ਅੰਮ੍ਰਿਤਸਰ, 12 ਜੁਲਾਈ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜਥੇਦਾਰ ਨੇ ਆਖਿਆ ਹੈ ਕਿ ਸਿੱਖ ਰਹਿਤ ਮਰਿਯਾਦਾ ਅਨੁਸਾਰ ਸੰਗਤਾਂ ਨੂੰ ਨਸ਼ਾ ਕੇਵਲ ਪ੍ਰਸ਼ਾਦੇ ਦਾ ਰੱਖਣ ਵਾਸਤੇ ਹੁਕਮ ਕੀਤਾ ਗਿਆ ਹੈ, ਪ੍ਰੰਤੂ ਅੱਜ ਪੰਜਾਬ ਨਸ਼ੇ ਦੀ ਦਲ-ਦਲ ਵਿਚ ਇਨ੍ਹਾਂ ਫਸ ਚੁੱਕਾ ਹੈ, ਜਿਸ ਲਈ ਹਰ ਪੰਥ ਦਰਦੀ ਚਿੰਤਾ ਵਿਚ ਹੈ।ਕੁੱਝ ਲੋਕਾਂ ਨੇ ਆਪਣਾ ਨਿਜੀ ਲਾਹਾ ਲੈਣ ਵਾਸਤੇ ਨਸ਼ੇ ਦਾ ਕਾਰੋਬਾਰ ਸ਼ੁਰੂ ਕੀਤਾ ਅਤੇ ਹੱਸਦੇ-ਵੱਸਦੇ ਪੰਜਾਬ ਦੀ ਨੌਜਵਾਨੀ ਨੂੰ ਇਸ ਨਸ਼ੇ ਦੀ ਭੱਠੀ ਵਿਚ ਝੋਕ ਦਿੱਤਾ।ਜਿਸ ਵਿਚ ਪੰਜਾਬ ਦੀ ਨੌਜਵਾਨੀ ਬੁਰੀ ਤਰ੍ਹਾਂ ਤਬਾਹ ਹੋ ਰਹੀ ਹੈ।ਇਸ ਨਸ਼ੇ ਦੀ ਅੱਗ ਨੂੰੰ ਬੁਝਾਉਣ ਲਈ ਪੰਜਾਬ ਸਰਕਾਰ, ਸ਼੍ਰੋਮਣੀ ਗੁ:ਪ੍ਰ: ਕਮੇਟੀ, ਸ਼੍ਰੋਮਣੀ ਅਕਾਲੀ ਦਲ, ਦਿੱਲੀ ਸਿੱਖ ਗੁ:ਪ੍ਰ: ਕਮੇਟੀ ਅਤੇ ਕਈ ਹੋਰ ਸੰਸਥਾਵਾਂ ਇਸ ਪ੍ਰਤੀ ਰਾਤ ਦਿਨ ਇੱਕ ਕਰਕੇ ਸਿਰਤੋੜ ਯਤਨ ਕਰ ਰਹੀਆਂ ਹਨ, ਪਰ ਫਿਰ ਵੀ ਅਜੇ ਤੱਕ ਇਸ ਨਸ਼ੇ ਨੂੰ ਠੱਲ ਨਹੀ ਪੈ ਰਹੀ।
ਜਥੇਦਾਰ ਨੇ ਕਿਹਾ ਕਿ ਸੰਗਤਾਂ ਇਸ ਨਸ਼ੇ ਨੂੰ ਰੋਕਣ ਦਾ ਕਿਸੇ `ਤੇ ਅਹਿਸਾਨ ਨਾ ਕਰਨ ਸਗੋਂ ਹਰ ਵਿਅਕਤੀ ਆਪਣਾ ਫਰਜ਼ ਸਮਝ ਕੇ ਆਪੋ ਆਪਣੇ ਪਰਿਵਾਰ, ਆਂਢ-ਗੁਆਂਢ, ਗਲੀ ਮੁਹੱਲਾ ਅਤੇ ਪਿੰਡ ਆਦਿ ਨੂੰ ਧਿਆਨ ਵਿਚ ਰੱਖ ਕੇ ਕੁਰਾਹੇ ਪਏ ਬੱਚੇ-ਬੱਚੀਆਂ ਨੂੰ ਨਸ਼ੇ ਦੀ ਦਲ-ਦਲ ਵਿਚੋਂ ਕੱਢਣ ਵਾਸਤੇ ਹਰ ਸੰਭਵ ਯਤਨ ਕਰਨ।ਇਸ ਵਿਚ ਪੰਜਾਬ ਸਰਕਾਰ ਵੀ ਸਖ਼ਤੀ ਵਰਤ ਕੇ ਨਸ਼ਿਆਂ ਦੇ ਸੌਦਾਗਰਾਂ ਨੂੰ ਭਾਵੇਂ ਉਹ ਕਿੰਨਾਂ ਵੀ ਵੱਡਾ ਵਿਅਕਤੀ ਜਾਂ ਅਫਸਰ ਹੋਵੇ, ਜੇਲਾਂ ਵਿਚ ਬੰਦ ਕਰੇ ਅਤੇ ਜੋ ਬੱਚੇ ਇਸ ਦਲ-ਦਲ ਵਿਚ ਫਸ ਚੁੱਕੇ ਹਨ ਉਹਨਾਂ ਦਾ ਫਰੀ ਇਲਾਜ ਕਰਨ ਦਾ ਇੰਤਜਾਮ ਕਰੇ।
ਗਿ. ਗੁਰਬਚਨ ਸਿੰਘ ਨੇ ਕਿਹਾ ਕਿ ਵਿਦਿਅਕ ਅਦਾਰੇ ਸਕੂਲ, ਕਾਲਜ, ਯੂਨੀਵਰਸਿਟੀਆਂ ਦਾ ਸਟਾਫ ਵੀ ਬੱਚਿਆਂ ਨਾਲ ਘੁਲ ਮਿਲ ਕੇ ਬੱਚੇ ਬੱਚੀਆਂ ਨੂੰ ਨਸ਼ੇ ਤੋਂ ਰਹਿਤ ਕਰਨ ਲਈ ਆਪਣਾ ਯੋਗਦਾਨ ਪਾਉਣ।ਖਾਸ ਕਰਕੇ ਡਾਕਟਰ ਅਤੇ ਇਲੈਕਟਰੋਨਿਕ ਤੇ ਪ੍ਰਿੰਟ ਮੀਡੀਆ ਇਸ ਨਾਜ਼ੁਕ ਸਮੇਂ ਵਿਚ ਆਪਣਾ-ਆਪਣਾ ਬਣਦਾ ਯੋਗਦਾਨ ਪਾਉਣ ਅਤੇ ਵੱਧ ਤੋਂ ਵੱਧ ਇਸ ਤਰ੍ਹਾਂ ਦੇ ਪ੍ਰੋਗਰਾਮ ਦੇਣ ਜਿਨ੍ਹਾਂ ਨਾਲ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਸੋਝੀ ਪ੍ਰਦਾਨ ਕੀਤੀ ਜਾਵੇ।ਸਟੇਜੀ ਕਲਾਕਾਰ ਵੀ ਐਸੇ ਸਭਿਆਚਾਰਕ ਗੀਤ ਗਾਉਣ ਜਿਸ ਨਾਲ ਬੱਚੇ ਆਪਣੇ ਆਪ ਹੀ ਨਸ਼ਿਆਂ ਤੋਂ ਦੂਰੀ ਬਣਾ ਕੇ ਰੱਖਣ ਨਾਂ ਕਿ ਪ੍ਰਭਾਵਤ ਹੋ ਕਿ ਨਸ਼ਿਆਂ ਵਿਚ ਗਲਤਾਨ ਹੋਣ।ਗੁਰਬਾਣੀ ਵਿਚ ਵੀ ਗੁਰੂ ਸਾਹਿਬਾਨਾਂ ਨੇ ਹਰ ਪ੍ਰਕਾਰ ਦੇ ਨਸ਼ੇ ਤੋਂ ਦੂਰ ਰਹਿਣ ਦੀ ਨਸੀਹਤ ਦਿੱਤੀ ਹੈ।ਇਸ ਲਈ ਹਰ ਵਿਅਕਤੀ ਆਪਣੇ-ਆਪਣੇ ਧਰਮ ਵਿਚ ਪ੍ਰਪੱਕ ਰਹਿ ਕੇ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਵਿਚ ਆਪਣਾ-ਆਪਣਾ ਯੋਗਦਾਨ ਪਾਉਣ।ਅਖੀਰ ਵਿਚ ਉਨਾਂ ਕਿਹਾ ਕਿ ਉਹ ਪੰਜਾਬ ਜਿਸ ਨੂੰ ਪ੍ਰੋ: ਪੂਰਨ ਸਿੰਘ ਨੇ ਕਿਹਾ ਸੀ ਕਿ “ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ” ਉਸ ਪੰਜਾਬ ਨੂੰ ਪਤਾ ਨਹੀਂ ਕਿਸ ਚੰਦਰੇ ਦੀ ਨਜ਼ਰ ਲੱਗ ਗਈ ਹੈ।ਆਓ ਅਸੀਂ ਸਾਰੇ ਰੱਲ ਮਿਲ ਕੇ ਨਸ਼ਿਆਂ ਉਪਰ ਠੱਲ ਪਾਉਣ ਲਈ ਆਪੋ ਆਪਣਾ ਯੋਗਦਾਨ ਪਾ ਕੇ ਪੰਜਾਬ ਨੂੰ ਪਵਿੱਤਰ ਧਰਤੀ ਵਜੋਂ ਉਭਾਰਣ ਦਾ ਯਤਨ ਕਰੀਏ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …