ਅੰਮ੍ਰਿਤਸਰ, 10 ਅਗਸਤ (ਪੰਜਾਬ ਪੋਸਟ ਬਿਊਰੋ) – ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਹੈ ਕਿ ਦਿਨੋਂ-ਦਿਨ ਸਿੱਖਾਂ ਉੱਪਰ ਭਾਵੇਂ ਦੇਸ਼ ਹੋਵੇ ਜਾ ਵਿਦੇਸ਼, ਕਦੀ ਸਿੱਖ ਪਹਿਲਵਾਨਾਂ ਨੂੰ ਕੁਸ਼ਤੀ ਨਹੀਂ ਕਰਨ ਦਿੱਤੀ ਜਾਂਦੀ, ਕਦੇ ਸਿੱਖ ਬੱਚਿਆਂ ਨੂੰ ਇਮਤਿਹਾਨਾ ਜਾਂ ਉੱਚ ਅਹੁੱਦਿਆਂ ਦੀ ਪ੍ਰੀਖਿਆ ਵਿਚ ਨਹੀਂ ਬੈਠਣ ਦਿੱਤਾ ਜਾਂਦਾ, ਉਹਨਾਂ ਦੇ ਕਕਾਰ ਲੁਹਾਏ ਜਾਂਦੇ ਹਨ ਅਤੇ ਭੱਦੀ ਸ਼ਬਦਾਵਲੀ ਬੋਲ ਕੇ ਉਹਨਾਂ ਨੂੰ ਜਲੀਲ ਕੀਤਾ ਜਾਂਦਾ ਹੈ।ਦਿੱਲੀ ਵਿਖੇ ਮਨਜੀਤ ਸਿੰਘ ਜੀ.ਕੇ (ਪ੍ਰਧਾਨ ਦਿੱਲੀ ਸਿੱਖ ਗੁ: ਪ੍ਰ: ਕਮੇਟੀ) ਵੱਲੋਂ ਜੋ 1984 ਦੀ ਹੋਈ ਸਿੱਖ ਨਸਲਕੁਸ਼ੀ ਦੇ ਸਬੰਧ ਵਿਚ ਲੜਾਈ ਲੜੀ ਜਾ ਰਹੀ ਹੈ, ਉਸ ਵਿਚ ਉਹਨਾਂ ਵੱਲੋਂ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਵਾਸਤੇ ਦੋਸ਼ੀਆਂ ਦੇ ਪੜਦੇ ਫਾਸ਼ ਕੀਤੇ ਜਾ ਰਹੇ ਹਨ।ਉਥੇ ਸਿੱਖਾਂ ਨੂੰ ਨਿਆ ਦਿਵਾਉਣ ਦੀ ਬਜਾਏ ਉਹਨਾਂ ਉਪਰ ਕੇਸ ਦਰਜ ਕੀਤੇ ਜਾ ਰਹੇ ਹਨ।ਹੁਣ ਪੁਲਿਸ ਵੱਲੋਂ ਪਟਿਆਲਾ ਦੇ ਸਨੌਰ ਕਸਬੇ ਵਿਚ ਅੰਮ੍ਰਿਤਧਾਰੀ ਬੱਚਿਆਂ ਦੀ ਇਤਨੀ ਕੁੱਟਮਾਰ ਕੀਤੀ ਗਈ ਕੇ ਬੱਚੇ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।ਜਿਥੇ ਅਜੇ ਉਸ ਕੋਲੋ ਬੋਲਿਆ ਵੀ ਨਹੀ ਜਾ ਰਿਹਾ ਅਤੇ ਸਾਰੇ ਸਰੀਰ ਉੱਪਰ ਕੁੱਟਮਾਰ ਦੇ ਨਿਸ਼ਾਨ ਪਏ ਹੋਏ ਹਨ।ਹਨੂਮਾਨਗੜ੍ਹ ਰਾਜਸਥਾਨ ਵਿਖੇ ਵੀ ਸਿੱਖ ਬੱਚਿਆਂ ਨੂੰ ਇਮਤਿਹਾਨ ਵਿਚ ਬੈਠਣ ਤੋਂ ਰੋਕਿਅ ਗਿਆ।
ਉਨਾਂ ਕਿਹਾ ਕੇ ਇਸ ਅਜਾਦ ਭਾਰਤ ਵਿਚ ਕਿਸ ਨੂੰ ਨਹੀਂ ਪਤਾ ਕੇ ਸਿੱਖ ਧਰਮ ਦੀਆਂ ਕੀ ਵਿਸ਼ੇਸ਼ਤਾਈਆਂ ਹਨ ਜਾਂ ਸਿੱਖੀ ਦੇ ਕੀ ਅਸੂਲ ਹਨ।ਇੰਜ ਲਗਦਾ ਹੈ ਕੇ ਸਿੱਖ ਅਜਾਦ ਭਾਰਤ ਵਿਚ ਵੀ ਅਜੇ ਅਜਾਦੀ ਦਾ ਨਿੱਘ ਨਹੀਂ ਮਾਣ ਰਹੇ।ਇਸੇ ਕਰਕੇ ਸਿੱਖਾਂ ਉਪਰ ਤਰ੍ਹਾਂ-ਤਰ੍ਹਾਂ ਦੇ ਤਸ਼ੱਦਦ ਹੋ ਰਹੇ ਹਨ।ਸਿੱਖਾਂ ਨੂੰ ਜਾਣਬੁੱਝ ਕੇ ਸ਼ਿਲੋਂਗ ਵਿਚ ਉਜਾੜੇ ਵੱਲ ਤੋਰਿਆ ਜਾ ਰਿਹਾ ਹੈ।ਇਸੇ ਤਰ੍ਹਾਂ ਦੀ ਘਟਨਾ ਮੁੰਬਈ ਸ਼ਹਿਰ ਵਿਖੇ ਵੀ ਘਟਣ ਨੂੰ ਤਿਆਰ ਹੈ।
ਜਥੇਦਾਰ ਨੇ ਕਿਹਾ ਕੇ ਭਾਰਤ ਬਹੁ ਧਰਮਾਂ ਦਾ ਦੇਸ਼ ਹੈ ਹਰ ਇੱਕ ਧਰਮ ਦੀ ਰਾਖੀ ਕਰਨਾ ਸਰਕਾਰਾਂ ਦਾ ਫਰਜ਼ ਹੈ।ਸਿੱਖ ਧਰਮ ਦੇ ਆਪਣੇ ਵੱਖਰੇ ਰੀਤੀ ਰਿਵਾਜ਼ ਹਨ ਅਤੇ ਆਪਣੀਆ ਵੱਖਰੀਆਂ ਧਾਰਮਿਕ ਪ੍ਰੰਪਰਾਵਾਂ ਹਨ।ਇਨ੍ਹਾਂ ਸਬੰਧੀ ਹਰ ਮਹਿਕਮੇ ਵਿਚ ਜਾਣਕਾਰੀ ਭੇਜਣਾ ਸਰਕਾਰਾਂ ਦਾ ਫਰਜ਼ ਹੈ।ਇਸ ਲਈ ਸਰਕਾਰਾਂ ਵਲੋਂ ਆਪਣਾ ਫਰਜ਼ ਨਿਭਾਉਂਦਿਆਂ ਤੁਰੰਤ ਹਰ ਮਹਿਕਮੇ ਵਿਚ ਸਿੱਖ ਧਰਮ ਸਬੰਧੀ ਜਾਣਕਾਰੀ ਭੇਜ ਕੇ ਸਬੰਧਤਾਂ ਨੂੰ ਜਾਣੂ ਕਰਵਾਇਆ ਜਾਵੇ ਤਾਂ ਕੇ ਅੱਗੇ ਤੋਂ ਅਜਿਹੀ ਕੋਈ ਘਟਨਾ ਨਾ ਵਾਪਰੇ ਜਿਸ ਨਾਲ ਸਿੱਖ ਬੱਚਿਆਂ ਦਾ ਭਵਿੱਖ ਖਰਾਬ ਹੋਵੇ।
ਉਨਾਂ ਕਿਹਾ ਕਿ ਸ਼੍ਰੋਮਣੀ ਗੁ: ਪ੍ਰ: ਕਮੇਟੀ, ਦਿੱਲੀ ਸਿੱਖ ਗੁ: ਪ੍ਰ: ਕਮੇਟੀ, ਸਿੱਖ ਸੰਸਥਾਵਾਂ, ਦੇਸ਼-ਵਿਦੇਸ਼ ਦੀਆਂ ਸੱਮੁਚੀਆਂ ਗੁ: ਪ੍ਰ: ਕਮੇਟੀਆਂ ਵੱਲੋਂ ਸਿੱਖ ਇਤਿਹਾਸ ਦਾ ਲਿਟਰੇਚਰ ਅੰਗ੍ਰੇਜੀ ਅਤੇ ਹੋਰ ਭਾਸ਼ਾਵਾਂ ਵਿਚ ਛਪਵਾ ਕੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਵੰਡੇਆ ਜਾਵੇ।ਇਲੈਕਟਰੋਨਿਕ, ਪ੍ਰਿੰਟ ਅਤੇ ਸੋਸ਼ਲ ਮੀਡੀਏ ਰਾਹੀਂ ਦੂਜੇ ਧਰਮਾਂ ਦੇ ਵਿਅਕਤੀਆਂ ਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਕ “ਸਿੱਖ ਇੱਕ ਵੱਖਰੀ ਕੌਮ ਹੈ ਅਤੇ ਸਰਬਤ ਦਾ ਭਲਾ ਮੰਗਦੀ ਹੈ”।
ਅਖੀਰ ਵਿਚ ਜਥੇਦਾਰ ਨੇ ਸੰਸਾਰ ਭਰ ਵਿੱਚ ਵੱਸਦੀਆਂ ਸਮੁੱਚੀਆਂ ਸਿੱਖ ਸੰਗਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਹੁੰਦਿਆਂ ਇੱਕ ਨਿਸ਼ਾਨ ਸਾਹਿਬ ਥੱਲੇ ਇੱਕਠੇ ਹੋਣ ਦੀ ਅਪੀਲ ਕੀਤੀ।