ਅੰਮ੍ਰਿਤਸਰ, 31 ਅਗਸਤ (ਸੁਖਬੀਰ ਸਿੰਘ) – ਨੌਜਵਾਨ ਹਰਜੀਤ ਸਿੰਘ ਹਨੀ ਦੀ ਮੌਤ ਤੋਂ ਗੁੱਸੇ ਵਿੱਚ ਆਏ ਉਸ ਦੇ ਪਰਿਵਾਰਕ ਮੈਂਬਰਾਂ ਤੇ ਇਲਾਕਾ ਵਾਸੀਆਂ ਵਲੋਂ ਨਿਊ ਅੰਮ੍ਰਿਤਸਰ ਸਾਹਮਣੇ ਜੀ.ਟੀ ਰੋਡ ਵਿਖੇ ਸੜਕ ‘ਤੇ ਮ੍ਰਿਤਕ ਦੀ ਲਾਸ਼ ਰੱਖ ਕੇ ਧਰਨਾ ਦੇ ਕੇ ਪੁਲਿਸ ਦਾ ਪਿੱਟ ਸਿਆਪਾ ਕੀਤਾ ਗਿਆ। ਤਕਰੀਬਨ 4-5 ਘੰਟੇ ਦਿੱਤੇ ਗਏ ਇਸ ਧਰਨੇ ਨਾਲ ਆਵਾਜਾਈ ਰੁਕਣ ਕਰਕੇ ਲੰਮਾ ਜਾਮ ਲੱਗ ਗਿਆ ਅਤੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨ ਪਿਆ।ਧਰਨੇ ‘ਤੇ ਬੈਠੇ ਮ੍ਰਿਤਕ ਨੌਜਵਾਨ ਹਨੀ ਦੇ ਪਿਤਾ ਹਰਪਾਲ ਸਿੰਘ, ਮਾਤਾ ਬਲਵਿੰਦਰ ਕੌਰ ਅਤੇ ਮੱਖਣ ਸਿੰਘ, ਰਣਜੀਤ ਕੌਰ, ਸੁਦੇਸ਼ ਕੌਰ, ਮਲਕੀਤ ਸਿੰਘ ਆਦਿ ਇਲਾਕਾ ਵਾਸੀਆਂ ਨੇ ਮੰਗ ਕੀਤੀ ਕਿ ਪੁਲਿਸ ਚੌਕੀ ਲੋਹਗੜ ਜਿਲਾ ਤਰਨ ਤਾਰਨ ਦੀ ਪੁਲਿਸ ਦੇ ਜਿੰਨਾਂ ਮੁਲਾਜ਼ਮਾਂ ਕਾਰਣ ਹਰਜੀਤ ਸਿੰਘ ਹਨੀ ਨੇ ਫਾਹਾ ਲਿਆ ਹੈ, ਉਨਾਂ ਪੁਲਿਸ ਵਾਲਿਆਂ ਖਿਲਾਫ ਧਾਰਾ 302 ਤਹਿਤ ਕੇਸ ਦਰਜ ਕਰਕੇ ਉਨਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ।
ਪਰਿਵਾਰਕ ਮੈਂਬਰਾਂ ਦਾ ਦੋਸ਼ ਸੀ ਕਿ ਪੁਲਿਸ ਨੇ ਹਨੀ ਨੂੰ ਝੂਠੇ ਕੁੇਸ ਵਿੱਚ ਫਸਾ ਕੇ ਉਸ ਨਾਲ ਜ਼ਿਆਦਤੀ ਕੀਤੀ ਹੈ, ਜਿਸ ਤੋਂ ਦੁਖੀ ਹੋ ਕੇ ਹੀ ਉਸ ਨੇ ਫਾਹਾ ਲਿਆ ਹੈ।ਧਰਨਾ ਦੇ ਰਹੇ ਲੋਕਾਂ ਨੂੰ ਸ਼ਾਂਤ ਕਰਨ ਲਈ ਤਰਨ ਤਾਰਨ ਸਿਟੀ ਦੇ ਡੀ.ਐਸ.ਪੀ ਸੁਖਵਿੰਦਰ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਲਿਖਤੀ ਭਰੋਸਾ ਦਿੱਤਾ ਕਿ ਜਾਂਚ ਤੋਂ ਬਾਅਦ ਦੋਸ਼ੀ ਪਾਏ ਜਾਣ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਏ.ਸੀ.ਪੀ ਦੱਖਣੀ ਬਾਲ ਕਿਸ਼ਨ ਸਿੰਗਲਾ, ਥਾਣਾ ਬੀ-ਡਵੀਜਨ ਦੇ ਇੰਚਾਰਜ ਦਿਲਬਾਗ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਪੁਲਿਸ ਮੁਲਾਜ਼ਮ ਮੌਜੂਦ ਸਨ।ਜਿਕਰਯੋਗ ਹੈ ਕਿ ਬੀਤੇ ਕੱਲ ਹਰਜੀਤ ਸਿੰਘ ਹਨੀ ਨਾਮੀ ਨੌਜਵਾਨ ਨੇ ਤੂਤ ਦੇ ਦਰੱਖਤ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਸੀ।