ਰੁਝੇਵਿਆਂ ਕਰਕੇ ਕਾਰਜਭਾਰ ਸੀਨੀਅਰ ਮੀਤ ਪ੍ਰਧਾਨ ਨੂੰ ਸੌਂਪਣ ਦੀ ਗੱਲ ਕਹੀ
ਨਵੀਂ ਦਿੱਲੀ, 9 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵਲੋਂ ਕਮੇਟੀ ਪ੍ਰਧਾਨ ਦਾ ਅਹੁੱਦਾ ਛੱਡਣ ਦੀ ਮੀਡੀਆ ਦੇ ਕੁੱਝ ਹਲਕਿਆਂ ਵੱਲੋਂ ਚਲਾਈ ਗਈ ਖਬਰ ’ਤੇ ਕਮੇਟੀ ਦਾ ਸਪੱਸ਼ਟੀਕਰਨ ਸਾਹਮਣੇ ਆਇਆ ਹੈ।
ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਅਤੇ ਮੈਂਬਰ ਚਮਨ ਸਿੰਘ ਨੇ ਅੱਜ ਕਮੇਟੀ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੀ.ਕੇ ਵੱਲੋਂ ਰੁਝੇਵਿਆਂ ਕਰਕੇ ਆਪਣਾ ਕਾਰਜਭਾਰ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਕਾਲਕਾ ਨੂੰ ਸੌਂਪਣ ਦਾ ਦਾਅਵਾ ਕੀਤਾ।
ਕਾਲਕਾ ਨੇ ਕਿਹਾ ਕਿ 2013 ਅਤੇ 2017 ’ਚ ਜੀ.ਕੇ ਦੇ ਚਿਹਰੇ ਨੂੰ ਸਾਹਮਣੇ ਰੱਖ ਕੇ ਉਹ ਕਮੇਟੀ ਚੋਣਾਂ ਜਿੱਤ ਕੇ ਆਏ ਹਨ। ਕਿਸੇ ਹਾਲਾਤ ’ਚ ਵੀ ਦਿੱਲੀ ਦੀ ਸੰਗਤ ਦੀ ਸੇਵਾ ਤੋਂ ਮੁਨਕਰ ਹੋਣਾ ਜਾਇਜ਼ ਨਹੀਂ ਹੈ। ਦੇਸ਼-ਵਿਦੇਸ਼ ’ਚ ਲੰਬੇ ਸਮੇਂ ਵਾਸਤੇ ਜਾਣ ਤੋਂ ਪਹਿਲਾਂ ਹਮੇਸ਼ਾ ਜੀ.ਕੇ ਆਪਣਾ ਕਾਰਜਭਾਰ ਸੀਨੀਅਰ ਮੀਤ ਪ੍ਰਧਾਨ ਨੂੰ ਸੌਂਪ ਕੇ ਜਾਂਦੇ ਰਹੇ ਹਨ।ਪਰ ਵਿਰੋਧੀ ਧਿਰਾਂ ਨੇ ਇਸ ਆਮ ਕਾਰਵਾਈ ਨੂੰ ਸਿਆਸੀ ਰੰਗਤ ਦੇ ਕੇ ਆਪਣੀ ਸਿਆਸਤ ਚਮਕਾਉਣ ਦੀ ਕੋਝੀ ਹਰਕਤ ਕੀਤੀ ਹੈ।ਕਾਲਕਾ ਨੇ ਸਰਨਾ ਨੂੰ ਆਪਣੀ ਮੂਲ ਪਾਰਟੀ ਕਾਂਗਰਸ ’ਚ ਜਾਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਸਰਨਾ ਪਾਰਟੀ ਵੱਲੋਂ ਕੀਤੀਆਂ ਗਈਆਂ ਨਾਕਾਮੀਆਂ ਦੇ ਕਾਰਣ ਸੰਗਤ ਨੇ ਇਨ੍ਹਾਂ ਨੂੰ ਘਰ ਬਿਠਾ ਦਿੱਤਾ ਹੈ।ਇਸ ਕਰਕੇ ਝੂਠੇ ਪ੍ਰਚਾਰ ਕਰਨ ਦੀ ਥਾਂ ਅਗਲੀ ਕਮੇਟੀ ਚੋਣਾਂ ਲਈ ਇਨ੍ਹਾਂ ਨੂੰ ਤਿਆਰੀ ਕਰਨੀ ਚਾਹੀਦੀ ਹੈ।
ਅਮਰਜੀਤ ਨੇ ਵਿਰੋਧੀ ਧਿਰਾਂ ’ਤੇ 1984 ਦੇ ਕਾਤਲਾਂ ਨੂੰ ਬਚਾਉਣ ਵਾਸਤੇ ਕਮੇਟੀ ਪ੍ਰਧਾਨ ਦੇ ਖਿਲਾਫ਼ ਦੂਸ਼ਣਬਾਜੀ ਕਰਨ ਦਾ ਦੋਸ਼ ਲਾਇਆ। ਰਾਣਾ ਨੇ ਕਿਹਾ ਕਿ ਉਹਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਸਿਪਾਹੀ ਹਨ, ਇਸ ਕਰਕੇ ਉਹ ਪਾਰਟੀ ਦੀਆਂ ਨੀਤੀਆਂ ਦੇ ਖਿਲਾਫ਼ ਨਹੀਂ ਜਾ ਸਕਦੇ।ਜੀ.ਕੇ ਦੀ ਤਰ੍ਹਾਂ ਉਨਾਂ ਦੇ ਮਨ ’ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਬਾਰੇ ਰੋਸ਼ ਹੈ।ਪਰ ਇਸ `ਤੇ ਸਿਆਸਤ ਕਰਨ ਦੀ ਥਾਂ ਸਭ ਨੂੰ ਅਸਲ ਦੋਸ਼ੀਆਂ ਨੂੰ ਪਕੜਨ ਵੱਲ ਧਿਆਨ ਦੇਣਾ ਚਾਹੀਦਾ ਹੈ।ਕਮੇਟੀ ਆਗੂਆਂ ਦੇ ਪ੍ਰਤੀਕਰਮ ਤੋਂ ਪਹਿਲਾ ਜੀ.ਕੇ ਨੇ ਵੀ ਆਪਣੇ ਗ੍ਰਹਿ ਵਿਖੇ ਕੁੱਝ ਚੁਨਿੰਦਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਨਾ ਦੇਣ ਦਾ ਦਾਅਵਾ ਕੀਤਾ ਸੀ।ਹਾਲਾਂਕਿ ਜੀ.ਕੇ ਨੇ ਕੁੱਝ ਮਸਲਿਆਂ ਨੂੰ ਲੈ ਕੇ ਪਾਰਟੀ ਦੀ ਮੌਜੂਦਾ ਹਾਈਕਮਾਨ ਅਤੇ ਸੀਨੀਅਰ ਆਗੂਆਂ ਵਿੱਚਕਾਰ ਵਧੀ ਦੂਰੀ ਨੂੰ, ਦੂਰ ਕਰਕੇ ਪਾਰਟੀ ਦੀ ਬਿਹਤਰੀ ਹੋਣ ਦੀ ਗੱਲ ਕਹੀ ਸੀ।
Check Also
ਅਕੈਡਮਿਕ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਯੂਕੋ ਬੈਂਕ ਦਾ ਕੀਤਾ ਦੌਰਾ
ਸੰਗਰੂਰ, 23 ਮਈ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ …