Thursday, July 3, 2025
Breaking News

ਮਾਰਕਫੈਡ ਨੇ ਖਰੀਦੀ ਕਣਕ ਨੂੰ 10 ਸਾਲ ਪੁਰਾਣੇ ਬਾਰਦਾਨੇ `ਚ ਭਰ ਕੇ ਲਾਇਆ ਲੱਖਾਂ ਦਾ ਚੂਨਾ

ਐਸ.ਡੀ.ਐਮ ਵਲੋਂ ਏ.ਐਫ.ਐਸ.ਓ ਨੂੰ ਜਾਂਚ ਦੇ ਆਦੇਸ਼

PPN0805201806 ਧੂਰੀ, 8 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਅਨਾਜ ਮੰਡੀ ਵਿਖੇ ਸਾਲ 2018-19 ਦੌਰਾਨ ਪੰਜਾਬ ਸਰਕਾਰ ਦੀ ਮਾਰਕਫੈਡ ਏਜੰਸੀ ਵੱਲੋਂ ਖਰੀਦੀ ਗਈ ਕਣਕ ਨੂੰ ਤਕਰੀਬਨ 10 ਸਾਲ ਪੁਰਾਣੇ ਬਾਰਦਾਨੇ ਵਿੱਚ ਭਰ ਕੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਵਲੋਂ ਸਰਕਾਰ ਨੂੰ ਲੱਖਾਂ ਰੂਪੈ ਦਾ ਚੂਨਾ ਲਗਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਜ ਪੱਤਰਕਾਰਾਂ ਦੀ ਟੀਮ ਨੇ ਅਨਾਜ ਮੰਡੀ ਧੂਰੀ ਦਾ ਦੌਰਾ ਕਰਨ `ਤੇ ਵੇਖਿਆ ਕਿ ਵੱਖ-ਵੱਖ ਆੜਤੀਆਂ ਦੇ ਫੜਾਂ ਉਪਰ ਮਾਰਕਫੈਡ ਵੱਲੋਂ ਖਰੀਦੀ ਗਈ ਕਣਕ ਪੁਰਾਣੇ ਬਾਰਦਾਨੇ ਵਿੱਚ ਭਰੀ ਹੋਈ ਪਈ ਸੀ ਅਤੇ ਉਸ ਕਣਕ ਨੂੰ ਟਰੱਕਾਂ ਵਿੱਚ ਲੋਡ ਕੀਤਾ ਜਾ ਰਿਹਾ ਸੀ।ਭਰੀਆਂ ਹੋਈਆਂ ਬੋਰੀਆਂ ਉੱਪਰ ਸਾਲ 2008-09, 2010-11, 2015-16, 2017-18 ਸਾਲ ਛਪਿਆ ਹੋਇਆ ਸੀ ਅਤੇ ਬਾਰਦਾਨੇ ਦੀ ਸ਼ਕਲ ਤੋਂ ਸਾਫ ਪਤਾ ਲੱਗਦਾ ਸੀ ਕਿ ਇਹ ਬਾਰਦਾਨਾ ਪਹਿਲਾਂ ਵੀ ਵਰਤਿਆ ਹੋਇਆ ਹੈ।ਜਦੋਂਕਿ ਨਿਯਮਾਂ ਮੁਤਾਬਿਕ ਸਰਕਾਰ ਵੱਲੋਂ ਇਸ ਭਰਤੀ ਲਈ ਵੱਖ-ਵੱਖ ਖਰੀਦ ਏਜੰਸੀਆਂ ਨੂੰ ਸਾਲ 2018-19 ਵਾਲਾ ਬਾਰਦਾਨਾ ਜਾਰੀ ਕੀਤਾ ਜਾ ਚੁੱਕਾ ਹੈ।
ਇਸ ਸਬੰਧੀ ਜਦੋਂ ਐਸ.ਡੀ.ਐਮ ਧੂਰੀ ਅਮਰੇਸ਼ਵਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਆ ਚੁੱਕਾ ਹੈ ਅਤੇ ਇਸ ਸਬੰਧੀ ਏ.ਐਫ.ਐਸ.ਓ ਧੂਰੀ ਰਾਜਨ ਗੁਪਤਾ ਅਤੇ ਤਹਿਸੀਲਦਾਰ ਧੂਰੀ ਗੁਰਜੀਤ ਸਿੰਘ ਨੂੰ ਪੜਤਾਲ ਕਰਕੇ ਰਿਪੋਰਟ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ ਅਤੇ ਰਿਪੋਰਟ ਸਾਹਮਣੇ ਆਉਣ `ਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖ ਦਿੱਤਾ ਜਾਵੇਗਾ।PPN0805201807
 ਡੀ.ਐਫ.ਐਸ.ਓ ਸ਼੍ਰੀਮਤੀ ਡਾ. ਰਵਿੰਦਰ ਕੌਰ ਨੇ ਫੋਨ `ਤੇ ਗੱਲ ਕਰਦਿਆਂ ਕਿਹਾ ਕਿ ਉਹ ਕੋਰਟ ਕੇਸ ਦੇ ਰੁਝੇਵੇਂ ਵਿੱਚ ਗਏ ਹੋਏ ਹਨ, ਪ੍ਰੰਤੂ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਅਤੇ ਇਸ ਦੀ ਪੜਤਾਲ ਕਰਵਾਈ ਜਾ ਰਹੀ ਹੈ।ਇਸ ਕੇਸ ਦੇ ਇੰਨਕੁਆਰੀ ਅਫਸਰ ਰਾਜਨ ਗੁਪਤਾ ਨੇ ਦੱਸਿਆ ਕਿ ਉਹ ਖੁਦ ਅਤੇ ਇੰਚਾਰਜ ਇੰਸਪੈਕਟਰ ਧਨਵੰਤ ਸਿੰਘ ਇਸ ਮਾਮਲੇ ਦੀ ਪੜਤਾਲ ਕਰ ਰਹੇ ਹਨ।ਉਹਨਾਂ ਅਨਾਜ ਮੰਡੀ ਧੂਰੀ ਵਿਖੇ ਪੁਰਾਣੇ ਬਾਰਦਾਨੇ ਵਿੱਚ ਭਰੀ ਹੋਈ ਕਣਕ ਦੀ ਗੱਲ ਕਬੂਲਦਿਆਂ ਕਿਹਾ ਕਿ ਉਹਨਾਂ ਨੇ ਅੱਜ ਮੌਕਾ `ਤੇ ਜਾ ਕੇ ਦੇਖਿਆ ਹੈ ਕਿ 2008-09, 2010-11, 2015-16, 2017-18 ਦੇ ਪੁਰਾਣੇ ਅਤੇ ਵਰਤੇ ਹੋਏ ਬਾਰਦਾਨੇ ਵਿੱਚ ਵੱਖ-ਵੱਖ ਆੜਤੀਆਂ ਦੇ ਫੜਾਂ ਉੱਪਰ ਕਣਕ ਭਰੀ ਹੋਈ ਸੀ, ਜੋ ਕਿ ਕਾਨੂੰਨੀ ਤੌਰ `ਤੇ ਪੂਰੀ ਤਰਾਂ੍ਹ ਗਲਤ ਹੈ।ਉਹਨਾਂ ਦੱਸਿਆ ਕਿ ਉਹ ਇਸ ਸਬੰਧੀ ਸਬੰਧਤ ਆੜਤੀਆਂ ਵਲੋਂ ਮਾਰਕਫੈਡ ਪਾਸੋਂ ਪ੍ਰਾਪਤ ਹੋਏ ਬਾਰਦਾਨੇ ਦੀ ਲਿਸਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਆਪਣੀ ਰਿਪੋਰਟ ਬਣਾ ਕੇ ਭੇਜ ਦੇਣਗੇ।
ਨਿਯਮਾਂ ਮੁਤਾਬਿਕ ਪੁਰਾਣੇ ਬਾਰਦਾਨੇ ਵਿੱਚ ਨਹੀਂ ਭਰਿਆ ਜਾ ਸਕਦਾ ਨਵਾਂ ਮਾਲ – ਗੁਪਤਾ
ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਖਰੀਦ ਏਜੰਸੀ ਪਾਸ ਬਾਰਦਾਨੇ ਦੀ ਘਾਟ ਹੋਵੇ ਤਾਂ ਉਹ ਏਜੰਸੀ ਉੱਚ ਅਧਿਕਾਰੀਆਂ ਤੋਂ ਪ੍ਰਵਾਨਗੀ ਲੈ ਕੇ ਸਿਰਫ ਇੱਕ ਸਾਲ ਪੁਰਾਣਾ ਬਾਰਦਾਨਾ ਵਰਤ ਸਕਦੀ ਹੈ।ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਗਤਾਰ ਸਿੰਘ ਨੇ ਪੱਤਰਕਾਰਾਂ ਦੀ ਟੀਮ ਨਾਲ ਗੱਲਬਾਤ ਕਰਦਿਆਂ ਇਸ ਕਾਰਵਾਈ ਨੂੰ ਮੰਦਭਾਗੀ ਘਟਨਾ ਦੱਸਦਿਆਂ ਕਿਹਾ ਕਿ ਉਹ ਸਾਲ 2015 ਤੋਂ ਅਨਾਜ ਮੰਡੀ ਧੂਰੀ ਦੇ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਹਨ ਅਤੇੇ ਕਦੇ ਵੀ ਅਜਿਹਾ ਮਾਮਲਾ ਸਾਹਮਣੇ ਨਹੀਂ ਆਇਆ।ਉਹਨਾਂ ਕਿਹਾ ਕਿ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਉਣ `ਤੇ ਇਸ ਦਾ ਦੋਸ਼ ਆੜਤੀਆਂ ਦੇ ਸਿਰ ਵੀ ਲੱਗ ਜਾਂਦਾ ਹੈ, ਜਦੋਂਕਿ ਅਸਲ ਹਕੀਕਤ ਇਹ ਹੈ ਕਿ ਜੋ ਬਾਰਦਾਨਾ ਮਾਰਕਫੈਡ ਵੱਲੋਂ ਦਿੱਤਾ ਗਿਆ, ਆੜਤੀਆਂ ਵੱਲੋਂ ਉਸੇ ਬਾਰਦਾਨੇ ਵਿੱਚ ਕਣਕ ਭਰੀ ਗਈ ਹੈ।ਉਧਰ ਅਨਾਜ ਮੰਡੀ ਧੂਰੀ ਵਿੱਚੋਂ ਕਣਕ ਦੀ ਢੁਆਈ ਕਰਨ ਵਾਲੇ ਠੇਕੇਦਾਰ ਲਖਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਟਰੱਕ ਅਪਰੇਟਰਾਂ ਵੱਲੋਂ ਜੋ ਪੁਰਾਣੇ ਬਾਰਦਾਨੇ ਵਿੱਚ ਭਰੀ ਹੋਈ ਕਣਕ ਟਰੱਕਾਂ ਵਿੱਚ ਲੋਡ ਕੀਤੀ ਗਈ ਸੀ, ਦੇ ਕਰੀਬ 20 ਟਰੱਕ ਐਫ.ਸੀ.ਆਈ ਵੱਲੋਂ ਇਹ ਕਹਿ ਕੇ ਉਤਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਕਿ ਇਸ ਮਾਲ ਨੂੰ ਪੁਰਾਣਾ ਬਾਰਦਾਨਾ ਲੱਗਾ ਹੈ, ਜੋ ਕਿ ਸਰਕਾਰ ਦੇ ਮਾਪਦੰਡਾਂ ਅਨੁਸਾਰ ਸਹੀ ਨਹੀਂ ਹੈ।ਉਹਨਾਂ ਦੱਸਿਆ ਕਿ ਇਸ ਤਰਾਂ੍ਹ ਟਰੱਕ ਆਪਰੇਟਰਾਂ ਨੂੰ ਕਾਫੀ ਪਰੇਸ਼ਾਨੀ ਹੋਈ ਹੈ ਅਤੇ ਸਾਡਾ ਕਾਫੀ ਮਾਲੀ ਨੁਕਸਾਨ ਵੀ ਹੋਇਆ ਹੈ।
ਸਾਬਕਾ ਅਕਾਲੀ ਮੰਤਰੀ ਅਤੇ ਮੌਜੂਦਾ ਟਰੱਕ ਆਪਰੇਟਰ ਸੁਰਿੰਦਰ ਸਿੰਘ ਧੂਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਇਸ ਮਾਮਲੇ ਦੀ ਜਾਂਚ ਕੋਈ ਇਮਾਨਦਾਰ ਉੱਚ ਪ੍ਰਸ਼ਾਸਨਿਕ ਅਧਿਕਾਰੀ ਕਰੇ ਤਾਂ ਇਸ ਮਾਮਲੇ ਵਿੱਚ ਮਾਰਕਫੈਡ ਦੇ ਕਈ ਹੋਰ ਵੱਡੇ ਅਧਿਕਾਰੀਆਂ ਦੇ ਚਿਹਰੇ ਵੀ ਨੰਗੇ ਹੋਣਗੇ ਅਤੇ ਇਸ ਸਕੈਂਡਲ ਵਿੱਚ ਸਰਕਾਰ ਨੂੰ ਕਰੋੜਾਂ ਦਾ ਚੂਨਾ ਲੱਗਿਆ ਹੋ ਸਕਦਾ ਹੈ। ਧੂਰੀ ਵਿਖੇ ਮਾਰਕਫੈਡ ਦੇ ਮੈਨੇਜਰ ਮਹਿੰਦਰ ਸਿੰਘ ਨਾਲ ਇਸ ਮਾਮਲੇ ਸਬੰਧੀ ਗੱਲਬਾਤ ਕਰਨ ਲਈ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਆਪਣਾ ਫੋਨ ਨਹੀਂ ਚੁੱਕਿਆ।ਇਹ ਵੀ ਜ਼ਿਕਰਯੋਗ ਹੈ ਕਿ ਐਸ.ਡੀ.ਐਮ ਧੂਰੀ ਦੇ ਹੁਕਮਾਂ ਅਨੁਸਾਰ ਉਹਨਾਂ ਨੂੰ ਤਹਿਸੀਲਦਾਰ ਧੂਰੀ ਦੇ ਦਫਤਰ ਵਿਖੇ ਮਾਮਲੇ ਦਾ ਸਪਸ਼ੱਟੀਕਰਨ ਦੇਣ ਸਬੰਧੀ ਬੁਲਾਇਆ ਗਿਆ ਸੀ, ਪ੍ਰੰਤੂ ਉਹ ਨਹੀਂ ਪੁੱਜੇ।ਇਸੇ ਤਰਾਂ੍ਹ ਇਸ ਮਾਮਲੇ ਦੀ ਪੜਤਾਲ ਕਰ ਰਹੇ ਏ.ਐਫ.ਐਸ.ਓ ਰਾਜਨ ਗੁਪਤਾ ਨੇ ਕਿਹਾ ਕਿ ਉਹਨਾਂ ਦਾ ਮਹਿੰਦਰ ਸਿੰਘ ਨਾਲ ਅਜੇ ਤੱਕ ਸੰਪਰਕ ਨਹੀਂ ਹੋਇਆ ਹੈ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply