ਜਲੰਧਰ, 29 ਜੂਨ (ਪੰਜਾਬ ਪੋਸਟ ਬਿਊਰੋ) – ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਨੂੰ ਲਿਖੇ ਵੱਖ-ਵੱਖ ਪੱਤਰਾਂ ਰਾਹੀਂ ਮੰਗ ਕੀਤੀ ਹੈ ਕਿ ਅਮਰੀਕਾ ਨੂੰ ਜਾਂਦਿਆਂ ਰਸਤੇ ਵਿੱਚ ਗੁੰਮ ਹੋਏ 6 ਪੰਜਾਬੀ ਨੌਜਵਾਨਾਂ ਦੇ ਪੀੜਤ ਪਰਿਵਾਰਾਂ ਦੀ ਸਾਰ ਲੈਣ ਲਈ ਤੁਰੰਤ ਆਪਣਾ ਫ਼ਰਜ਼ ਨਿਭਾਉਣ ਲਈ ਅੱਗੇ ਆਉਣ।ਚਾਹਲ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਡੀ.ਜੀ.ਪੀ ਪੰਜਾਬ ਨੂੰ ਇਹ ਚਿੱਠੀਆਂ ਉਸ ਵਕਤ ਲਿਖੀਆਂ ਜਦੋਂ ਗੁੰਮ ਹੋਏ ਇਨ੍ਹਾਂ ਨੌਜਵਾਨਾਂ ਦੇ ਪੀੜਤ ਪਰਿਵਾਰ ਉਨ੍ਹਾਂ ਕੋਲ ਆਪਣਾ ਦੁਖੜਾ ਦੱਸਣ ਲਈ ਨਾਪਾ ਦੇ ਜਲੰਧਰ ਸਥਿਤ ਦਫ਼ਤਰ ਵਿੱਚ ਆਏ। ਚਾਹਲ ਨੇ ਕਿਹਾ ਕਿ ਇਨ੍ਹਾਂ ਗੁੰਮ ਹੋਏ ਨੌਜਵਾਨਾਂ ਦਾ ਜਦ ਤੱਕ ਕੋਈ ਥਹੁ-ਪਤਾ ਨਹੀਂ ਲੱਗਦਾ ਉਦੋਂ ਤੱਕ ਉਨ੍ਹਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਭੇਜਣ ਲਈ ਜ਼ਿੰਮੇਵਾਰ ਟਰੈਵਲ ਏਜੰਟਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਦੀਆਂ ਸਲਾਖ਼ਾਂ ਪਿੱਛੇ ਭੇਜਿਆ ਜਾਵੇ।ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਪੰਜਾਬ ਵਿੱਚ ਗੈਰ ਕਾਨੂੰਨੀ ਮਨੁੱਖੀ ਤਸਕਰੀ ਦਾ ਧੰਦਾ ਦਿਨੋਂ-ਦਿਨ ਜ਼ੋਰ ਫੜਦਾ ਜਾ ਰਿਹਾ ਹੈ, ਪਰ ਸਰਕਾਰ ਤੇ ਸੁਰੱਖਿਆ ਏਜੰਸੀਆਂ ਇਸ ਧੰਦੇ ਨੂੰ ਰੋਕਣ ਦੀ ਬਜਾਏ ਮੂਕ-ਦਰਸ਼ਕ ਬਣੀਆਂ ਬੈਠੀਆਂ ਹਨ।ਚਾਹਲ ਨੇ ਕਿਹਾ ਕਿ ਪੰਜਾਬ ਵਿੱਚ ਗੈਰ ਕਾਨੂੰਨੀ ਮਨੁੱਖੀ ਤਸਕਰੀ ਨੂੰ ਰੋਕਣ ਲਈ ਬਹੁਤ ਸਾਰੇ ਕਾਨੂੰਨ ਤਾਂ ਬਣੇ ਹੋਏ ਹਨ ਪਰ ਸਰਕਾਰ ਤੇ ਸੁਰੱਖਿਆ ਏਜੰਸੀਆਂ ਵਿੱਚ ਇਸ ਨੂੰ ਰੋਕਣ ਦੀ ਇੱਛਾ ਸ਼ਕਤੀ ਦੀ ਬਹੁਤ ਘਾਟ ਹੈ ਜਿਸ ਕਾਰਨ ਗੈਰ-ਮਨੁੱਖੀ ਤਸਕਰੀ ਦਾ ਕਾਰੋਬਾਰ ਦਿਨੋਂ-ਦਿਨ ਜ਼ੋਰ ਫੜਦਾ ਜਾ ਰਿਹਾ ਹੈ। ਅੰਤ ਵਿੱਚ ਚਾਹਲ ਨੇ ਪੁਰਜ਼ੋਰ ਸ਼ਬਦਾਂ ਰਾਹੀਂ ਮੰਗ ਕੀਤੀ ਕਿ ਇਨ੍ਹਾਂ ਗੁੰਮਸ਼ੁਦਾ ਨੌਜਵਾਨਾਂ ਦਾ ਥਹੁ ਪਤਾ ਲਗਾਉਣ ਲਈ ਜ਼ਿੰਮੇਵਾਰ ਟਰੈਵਲ ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।ਉਨ੍ਹਾਂ ਦੱਸਿਆ ਕਿ ਉਹ ਆਪ ਖ਼ੁਦ ਵੀ ਅਮਰੀਕਾ ਬਾਰਡਰ ਦੇ ਨਜਦੀਕ ਟਾਪੂ ਦੀ ਰਾਇਲ ਪੁਲਿਸ ਆਫ਼ ਗਰੈਂਡ ਬਹਾਮਸ ਦੇ ਉਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਇਨ੍ਹਾਂ ਗੁੰਮ ਹੋਏ ਨੌਜਵਾਨਾਂ ਬਾਰੇ ਪਤਾ ਲਾਉਣ ਦਾ ਯਤਨ ਕਰ ਰਹੇ ਹਨ।ਜੇ ਲੋੜ ਪਾਈ ਤਾਂ ਉਹ ਨਿੱਜੀ ਤੌਰ `ਤੇ ਰੋਇਲ ਪੁਲਿਸ ਆਫ਼ ਗ੍ਰੈਂਡ ਬਹਾਮਸ ਅਧਿਕਾਰੀਆਂ ਨੂੰ ਮਿਲਣ ਲਈ ਗਰੈਂਡ ਬਹਾਮਸ ਜਾਣਗੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …