ਪਠਾਨਕੋਟ, 2 ਜੁਲਾਈ (ਪੰਜਾਬ ਪੋਸਟ ਬਿਊਰੋ) – `ਮਿਸ਼ਨ ਤੰਦਰੁਸਤ ਪੰਜਾਬ` ਤਹਿਤ ਖਪਤਕਾਰਾਂ ਨੂੰ ਸ਼ੁੱਧ ਭੋਜਨ ਅਤੇ ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਉਪਲਬਧ ਕਰਵਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਤਹਿਤ ਬਲਾਕ ਨਰੋਟ ਜੈਮਲ ਸਿੰਘ ਦੇ ਖੇਤੀ ਸਮੱਗਰੀ ਵਿਕ੍ਰੇਤਾਵਾਂ ਦਾ ਡਾ. ਪ੍ਰਿਤਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਵੱਲੋਂ ਅਚਨਚੇਤ ਨਿਰੀਖਣ ਕੀਤਾ ਗਿਆ।ਉਨ੍ਹਾਂ ਦੇ ਨਾਲ ਡਾ.ਅਰਜਨ ਸਿੰਘ ਖੇਤੀਬਾੜੀ ਵਿਕਾਸ ਅਫਸਰ, ਦੇਵ ਰਾਜ ਖੇਤੀ ਉਪ ਨਿਰੀਖਕ ਹਾਜ਼ਰ ਸਨ।
ਗੱਲਬਾਤ ਕਰਦਿਆਂ ਡਾ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਮ ਨਾਗਰਿਕਾਂ ਦੀ ਤੰਦਰੁਸਤੀ ਲਈ `ਮਿਸ਼ਨ ਤੰਦਰੁਸਤ ਪੰਜਾਬ` ਸ਼ੁਰੂ ਕੀਤਾ ਗਿਆ ਹੈ।ਉਨ੍ਹਾ ਕਿਹਾ ਕਿ ਇਸ ਮੁਹਿੰਮ ਤਹਿਤ ਖੇਤੀ ਸਮੱਗਰੀ ਵਿਕ੍ਰੇਤਾਵਾਂ ਨੂੰ ਸ਼ੁੱਧ ਖੇਤੀ ਸਮੱਗਰੀ ਵੇਚਣ ਲਈ ਉਤਸਾਹਿਤ ਕੀਤਾ ਜਾ ਰਿਹਾ ਹੈ।ਉਨ੍ਹਾ ਕਿਹਾ ਕਿ ਫਸਲਾਂ ਉਪਰ ਹਮੇਸ਼ਾਂ ਸਿਫਾਰਸ਼ਸ਼ੁਦਾ ਕੀਟਨਾਸ਼ਕਾਂ ਦੀ ਸਹੀ ਮਿਕਦਾਰ ਹੀ ਵਰਤਣੀ ਚਾਹੀਦੀ ਹੈ।ਉਨ੍ਹਾ ਕਿਹਾ ਕਿ ਸਿਫਾਰਸ਼ ਨਾਲੋਂ ਵਧੇਰੇ ਕੀਟਨਾਸ਼ਕ ਜਾਂ ਰਸਾਇਣਕ ਖਾਦਾਂ ਵਰਤਣ ਨਾਲ ਜਿਥੇ ਕੀੜਿਆਂ ਵਿੱਚ ਪ੍ਰਤੀਰੋਧਕ ਸ਼ਕਤੀ ਦਾ ਵਾਧਾ ਹੁੰਦਾ ਹੈ ਉਥੇ ਭੋਜਨ ਵੀ ਪ੍ਰਦੂਸ਼ਿਤ ਹੁੰਦਾ ਹੈ।ਉਨ੍ਹਾ ਕਿਹਾ ਕਿ ਕਿਸਾਨ ਆਮ ਕਰਕੇ ਖੇਤੀ ਵਿਕ੍ਰੇਤਾਵਾਂ ਕੋਲੋਂ ਸਲਾਹ ਲੈਂਦੇ ਹਨ, ਇਸ ਲਈ ਖੇਤੀ ਸਮੱਗਰੀ ਵਿਕ੍ਰੇਤਾਵਾਂ ਦਾ ਵੱਖਰਾ ਵਟਸਐਪ ਸਮੂਹ ਬਣਾ ਕੇ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾ ਖਾਦ, ਬੀਜ ਅਤੇ ਕੀਟਨਾਸ਼ਕ ਰਸਾਇਣਾਂ ਦੀ ਵਿਕਰੀ ਨਾਲ ਸੰਬੰਧਤ ਦਸਤਾਵੇਜਾਂ ਦੀ ਚੈਕਿੰਗ ਕੀਤੀ ਅਤੇ ਜਿੰਨਾਂ ਡੀਲਰਾਂ ਦੀਆਂ ਊਣਤਾਈਆਂ ਪਾਈਆਂ ਗਈਆਂ, ਉਨ੍ਹਾ ਨੂੰ ਨੋਟਸਿ ਜਾਰੀ ਕਰਕੇ ਕਾਗਜ਼ਾਤ ਦਰੁੱਸਤ ਕਰਨ ਦੀ ਹਦਾਇਤ ਕੀਤੀ ਅਤੇ ਚਿਤਾਵਨੀ ਵੀ ਦਿੱਤੀ ਜੇਕਰ ਕੋਈ ਦੁਕਾਨਦਾਰ ਬਗੈਰ ਬਿੱਲ ਤੋਂ ਖਾਦ, ਦਵਾਈ ਜਾਂ ਬੀਜ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਖਾਦ, ਕੀਟਨਾਸ਼ਕ ਰਸਾਇਣ ਜਾਂ ਬੀਜ ਖ੍ਰੀਦਣ ਸਮੇਂ ਦੁਕਾਨਦਾਰ ਤੋਂ ਬਿੱਲ ਜ਼ਰੂਰ ਲੈਣ ਅਤੇ ਜੇਕਰ ਕੋਈ ਡੀਲਰ ਬਿੱਲ ਦੇਣ ਤੋਂ ਇਨਕਾਰੀ ਹੁੰਦਾ ਹੈ ਤਾਂ ਉਸ ਦੀ ਲਿਖਤੀ ਤੌਰ ਤੇ ਸ਼ਿਕਾਇਤ ਸੰਬੰਧਤ ਖੇਤੀਬਾੜੀ ਅਧਿਕਾਰੀ ਜਾਂ ਮੁੱਖ ਖੇਤੀਬਾੜੀ ਅਫਸਰ ਨੂੰ ਕਰਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …