ਸ਼ਹੀਦ ਭਗਤ ਸਿੰਘ, ਸੁਖਦੇਵ ਸਿੰਘ ਅਤੇ ਰਾਜਗੁਰੂ ਨੂੰ ਦਿੱਤੀਆਂ ਸ਼ਰਧਾਂਜ਼ਲੀਆਂ
ਅੰਮ੍ਰਿਤਸਰ, 24 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੇ ਵਿੱਦਿਅਕ ਅਦਾਰਿਆਂ ’ਚ ਖ਼ਾਲਸਾ ਕਾਲਜ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਖ਼ਾਲਸਾ ਕਾਲਜ ਆਫ਼ ਲਾਅ ਅਤੇ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਵਿਖੇ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਸਹੁੰ ਚੁੱਕ ਅਤੇ ਸ਼ਹੀਦ ਭਗਤ ਸਿੰਘ, ਸੁਖਦੇਵ ਸਿੰਘ ਅਤੇ ਰਾਜਗਰੂ ਦੇ ਸ਼ਹੀਦੀ ਦਿਨ ’ਤੇ ਸ਼ਰਧਾਜ਼ਲੀ ਭੇਂਟ ਕੀਤੀ ਗਈ। ਇਸ ਮੌਕੇ ਵੱਖ-ਵੱਖ ਕਾਲਜਾਂ ਤੋਂ ਪ੍ਰਿੰਸੀਪਲ ਡਾ. ਮਹਿਲ ਸਿੰਘ, ਪ੍ਰਿੰ: ਜਸਵਿੰਦਰ ਸਿੰਘ ਢਿੱਲੋਂ, ਪ੍ਰਿੰ: ਡਾ. ਜਸਪਾਲ ਸਿੰਘ ਅਤੇ ਪ੍ਰਿੰ: ਡਾ. ਸੁਰਿੰਦਰਪਾਲ ਕੌਰ ਢਿੱਲੋਂ ਨੇ ਆਪਣੇ-ਆਪਣੇ ਭਾਸ਼ਣ ’ਚ ਕਿਹਾ ਕਿ ਸੂਬਾ ਸਰਕਾਰ ਵਲੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਆਮ ਲੋਕਾਂ ਨੂੰ ਵਿੱਢੀ ਮੁਹਿੰਮ ’ਚ ਸ਼ਾਮਿਲ ਕਰਨ ਲਈ ਇਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਨੇ ਇਕ ਭਿਆਨਕ ਰੂਪ ਧਾਰਨ ਕਰਦਿਆਂ ਹੋਇਆ ਪੰਜਾਬ ਦੀ ਨੌਜਵਾਨ ਪੀੜੀ ਨੂੰ ਕੁਰਾਹੇ ਪਾਇਆ ਹੈ।ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ਸ੍ਰੀਮਤੀ ਮੋਨਿਕਾ ਸ਼ਰਮਾ, ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸੈਕ੍ਰੇਟਰੀ ਜ਼ਿਲ੍ਹਾ ਲੀਗਲ ਸਰਵਿਸਿਜ਼ ਅਥਾਰਟੀ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਐਜ਼ੂਕੇਸ਼ਨ ਕਾਲਜ ਵਿਖੇ ਸ੍ਰੀਮਤੀ ਮੋਨਿਕਾ ਸ਼ਰਮਾ ਨੇ ਆਪਣੇ ਭਾਸ਼ਣ ’ਚ ਵਿਦਿਆਰਥੀਆਂ ਨਾਲ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਨਸ਼ਿਆ ਦੇ ਕਾਰਨ ਕਿਸੇ ਇਕ ਵਿਅਕਤੀ ਦੀ ਜ਼ਿੰਦਗੀ ਬਰਬਾਦ ਨਹੀਂ ਹੁੰਦੀ ਸਗੋਂ ਉਸ ਨਾਲ ਸਬੰਧਿਤ ਪਰਿਵਾਰ ਅਤੇ ਸਮਾਜ ਸਾਰੇ ਹੀ ਖ਼ਤਮ ਹੋ ਜਾਂਦੇ ਹਨ।ਇਹ ਨੌਜਵਾਨ ਪੀੜੀ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਸਮਾਜ ’ਚ ਫੈਲੀ ਇਸ ਕੁਰੀਤੀ ਦਾ ਖ਼ਾਤਮਾ ਕਰਨ ਲਈ ਲੋਕਾਂ ਨੂੰ ਇਸਦੇ ਮਾਰੂ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ। ਇਸ ਮੌਕੇ ਉਕਤ ਕਾਲਜਾਂ ’ਚ ਸ਼ਹੀਦ ਭਗਤ ਸਿੰਘ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ’ਤੇ ਯਾਦ ਕਰਦੇ ਹੋਏ ਕਿਹਾ ਕਿ ਉਹ ਵੀ ਇਕ ਨੌਜਵਾਨ ਸੀ ਜਿਸਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਤੇ ਇਕ ਅੱਜ ਦੇ ਨੌਜਵਾਨ ਹਨ ਜੋ ਨਸ਼ਿਆ ਲਈ ਆਪਣੀ ਜ਼ਿੰਦਗੀ ਅਤੇ ਦੇਸ਼ ਦੇ ਭਵਿੱਖ ਨੂੰ ਬਰਬਾਦ ਕਰ ਰਹੇ ਹਨ। ਇਸ ਮੌਕੇ ਉਕਤ ਕਾਲਜਾਂ ਦੇ ਪ੍ਰਿੰਸੀਪਲਾਂ ਨੇ ਸ਼ਹੀਦ ਭਗਤ ਸਿੰਘ, ਸੁਖਦੇਵ ਸਿੰਘ ਅਤੇ ਰਾਜਗੁਰੂ ਨੂੰ ਫੁੱਲ-ਮਾਲਾਵਾਂ ਭੇਂਟ ਕਰਕੇ ਸ਼ਰਧਾਜ਼ਲੀ ਵੀ ਦਿੱਤੀ।