ਅੰਮ੍ਰਿਤਸਰ, 22 ਅਗਸਤ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਰਬੀ ਦੇਸ਼ ਦੋਹਾ ਕਤਰ ਵਿੱਚ ਚੱਲ ਰਹੀ ਫੀਬਾ ਅੰਡਰ-18 ਏਸ਼ੀਅਨ ਬਾਸਕਿਟਬਾਲ ਚੈਂਪੀਅਨਸ਼ਿਪ ਦੌਰਾਨ ਭਾਰਤੀ ਖਿਡਾਰੀ ਸ. ਅਨਮੋਲ ਸਿੰਘ ਨੂੰ ਫੀਬਾ ਕਮਿਸ਼ਨਰ ਵੱਲੋਂ ਸਿਰ ‘ਤੇ ਛੋਟੀ ਦਸਤਾਰ (ਪਟਕਾ) ਸਜਾ ਕੇ ਬਾਸਕਿਟਬਾਲ ਖੇਡਣ ਤੋਂ ਰੋਕੇ ਜਾਣ ਨੂੰ ਮੰਦਭਾਗਾ ਕਹਿੰਦਿਆ ਇਸ ਦੀ ਸਖਤ ਨਿਖੇਧੀ ਕੀਤੀ ਹੈ। ਇਥੋਂ ਜਾਰੀ ਪ੍ਰੈੱਸ ਨੋਟ ਵਿੱਚ ਉਨ੍ਹਾਂ ਕਿਹਾ ਕਿ ਹਰੇਕ ਸਿੱਖ ਲਈ ਉਸ ਦੇ ਕੇਸ ਜਾਨ ਤੋਂ ਵੀ ਜ਼ਿਆਦਾ ਪਿਆਰੇ ਹੁੰਦੇ ਹਨ ਅਤੇ ਛੋਟੀ ਦਸਤਾਰ ਸਜਾ ਕੇ ਸਿਰ ਢੱਕਣਾ ਬਹੁਤ ਜ਼ਰੂਰੀ ਹੁੰਦਾ ਹੈ।ਉਨ੍ਹਾਂ ਕਿਹਾ ਕਿ ਇਸ ਨਾਲ ਖੇਡ ਦੌਰਾਨ ਕਿਸੇ ਵੀ ਦੂਸਰੇ ਖਿਡਾਰੀ ਨੂੰ ਕੋਈ ਮੁਸ਼ਕਿਲ ਨਹੀਂ ਆਉਂਦੀ।ਇੰਟਰਨੈਸ਼ਨਲ ਬਾਸਕਿਟਬਾਲ ਫੈਡਰੇਸ਼ਨ (ਫੀਬਾ) ਵੱਲੋਂ ਇਸ ਤਰ੍ਹਾਂ ਕਰਨ ਨਾਲ ਜਿਥੇ ਸਿੱਖ ਖਿਡਾਰੀ ਦੀ ਮਾਨਸਿਕਤਾ ਨੂੰੰ ਭਾਰੀ ਸੱਟ ਵੱਜੀ ਹੈ, ਉਥੇ ਦੇਸ਼-ਵਿਦੇਸ਼ਾਂ ਵਿੱਚ ਵੱਸਦੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਤੇ ਰੋਹ ਪਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾ ਵੀ ਇੰਟਰਨੈਸ਼ਨਲ ਬਾਸਕਿਟਬਾਲ ਫੈਡਰੇਸ਼ਨ (ਫੀਬਾ) ਵੱਲੋਂ ਏਸ਼ੀਆ ਕੱਪ ਦੌਰਾਨ ਭਾਰਤ ਦੇ ਦੋ ਸਿੱਖ ਖਿਡਾਰੀ ਸ. ਅੰਮ੍ਰਿਤਪਾਲ ਸਿੰਘ ਤੇ ਸ. ਅਮਜੋਤ ਸਿੰਘ ਨੂੰ ਛੋਟੀ ਦਸਤਾਰ ਸਜਾ ਕੇ ਖੇਡਣ ਤੋਂ ਰੋਕਿਆ ਗਿਆ ਸੀ ਜਿਸ ਦੀ ਕੌਮਾਂਤਰੀ ਪੱਧਰ ‘ਤੇ ਭਾਰੀ ਵਿਰੋਧਤਾ ਹੋਈ ਸੀ ਤੇ ਹੁਣ ਫਿਰ ਫੀਬਾ ਵੱਲੋਂ ਸ. ਅਨਮੋਲ ਸਿੰਘ ਨੂੰ ਦਸਤਾਰ ਸਜਾ ਕੇ ਖੇਡਣ ਤੋਂ ਰੋਕ ਕੇ ਸਿੱਖ ਖਿਡਾਰੀ ਨਾਲ ਧੱਕਾ ਕੀਤਾ ਹੈ। ਉਨ੍ਹਾਂ ਦੇਸ਼-ਵਿਦੇਸ਼ ਦੇ ਸਿੱਖ ਭਾਈਚਾਰੇ ਅਤੇ ਸੰਸਥਾਵਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਕੌਮਾਂਤਰੀ ਪੱਧਰ ‘ਤੇ ਫੀਬਾ ਦੀ ਇਸ ਹਰਕਤ ਦਾ ਸਖਤ ਨੋਟਿਸ ਲੈਣ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …