ਅੰਮ੍ਰਿਤਸਰ, 27 ਮਈ (ਪੰਜਾਬ ਪੋਸਟ – ਮਨਜੀਤ ਸਿੰਘ) – ਸਿੱਖਿਆ ਮੰਤਰੀ ਸ੍ਰੀ ਓ.ਪੀ ਸੋਨੀ ਨੇ ਪੰਜਾਬ ਦੇ ਸਕੂਲਾਂ ਵਿਚ ਤਾਇਨਾਤ ਕਲਰਕਾਂ ਨਾਲ 2 ਜੂਨ ਤੋਂ ਬਾਅਦ ਮੀਟਿੰਗ ਕਰਨ ਦਾ ਫੈਸਲਾ ਦਿੰਦੇ ਕਿਹਾ ਹੈ ਕਿ ਇੰਨਾਂ ਦੀ ਹਰ ਜਾਇਜ਼ ਮੰਗ ਮੰਨੀ ਜਾਵੇਗੀ।ਪੰਜਾਬ ਸਿੱਖਿਆ ਵਿਭਾਗ ਮਨਿਸਟਰੀਅਲ ਸਟਾਫ ਯੂਨੀਅਨ ਦੇ ਵਫ਼ਦ ਨਾਲ ਮੀਟਿੰਗ ਦੌਰਾਨ ਸ੍ਰੀ ਸੋਨੀ ਨੇ ਕਿਹਾ ਕਿ ਕਲਰਕ ਸਿੱਖਿਆ ਢਾਂਚੇ ਦੀ ਰੀੜ ਦੀ ਹੱਡੀ ਹਨ ਅਤੇ ਇਨਾਂ ਦੀਆਂ ਜਾਇਜ਼ ਮੰਗਾਂ ਮੰਨਣਾ ਵਿਭਾਗ ਦਾ ਫਰਜ਼ ਹੈ।ਉਨਾਂ ਵਫਦ ਨੂੰ ਭਰੋਸਾ ਦਿੱਤਾ ਕਿ ਉਹ 2 ਜੂਨ ਤੋਂ ਬਾਅਦ ਯੂਨੀਅਨ ਨਾਲ ਵਿਸਥਾਰਤ ਮੀਟਿੰਗ ਕਰਨਗੇ, ਜਿਸ ਵਿਚ ਹਰੇਕ ਮੰਗ ’ਤੇ ਵਿਚਾਰ ਕੀਤਾ ਜਾਵੇਗਾ।ਦੱਸਣਯੋਗ ਹੈ ਕਿ ਅੱਜ ਯੂਨੀਅਨ ਦਾ ਵਫਦ ਪ੍ਰਧਾਨ ਪਰਮਜੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਸਿੱਖਿਆ ਮੰਤਰੀ ਨੂੰ ਉਨਾਂ ਦੇ ਨਿਵਾਸ ਵਿਖੇ ਮਿਲਿਆ ਸੀ, ਜਿਸ ਵਿਚ ਉਨਾਂ ਡਿਊਟੀ ਦੌਰਾਨ ਆ ਰਹੀਆਂ ਦਿੱਕਤਾਂ ਤੋਂ ਸਿੱਖਿਆ ਮੰਤਰੀ ਨੂੰ ਜਾਣੂੰ ਕਰਵਾਇਆ।