ਅੰਮ੍ਰਿਤਸਰ, 28 ਸਤੰਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦਾ ਉਦੇਸ਼ ਅਜਿਹੇ ਗਰੀਬ ਲੋਕਾਂ ਦੀ ਪਛਾਣ ਕਰਨਾ ਅਤੇ ਸੁਨਿਸ਼ਚਿਤ ਕਰਨਾ ਹੈ ਕਿ ਵੱਖ-ਵੱਖ ਸਰਕਾਰੀ ਸਕੀਮਾਂ ਅਤੇ ਪ੍ਰੋਗਰਾਮਾਂ ਅਧੀਨ ਬਣਦੇ ਲਾਭ ਲੋੜਵੰਦ ਲੋਕਾਂ ਤੱਕ ਪਹੁੰਚ ਸਕਣ।
ਇਸ ਸਬੰਧੀ ਅੱਜ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਵਲੋਂ ਜਿਲੇ੍ਹ ਦੇ ਸਮੂਹ ਐਸ.ਡੀ.ਐਮ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਇਸ ਸਕੀਮ ਅਧੀਨ ਚੱਲ ਰਹੀਆਂ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜਾ ਲਿਆ ਗਿਆ।ਮੀਟਿੰਗ ਦੌਰਾਨ ਸੰਘਾ ਨੇ ਦੱਸਿਆ ਕਿ ਸਰਕਾਰ ਦਾ ਮੁੱਖ ਉਦੇਸ਼ ਕਮਜੋਰ ਵਰਗ ਦੇ ਲੋਕਾਂ ਲਈ ਸਮਾਜਿਕ ਨਿਆਂ ਨੁੂੰ ਯਕੀਨੀ ਬਣਾਉਣਾ, ਸਮਾਜ ਦੇ ਸਾਰੇ ਵਰਗਾਂ ਦਾ ਸੰਪੂਰਨ ਵਿਕਾਸ, ਸਾਧਨਹੀਣ ਅਤੇ ਵੰਚਿਤ ਵਰਗਾਂ ਦਾ ਸੁਧਾਰ ਕਰਨਾ ਅਤੇ ਉਨ੍ਹਾਂ ਨੂੰ ਬੇਹਤਰ ਰੁਜਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ।ਸੰਘਾ ਨੇ ਦੱਸਿਆ ਕਿ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਅਧੀਨ ਜਿਲੇ੍ਹ ਦੀਆਂ ਸਾਰੀਆਂ ਸਬ ਡਵੀਜਨਾਂ ਵਿੱਚ ਮਹਾਤਮਾ ਗਾਂਧੀ ਜੀ ਦੇ ਜਨਮ ਦਿਵਸ ਮੌਕੇ 2 ਅਕਤੂਬਰ ਨੂੰ ਮੈਗਾ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਦਾ ਮੁੱਖ ਉਦੇਸ਼ ਲੋੜਵੰਦ ਵਿਅਕਤੀਆਂ ਤੱਕ ਸਰਕਾਰੀ ਸਕੀਮਾਂ ਨੂੰ ਪੁੱਜਦਾ ਕਰਨਾ ਹੈ।
ਸੰਘਾ ਨੇ ਦੱਸਿਆ ਕਿ ਇਸ ਸਕੀਮ ਅਧੀਨ ਕਰਜ਼ੇ ਦੀ ਮਾਰ ਹੇਠ ਆਉਂਦੇ ਕਿਸਾਨ, ਗੰਭੀਰ ਬਿਮਾਰੀਆਂ ਤੇ ਕੈਂਸਰ ਤੋਂ ਪੀੜਤ, ਜੰਗ ਵਿੱਚ ਆਪਣੀ ਜਾਨ ਗਵਾ ਚੁੱਕੇ ਫੌਜੀਆਂ ਦੇ ਪਰਿਵਾਰ, ਆਜ਼ਾਦੀ ਘੁਲਾਟੀਏ, ਅਪਾਹਿਜ਼ ਅਤੇ ਮੰਦਬੁੱਧੀ ਲੋਕਾਂ ਦੇ ਪਰਿਵਾਰ, 18 ਸਾਲ ਦੀ ਉਮਰ ਤੋਂ ਉਪਰ ਬੇਰੁਜਗਾਰ ਨੌਜਵਾਨ, ਝੁੱਗੀ ਝੌਪੜੀ ਵਿੱਚ ਰਹਿ ਰਹੇ ਅਤੇ ਕੁਦਰਤੀ ਆਫਤਾਂ ਤੋਂ ਪੀੜਤ ਪਰਿਵਾਰ, ਤੇਜਾਬੀ ਹਮਲੇ ਤੋਂ ਪੀੜਤ ਪਰਿਵਾਰ, ਹੱਥਾਂ ਨਾਲ ਮੈਲਾ ਢੋਣ ਵਾਲੇ ਸੈਨਟਰੀ ਵਰਕਰ, ਅਨਾਥ, ਤੀਜੇ ਲਿੰਗ, ਭਿਖਾਰੀ ਅਤੇ ਘਰ ਹੀਣ ਪਰਿਵਾਰਾਂ ਨੂੰ ਸੁਵਿਧਾਵਾਂ ਦੇਣਾ ਹੈ। ਸੰਘਾ ਨੇ ਦੱਸਿਆ ਕਿ ਜਿਹੜੇ ਵਿਅਕਤੀ ਇਨ੍ਹਾਂ ਸਕੀਮਾਂ ਦਾ ਲਾਭ ਨਹੀਂ ਉਠਾ ਸਕੇ ਉਹ 2 ਅਕਤੂਬਰ ਨੂੰ ਇਨ੍ਹਾਂ ਮੈਗਾ ਕੈਂਪਾਂ ਵਿੱਚ ਭਲਾਈ ਸਕੀਮਾਂ ਦਾ ਲਾਭ ਪ੍ਰਾਪਤ ਕਰ ਸਕਦੇ ਹਨ।
ਸੰਘਾ ਨੇ ਦੱਸਿਆ ਕਿ ਇਨ੍ਹਾਂ ਸਕੀਮਾਂ ਫਾਇਦਾ ਲੈਣ ਲਈ ਲਾਭਪਾਤਰੀ ਪਰਿਵਾਰ ਦੀ ਆਮਦਨ ਪ੍ਰਤੀ ਸਾਲ 60,000 ਰੁਪਏ ਤੋਂ ਵੱਧ ਨਾ ਹੋਵੇ, ਢਾਈ ਏਕੜ ਤੋਂ ਵੱਧ ਜਮੀਨ ਨਹੀਂ ਹੋਣੀ ਚਾਹੀਦੀ ਅਤੇ ਲਾਭਪਾਤਰੀ ਰਾਜ ਦਾ ਵਸਨੀਕ ਹੋਣਾ ਜਰੂਰੀ ਹੈ।
ਇਸ ਮੀਟਿੰਗ ਵਿੱਚ ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਰਾਜੇਸ਼ ਸ਼ਰਮਾ, ਵਿਕਾਸ ਹੀਰਾ, ਸ੍ਰੀਮਤੀ ਪਲਵੀ ਚੌਧਰੀ, ਰਜਤ ਓਬਰਾਏ, ਦੀਪਕ ਭਾਟੀਆ, ਕ੍ਰਮਵਾਰ ਐਸ.ਡੀ.ਐਮ ਅੰਮਿ੍ਰਤਸਰ -1 ਅਤੇ 2, ਮਜੀਠਾ, ਅਜਨਾਲਾ ਤੇ ਬਾਬਾ ਬਕਾਲਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …