ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਸ਼ੇਸ਼ ਸਾਹਿਤਕ ਸਮਾਗਮ ਦਾ ਆਯੋਜਨ
ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਲੋਂ ਦ ਕੌਂਸਲੇਟ ਜਨਰਲ ਆਫ ਕੈਨੇਡਾ (ਚੰਡੀਗੜ੍ਹ) ਅਤੇ ਢਾਹਾਂ ਸਾਹਿਤ ਸਨਮਾਨ ਕੈਨੇਡਾ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ।
ਇਸ ਵਿਚ ਡਾ. ਕ੍ਰਿਸਟੋਫ਼ਰ ਗਿਬਿਨਜ਼ ਕੌਂਸਲ ਜਨਰਲ ਆਫ ਕੈਨੇਡਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਦੀ ਪ੍ਰਧਾਨਗੀ ਡਾ. ਸਰਬਜੋਤ ਸਿੰਘ ਬਹਿਲ ਡੀਨ ਵਿਦਿਆਰਥੀ ਭਲਾਈ ਨੇ ਕੀਤੀ।ਸਮਾਗਮ ਦੇ ਆਰੰਭ ਵਿਚ ਡਾ. ਰਮਿੰਦਰ ਕੌਰ, ਮੁਖੀ ਪੰਜਾਬੀ ਅਧਿਐਨ ਸਕੂਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।
ਡਾ. ਕ੍ਰਿਸਟੋਫਰ ਗਿਬਿਨਜ਼ ਨੇ ਉਦਘਾਟਨੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਕੈਨੇਡਾ ਬਹੁਭਾਸ਼ਾਈ ਅਤੇ ਬਹੁ-ਸਭਿਆਚਾਰਕ ਸਮਾਜ ਦੀ ਸਿਰਜਣਾ ਵਿਚ ਯਕੀਨ ਰੱਖਣ ਵਾਲਾ ਦੇਸ਼ ਹੈ। ਇਸ ਲਈ ਕੈਨੇਡਾ ਦੀ ਸਰਕਾਰ ਪੰਜਾਬੀ ਸਾਹਿਤਕਾਰਾਂ ਨੂੰ ਪ੍ਰਦਾਨ ਕੀਤੇ ਜਾਣ ਵਾਲੇ ਢਾਹਾਂ ਸਾਹਿਤ ਸਨਮਾਨ ਨੂੰ ਪੂਰਨ ਰੂਪ ਵਿਚ ਸਹਿਯੋਗ ਪ੍ਰਦਾਨ ਕਰਦੀ ਹੈ। ਢਾਹਾਂ ਸਾਹਿਤ ਸਨਮਾਨ ਦੇ ਸੰਸਥਾਪਕ ਅਤੇ ਸੰਚਾਲਕ ਬਰਜਿੰਦਰ ਸਿੰਘ ਢਾਹਾਂ ਨੇ ਕਿਹਾ ਕਿ ਇਹ ਸਨਮਾਨ ਗਲਪ ਦੇ ਖੇਤਰ ਵਿਚ ਗੁਰਮੁਖੀ ਅਤੇ ਸ਼ਾਹਮੁਖੀ ਦੋਹਾਂ ਲਿਪੀਆਂ ਵਿਚ ਪ੍ਰਕਾਸ਼ਿਤ ਪੁਸਤਕਾਂ ਨੂੰ ਦਿੱਤਾ ਜਾਂਦਾ ਹੈ।ਪਹਿਲਾ ਇਨਾਮ 25000 ਕੈਨੇਡੀਅਨ ਡਾਲਰ ਅਤੇ ਦੋ ਰਨਰਜ਼ ਅੱਪ ਇਨਾਮ ਪੰਜ-ਪੰਜ ਹਜ਼ਾਾਰ ਕੈਨੇਡੀਅਨ ਡਾਲਰ ਪ੍ਰਦਾਨ ਕੀਤੇ ਜਾਂਦੇ ਹਨ। ਸਮਾਗਮ ਵਿਚ ਢਾਹਾਂ ਇਨਾਮ ਜੇਤੂ ਦੋ ਪ੍ਰਵਾਸੀ ਸਾਹਿਤਕਾਰਾਂ ਸਾਧੂ ਸਿੰਘ ਬਿਨਿੰਗ ਅਤੇ ਹਰਪ੍ਰੀਤ ਸੇਖਾ ਨੇ ਆਪਣੇ ਜੀਵਨ ਅਨੁਭਵ ਅਤੇ ਸਿਰਜਣ ਪ੍ਰਕ੍ਰਿਆ ਬਾਰੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ। ਢਾਹਾਂ ਇਨਾਮ ਦੀ ਕੇਂਦਰੀ ਸਲਾਹਕਾਰ ਕਮੇਟੀ ਦੇ ਮੁਖੀ ਡਾ. ਰਘਬੀਰ ਸਿੰਘ ਸਿਰਜਣਾ ਨੇ ਇਨਾਮ ਦੀ ਚੋਣ ਪ੍ਰਕ੍ਰਿਆ ਬਾਰੇ ਜਾਣਕਾਰੀ ਪ੍ਰਦਾਨ ਕੀਤੀ।ਡਾ. ਸਰਬਜੋਤ ਸਿੰਘ ਬਹਿਲ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਪੰਜਾਬੀ ਭਾਸ਼ਾ ਦਾ ਵਿਧੀਵਤ ਵਿਕਾਸ ਕਰਨਾ ਯੂਨੀਵਰਸਿਟੀ ਦੇ ਮੂਲ ਪ੍ਰਯੋਜਨਾਂ ਵਿਚੋਂ ਇੱਕ ਹੈ। ਇਸ ਪ੍ਰਸੰਗ ਵਿਚ ਉਹਨਾਂ ਨੇ ਢਾਹਾਂ ਇਨਾਮ ਦੇ ਮਹੱਤਵ ਨੂੰ ਉਜਾਗਰ ਕੀਤਾ। ਡਾ. ਹਰਿਭਜਨ ਸਿੰਘ ਭਾਟੀਆ ਨੇ ਇਸ ਮੌਕੇ ਕਿਹਾ ਕਿ ਢਾਹਾਂ ਇਨਾਮ ਬੁਨਿਆਦੀ ਤੌਰ ਤੇ ਮਨੁੱਖੀ ਸਰੋਕਾਰਾਂ ਅਤੇ ਮਨੁੱਖ ਹਿਤੈਸ਼ੀ ਦ੍ਰਿਸ਼ਟੀ ਨੂੰ ਪੇਸ਼ ਕਰਨ ਵਾਲੀਆਂ ਰਚਨਾਵਾਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ।ਇਸ ਉਪਰੰਤ ਸਮਾਗਮ ਵਿਚ ਹਾਜ਼ਰ ਅਮ੍ਰਿਤਸਰ ਦੇ ਪ੍ਰਮੁੱਖ ਸਾਹਿਤਕਾਰਾਂ ਅਤੇ ਖੋਜ ਵਿਦਿਆਰਥੀਆਂ ਨੇ ਸੰਵਾਦ ਪ੍ਰਕ੍ਰਿਆ ਵਿਚ ਭਰਪੂਰ ਹਿੱਸਾ ਲਿਆ। ਧੰਨਵਾਦ ਦੇ ਸ਼ਬਦ ਡਾ. ਦਰਿਆ ਨੇ ਸਾਂਝੇ ਕੀਤੇ। ਸਮੁੱਚੇ ਸਮਾਗਮ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਡਾ. ਮਨਜਿੰਦਰ ਸਿੰਘ ਦੁਆਰਾ ਬਾਖ਼ੂਬੀ ਨਿਭਾਈ ਗਈ।
ਇਸ ਮੌਕੇ ਸ੍ਰੀਮਤੀ ਸਤਿੰਦਰ ਚੀਮਾ, ਡਾ. ਬਲਜੀਤ ਕੌਰ ਰਿਆੜ, ਡਾ. ਰਾਜ ਕੁਮਾਰ ਹੰਸ, ਕਰਨੈਲ ਸਿੰਘ ਯੂ.ਕੇ, ਕੇਵਲ ਧਾਲੀਵਾਲ, ਜਗਦੀਸ਼ ਸਚਦੇਵਾ, ਕੁਲਵੰਤ ਸਿੰਘ ਸੂਰੀ, ਕੁਲਬੀਰ ਸਿੰਘ ਸੂਰੀ, ਅਤਿੰਦਰ ਸੰਧੂ, ਭੁਪਿੰਦਰ ਸੰਧੂ, ਦੀਪ ਦਵਿੰਦਰ ਸਿੰਘ, ਦੇਵ ਦਰਦ, ਸਰਬਜੀਤ ਸਿੰਘ ਸੰਧੂ, ਮਨਮੋਹਨ ਸਿੰਘ, ਨਿਰਮਲ ਅਰਪਣ, ਹਜ਼ਾਰਾ ਸਿੰਘ ਚੀਮਾ ਅਤੇ ਅਮ੍ਰਿਤਸਰ ਸ਼ਹਿਰ ਦੇ ਹੋਰ ਪ੍ਰਮੁੱਖ ਸਾਹਿਤਕਾਰ, ਅਧਿਆਪਕ, ਖੋਜ ਵਿਦਿਆਰਥੀ ਅਤੇ ਵਿਦਿਆਰਥੀ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …