ਕਿਹਾ ਉਮੀਦਵਾਰਾਂ ਦੀ ਹਰ ਗਤੀਵਿਧੀ `ਤੇ ਪੁਲਿਸ ਦੀ ਰਹੇਗੀ ਬਾਜ਼ ਅੱਖ
ਭੀਖੀ/ਮਾਨਸਾ, 22 ਦਸੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਜਿਲ੍ਹਾ ਮਾਨਸਾ ਦੇ ਬਾਸ਼ਿੰਦਿਆਂ ਨੂੰ ਪੰਚਾਇਤੀ ਚੋਣਾਂ ਦੌਰਾਨ ਸ਼ਰਾਬ ਵੰਡਣ ਦੀ ਕਿਸੇ ਵੀ ਕਾਰਵਾਈ ਬਾਰੇ ਪੁਲਿਸ ਨੂੰ ਸੂਚਿਤ ਕਰਨ ਦੀ ਅਪੀਲ ਕਰਦਿਆਂ ਮਾਨਸਾ ਦੇ ਐਸ.ਐਸ.ਪੀ ਮਨਧੀਰ ਸਿੰਘ ਨੇ ਕਿਹਾ ਹੈ ਕਿ ਇਸ ਸਰਹੱਦੀ ਜਿਲ੍ਹੇ `ਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਵੰਡਣ ਦੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਮਨਧੀਰ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਪੰਚਾਇਤੀ ਚੋਣਾਂ ਦੌਰਾਨ ਗੈਰ-ਕਾਨੂੰਨੀ ਤਰੀਕੇ ਨਾਲ ਸ਼ਰਾਬ ਜਾਂ ਕੋਈ ਵੀ ਨਸ਼ਾ ਵੰਡਣ ਵਾਲੇ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਉਨ੍ਹਾਂ ਦੱਸਿਆ, “ਚੋਣਾਂ ਦੇ ਮੱਦੇਨਜ਼ਰ ਅਸੀਂ ਪੁਲਿਸ ਗਸ਼ਤ, ਖ਼ੁਫੀਆ ਤੰਤਰ ਅਤੇ ਛਾਪੇਮਾਰੀ ਹੋਰ ਤੇਜ਼ ਕਰ ਦਿੱਤੀ ਹੈ ਅਤੇ ਚੋਣ ਕਮਿਸ਼ਨ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਹਰ ਹੀਲੇ ਪਾਲਣਾ ਕੀਤੀ ਜਾਵੇਗੀ।” ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿਚ ਚੋਣਾਂ ਲਈ ਬਣਾਏ ਗਏ ਸਮੁੱਚੇ ਪੋਲਿੰਗ ਬੂਥਾਂ ਲਈ ਤੈਅ ਕੀਤੀਆਂ 275 ਲੋਕੇਸ਼ਨਾ `ਤੇ ਸਖ਼ਤ ਨਿਗਰਾਨੀ ਰੱਖਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ਉਨ੍ਹਾਂ ਕਿਹਾ ਕਿ ਮਾਨਸਾ ਪੁਲਿਸ ਵੱਲੋਂ ਉਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਤਿਆਰ ਕੀਤੇ ਗਏ ਐਕਸ਼ਨ ਪਲਾਨ ਨੂੰ ਬਿਨਾਂ ਕਿਸੇ ਊਣਤਾਈ ਦੇ ਅਮਲੀਜਾਮਾ ਪਹਿਨਾਇਆ ਜਾਵੇਗਾ।
ਜਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਸਰਹੱਦੀ ਸੂਬੇ ਹਰਿਆਣਾ ਤੋਂ ਸਪਲਾਈ ਹੋਣ ਵਾਲੀ ਸ਼ਰਾਬ ਨੂੰ ਰੋਕਣ ਲਈ 25 ਅੰਤਰਰਾਜੀ ਸਰਹੱਦੀ ਪੁਲਿਸ ਨਾਕੇ ਲਾ ਕੇ ਚੌਕਸੀ ਹੋਰ ਵਧਾ ਦਿੱਤੀ ਗਈ ਹੈ।ਇਸ ਤੋਂ ਇਲਾਵਾ ਜਿਨ੍ਹਾਂ ਰਾਹਾਂ `ਤੇ ਨਸ਼ਾ ਤਸਕਰੀ ਘਟਨਾਵਾਂ ਪਹਿਲਾਂ ਵਾਪਰ ਚੁੱਕੀਆਂ ਹਨ, ਉਥੇ ਵਿਸ਼ੇਸ਼ ਨਾਕੇ ਲਾਏ ਕੇ ਹਰਿਆਣਾ ਤੋਂ ਪੰਜਾਬ ਵਿੱਚ ਮਾਨਸਾ ਰਾਹੀਂ ਆਉਂਦੀ ਸ਼ਰਾਬ ਦੀ ਸਪਲਾਈ ਲਾਈਨ ਨੂੰ ਮੁਕੰਮਲ ਤਰੀਕੇ ਨਾਲ ਤੋੜ ਦਿੱਤਾ ਗਿਆ ਹੈ।
ਐਸ.ਐਸ.ਪੀ ਮਨਧੀਰ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਸ਼ਰਾਬ ਵੇਚਣ ਜਾਂ ਵੰਡਣ ਦਾ ਪਤਾ ਲੱਗਦਾ ਹੈ ਤਾਂ ਉਹ ਸਿੱਧੇ ਤੌਰ `ਤੇ ਉਨ੍ਹਾਂ ਨਾਲ ਸੰਪਰਕ ਕਰੇ ਜਾਂ ਕਿਸੇ ਵੀ ਉੱਚ ਪੁਲਿਸ ਅਧਿਕਾਰੀ ਨਾਲ ਜਾ ਫੋਨ ਨੰਬਰ 9780005307 `ਤੇ ਸੰਪਰਕ ਕਰ ਸਕਦਾ ਹੈ ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …