Tuesday, April 15, 2025
Breaking News

ਸੁਰੱਖਿਆ ਗਾਰਡਾਂ ਨਾਲ ਕੁੱਟਮਾਰ ਕਰਕੇ 298 ਗੱਟੇ ਸਰਕਾਰੀ ਕਣਕ ਲੈ ਉੱਡੇ ਚੋਰ

ਧੂਰੀ, 3 ਸਤੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਧੂਰਾ-ਭਲਵਾਨ ਰੋਡ `ਤੇ ਪਿੰਡ ਭੋਜੋਵਾਲੀ ਕੋਲ ਬਣੇ ਪੰਜਾਬ ਸਟੇਟ ਵੇਅਰ ਹਾਊਸ ਦੇ ਗੋਦਾਮਾਂ ਵਿੱਚੋਂ ਚੋਰਾਂ ਦੇ PPN0309201801ਇੱਕ ਗਿਰੋਹ ਵੱਲੋਂ ਗੋਦਾਮ ਵਿੱਚ ਨਾਇਟ ਡਿਊਟੀ ਕਰ ਰਹੇ ਤਿੰਨ ਸੁਰੱਖਿਆ ਗਾਰਡਾਂ ਦੀ ਕੁੱਟਮਾਰ ਕਰਨ ਉਪਰੰਤ ਉਹਨਾਂ ਨੂੰ ਬੰਨ੍ਹ ਕੇ 298 ਗੱਟੇ ਕਣਕ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪੱਤਰਕਾਰਾਂ ਵੱਲੋਂ ਪੰਜਾਬ ਸਟੇਟ ਵੇਅਰ ਹਾਊਸ ਦੇ ਭੋਜੋਵਾਲੀ ਗੋਦਾਮ ਦੇ ਇੰਚਾਰਜ ਟੀ.ਏ ਸਤਵੰਤ ਸਿੰਘ ਨਾਲ ਗੱਲਬਾਤ ਕਰਨ `ਤੇ ਉਹਨਾਂ ਦੱਸਿਆ ਕਿ ਸਾਡੇ ਤਿੰਨ ਚੌਕੀਦਾਰ ਜਿੰਨਾਂ ੱਿਵਚੋਂ ਇੱਕ ਸਰਕਾਰੀ ਮੁਲਾਜ਼ਮ ਹਰਦੇਵ ਸਿੰਘ ਅਤੇ ਦੋ ਆਊਟ ਸੋਰਸ ਏਜੰਸੀ ਪਾਸੋਂ ਲਏ ਗਏ ਮੁਲਾਜ਼ਮ ਜੋ ਵੇਅਰ ਹਾਊਸ ਦੇ ਭੋਜੋਵਾਲੀ ਨੇੜੇ ਬਣੇ ਗੋਦਾਮਾਂ ਵਿੱਚ ਰਾਤ ਦੀ ਡਿਊਟੀ `ਤੇ ਤਾਇਨਾਤ ਸਨ, ਉਹਨਾਂ ਉਪਰ ਸਵੇਰੇ ਕਰੀਬ ਪੌਨੇ ਤਿੰਨ ਵਜੇ 20-25 ਅਣਪਛਾਤੇ ਵਿਅਕਤੀ ਹਮਲਾ ਕਰਕੇ ਕਰੀਬ 149 ਕੁਇੰਟਲ ਕਣਕ ਚੋਰੀ ਕਰਕੇ ਲੈ ਗਏ ਹਨ, ਜਿਸ ਦੀ ਕੀਮਤ ਲੱਗਪੱਗ ਢਾਈ ਲੱਖ ਰੂਪੈ ਹੈ।ਆਪਣੇ ਆਪ ਨੂੰ ਵੇਅਰ ਹਾਊਸ ਵਿਖੇ ਡੀ.ਓ ਦੀ ਪੋਸਟ `ਤੇ ਲੱਗੇ ਹੋਣ ਦੀ ਗੱਲ ਕਰਦੇ ਸਿਵਲ ਹਸਪਤਾਲ ਧੂਰੀ ਵਿਖੇ ਜੇਰੇ ਇਲਾਜ ਚੌਕੀਦਾਰ ਹਰਦੇਵ ਸਿੰਘ ਜੋ ਕਿ ਦੱਸਿਆ ਕਿ ਉਹ ਭੋਜੋਵਾਲੀ ਨੇੜੇ ਬਣੇ ਵੇਅਰ ਹਾਊਸ ਦੇ ਗੋਦਾਮਾਂ ਵਿੱਚ ਦੋ ਹੋਰ ਸਕਿਊਰਟੀ ਗਾਰਡਾਂ ਨਾਲ ਰਾਤ ਦੀ ਡਿਊਟੀ `ਤੇ ਤਾਇਨਾਤ ਸੀ ਤਾਂ ਸਵੇਰੇ ਕਰੀਬ ਪੌਣੇ ਤਿੰਨ ਵਜੇ 20-25 ਵਿਅਕਤੀ ਜਿੰਨਾਂ ਨੇ ਮੂੰਹ ਬੰਨੇ੍ਹ ਹੋਏ ਸਨ, ਗੋਦਾਮ ਅੰਦਰ ਦਾਖਲ ਹੋ ਕੇ ਉਨਾਂ ਨਾਲ ਕੁੱਟਮਾਰ ਕਰਨ ਉਪਰੰਤ ਉਨਾਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ।ਹਰਦੇਵ ਸਿੰਘ ਅਨੁਸਾਰ ਉਸ ਨੂੰ ਗੋਦਾਮਾਂ ਵਿੱਚ ਹੋਈ ਚੋਰੀ ਬਾਰੇ ਕੋਈ ਜਾਣਕਾਰੀ ਨਹੀਂ ਸੀ, ਪ੍ਰੰਤੂ ਉਸ ਨੂੰ ਬਾਅਦ ਵਿੱਚ ਪਤਾ ਲੱਗਾ ਕਿ ੳੁੱਥੇ ਕਣਕ ਚੋਰੀ ਹੋਈ ਹੈ।ਉਹਨਾਂ ਇਹ ਵੀ ਦੱਸਿਆ ਕਿ ਉਸ ਨੂੰ ਜ਼ਖਮੀ ਹਾਲਤ ਵਿੱਚ ਚੌਕੀ ਭਲਵਾਨ ਦੀ ਪੁਲਿਸ ੳੇੁਸ ਦੇ ਘਰ ਛੱਡ ਆਈ ਸੀ ਅਤੇ ਉਸ ਦੇ ਲੜਕੇ ਅਮਨਦੀਪ ਸਿੰਘ ਨੇ ਸਵੇਰੇ ਕਰੀਬ 8.30 ਵਜੇ ਇਲਾਜ਼ ਲਈ ਸਿਵਲ ਹਸਪਤਾਲ ਧੂਰੀ ਦਾਖਲ ਕਰਵਾਇਆ ਹੈ।
ਪੁਲਿਸ ਚੌਕੀ ਭਲਵਾਨ ਦੇ ਇੰਚਾਰਜ ਏ.ਐਸ.ਆਈ ਕਰਮਜੀਤ ਸਿੰਘ ਦੇ ਅਨੁਸਾਰ ਉਹਨਾਂ ਨੇ ਇਸ ਮਾਮਲੇ ਦੀ ਪੜਤਾਲ ਆਰੰਭ ਕਰ ਦਿੱਤੀ ਹੈ ਅਤੇ ਸਹਾਇਕ ਥਾਣੇਦਾਰ ਅਵਤਾਰ ਸਿੰਘ ਵੱਲੋਂ ਇਸ ਮਾਮਲੇ ਸਬੰਧੀ ਮੁੱਕਦਮਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਵੱਲੋਂ ਪੁਲਿਸ ਪਾਰਟੀ ਦੀਆਂ ਕਈ ਟੀਮਾਂ ਬਣਾ ਕੇ ਸਬੰਧਤ ਇਲਾਕੇ ਦੀਆਂ ਸੀ.ਸੀ.ਟੀ.ਵੀ ਫੁਟੇਜ਼ ਇੱਕਠੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਪੜਤਾਲ ਕੀਤੀ ਜਾ ਰਹੀ ਹੈ।

ਸ਼ੱਕੀ ਲੱਗਦਾ ਹੈ ਚੋਰੀ ਦਾ ਮਾਮਲਾ
ਅੱਜ ਜਦੋਂ ਪੱਤਰਕਾਰਾਂ ਨੇ ਟੀ.ਏ ਸਤਵੰਤ ਸਿੰਘ ਨਾਲ ਧੂਰਾ ਨਾਲ ਗੱਲਬਾਤ ਕਰਕੇ ਇਸ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ ਤਾਂ ਟੀ.ਏ ਵੱਲੋਂ ਪੱਤਰਕਾਰਾਂ ਨੂੰ ਭੋਜੋਵਾਲੀ ਗੋਦਾਮ ਵਿਖੇ ਜਾਣ ਤੋਂ ਇਹ ਕਹਿ ਕੇ ਰੋਕਿਆ ਗਿਆ ਕਿ ਗੋਦਾਮ ਅੰਦਰ ਦਾਖਲ ਹੋਣ ਲਈ ਉਹਨਾਂ ਨੂੰ ਚੰਡੀਗੜ੍ਹ ਤੋਂ ਪ੍ਰਵਾਨਗੀ ਲੈਣੀ ਪਵੇਗੀ ਅਤੇ ਉਸ ਵੱਲੋਂ ਪੱਤਰਕਾਰਾਂ ਨੂੰ ਇਹ ਵੀ ਕਿਹਾ ਗਿਆ ਕਿ ਤੁਸੀਂ ਕੋਈ ਫੋਟੋ ਲੈਣੀ ਹੈ ਜਾਂ ਵੀਡੀਓ ਸ਼ਾਟ ਲੈਣੇ ਹਨ, ਤਾਂ ਧੂਰੇ ਵਾਲੇ ਗੋਦਾਮ ਦੀ ਫੋਟੋ ਲੈ ਸਕਦੇ ਹੋ।ਇਸ ਦੇ ਨਾਲ ਹੀ ਚੌਕੀਦਾਰ ਹਰਦੇਵ ਸਿੰਘ ਜੋ ਕਿ ਵੇਅਰ ਹਾਊਸ ਵਿੱਚ ਡੀ.ਓ ਦੀ ਨੌਕਰੀ `ਤੇ ਤਾਇਨਾਤ ਹੈ, ਉਸ ਤੋਂ ਚੌਕੀਦਾਰਾ ਕਰਨ ਦੀ ਡਿਊਟੀ ਦੀ ਪ੍ਰਵਾਨਗੀ ਬਾਰੇ ਪੁਛਿਆ ਤਾਂ ਪਤਾ ਲੱਗਾ ਹੈ ਕਿ ਪੰਜਾਬ ਸਟੇਟ ਵੇਅਰ ਹਾਊਸ ਮਹਿਕਮੇ ਨੇ ਗੋਦਾਮਾਂ ਦੀ ਸੁਰੱਖਿਆ ਲਈ ਇੱਕ ਪ੍ਰਾਈਵੇਟ ਆਊਟ ਸੋਰਸ ਏਜੰਸੀ ਤੋਂ ਸੁਰੱਖਿਆ ਗਾਰਡ ਠੇਕੇ `ਤੇ ਲਏ ਹੋਏ ਹਨ ਅਤੇ ਜੇਕਰ ਇਹ ਸੁਰੱਖਿਆ ਦਾ ਜਿੰਮਾਂ ਪ੍ਰਾਈਵੇਟ ਏਜੰਸੀ ਪਾਸੋਂ ਲਏ ਗਏ ਮੁਲਾਜ਼ਮਾਂ ਪਾਸ ਹੈ ਤਾਂ ਫਿਰ ਡਸਟ ਓਪਰੇਟਰ ਹਰਦੇਵ ਸਿੰਘ ਪਾਸੋਂ ਚੌਕੀਦਾਰ ਦੀ ਡਿਊਟੀ ਲੈਣ ਦਾ ਕੀ ਕਾਰਨ ਹੈ।ਦੂਜੇ ਪਾਸੇ ਚੌਕੀਦਾਰਾਂ ਕੋਲੋਂ ਚੋਰੀ ਦੀ ਘਟਨਾ ਦੇ ਵੇਰਵੇ ਲੈਣ ਵੇਲੇ ਚੌਕੀਦਾਰਾ ਦੀ ਗੱਲ ਵਿੱਚ ਕਾਫੀ ਫਰਕ ਸੀ ਅਤੇ ਚੌਕੀਦਾਰਾਂ ਵੱਲੋਂ ਦਿੱਤੀ ਜਾਣਕਾਰੀ ਵੀ ਇਸ ਮਾਮਲੇ ਵਿੱਚ ਆਪਸ ਵਿੱਚ ਮੇਲ ਨਹੀਂ ਖਾਂਦੀ ਸੀ।ਸਿਵਲ ਹਸਪਤਾਲ ਧੂਰੀ ਵਿਖੇ ਐਮਰਜੈਂਸੀ ਵਿੱਚ ਤਾਇਨਾਤ ਡਿਊਟੀ ਡਾਕਟਰ ਪ੍ਰਭਸਿਮਰਨ ਸਿੰਘ ਅਨੁਸਾਰ ਚੌਕੀਦਾਰ ਹਰਦੇਵ ਸਿੰਘ ਹਸਪਤਾਲ ਦਾਖਲ ਹੋਣ ਸਮੇਂ ਪੂਰੀ ਤਰਾਂ ਫਿੱਟ ਸੀ ਅਤੇ ਉਸ ਦੇ ਮਾਮੂਲੀ ਸੱਟਾਂ ਦੇ ਨਿਸ਼ਾਨ ਸਨ, ਉਹਨਾਂ ਦੀ ਮਲਮ-ਪੱਟੀ ਕਰ ਦਿੱਤੀ ਗਈ ਸੀ ਅਤੇ ਹਰਦੇਵ ਸਿੰਘ ਦੇ ਕਿਤੇ ਵੀ ਗੰਭੀਰ ਸੱਟਾਂ ਦੇ ਨਿਸ਼ਾਨ ਨਹੀਂ ਸਨ।ਉਪਰੋਕਤ ਤੱਥਾਂ ਤੋਂ ਇਹ ਮਾਮਲਾ ਇੱਕ ਪੜਤਾਲ ਦਾ ਵਿਸ਼ਾ ਲੱਗਦਾ ਹੈ ਅਤੇ ਇਸ ਮਾਮਲੇ ਦੀ ਸੱਚਾਈ ਤਾਂ ਪੁਲਿਸ ਵੱਲੋਂ ਕੀਤੀ ਪੜਤਾਲ ਤੋਂ ਬਾਅਦ ਹੀ ਸਾਹਮਣੇ ਆਵੇਗੀ।

ਪੰਜਾਬ ਸਟੇਟ ਵੇਅਰ ਹਾਊਸ ਦੇ ਡੀ.ਐਮ ਡੀ.ਪੀ ਸਿੰਘ ਦਾ ਪੱਖ
ਪੰਜਾਬ ਸਟੇਟ ਵੇਅਰ ਹਾਊਸ ਦੇ ਡੀ.ਐਮ ਡੀ.ਪੀ.ਸਿੰਘ ਨੇ ਫੋਨ `ਤੇ ਗੱਲਬਾਤ ਕਰਦਿਆਂ ਕਿਹਾ ਕਿ ਚੋਰੀ ਦੀ ਇਸ ਘਟਨਾ ਦੀ ਜਾਂਚ ਉਹ ਆਪਣੇ ਪੱਧਰ `ਤੇ ਵੀ ਮਹਿਕਮੇ ਦੀ ਪੜਤਾਲ ਏਜੰਸੀ ਜਾਂ ਕਿਸੇ ਅਧਿਕਾਰੀ ਪਾਸੋਂ ਕਰਵਾਉਣਗੇ ਅਤੇ ਪੜਤਾਲ ਦੌਰਾਨ ਜੇਕਰ ਇਸ ਚੋਰੀ ਦੇ ਮਾਮਲੇ ਵਿੱਚ ਕਿਸੇ ਅਧਿਕਾਰੀ ਜਾਂ ਸੁਰੱਖਿਆ ਕਰਮਚਾਰੀ ਦੀ ਮਿਲੀ-ਭੁਗਤ ਸ਼ਾਮਲ ਹੋਈ ਤਾਂ ਉਸ ਦੇ ਖਿਲਾਫ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਉਨਾਂ ਪ੍ਰਾਈਵੇਟ ਏਜੰਸੀ ਪਾਸੋਂ ਸਕਿਊਰਟੀ ਗਾਰਡ ਠੇਕੇ `ਤੇ ਲਏ ਹੋਏ ਹਨ, ਪ੍ਰੰਤੂ ਇਸ ਦੇ ਬਾਵਜੂਦ ਵੀ ਉਹ ਆਪਣੇ ਪੱਕੇ ਚੌਕੀਦਾਰਾਂ ਦੀ ਡਿਊਟੀ ਇਹਨਾਂ ਪ੍ਰਾਈਵੇਟ ਸਕਿਊਰਟੀ ਗਾਰਡਾਂ ਨਾਲ ਲਗਾ ਦਿੰਦੇ ਹਾਂ।

Check Also

ਸੁਖਬੀਰ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣੇ ਜਾਣ’ਤੇ ਐਡਵੋਕੇਟ ਧਾਮੀ ਨੇ ਦਿੱਤੀ ਵਧਾਈ

ਅੰਮ੍ਰਿਤਸਰ, 14 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …

Leave a Reply