ਨਾਮਵਰ ਹਾਕੀ ਟੀਮਾਂ ਕਰਨਗੀਆਂ ਆਪਣੀ ਕਲਾ ਦਾ ਪ੍ਰਦਰਸ਼ਨ
ਅੰਮ੍ਰਿਤਸਰ, 22 ਅਗਸਤ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਵੱਲੋਂ ਲਾਸਾਨੀ ਤੇ ਬੇਮਿਸਾਲ ਕੁਰਬਾਨੀ ਦੇ ਮਾਲਕ ਨੌਵੇਂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਮੌਕੇ ਅੰਡਰ-17 ਸਾਲ ਉਮਰ ਵਰਗ ਦੇ ਹਾਕੀ ਖਿਡਾਰੀਆਂ ਦਾ ਸੂਬਾ ਪੱਧਰੀ ਤਿੰਨ ਦਿਨਾਂ ਸ੍ਰੀ ਗੁਰੂ ਤੇਗ ਬਹਾਦਰ ਸ਼ਹੀਦੀ ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਜੋ ਕਿ ਬਾਬਾ ਬਕਾਲਾ ਸਾਹਿਬ ਜੀ ਦੇ ਹਾਕੀ ਸਟੇਡੀਅਮ ਵਿਖੇ 28 ਅਗਸਤ ਤੋਂ ਲੈ ਕੇ 30 ਅਗਸਤ ਤੱਕ ਆਯੋਜਿਤ ਹੋਵੇਗਾ। ਇਸ ਸਬੰਧੀ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ ਸਪੋਰਟਸ ਪ੍ਰਿੰ. ਬਲਵਿੰਦਰ ਸਿੰਘ ਦੇ ਵੱਲੋਂ ਦਿੱਤੀ ਗਈ। ਉਨਾਂ ਦੱਸਿਆ ਕਿ ਇਸ ਸੂਬਾ ਪੱਧਰੀ ਖੇਡ ਪ੍ਰਤੀਯੋਗਤਾ ਦੇ ਦੌਰਾਨ ਐਸਜੀਪੀਸੀ ਦੇ ਪ੍ਰਬੰਧ ਅਧੀਨ ਚੱਲ ਰਹੀਆਂ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਸ੍ਰੀ ਫਤਹਿਗੜ੍ਹ ਸਾਹਿਬ ਦੀਆਂ ਅੰਡਰ-17 ਸਾਲ ਉਮਰ ਵਰਗ ਦੀਆਂ ਯੈਲੋ ਤੇ ਬਲਿਊ ਟੀਮਾਂ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਅੰਮ੍ਰਿਤਸਰ, ਚੀਮਾ ਨੈਸ਼ਨਲ ਹਾਕੀ ਅਕੈਡਮੀ ਬਟਾਲਾ, ਸਪੋਰਟਸ ਸਕੂਲ ਜਲੰਧਰ, ਬਾਬਾ ਉੱਤਮ ਸਿੰਘ ਨੈਸ਼ਨਲ ਹਾਕੀ ਅਕੈਡਮੀ ਖਡੂਰ ਸਾਹਿਬ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਹਾਕੀ ਅਕੈਡਮੀ ਮਹਿਤਾ ਚੌਂਕ, ਨਗਨ ਬਾਬਾ ਸਾਹਿਬ ਦਾਸ ਹਾਕੀ ਅਕੈਡਮੀ ਸੰਗਰੂਰ ਆਦਿ ਦੀਆਂ ਹਾਕੀ ਟੀਮਾਂ ਹਿੱਸਾ ਲੈਣਗੀਆ। ਇਸ ਸਬੰਧੀ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਟੂਰਨਾਮੈਂਟ ਨੂੰ ਸਫ਼ਲਤਾ ਪੂਰਵਕ ਸਿਰੇ ਚੜਾਉਣ ਲਈ ਟੀਮਾਂ ਦਾ ਗੰਠਨ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਿੱਸਾ ਲੈਣ ਵਾਲੀਆ ਟੀਮਾਂ ਨੂੰ ਹਰ ਇਕ ਸੰਭਵ ਸਹਾਇਤਾ ਮਹੁੱਇਆ ਕਰਨ ਦੇ ਨਾਲ ਨਾਲ ਜੇਤੂਆਂ ਨੂੰ ਆਕਰਸ਼ਕ ਇਨਾਮਾਂ ਦੇ ਨਾਲ ਨਿਵਾਜ਼ਿਆ ਜਾਵੇਗਾ। ਇਸ ਮੌਕੇ ਮੈਨੇਜਰ ਸਪੋਰਟਸ ਸਕੱਤਰ ਸਿੰਘ, ਕੋਚ ਬਲਦੇਵ ਸਿੰਘ ਰਾਣੂੰ, ਕੋਚ ਵਰਿੰਦਰ ਸਿੰਘ, ਭੁਪਿੰਦਰ ਸਿੰਘ, ਪ੍ਰਕਾਸ਼ ਸਿੰਘ, ਪ੍ਰੇਮ ਸਿੰਘ ਤੇ ਅਵਤਾਰ ਸਿੰਘ ਹਾਜ਼ਰ ਸਨ।