Monday, December 23, 2024

ਇਰਾਕੀ ਅੱਤਵਾਦੀਆਂ ਹੱਥੋਂ ਮਰਣ ਵਾਲਿਆਂ `ਚ ਧੂਰੀ ਦੇ ਪ੍ਰਿਤਪਾਲ ਸ਼ਰਮਾ ਵੀ ਸ਼ਾਮਲ

ਡਿਪਟੀ ਕਮਿਸ਼ਨਰ, ਐਸ.ਐਸ.ਪੀ ਅਤੇ ਐਸ.ਡੀ.ਐਮ ਨੇ ਘਰ ਪਹੁੰਚ ਕੇ ਪਰਿਵਾਰ ਨਾਲ ਜਤਾਈ ਹਮਦਰਦੀ

PPN2103201804ਧੂਰੀ, 21 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਇਰਾਕ ਦੇ ਮੌਸੂਲ ਸ਼ਹਿਰ ਵਿੱਚ ਇਰਾਕੀ ਅੱਤਵਾਦੀਆਂ ਵੱਲੋਂ ਮਾਰੇ ਗਏ 39 ਬਾਰਤੀਆਂ ਵਿੱਚ ਧੂਰੀ ਦੇ ਰਹਿਣ ਵਾਲੇ ਪ੍ਰਿਤਪਾਲ ਸ਼ਰਮਾ ਪੁੱਤਰ ਸਾਧੂ ਸਿੰਘ  ਵੀ ਸ਼ਾਮਲ ਹਨ, ਜਿੰਨਾਂ ਨੂੰ ਅਗਵਾ ਕਰਨ ਉਪਰੰਤ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਣ ਤੋਂ ਬਾਅਦ ਉਹਨਾਂ ਦੇ ਪਰਿਵਾਰ ਵਿੱਚ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ। ਜਿਸ ਦੇ ਚੱਲਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਮ੍ਰਿਤਕ ਪ੍ਰਿਤਪਾਲ ਸ਼ਰਮਾ ਦੇ ਘਰ ਪਹੁੰਚੇ ਜ਼ਿਲਾ੍ਹ ਸੰਗਰੂਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਅਤੇ ਐਸ.ਐਸ.ਪੀ ਸੰਗਰੂਰ ਮਨਦੀਪ ਸਿੰਘ ਸਿੱਧੂ, ਸ਼ਹਿਰ ਧੂਰੀ ਦੇ ਐਸ.ਡੀ.ਐਮ ਅਮਰੇਸ਼ਵਰ ਸਿੰਘ, ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੇ ਪਿਤਾ ਬਲਦੇਵ ਸਿੰਘ ਅਤੇ ਨਾਇਬ ਤਹਿਸੀਲਦਾਰ ਧੂਰੀ ਕਰਮਜੀਤ ਸਿੰਘ ਵੱਲੋਂ ਉਹਨਾਂ ਦੇ ਪਰਿਵਾਰ ਨੂੰ ਹੌਂਸਲਾ ਦਿੰਦਿਆਂ ਵਿਸ਼ਵਾਸ ਦਿਵਾਇਆ ਕਿ ਪ੍ਰਸ਼ਾਸਨ ਅਤੇ ਸਰਕਾਰ ਵਲੋਂ ਪਰਿਵਾਰ ਨੂੰ ਹਰ ਸੰਭਵ ਮਦਦ ਦਿਵਾਈ ਜਾਵੇਗੀ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਇਰਾਕੀ ਅੱਤਵਾਦੀਆਂ ਹੱਥੋਂ ਮਾਰੇ ਗਏ 39 ਭਾਰਤੀਆਂ ਦੀਆਂ ਅਸਥੀਆਂ/ਬਚੇ ਅਵਸ਼ੇਸ਼ ਕੱਲ ਤੱਕ ਭਾਰਤ ਪੁੱਜ ਜਾਣਗੇ ਅਤੇ ਉਹਨਾਂ ਦਾ ਅੰਤਿਮ-ਸਸਕਾਰ ਕੀਤਾ ਜਾਵੇਗਾ।
ਮ੍ਰਿਤਕ ਦੀ ਪਤਨੀ ਰਾਜ ਰਾਣੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੇ ਪਤੀ ਸ਼੍ਰੀ ਪ੍ਰਿਤਪਾਲ ਸ਼ਰਮਾ ਸਾਲ 2011 ਵਿੱਚ ਇਰਾਕ ਗਏ ਸਨ ਜਿੱਥੇ ਉਹ ਬਤੌਰ ਬਾਰ-ਬੈਂਡਰ ਕੰਮ ਕਰਦੇ ਸਨ। ਉਹਨਾਂ ਦੱਸਿਆ ਕਿ ਸਾਲ 2014 ਤੋਂ ਬਾਅਦ ਉਸ ਦੇ ਪਤੀ ਦਾ ਉਹਨਾਂ ਨਾਲ ਕੋਈ ਸੰਪਰਕ ਨਹੀਂ ਹੋਇਆ ਜਿਸ ਕਾਰਨ ਲੰਮਾਂ ਸਮਾਂ ਉਡੀਕਣ ਉਪਰੰਤ ਉਹਨਾਂ ਨੇ ਇਸ ਮਾਮਲੇ ਬਾਰੇ ਦਿੱਲੀ ਦੇ ਵਿਦੇਸ਼ ਮੰਤਰਾਲੇ ਵਿੱਚ ਕਈ ਚੱਕਰ ਲਗਾੲ,ੇ ਪ੍ਰੰਤੂ ਕੋਈ ਜਾਣਕਾਰੀ ਹਾਸਲ ਨਾ ਹੋਈ।ਮ੍ਰਿਤਕ ਦੀ ਪਤਨੀ ਨੇ ਅੱਗੇ ਦੱਸਿਆ ਕਿ ਉਸ ਦਾ ਇੱਕ ਲੜਕਾ ਨੀਰਜ ਸ਼ਰਮਾ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਨ-ਪੋਸ਼ਨ ਕਰ ਰਿਹਾ ਹੈ ਅਤੇ ਲੜਕੀ ਬਾਰਵੀਂ ਜਮਾਤ ਦੀ ਪੜ੍ਹਾਈ ਕਰ ਰਹੀ ਹੈ।ਮ੍ਰਿਤਕ ਦੇ ਪਤਨੀ ਨੇ ਸਰਕਾਰ ਪਾਸੋਂ ਵਿੱਤੀ ਸਹਾਇਤਾ ਦੇ ਨਾਲ-ਨਾਲ ਬੱਚਿਆਂ ਲਈ ਸਰਕਾਰੀ ਨੌਕਰੀ ਦੀ ਮੰਗ ਵੀ ਕੀਤੀ।ਇਸ ਮੌਕੇ ਇੰਦਰਜੀਤ ਸਿੰਘ ਪੀ.ਏ. ਐਮ.ਐਲ.ਏ., ਕੌਂਸਲਰ ਅਜੈ ਪਰੋਚਾ, ਵਿੱਕੀ ਪਰੋਚਾ ਆਦਿ ਤੋਂ ਇਲਾਵਾ ਸ਼ਹਿਰ ਦੀਆਂ ਸਮਾਜਿਕ, ਰਾਜਨੀਤਕ ਸੰਸਥਾਵਾਂ ਦੇ ਆਗੂਆਂ ਨੇ ਵੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। 

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply