ਨਵਜੀਤ ਦੀ ਜਿੱਤ ਕਾਬਲੇ ਤਾਰੀਫ਼ – ਡਾ. ਮਾਹਲ
ਅੰਮ੍ਰਿਤਸਰ, 30 ਜੁਲਾਈ (ਪ੍ਰੀਤਮ ਸਿੰਘ)- ਅਮਰੀਕਾ ਦੇ ਸ਼ਹਿਰ ਨਿਊਜੀਨ (ਓਰੇਗਾਨ) ਵਿਖੇ ਹੋਏ ਵਰਲਡ ਜੂਨੀਅਰ ਐਥਲੈਟਿਕਸ ਮੀਟ ‘ਚ ਕਾਂਸੇ ਦਾ ਤਮਗਾ ਜਿੱਤ ਕੇ ਭਾਰਤ ਦਾ ਰੌਸ਼ਨ ਕਰਨ ਵਾਲੀ ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀ ਹੋਣਹਾਰ ਵਿਦਿਆਰਥਣ ਨਵਜੀਤ ਕੌਰ ਢਿੱਲੋਂ ਦਾ ਅੱਜ ਇੱਥੇ ਕਾਲਜ ਕੈਂਪਸ ਪਹੁੰਚਣ ‘ਤੇ ਜ਼ੋਸ਼ੋ-ਖਰੋਸ਼ ਨਾਲ ਨਿੱਘਾ ਸਵਾਗਤ ਕੀਤਾ ਗਿਆ। ਕਾਲਜ ਅਧਿਆਪਕਾਂ, ਵਿਦਿਆਰਥਣਾਂ ਤੇ ਖਿਡਾਰੀਆਂ ਵੱਲੋਂ ਨਵਜੀਤ ਨੂੰ ਫੁਲ ਮਾਲਾਵਾਂ ਪਾ ਕੇ ਜੀ ਆਇਆ ਕਿਹਾ ਅਤੇ ਢੋਲ ਦੀ ਧਾਪ ‘ਤੇ ਭੰਗੜੇ ਪਾਏ ਗਏ।ਨਵਜੀਤ ਨੇ ਇਸ ਚੈਂਪੀਅਨਸ਼ਿਪ ਦੇ ਡਿਸਕਸ ਥਰੋ ਮੁਕਾਬਲੇ ‘ਚ 56.44 ਮੀਟਰ ਡਿਸਕਸ ਸੁੱਟਕੇ ਇਹ ਤਮਗਾ ਹਾਸਲ ਕੀਤਾ। ਉਹ ਪਹਿਲਾਂ ਹੀ ਏਸ਼ੀਅਨ ਚੈਂਪੀਅਨ ਹੈ ਅਤੇ ਕੁਝ ਦੇਰ ਪਹਿਲਾਂ ਹੀ ਤਾਈਪੇ (ਤਾਇਵਾਨ) ‘ਚ ਏਸ਼ੀਅਨ ਜੂਨੀਅਰ ਐਥਲੈਟਿਕ ਚੈਂਪੀਅਨਸ਼ਿਪ ‘ਚ ਡਿਸਕਸ ਥਰੋ ‘ਚ ਚਾਂਦੀ ਤੇ ਸ਼ਾਟਪੁੱਟ ‘ਚ ਤਾਂਬੇ ਦਾ ਤਮਗਾ ਜਿੱਤ ਕੇ ਕਾਲਜ ਅਤੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ ਹੈ। ਨਵਜੀਤ ਨੇ ਕਿਹਾ ਕਿ ਭਰੂਣ ਹੱਤਿਆ ਵਰਗੀ ਸਮਾਜਿਕ ਲਾਹਨਤ ਨੂੰ ਠੱਲ੍ਹ ਪਾਉਣ ਦੀ ਲੋੜ ਹੈ ਕਿਉਂਕਿ ਅੱਜ ਲੜਕੀਆਂ ਕਿਸੇ ਤੋਂ ਘੱਟ ਨਹੀਂ।ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਨਵਜੀਤ ਢਿੱਲੋਂ ਦੀ ਇਸ ਜਿੱਤ ‘ਤੇ ਵਧਾਈ ਦਿੰਦਿਆ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਅਮਰੀਕਾ ‘ਚ ਹੋਏ ਇਸ ਵਰਲਡ ਮੀਟ ‘ਚ ਦੁਨੀਆ ਭਰ ਦੇ ਐਥਲੀਟਾਂ ਨੇ ਹਿੱਸਾ ਲਿਆ, ਜਿਸ ‘ਚ ਉਨ੍ਹਾਂ ਦੀ ਵਿਦਿਆਰਥਣ ਨੇ ਭਾਰਤ ਦਾ ਝੰਡਾ ਬੁਲੰਦ ਕੀਤਾ। ਉਨ੍ਹਾਂ ਕਿਹਾ ਕਿ ਨਵਜੀਤ ਦੀ ਇਹ ਜਿੱਤ ਕਾਬਲੇ-ਤਾਰੀਫ਼ ਹੈ। ਇਸ ਮੁਕਾਬਲੇ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਉਹ ਬ੍ਰਾਜ਼ਿਲ ‘ਚ ਹੋਣ ਜਾ ਰਹੇ ਓਲਪਿੰਕ-2016 ‘ਚ ਹਿੱਸਾ ਲੈਣ ਲਈ ਕੁਆਲੀਫ਼ਾਈਡ ਕਰੇਗੀ। ਨਵਜੀਤ ਨੇ ਵੀ ਕਿਹਾ ਕਿ ਉਸ ਟੀਚਾ ਅਗਲੀਆਂ ਉਲੰਪਿਕ ਖੇਡਾਂ ‘ਚ ਹਿੱਸਾ ਲੈਣਾ ਹੈ ਤਾਂ ਕਿ ਉਹ ਦੇਸ਼ ਦੀ ਨੁਮਾਇੰਦਗੀ ਇਨ੍ਹਾਂ ਖੇਡਾਂ ‘ਚ ਕਰ ਸਕੇ।
ਅੱਜ ਕਾਲਜ ਕੈਂਪਸ ‘ਚ ਮੇਲੇ ਵਰਗੇ ਮਾਹੌਲ ਸੀ, ਜਦੋਂ ਦੇ ਢੋਲ ਦੇ ਡਗੇ ‘ਤੇ ਵਿਦਿਆਰਥਣਾਂ ਝੂਮਦੀਆਂ ਨਜ਼ਰ ਆਈਆਂ ਤੇ ਨਵਜੀਤ ਦੇ ਲਈ ਖੁਸ਼ੀ ਦਾ ਇਜ਼ਹਾਰ ਕੀਤਾ। ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਵੱਖਰੇ ਤੌਰ ‘ਤੇ ਨਵਜੀਤ ਨੂੰ ਵਧਾਈ ਦਿੰਦਿਆ ਕਿਹਾ ਕਿ ਉਹ ਵੀ ਜਲਦ ਉਸਨੂੰ ਢੁੱਕਵਾਂ ਸਨਮਾਨ ਦੇ ਕੇ ਨਿਵਾਜਣਗੇ। ਨਵਜੀਤ ਕੌਰ ਜਿਹੜੀ ਕਿ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ‘ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਵਿਖਾ ਚੁੱਕੀ ਹੈ, ਨੇ ਥੋੜ੍ਹੇ ਸਮੇਂ ਪਹਿਲਾਂ ਹੀ ਚੇਨਈ ‘ਚ ਹੋਏ ਫ਼ੈਡਰੇਸ਼ਨ ਕੱਪ ‘ਚ ਸ਼ਾਟਪੁਟ ‘ਚ 15.89 ਮੀਟਰ ਦੀ ਦੂਰੀ ਤਹਿ ਕਰਕੇ ਰਾਸ਼ਟਰੀ ਰਿਕਾਰਡ ਕਾਇਮ ਕੀਤਾ ਸੀ। ਇਸ ਮੌਕੇ ‘ਤੇ ਵਿਦਿਆਰਥਣ ਢਿੱਲੋਂ ਨੇ ਕਿਹਾ ਕਿ ਉਹ ਆਪਣੀ ਇਸ ਉਪਲਬੱਧੀ ਦਾ ਸਿਹਰਾ ਆਪਣੇ ਪਿਤਾ ਤੇ ਕੋਚ ਜਸਪਾਲ ਸਿੰਘ ਢਿੱਲੋਂ ਨੂੰ ਦੇਣਾ ਚਾਹੁਦੀ ਹੈ, ਜਿਨ੍ਹਾਂ ਨੇ ਹਮੇਸ਼ਾ ਖੇਡਾਂ ਵੱਲ ਉਤਸ਼ਾਹਿਤ ਕੀਤਾ। ਉਨ੍ਹਾਂ ਦੀ ਅਗਵਾਈ ‘ਚ ਰਹਿ ਕੇ ਉਹ ਇਹ ਰਿਕਾਰਡ ਕਾਇਮ ਕਰਨ ‘ਚ ਕਾਮਯਾਬ ਹੋਈ ਹੈ। ਉਸਨੇ ਇਸ ਸਫ਼ਲਤਾ ਲਈ ਆਪਣੀ ਫ਼ਿਜ਼ੀਕਲ ਐਜ਼ੂਕੇਸ਼ਨ ਅਧਿਆਪਕ ਮਿਸ ਸੁਖਦੀਪ ਕੌਰ ਵੱਲੋਂ ਦਿੱਤੇ ਗਏ ਹੌਂਸਲਾ ਅਫ਼ਜਾਈ ਦੀ ਵੀ ਸ਼ਲਾਘਾ ਕੀਤੀ। ਇਸ ਦੌਰਾਨ ਡਾ. ਮਾਹਲ ਨੇ ਨਵਜੀਤ ਕੌਰ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਉਸਨੂੰ ਭਵਿੱਖ ਲਈ ਆਪਣੀਆਂ ਸ਼ੁਭਇੱਛਾਵਾਂ ਦਿੱਤੀਆਂ।