Friday, September 20, 2024

ਗਰਮੀ ਰੱਤ ਦੇ ਮਾਂਹ ਤੋਂ ਵਧੇਰੇ ਪੈਦਾਵਾਰ ਲੈਣ ਦੇ ਜ਼ਰੂਰੀ ਨੁਕਤੇ

ਬਟਾਲਾ, 16 ਮਾਰਚ (ਪੰਜਾਬ ਪੋਸਟ- ਐਨ.ਐਸ ਬਰਨਾਲ) – ਦਾਲਾਂ ਮਨੁੱਖੀ ਖੁਰਾਕ ਦਾ ਬਹੁਤ ਹੀ ਜ਼ਰੂਰੀ ਹਿੱਸਾ ਹਨ। ਪੰਜਾਬ ਵਿੱਚ ਆਮ ਕਰਕੇ ਕਿਸਾਨਾਂ ਵਲੋਂ Mah Di dal Cropਕਣਕ ਝੋਨੇ ਦਾ ਫਸਲ਼ੀ ਚੱਕਰ ਅਪਨਾਉਣ ਕਾਰਨ ਦਾਲਾਂ ਹੇਠ ਰਕਬਾ ਬਹੁਤ ਘਟ ਗਿਆ ਹੈ।ਵਸੋਂ ਵਿੱ ਲਗਾਤਾਰ ਹੋ ਰਹੇ ਵਾਧੇ ਅਤੇ ਦਾਲਾਂ ਦੀ ਪੈਦਾਵਾਰ ਵਿੱਚ ਆਈ ਖੜੋਤ ਕਾਰਨ ਪ੍ਰਤੀ ਵਿਅਕਤੀ ਦਾਲਾਂ ਦੀ ਖਪਤ 70 ਗ੍ਰਾਮ ਤੋਂ ਘਟ ਕੇ 27 ਗ੍ਰਾਮ ਰਹਿ ਗਈ ਹੈ ਜੋ ਕਿ ਵਿਸ਼ਵ ਸਿਹਤ ਸੰਸਥਾ ਦੇ ਮਿਥੇ ਰੋਜ਼ਾਨਾ ਪ੍ਰਤੀ ਵਿਅਕਤੀ ਖਪਤ 80 ਗ੍ਰਾਮ ਪ੍ਰਤੀ ਵਿਅਕਤੀ ਤੋਂ ਕਾਫੀ ਘੱਟ ਹੈ।ਪੰਜਾਬ ਵਿੱਚ ਗਰਮੀ ਰੁੱਤ ਦੇ ਮਾਹਾਂ ਦੀ ਬਿਜਾਈ ਤਕਰੀਬਨ 4 ਹਜ਼ਾਰ ਹੈਕਟੇਅਰ ਰਕਬੇ ਵਿੱਚ ਕੀਤੀ ਜਾ ਰਹੀ ਹੈ ਅਤੇ ਦਾਲਾਂ ਹੇਠ ਰਕਬਾ ਸਾਲ 2015-16 ਦੌਰਾਨ 30 ਹਜ਼ਾਰ ਹੈਕਟੇਅਰ ਰਕਬਾ ਸੀ।ਜ਼ਿਲਾ ਗੁਰਦਾਸਪੁਰ ਵਿੱਚ ਕਿਸੇ ਸਮੇਂ ਰਿਆੜਕੀ ਦੇ ਇਲਾਕੇ ਦੇ ਮਾਂਹ ਮਸ਼ਹੂਰ ਹੁੰਦੇ ਸਨ। ਪੰਜਾਬ ਵਿੱਚ ਕੋਈ ਅਜਿਹਾ ਸਮਾਜਿਕ ਜਾਂ ਧਾਰਮਿਕ ਸਮਾਗਮ ਸੰਪੂਰਨ ਨਹੀਂ ਹੁੰਦਾ ਜਦ ਤੱਕ ਮਾਹਾਂ ਦੀ ਦਾਲ ਨਾ ਬਣੇ।ਜਦ ਵੀ ਕਿਤੇ ਬਾਹਰ ਕਿਸੇ ਢਾਬੇ ਤੇ ਰੋਟੀ ਖਾਣੀ ਹੋਵੇ ਤਾਂ ਮਾਹਾਂ ਦੀ ਦਾਲ ਨੂੰ ਪਹਿਲ ਦਿੱਤੀ ਜਾਦੀ ਹੈ, ਉਹ ਚਾਹੇ ਦਾਲ ਮੱਖਣੀ ਹੋਵੇ ਜਾਂ ਤੜਕੇ ਵਾਲੀ। ਸੋ ਮਾਂਹਾਂ ਦੀ ਦਾਲ ਮੰਗ ਨੂੰ ਮੁੱਖ ਰੱਖਦਿਆਂ ਰਕਬਾ ਵਧਾਇਆ ਜਾ ਸਕਦਾ ਹੈ।ਜੇਕਰ ਉਦਮੀ ਕਿਸਾਨ ਮਾਹਾਂ ਦੀ ਪੈਦਾਵਾਰ ਨੂੰ ਖੁਦ ਇੱਕ ਕਿਲੋ ਤੋਂ ਪੰਜ ਕਿਲੋ ਤੱਕ ਦੀ ਪੈਕਿੰਗ ਕਰਕੇ ਖੱਪਤਕਾਰਾਂ ਨੂੰ ਸਿੱਧਾ ਮੰਡੀਕਰਨ ਕਰਨ ਤਾਂ ਹੋਰ ਫਾਇਦਾ ਲਿਆ ਜਾ ਸਕਦਾ।
ਗਰਮੀ ਰੁੱਤ ਦੇ ਮਾਹਾਂ ਦੀ ਕਾਸ਼ਤ ਕਮਾਦ ਦੀ ਫਸਲ ਵਿੱਚ ਅੰਤਰ ਫਸਲ ਵਜੋਂ ਵੀ ਕੀਤੀ ਜਾ ਸਕਦੀ ਹੈ।  
ਮਾਂਹ ਦੀ ਫਸਲ ਹੋਰਨਾਂ ਦਾਲਾਂ ਨਾਲੋਂ ਵਧੇਰੇ ਗਰਮੀ ਸਹਾਰ ਸਕਣ ਕਾਰਨ ਇਸ ਦੀ ਕਾਸ਼ਤ ਲਈ ਗਰਮ ਜਲਵਾਯੂ ਦੀ ਜ਼ਰੂਰਤ ਹੈ।ਇਸ ਦੀ ਕਾਸਤ ਲਈ ਚੰਗੇ ਪਾਣੀ ਦੇ ਨਿਕਾਸ ਵਾਲੀ ਭਲ ਤੋਂ ਰੇਤਲੀ ਭਲ ਵਾਲੀ ਜ਼ਮੀਨ ਬਹੁਤ ਹੀ ਢੁਕਵੀਂ ਹੈ। ਮਾਂਹ ਦੀ ਕਾਸ਼ਤ ਲਈ ਦੋ ਕਿਸਮਾਂ ਮਾਂਹ 1008 ਅਤੇ ਮਾਂਹ 218 ਦੀ ਸਿਫਾਰਸ਼ ਕੀਤੀ ਗਈ ਹੈ। ਮਾਂਹ 1008 ਕਿਸਮ ਨੂੰ ਫਲੀਆਂ ਭਰਪੂਰ ਲੱਗਦੀਆਂ ਹਨ ਅਤੇ ਇਕਸਾਰ ਪੱਕਦੀਆਂ ਹਨ ਅਤੇ ਇਹ ਤਕਰੀਬਨ 72 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਕਿਸਮ ਨੂੰ ਪੀਲੀ ਚਿਤਕਬਰੀ ਅਤੇ ਪੱਤਿਆਂ ਦਾ ਝੁਰੜ ਮੁਰੜ ਵਿਸਾਣੂ ਰੋਗ ਘੱਟ ਲੱਗਦਾ ਹੈ।ਇਸ ਦੀ ਔਸਤਨ ਪੈਦਾਵਾਰ 4.5 ਕੁਇੰਟਲ ਪ੍ਰਤੀ ਏਕੜ ਹੈ।ਮਾਂਹ 2018 ਕਿਸਮ ਤਕਰੀਬਨ 75 ਦਿਨਾ ਵਿੱਚ ਪੱਕ ਜਾਂਦੀ ਹੈ ਅਤੇ ਔਸਤਨ ਪੈਦਾਵਾਰ 4.00 ਕੁਇੰਟਲ ਪ੍ਰਤੀ ਏਕੜ ਹੈ।
ਆਮ ਕਰਕੇ ਕਿਸਾਨ ਪ੍ਰਤੀ ਏਕੜ ਬੀਜ਼ 10-15 ਕਿਲੋ ਵਰਤਦੇ ਹਨ ਜਿਸ ਕਾਰਨ ਝਾੜ ਘੱਟ ਨਿਕਲਦਾ ਹੈ ਇਸ ਲਈ ਵਧੇਰੇ ਪੈਦਾਵਾਰ ਲੈਣ ਲਈ 20 ਕਿਲੋ ਬੀਜ ਪ੍ਰਤੀ ਏਕੜ ਬੀਜ ਵਰਤਣਾ ਚਾਹੀਦਾ ਹੈ। ਇਸ ਦੀ ਬਿਜਾਈ 15 ਮਾਰਚ ਤੋਂ ਅਪ੍ਰੈਲ ਦੇ ਪਹਿਲੇ ਹਫਤੇ ਤੱਕ 22.5 ਸੈ.ਮੀ. ਚੌੜੀਆਂ ਕਤਾਰਾਂ ਵਿੱਚ ਅਤੇ ਬੁਟੇ ਤੋਂ ਬੂਟੇ ਦਾ ਫਾਸਲਾ 4.5 ਸੈ.ਮੀ ਰੱਖਣਾ ਚਾਹੀਦਾ ਹੈ।ਬਿਜਾਈ ਸਮੇਂ 11 ਕਿਲੋ ਯੂਰੀਆ ਅਤੇ 60 ਕਿਲੋ ਸਿੰਗਲ ਸੁਪਰ ਫਾਸਫੇਟ ਖਾਦ ਡਰਿਲ ਕਰ ਦੇਣੀ ਚਾਹੀਦੀ ਹੈ। ਆਲੂਆਂ ਦੀ ਪੁਟਾਈ ਤੋਂ ਬਾਅਦ ਮਾਂਹਾਂ ਦੀ ਕਾਸ਼ਤ ਬਿਨਾਂ ਕੋਈ ਖਾਦ ਦੀ ਵਰਤੋਂ ਕੀਤਿਆਂ ਵੀ ਕੀਤੀ ਜਾ ਸਕਦੀ ਹੈ।
ਨਦੀਨਾਂ ਦੀ ਰੋਕਥਾਮ ਲਈ ਪਹਿਲੀ ਗੁਡਾਈ ਬਿਜਾਈ ਤੋਂ 4 ਹਫਤੇ ਅਤੇ ਦੂਜੀ ਉਸ ਤੋਂ 2 ਹਫਤੇ ਬਾਅਦ ਕਰਨ ਦੀ ਸਿਫਾਰਸ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਮੌਸਮੀ ਘਾਹ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਦੋ ਦਿਨਾਂ ਦੇ ਅੰਦਰ ਇੱਕ ਲਿਟਰ ਪੈਂਡੀਮੈਥਾਲਿਨ 30 ਈ.ਸੀ. ਨੂੰ 150-200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਲੰਮੀ ਉਮਰ ਦੇ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਚਾਰ ਹਫਤਿਆਂ ਬਾਅਦ ਗੁਡਾਈ ਕਰਨੀ ਚਾਹੀਦੀ ਹੈ
ਮੌਸਮ ਅਤੇ ਜ਼ਮੀਨ ਦੀ ਕਿਸਮ ਦੇ ਅਨੁਸਾਰ ਮਾਂਹ ਦੀ ਫਸਲ ਨੂੰ 3-5 ਪਾਣੀ ਲਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।ਫਸਲ ਨੂੰ ਪਹਿਲਾ ਪਾਣੀ ਬਿਜਾਈ ਤੋਂ 25 ਅਤੇ ਆਖਰੀ ਪਾਣੀ 60 ਦਿਨਾਂ ਬਾਅਦ ਲਾਉਣਾ ਚਾਹੀਦਾ ਹੈ।ਕੀੜੇ-ਮਕੌੜੇ: ਫਲੀ ਛੇਦਕ ਸੁੰਡੀ ਮਾਂਹ ਦੇ ਪੱਤਿਆਂ, ਫਲੀਆਂ ਅਤੇ ਫੁੱਲਾਂ ਨੂੰ ਖਾ ਕੇ ਨੁਕਸਾਨ ਕਰਦੀ ਹੈ। ਇਸ ਦੇ ਹਮਲੇ ਦਾ ਪਤਾ ਨੁਕਸਾਨ ਵਾਲੇ ਪੱਤੇ, ਫਲੀਆਂ ਵਿੱਚ ਮੋਰੀਆਂ, ਬੂਟਿਆ ਹੇਠ ਜ਼ਮੀਨ ਉੱਤੇ ਗੂੜੇ ਹਰੇ ਰੰਗ ਦੀਆਂ ਵਿੱਠਾਂ ਤੋਂ ਲੱਗ ਜਾਂਦਾ ਹੈ।ਇਸ ਕੀੜੇ ਦੀ ਰੋਕਥਾਮ ਹਮਲਾ ਸ਼ੁਰੂ ਹੋਣ ਤੇ ਸਪਾਈਨੋਸੈਡ 45 ਐਸ.ਸੀ ਜਾਂ 200 ਮਿ.ਲਿ. ਐਂਡੋਸਕਾਰਬ 14.5 ਐਸ ਸੀ ਜਾਂ 800 ਗ੍ਰਾਮ ਐਸੀਫੇਟ 75 ਐਸ ਪੀ ਪ੍ਰਤੀ ਏਕੜ ਨੂੰ 80-100 ਲਿਟਰ ਪਾਣੀ ਦੇ ਘੋਲ ਵਿੱਚ ਨੈਪਸੈਕ ਪੰਪ ਨਾਲ ਛਿੜਕਾਅ ਕਰਨ ਨਾਲ ਕੀਤੀ ਜਾ ਸਕਦੀ ਹੈ। ਜੇਕਰ ਜ਼ਰੂਰਤ ਪਵੇ ਤਾਂ ਛਿੜਕਾਅ ਦੁਬਾਰਾ ਕਰੋ।

ਤੰਬਾਕੂ ਸੁੰਡੀ : ਛੋਟੀਆਂ ਸੁੰਡੀਆਂ ਕਾਲੇ ਰੰਗ ਅਤੇ ਵੱਡੀਆਂ ਗੂੜੇ ਹਰੇ ਰੰਗ ਦੀਆਂ ਹੁੰਦੀਆਂ ਹਨ। ਛੋਟੀਆਂ ਸੁੰਡੀਆਂ ਝੁੰਡਾਂ ਵਿੱਚ ਪੱਤਿਆਂ ਦਾ ਹਰਾ ਮਾਦਾ ਖਾ ਕੇ ਪੱਤਿਆਂ ਨੂੰ ਛਾਨਣੀ ਕਰ ਦਿੰਦੀਆਂ ਹਨ। ਵੱਡੀਆਂ ਸੁੰਡੀਆਂ ਪੱਤਿਆਂ ਦੇ ਨਾਲ ਨਾਲ ਡੋਡੀਆਂ, ਫੁੱਲ ਅਤੇ ਫਲੀਆਂ ਦਾ ਨੁਕਸਾਨ ਕਰਦੀਆਂ ਹਨ। ਇਸ ਕੀੜੇ ਦੀ ਰੋਕਥਾਮ ਲਈ ਫਸਲ ਦੀ ਬਿਜਾਈ ਸਮੇਂ ਸਿਰ ਕਰੋ। ਨਦੀਨਾਂ ਖਾਸ ਕਰਕੇ ਇੱਟਸਿਟ/ਚੁਪੱਤੀਦੀ ਰੋਕਥਾਮ ਕਰੋ। ਸ਼ੁਰੂਆਤੀ ਹਮਲੇ ਸਮੇਂ ਪ੍ਰਭਾਵਤ ਬੂਟੇ ਨੂੰ ਨਸ਼ਟ ਕਰਕੇ ਸੁੰਢੀਆਂ ਦਾ ਖਾਤਮਾ ਕਰੋ। ਜੇਕਰ ਹਮਲਾ ਜ਼ਿਆਦਾ ਹੁੰਦਾ ਹੈ ਤਾਂ 150 ਮਿ.ਲਿ.ਨੁਵਾਕਰੋਨ 10 ਈ ਸੀ ਜਾਂ 800 ਗਰਾਮ ਐਸੀਫੇਟ 75 ਐਸ ਪੀਜਾਂ 1.5 ਲਿਟਰ ਕਲੋਰੋਪਾਈਰੀਫਾਸ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜੇਕਰ ਲੋੜ ਪਵੇ ਤਾਂ ਛਿੜਕਾਅ ਦੁਬਾਰਾ ਕਰੋ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply