ਦੇਸ਼ ਦੀ ਭ੍ਰਿਸ਼ਟ ਪ੍ਰਣਾਲੀ ਤੋਂ ਅੱਕੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਦੀ ਵਿਦਿਆਰਥਣ ਤੇ ਜਿਮਨਾਸਟਿਕ ਦੀ ਕੌਮੀ ਖਿਡਾਰਨ ਸਿਮਰਨਜੋਤ ਕੌਰ ਨੇ ਬੀ.ਏ.ਐਲ.ਐਲ.ਬੀ ਦੇ ਦੂਸਰਾ ਸਾਲ ਦੇ ਤੀਸਰੇ ਸਮੈਸਟਰ ਵਿੱਚ ਹੀ ਇੱਕ ਪਹੁੰਚੀ ਵਕੀਲ ਬਣਨ ਤੋਂ ਇਲਾਵਾ ਇਨਸਾਫ ਪਸੰਦ ਜੱਜ ਬਣਨ ਦੀ ਇੱਛਾ ਵੀ ਜਾਹਿਰ ਕੀਤੀ ਹੈ।
27 ਨਵੰਬਰ 1998 ਨੂੰ ਮਾਤਾ ਜਸਪਾਲ ਕੌਰ ਦੀ ਕੁੱਖੋਂ ਪਿਤਾ ਸਤਪਾਲ ਸਿੰਘ ਦੇ ਵਿਹੜੇ ਦੀ ਰੌਣਕ ਬਣੀ ਸਿਮਰਨਜੋਤ ਨੂੰ ਵੈਸੇ ਤਾਂ ਬਚਪਨ ਵੇਲੇ ਹੀ ਜਿੱਥੇ ਪੜ੍ਹਣ ਦਾ ਸ਼ੌਂਕ ਸੀ ਉੱਥੇ ਇੱਕ ਵਧੀਆ ਖਿਡਾਰੀ ਬਣਨ ਦਾ ਵੀ ਚਾਹ ਸੀ। ਉਸ ਨੇ ਕਈ ਜ਼ਿਲ੍ਹਾ ਤੇ ਸੂਬਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਆਪਣੀ ਖੇਡ ਦਾ ਲੋਹਾ ਮਨਵਾਇਆ।ਸਿਮਰਨਜੋਤ ਨੇ ਜਿਥੇ ਸੰਨ 2016 ਦੇ ਵਿੱਚ ਹੈਦਰਾਬਾਦ ਵਿਖੇ ਹੋਏ ਕੌਮੀ ਜਿਮਨਾਸਟਿਕ ਸਕੂਲ ਮੁਕਾਬਲੇ ਵਿੱਚ ਕਾਂਸੀ ਦਾ ਮੈਡਲ, 2016-2017 ਦੇ ਇੰਟਰ-ਕਾਲਜ ਮੁਕਾਬਲੇ ਵਿੱਚ 2 ਸਿਲਵਰ ਤੇ ਇੱਕ ਕਾਂਸੀ ਅਤੇ ਆਲ ਇੰਡੀਆ ਇੰਟਰਵਰਸਿਟੀ ਮੁਕਾਬਲੇ ਵਿੱਚ ਇੱਕ ਗੋਲਡ ਮੈਡਲ ਹਾਸਲ ਕੀਤਾ, ਉਥੇ 2017-2018 ਦੇ ਇੰਟਰ-ਕਾਲਜ ਮੁਕਾਬਲੇ ਵਿੱਚ ਇੱਕ ਗੋਲਡ ਤਿੰਨ ਸਿਲਵਰ ਤੇ ਦੋ ਕਾਂਸੀ ਦੇ ਮੈਡਲ ਅਤੇ ਆਲ ਇੰਡੀਆ ਇੰਟਰਵਰਸਿਟੀ ਮੁਕਾਬਲੇ ਵਿੱਚ ਇੱਕ ਕਾਂਸੀ ਦਾ ਮੈਡਲ ਹਾਸਲ ਕੀਤਾ।
ਕੋਚ ਨੀਤੂ ਬਾਲਾ ਦੀ ਸ਼ਾਗਿਰਦ ਸਿਮਰਨਜੋਤ ਨੇ ਜਿਮਨਾਸਟਿਕ ਵਿੱਚ 2017 ਦੀ ਸੀਨੀਅਰ ਸਟੇਟ ਪ੍ਰਤੀਯੋਗਤਾ ਵਿੱਚ ਇੱਕ ਗੋਲਡ ਤੇ ਇੱਕ ਸਿਲਵਰ ਅਤੇ ਸੰਨ 2018 ਦੀ ਸੀਨੀਅਰ ਨੈਸ਼ਨਲ ਪ੍ਰਤੀਯੋਗਤਾ ਵਿੱਚ 3 ਗੋਲਡ ਮੈਡਲ ਹਾਸਲ ਕਰਕੇ ਨਾਮਾਨ ਖੱਟਿਆ।ਹੁਣ ਉਹ ਕੌਮੀ, ਇੰਟਰਵਰਸਿਟੀ ਤੇ ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਅੱਵਲ ਰਹਿਣ ਲਈ ਜੀ.ਐਨ.ਡੀ.ਯੂ ਦੇ ਬਹੁ-ਮੰਤਵੀ ਇੰਡੋਰ ਸਟੇਡੀਅਮ ਵਿੱਖੇ ਕੋਚ ਨੀਤੂ ਬਾਲਾ ਦੀ ਦੇਖ-ਰੇਖ ਹੇਠ ਸਖਤ ਅਭਿਆਸ ਕਰ ਰਹੀ ਹੈ।
ਸਿਮਰਜੋਤ ਕੌਰ ਨੇ ਦੱਸਿਆ ਕਿ ਉਸ ਨੇ ਜੱਜ ਬਨਣ ਦਾ ਫੈਸਲਾ ਸਾਰੇ ਸਬੂਤ ਹੋਣ ਦੇ ਬਾਵਜੂਦ ਵੀ ਆਪਣਾ ਘਰੇਲੂ ਕੇਸ ਹਾਰ ਜਾਣ ਦੀ ਘਟਨਾ ਤੋਂ ਬਾਅਦ ਕੀਤਾ।ਉਸ ਦੇ ਮੁਤਾਬਿਕ ਜੁਡੀਸ਼ਲੀ ਖੇਤਰ ਦੇ ਵਿੱਚ ਵੀ ਸੱਭ ਕੁੱਝ ਅੱਛਾ ਨਹੀਂ ਹੈ।ਇਸ ਲਈ ਉਸ ਨੇ ਹਰੇਕ ਨੂੰ ਇਨਸਾਫ ਦੇਣ ਤੇ ਲੋਕ ਸੇਵਾ ਕਰਨ ਲਈ ਇਹ ਕਦਮ ਪੁੱਟਿਆ ਹੈ।ਇਸ ਮੰਤਵ ਦੀ ਪ੍ਰਾਪਤੀ ਲਈ ਉਸ ਦੇ ਸਹਿਯੋਗੀ ਖਿਡਾਰੀ ਤੇ ਵਿਦਿਆਰਥੀ ਉਸ ਨੂੰ ਸਮੇਂ-ਸਮੇਂ ਤੇ ਹੱਲਾਸ਼ੇਰੀ ਦਿੰਦੇ ਰਹਿੰਦੇ ਹਨ।
ਗੁਰਮੀਤ ਸਿੰਘ ਸੰਧੂ
ਅੰਮ੍ਰਿਤਸਰ।
ਮੋ – 98153 57499