬਟਾਲਾ, 27 ਜੁਲਾਈ (ਨਰਿੰਦਰ ਬਰਨਾਲ)- ਪੰਜਾਬ ਸਰਕਾਰ ਨੇ ਉਸਾਰੀ ਕਿਰਤੀਆਂ ਦੇ ਬੱਚਿਆਂ ਨੂੰ ਪੜ੍ਹਾਈ ਲਈ ਉਤਸ਼ਾਹਿਤ ਕਰਨ ਦੇ ਮੱਦੇਨਜ਼ਰ ਸਾਈਕਲ ਸਕੀਮ ਸ਼ੁਰੂ ਕੀਤੀ ਹੈ। ਇਸ ਯੋਜਨਾ ਤਹਿਤ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਰਸ਼ਨਜ਼ ਵਰਕਰਜ ਵੈਲਫੇਅਰ ਬੋਰਡ ਕੋਲ ਪੰਜੀਕ੍ਰਿਤ ਉਸਾਰੀ ਕਿਰਤੀਆਂ ਦੇ ਬੱਚਿਆਂ ਨੂੰ ਇਸ ਦਾ ਲਾਭ ਮਿਲੇਗਾ। ਇਹ ਸਾਈਕਲ ਸਕੀਮ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸ਼ੁਰੂ ਕੀਤੀ ਸਾਈਕਲ ਸਕੀਮ ਤੋਂ ਵੱਖਰੀ ਹੈ। ਬਟਾਲਾ ਦੇ ਸਹਾਇਕ ਕਿਰਤ ਕਮਿਸ਼ਨਰ ਸ. ਇਕਬਾਲ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਕੀਮ ਤਹਿਤ ਬੋਰਡ ਕੋਲ ਪੰਜੀਕ੍ਰਿਤ ਉਸਾਰੀ ਕਿਰਤੀਆਂ ਦੇ ੯ਵੀਂ ਤੋਂ ੧੨ਵੀਂ ਕਲਾਸ ਤੱਕ ਪੜ੍ਹਦੇ ਬੱਚਿਆਂ ਨੂੰ ਮੁਫਤ ਸਾਈਕਲ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸਾਈਕਲ ਉਨ੍ਹਾਂ ਬੱਚਿਆਂ ਨੂੰ ਹੀ ਦਿੱਤੇ ਜਾਣਗੇ ਜਿਹੜੇ ਬੋਰਡ ਦੀ ਵਜ਼ੀਫਾ ਸਕੀਮ ਤਹਿਤ ਵਜ਼ੀਫਾ ਪ੍ਰਾਪਤ ਕਰ ਰਹੇ ਹੋਣ। ਇਸ ਸਕੀਮ ਦਾ ਲਾਭ ਲੜਕਾ ਤੇ ਲੜਕੀ ਦੋਵਾਂ ਨੂੰ ਮਿਲੇਗਾ।
ਸਹਾਇਕ ਕਿਰਤ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਲਾਭਪਾਤਰੀ ਦਾ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਚਰਜ ਵਰਕਰਜ ਵੈਲਫੇਅਰ ਬੋਰਡ ਕੋਲ ਘੱਟੋ-ਘੱਟ ਇਕ ਸਾਲ ਤੋਂ ਮੈਂਬਰ ਹੋਣਾ ਜ਼ਰੂਰੀ ਹੈ ਅਤੇ ਉਹ ਲਗਾਤਾਰ ਆਪਣੇ ਅੰਸ਼ਦਾਨ ਦੀ ਰਾਸ਼ੀ ਜਮਾਂ ਕਰਵਾ ਰਿਹਾ ਹੋਵੇ। ਵਿਦਿਆਰਥੀ ਇਸ ਸਕੀਮ ਤਹਿਤ 9ਵੀਂ ਤੋਂ 12 ਵੀਂ ਕਲਾਸ ਤੱਕ ਦੀ ਪੜ੍ਹਾਈ ਦੌਰਾਨ ਕੇਵਲ ਇਕ ਵਾਰ ਹੀ ਇਸ ਸਕੀਮ ਅਧੀਨ ਫਾਇਦਾ ਉਠਾ ਸਕੇਗਾ। ਸ. ਸਿੱਧੂ ਨੇ ਦੱਸਿਆ ਕਿ ਕਿਰਤੀਆਂ ਦੇ ਬੱਚਿਆਂ ਨੂੰ ਪੜ੍ਹਾਈ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਇਹ ਸਕੀਮ ਸ਼ੁਰੂ ਕੀਤੀ ਗਈ ਹੈ ਕਿਉਂਕਿ ਆਵਾਜਾਈ ਦੇ ਸਾਧਨ ਮੁਹੱਈਆ ਨਾ ਹੋਣ ਕਾਰਨ ਇਹ ਬੱਚੇ ਪੜ੍ਹਾਈ ਵਿਚਕਾਰ ਹੀ ਛੱਡ ਦਿੰਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਇਹ ਮੁਫਤ ਸਹੂਲਤ ਦਿੱਤੀ ਗਈ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …