ਅੰਮ੍ਰਿਤਸਰ, 15 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ‘ਅਕਾਦਮਿਕ ਐਨਰਿਚਮੈਂਟ’ ਵਿਸ਼ੇ ’ਤੇ ਅੱਜ 2 ਰੋਜ਼ਾ ਸੈਮੀਨਾਰ ਦਾ ਆਗਾਜ਼ ਹੋਇਆ।ਜਿਸ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਆਪਣੇ ਭਾਸ਼ਣ ’ਚ ਵਿੱਦਿਆ ’ਚ ਨਿੱਤ ਨਵੀਆਂ ਉਭਰ ਰਹੀਆਂ ਚੁਣੌਤੀਆਂ ਅਤੇ ਬੱਚਿਆਂ ’ਚ ਸੰਸਕਾਰ ਪੈਦਾ ਕਰਨ ਅਤੇ ਅਨੁਸ਼ਾਸ਼ਨ ਲਾਗੂ ਕਰਨ ਸਬੰਧੀ ਚਾਨਣਾ ਪਾਇਆ। ਉਨ੍ਹਾਂ ਆਪਣੇ ਭਾਸ਼ਣ ’ਚ ਸਮੂਹ ਵਿੱਦਿਅਕ ਅਦਾਰਿਆਂ ਨੂੰ ਨਕਲ ਦੀ ਲਾਹਨਤ ’ਤੇ ਠੱਲ੍ਹ ਪਾਉਣ ’ਤੇ ਵੀ ਜ਼ੋਰ ਦਿੱਤਾ।
ਇਸ ਤੋਂ ਪਹਿਲਾਂ ਛੀਨਾ ਨੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਅਤੇ ਉਚੇਚੇ ਤੌਰ ’ਤੇ ਪੁੱਜੇ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੇ ਪ੍ਰਿੰਸੀਪਲ ਮਨਦੀਪ ਕੌਰ, ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਨਾਲ ਮਿਲ ਕੇ ਸ਼ਮ੍ਹਾ ਰੌਸ਼ਨ ਕਰਕੇ ਸੈਮੀਨਾਰ ਦਾ ਆਗਾਜ਼ ਕੀਤਾ। ਉਪਰੰਤ ਪ੍ਰਿੰ: ਡਾ. ਹਰਪ੍ਰੀਤ ਕੌਰ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਿਸ਼ੇ ’ਤੇ ਬਾਰੇ ਹਾਜ਼ਰ ਸਟਾਫ਼ ਤੇ ਵਿਦਿਆਰਥੀਆਂ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ’ਚ ਜ਼ਿਲ੍ਹੇ ਦੇ ਕਰੀਬ 50 ਤੋਂ ਵਧੇਰੇ ਨਾਮਵਰ ਸਕੂਲਾਂ ਦੇ ਅਧਿਆਪਕ ਹਿੱਸਾ ਲੈ ਰਹੇ ਹਨ।
ਛੀਨਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਵਧੇਰੇ ਬੱਚੇ ਬਿਨ੍ਹਾਂ ਸਿੱਖਿਆ ਗ੍ਰਹਿਣ ਦੇ ਸਰਟੀਫ਼ਿਕੇਟ ਹਾਸਲ ਕਰਨ ’ਚ ਲੱਗੇ ਹਨ ਅਤੇ ਇਸੇ ਤਾੜ ’ਤੇ ਰਹਿੰਦੇ ਹਨ ਕਿ ਕਿਹੜੀ ਵਿੱਦਿਅਕ ਸੰਸਥਾ ਉਨ੍ਹਾਂ ਨੂੰ ਸਰਟੀਫ਼ਿਕੇਟ ਮੁਹੱਈਆ ਕਰਵਾਏਗੀ।ਛੀਨਾ ਨੇ ਵਿਦਿਆਰਥੀਆਂ ਨੂੰ ਜ਼ੋਰ ਦਿੰਦਿਆ ਕਿਹਾ ਕਿ ਦੇਸ਼ ਤੇ ਸਮਾਜ ਨੂੰ ਨਵੀਂ ਰਾਹ ਪ੍ਰਦਾਨ ਲਈ ਇਨਸਾਨ ਦੀ ਪ੍ਰੈਕਟੀਕਲ ਨਾਲੇਜ਼ ਹੋਣਾ ਅਤਿ ਲਾਜ਼ਮੀ ਹੈ। ਉਨ੍ਹਾਂ ਵਿੱਦਿਅਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਅਧਿਆਪਕਾਂ ਨੂੰ ਨਿੱਤ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਪ੍ਰੇਰਣਾ ਦਿੱਤੀ, ਜਿਸ ਲਈ ਅਧਿਆਪਕਾਂ ਨੂੰ ਨਵੇਂ-ਨਵੇਂ ਸੁਝਾਅ ਅਤੇ ਅਜੋਕੀ ਤਕਨੀਕ ਅਪਨਾ ਕੇ ਵਿੱਦਿਅਕ ਪੱਧਰ ਨੂੰ ਉਚਾ ਚੁੱਕਣ ਲਈ ਹੰਭਲਾ ਮਾਰਨ ਲਈ ਕਿਹਾ।ਛੀਨਾ ਨੇ ਵਿਦਿਆਰਥੀਆਂ ਨੂੰ ਅਧਿਆਪਕਾਂ ਦੇ ਮਾਣ-ਸਨਮਾਨ ਕਰਨ ’ਤੇ ਵੀ ਜ਼ੋਰ ਦਿੱਤਾ।
ਪ੍ਰਿੰ: ਗਿੱਲ ਨੇ ਸਕੂਲਾਂ ’ਚ ਅਧਿਆਪਕਾਂ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਅਤੇ ਵਿਦਿਆਰਥੀਆਂ ਦੇ ਬੇਸ ਨੂੰ ਪ੍ਰਭਾਵਸ਼ਾਲੀ ਬਣਾਉਣ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਵਿਦੇਸ਼ੀ ਵਿੱਦਿਅਕ ਸੰਸਥਾਵਾਂ ਦਾ ਹਵਾਲਾ ਦਿੰਦਿਆ ਕਿਹਾ ਕਿ ਜਿਆਦਾਤਰ ਵਿਦਿਆਰਥੀਆਂ ਦਾ ਰੁਝਾਨ ਵਿਦੇਸ਼ਾਂ ’ਚ ਜਾ ਕੇ ਸਿੱਖਿਆ ਪ੍ਰਾਪਤ ਕਰਨਾ ਹੈ ਜਿਸ ਦਾ ਅਸਰ ਸਾਡੀ ਵਿੱਦਿਅਕ ਪ੍ਰਣਾਲੀ ’ਤੇ ਪਿਆ ਹੈ।ਪ੍ਰਿੰ: ਗਿੱਲ ਨੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਵਿੱਦਿਆ ਦਾ ਮਿਆਰ ਉਚਾ ਚੁੱਕਣ ਲਈ ਯੋਗ ਉਪਰਾਲੇ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਇਸ ਦੌਰਾਨ ਸਰਕਾਰੀ ਸਕੂਲ ਦੀ ਪ੍ਰਿੰ: ਮਨਦੀਪ ਕੌਰ ਨੇ ਸੈਮੀਨਾਰ ਦਾ ਹਿੱਸਾ ਬਣਨ ਲਈ ਪ੍ਰਿੰ: ਡਾ. ਹਰਪ੍ਰੀਤ ਕੌਰ ਅਤੇ ਛੀਨਾ ਦਾ ਧੰਨਵਾਦ ਕਰਦਿਆਂ ਪ੍ਰੋਗਰਾਮ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਵਿੱਦਿਅਕ ਵਿਸ਼ਿਆਂ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਅੱਜ ਸਮੇਂ ਮੁਤਾਬਕ ਹਰੇਕ ਵਿਸ਼ੇ ਦੀ ਆਪਣੀ-ਆਪਣੀ ਹੋਂਦ ਬਰਕਰਾਰ ਹੈ। ਇਸ ਮੌਕੇ ਸ਼ਹਿਰ ਦੇ ਕਰੀਬ ਸਾਰੇ ਹੀ ਮੰਨ੍ਹੇ ਪ੍ਰਮੰਨ੍ਹੇ ਸਕੂਲ ਹਿੱਸਾ ਲੈ ਰਹੇ ਹਨ ਅਤੇ ਇਸ ਪ੍ਰੋਗਰਾਮ ਤੋਂ ਫ਼ਾਇਦਾ ਉਠਾ ਰਹੇ ਹਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …