Saturday, April 20, 2024

ਰੁੱਤ ਫਿਰੀ ਵਣ ਕੰਬਿਆ

     ਬੀਬੀ ਦੇ ਮੱਠਾ-ਮੱਠਾ ਹੂੰਗਣ ਦੀ ਅਵਾਜ਼ ਸਾਰੀ ਰਾਤ ਮੇਰੇ ਕੰਨਾਂ ’ਚ ਪੈਂਦੀ ਰਹੀ ਹੈ।ਹੁਣ ਤੱਕ ਕਈ ਵਾਰੀ ਕੰਧ ਵੱਲ ਪਾਸਾ ਪਰਤ ਕੇ ਤੇ ਕਈ ਵਾਰੀ ਮੂੰਹ ਸਿਰ ਵਲੇਟ ਕੇ ਵੀ ਸੌਣ ਦਾ ਯਤਨ ਕਰਦਾ ਰਿਹਾ ਹਾਂ।ਕਦੀ-ਕਦੀ ਥੋੜ੍ਹੀ ਜਿਹੀ ਅੱਖ ਲੱਗਦੀ ਵੀ ਸੀ।ਫਿਰ ਅਬੜਵਾਹੇ ਉੱਠ ਬੈਠਦਾ ਸਾਂ।ਉੱਪਰ ਲਏ ਲੀੜੇ ਨੂੰ ਪਾਸੇ ਕਰਕੇ ਲਾਗਲੇ ਕਮਰੇ ’ਚ ਲੇਟੀ ਬੀਬੀ ਨੂੰ ਵੇਖਣ ਚਲਾ ਜਾਂਦਾ ਸਾਂ।ਬੈੱਡ ਦੀ ਢੋਹ ਨਾਲ ਸਿਰਹਾਣੇ ’ਤੇ ਸਿਰ ਟਿਕਾ ਕੇ ਅੱਧ ਲੇਟੀ ਬੀਬੀ ਦੇ ਥੋੜ੍ਹਾ ਵਿੰਗੇ ਹੋ ਗਏ ਮੂੰਹ ’ਚੋਂ ਵਗਦੇ ਪਾਣੀ ਨੂੰ ਮੈਂ ਕੋਲ ਪਏ ਤੌਲੀਏ ਨਾਲ ਸਾਫ਼ ਕਰਦਾ ਸਾਂ।ਉੱਪਰ ਲਏ ਕੰਬਲ ਨੂੰ ਖਿੱਚ ਕੇ ਛਾਤੀ ਤੱਕ ਕਰਦਿਆਂ ਉਹਦਾ ਮੱਥਾ ਟੋਹ ਕੇ ਵੇਖਦਾ ਸਾਂ।ਪਹਿਲੇ ਵੇਲੇ ਤਾਂ ਮੱਥਾ ਭਖਦਾ-ਭਖਦਾ ਜਿਹਾ ਰਿਹਾ ਸੀ, ਪਰ ਹੁਣ ਤਾਪ ਲਹਿ ਗਿਆ ਲੱਗਦੈ।ਤਾਂ ਹੀ ਸਰੀਰ ਠੰਡਾ-ਠਾਰ ਹੋਇਆ ਪਿਐ।ਪਤਾ ਨਹੀਂ ਤ੍ਰੇਲੀ ਏ ਜਾਂ ਕਮਜ਼ੋਰੀ ਦੀ ਵਜ੍ਹਾ? ਬੀਬੀ ਦੇ ਮੱਥੇ ਦੇ ਨਾਲ ਹੱਥਾਂ ਦੀਆਂ ਤਲੀਆਂ ਵੀ ਸਿੱਲੀਆਂ-ਸਿੱਲੀਆਂ ਜਿਹੀਆਂ ਨੇ।
ਕਦੀ-ਕਦੀ ਉਸ ਦੀਆਂ ਅੱਧ-ਮੌਟੀਆਂ ਅੱਖਾਂ ਦੀਆਂ ਪਲਕਾਂ ਥੋੜ੍ਹਾ ਕੁ ਖੁੱਲ੍ਹਦੀਆਂ ਹਨ।ਕਮਰੇ ਅੰਦਰ ਜਗਦੇ ਜ਼ੀਰੋਵਾਟ ਦੇ ਬਲਬ ਦੇ ਨਿੰਮ੍ਹੇ ਜਿਹੇੇ ਚਾਨਣੇ ’ਚ ਉਹਦੀਆਂ ਅੰਦਰ ਵੱਲ ਨੂੰ ਧੱਸੀਆਂ ਨਿੱਕੀਆਂ-ਨਿੱਕੀਆਂ ਅੱਖਾਂ ਦੇ ਡੇਲੇ ਮੱਧਮ ਜਿਹੇ ਲਿਸ਼ਕਦੇ ਨੇ।ਉਹ ਓਪਰੀ-ਓਪਰੀ ਨਜ਼ਰੇ ਕਮਰੇ ਅੰਦਰ ਝਾਕਦੀ ਐ, ਜਿਵੇਂ ਕੁੱਝ ਸਿਆਣਦੀ ਹੋਵੇ।ਛੇਤੀ ਉਹਦੀ ਨਿਗ੍ਹਾ ਪਾਟਣ ਲੱਗਦੀ ਐ ਤੇ ਨਾਲ ਹੀ ਅੱਖਾਂ ਦੀਆਂ ਦੋਹਾਂ ਪੁਤਲੀਆਂ ’ਚ ਪਾਣੀ ਜਿਹਾ ਭਰ ਆਉਂਦਾ ਹੈ।ਉਹ ਸਿੱਲੀਆਂ ਹੋਈਆਂ ਅੱਖਾਂ ਨਾਲ ਮੇਰੇ ਵੱਲ ਝਾਕਦੀ ਐ।ਜਿਵੇਂ ਕੁੱਝ ਕਹਿਣਾ ਚਾਹ ਰਹੀ ਹੋਵੇ ਤੇ ਹਮੇਸ਼ਾ ਵਾਂਗ ਸ਼ਬਦ ਉਹਦੀ ਜ਼ੁਬਾਨ ਤੇ ਆਉਣੋਂ ਝਿਜਕਦੇ ਹੋਣ।ਫਿਰ ਉਹ ਸਿਰ ਦੇ ਹਲਕੇ ਜਿਹੇ ਇਸ਼ਾਰੇ ਨਾਲ ਮੈਨੂੰ ਜਾ ਕੇ ਅਰਾਮ ਕਰਨ ਲਈ ਕਹਿੰਦਿਆਂ, ਅੱਖਾਂ ਦੀਆਂ ਝਿਮਣੀਆਂ ਹੌਲੀ-ਹੋਲੀ ਬੰਦ ਕਰਨ ਦੀ ਕੋਸ਼ਿਸ਼ ਕਰਦੀ ਐ।ਉਹਦੀਆਂ ਅੱਖਾਂ ਵਿਚਲਾ ਪਾਣੀ ਦੋਂਹ ਹੜਬਾਂ ਤੋਂ ਦੀ ਵਿੰਗੀਆਂ ਟੇਢੀਆਂ ਘਰਾਲਾਂ ਜਿਹੀਆਂ ਬਣ ਕੇ ਇਧਰ ਉਧਰ ਵਗ ਗਿਆ ਸੀ।
ਮੈਂ ਟਿਕ ਟਿਕੀ ਲਗਾ ਕੇ ਬੀਬੀ ਦੇ ਚਿਹਰੇ ਵੱਲ ਵੇਖਦਾ ਹਾਂ।ਉਹਦੇ ਦੁੱਧ ਚਿੱਟੇ ਨਿੱਕੇ-ਨਿੱਕੇ ਵਾਲ ਇਕ ਦੂਜੇ ’ਚ ਉਲਝੇ ਤੇ ਖਿੰਡਰੇ ਪੁੰਡਰੇ ਬੇ-ਜਾਨ ਜਿਹੇ ਵਿਖਾਈ ਦਿੰਦੇ ਹਨ।ਕਦੀ-ਕਦੀ ਉਹ ਆਪਣੇ ਕਮਜ਼ੋਰ ਜਿਹੇ ਸੱਜੇ ਹੱਥ ਨਾਲ ਸਹਿਜ-ਸਹਿਜ ਖਿਲਰੇ ਵਾਲਾਂ ਨੂੰ ਸੰਵਾਰਨ ਦਾ ਯਤਨ ਕਰਦੀ ਹੈ।ਉਸ ਕੋਲੋਂ ਓਪਰੀਆਂ-ਓਪਰੀਆਂ ਜਿਹੀਆਂ ਉਂਗਲਾਂ ਸਿਰ ’ਤੇ ਫਿਰਦੀਆਂ ਹਨ ਤੇ ਬਾਂਹ ਨਿਢਾਲ ਹੋ ਜਾਂਦੀ ਹੈ।ਮੈਂ ਉਹਦੇ ਹੱਥ ਨੂੰ ਸਹਾਰਾ ਦੇ ਕੇ ਬਾਂਹ ਫਿਰ ਕੰਬਲ ਹੇਠ ਕਰਦਾ ਹਾਂ।ਆਪ ਉਂਗਲਾਂ ਦੀ ਕੰਘੀ ਜਿਹੀ ਬਣਾ ਕੇ ਪੋਲੇ-ਪੋਲੇ ਉਸ ਦੇ ਸਿਰ ’ਚ ਫੇਰਦਾ ਹਾਂ ਤੇ ਖਿੱਲਰੇ ਵਾਲਾਂ ਨੂੰ ਥਾਂ ਸਿਰ ਕਰਨ ਦੀ ਕੋਸ਼ਿਸ਼ ਕਰਦਾ ਹਾਂ।ਇਸ ਤਰ੍ਹਾਂ ਨਿਢਾਲ ਪਈ ਬੀਬੀ ਨੂੰ ਵੇਖਦਿਆਂ ਸੋਚਦਾ ਹਾਂ ਕਿ ਬੀਬੀ ਇਸ ਉਮਰੇ ਵੀ ਆਪਣੀ ਸਿਹਤ ਮੂਜ਼ਬ ਘਰ ਦੇ ਨਿੱਕੇ ਮੋਟੇ ਆਹਰ ਨੂੰ ਸਿਰ ’ਤੇ ਚੁੱਕੀ ਫਿਰਦੀ ਸੀ।ਮੇਰੀ ਪਤਨੀ ਦੇ ਬੇ-ਵਕਤੀ ਤੁਰ ਜਾਣ `ਤੇ, ਘਰ ਦੇ ਨਿੱਕੇ ਮੋਟੇ ਕੰਮਾਂ ਨੂੰ ਫਿਰ ਤੋਂ ਬੀਬੀ ਨੇ ਸੰਭਾਲ ਲਿਆ ਸੀ।ਇਸ ਦੀ ਹੋਂਦ ਕਰਕੇ ਮੈਨੂੰ ਵੀ ਬੜਾ ਆਸਰਾ ਸੀ ਇਹਦਾ।ਬਹੁਤੀ ਇਕੱਲਤਾ ਮਹਿਸੂਸ ਨਹੀਂ ਸੀ ਹੁੰਦੀ।ਮੁੰਡਾ ਛੋਟੇ ਤੇ ਸਿਆਲੀ ਦਿਨਾਂ ’ਚ ਆਪਣੀ ਘਰਵਾਲੀ ਨੂੰ ਵੀ ਸ਼ਹਿਰ ਹੀ ਲੈ ਜਾਂਦਾ ਆਪਣੇ ਕੋਲ।ਕਿਤੇ ਪੰਦਰੀਂ ਵੀਹੀਂ ਦਿਨੀਂ ਆਉਂਦੇ ਨੇ ਗੇੜਾ ਮਾਰਨ ਤੇ ਮੁੜਦੇ ਪੈਰੀਂ ਵਾਪਸ ਚਲੇ ਜਾਂਦੇ ਨੇ।ਚੱਲੋ, ਰਾਜ਼ੀ ਰਹਿਣ, ਜਿਵੇਂ ਉਨ੍ਹਾਂ ਨੂੰ ਚੰਗਾ ਲੱਗਦੈ।
ਹਫ਼ਤਾ ਪਹਿਲਾਂ ਬੀਬੀ ਵੀ ਤਾਂ ਰਾਜ਼ੀ ਖ਼ੁਸ਼ੀ ਸੀ।ਘਰ ਦੇ ਨਿੱਕੇ-ਮੋਟੇ ਕੰਮਾਂ ’ਚ ਰੁੱਝੀ ਰਹਿੰਦੀ ਸੀ ਸਾਰਾ ਦਿਨ।ਉਸ ਦਿਨ ਰਾਤ ਦਾ ਰੋਟੀ ਟੁੱਕ ਵੀ ਨਹੀਂ ਸੀ ਖਾ ਹੋਇਆ।ਮੇਰੇ ਲਾਗੇ ਬੈਠਿਆਂ ਗੱਲਾਂ ਸੁਣਦੀ-ਸੁਣਦੀ ਧੜ੍ਹਮ ਕਰਕੇ ਮੂਧੜੇ ਮੂੰਹ ਜਾ ਡਿੱਗੀ ਸੀ।ਮੈਂ ਜਲਦੀ ਨਾਲ ਚੁੱਕਿਆ ਸੀ ਤੇ ਨਾਲ ਪਈ ਮੰਜੀ ’ਤੇ ਲਿਟਾਇਆ ਸੀ।ਬੀਬੀ ਦਾ ਇਕ ਪਾਸਾ ਕੰਬਣ ਲੱਗਿਆ ਸੀ ਤੇ ਨਾਲ ਹੀ ਹੱਥਾਂ ਪੈਰਾਂ ਦੇ ਕੁੰਢ ਮੁੜ ਗਏ ਸਨ।ਕਈ ਦਿਨ ਹਸਪਤਾਲਾਂ ਦੇ ਧੱਕੇ ਧੋੜੇ ਖਾਧੇ।ਕਈ ਤਰ੍ਹਾਂ ਦੇ ਟੈਸਟ, ਰਿਪੋਰਟਾਂ ਤੇ ਦਵਾਈਆਂ।ਵੱਡੇ ਡਾਕਟਰ ਨੇ ਆਪਣੇ ਕਮਰੇ ’ਚ ਬੁਲਾ ਕੇ ਦੱਸਿਆ ਸੀ ਕਿ ‘ਮਾਤਾ ਨੂੰ ਅਧਰੰਗ ਦਾ ਦੌਰਾ ਪਿਆ ਹੈ।ਰਿਪੋਰਟ ‘ਚ ਸਾਫ ਦਿੱਸਦਾ ਹੈ ਕਿ ਇਨ੍ਹਾਂ ਦੇ ਦਿਮਾਗ ਦੀ ਨਸ ‘ਚ ਕਲੌਟ ਅਟਕ ਗਿਆ ਹੈ।ਜਿਸ ਨਾਲ ਖੱਬੇ ਪਾਸੇ ਵਾਲੀ ਲੱਤ-ਬਾਂਹ ਤੇ ਜੁਬਾੜੇ ’ਤੇ ਅਸਰ ਹੋਇਆ ਹੈ।ਜਦੋਂ ਤੱਕ ਕੁੱਝ ਬੋਲਦੇ ਚਾਲਦੇ ਨਹੀਂ, ਉਦੋਂ ਤੱਕ ਜ਼ੁਬਾਨ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ।ਮੈਂ ਅਣਮੰਨੇ ਜਿਹੇ ਮਨ ਨਾਲ ਦੱਸਦਾ ਹਾਂ ਕਿ ਬੀਬੀ ਤਾਂ ਜਨਮ ਤੋਂ ਹੀ ਕੁੱਝ ਨਹੀਂ ਸੀ ਬੋਲਦੀ ਤੇ ਨਾਲ ਹੀ ਬੇ-ਜ਼ੁਬਾਨੀ ਬੀਬੀ ਦਾ ਚਿਹਰਾ ਮੇਰੀਆਂ ਅੱਖਾਂ ਅੱਗਿਉਂ ਦੀ ਗੁਜ਼ਰਦਾ ਹੈ।ਜਦ ਦੀ ਹੋਸ਼ ਸੰਭਾਲੀ ਐ ਬੀਬੀ ਨੂੰ ਹੱਥਾਂ ਦੇ ਇਸ਼ਾਰਿਆਂ ਨਾਲ ਹੀ ਸਮਝਾਉਂਦੇ ਵੇਖਿਆ ਹੈ।ਮੈਂ ਤਾਂ ਇਹਦੇ ਲਹੂ ਮਾਸ ਦਾ ਹਿੱਸਾ ਆ।ਇਹਦੀ ਗੋਦੀ ’ਚ ਖੇਡਿਆ, ਪਲਿਆ ਤੇ ਜਵਾਨ ਹੋਇਆਂ।ਬੇਸ਼ੱਕ ਬੀਬੀ ਆਪ ਕੁੱਝ ਵੀ ਨਹੀਂ ਸੀ ਬੋਲਦੀ, ਪਰ ਮੈਂ ਇਸੇ ਤੋਂ ਹੀ ਬੋਲਣਾ ਸਿਖਿਆ।ਬੀਬੀ ਕੀ ਕਹਿਣਾ ਚਾਹੁੰਦੀ ਐ, ਉਹਦੀਆਂ ਅੱਖਾਂ ਤੋਂ ਹੀ ਸਮਝ ਜਾਨਾ।ਜੇ ਇਹ ਮੇਰੇ ਤੋਂ ਛੋਟੇ ਹੁੰਦਿਆਂ ਖੰਡ ਮੰਗਵਾਉਂਦੀ ਸੀ ਤਾਂ ਮੈਨੂੰ ਕਦੀ ਵੀ ਖੰਡ ਦੀ ਥਾਂ ਲੂਣ ਲਿਆਉਣ ਦਾ ਭੁਲੇਖਾ ਨਹੀਂ ਸੀ ਲੱਗਿਆ।ਇਹਦੀ ਚੁੱਪ ਦੀ ਤੇ ਚੀਕਣ ਦੀ ਭਾਸ਼ਾ ਨੂੰ ਮੈਂ ਚੰਗੀ ਤਰ੍ਹਾਂ ਸਮਝਦਾਂ।
ਆਂਢੀ-ਗੁਆਂਢੀ, ਰਿਸ਼ਤੇਦਾਰ ਤੇ ਗਲੀ-ਮੁਹੱਲੇ ਵਾਲੇ ਬੀਬੀ ਮੇਰੀ ਨੂੰ ਤਾਰੋ ਗੂੰਗੀ ਕਹਿੰਦੇ ਨੇ।ਪਹਿਲਾਂ-ਪਹਿਲਾਂ ਤਾਂ ਜਿਦ੍ਹੇ ਮੂੰਹੋਂ ਮੈਂ ਬੀਬੀ ਆਪਣੀ ਨੂੰ ਗੂੰਗੀ ਕਹਿੰਦਿਆਂ ਸੁਣਦਾ ਸਾਂ, ਪੱਥਰ ਮਾਰ ਕੇ ਸਿਰ ਪਾੜਨ ਨੂੰ ਦਿਲ ਕਰਦਾ ਸੀ ਉਹਦਾ।ਹੁਣ ਨਹੀਂ ਗੁੱਸਾ ਆਉਂਦਾ, ਨਾ ਮੈਨੂੰ ਤੇ ਨਾ ਹੀ ਬੀਬੀ ਨੂੰ।ਦਿਲ ਨੂੰ ਸਮਝਾ ਲਿਆ ਆਪਾਂ ਕਿ ਜਿਵੇਂ ਆਪਣੀ ਤਾਈ ਭਜਨ ਕੁਰ ਐ, ਹੱਟੀ ਵਾਲੇ ਗਨੇਸ਼ ਦੀ ਝਾਈ ਕਾਂਤਾ ਰਾਣੀ ਐ ਜਾਂ ਕੋਈ ਫਾਤਮਾ ਬੀਬੀ ਐ, ਓਵੇਂ ਈ ਐ ਆਪਣੀ ਬੀਬੀ ਵੀ ਤਾਰੋ ਗੂੰਗੀ।
ਮੈਂ ਵੇਖਦਾਂ ਬੀਬੀ ਥੋੜ੍ਹਾ ਟਿਕਾਅ ’ਚ ਆ ਗਈ ਲੱਗਦੀ ਐ।ਮੈਂ ਦੱਬੇ ਪੈਰੀਂ ਕਮਰੇ ’ਚੋਂ ਬਾਹਰ ਨਿਕਲਦਾ ਹਾਂ।ਸਾਹਮਣੇ ਕੰਧ ਨਾਲ ਟੰਗੀ ਘੜੀ ਨੇ ਅਜੇ ਚਾਰ ਨਹੀਂ ਵਜਾਏ।ਸਰੀਰ ਕੁੱਝ ਬੇ-ਚੈਨੀ ਜਿਹੀ ’ਚ ਐ।ਉਮਰ ਵੀ ਹੁਣ ਮੇਰੀ ਸੱਤਰਾਂ ਤੋਂ ਤਿੰਨ-ਚਾਰ ਵਰ੍ਹੇ ਈ ਘੱਟ ਐ ਮਸਾਂ।ਸਰੀਰ ਹੁਣ ਬਹੁਤੀ ਅਵਾਜਾਰੀ ਨਹੀਂ ਸਹਿੰਦਾ।ਮਨ ਨੂੰ ਵੀ ਅਚਵੀ ਜਿਹੀ ਲੱਗੀ ਰਹਿੰਦੀ ਐ ਪਿਛਲੇ ਕਈ ਦਿਨਾਂ ਤੋਂ।ਜ਼ਿੰਦਗੀ ਦੇ ਉਬੜ-ਖਾਬੜ ਪੈਂਡਿਆਂ `ਤੇ ਪਿਛਲੇ ਪੈਰੀਂ ਤੁਰਨ ਦੀ ਕੋਸ਼ਿਸ਼ ਕਰਦਿਆਂ ਸੋਚਦਾ ਹਾਂ ਕਿ ਵਰ੍ਹਿਆਂ ਦੇ ਵਰ੍ਹੇ ਤਾਸ਼ ਦੇ ਪੱਤਿਆਂ ਵਾਂਗ ਡਿੱਗਦੇ ਗਏ ਇਕ ਦੂਜੇ ਦੇ ਉਪਰ ਹੇਠਾਂ।ਇਨ੍ਹਾਂ ਪੱਤਿਆਂ ’ਤੇ ਹੀ ਉਕਰੀਆਂ ਉਹ ਸਾਰੀਆਂ ਘਟਨਾਵਾਂ ਮੇਰੇ ਅੰਦਰ ਦੀ ਕਿਸੇ ਨੁਕਰੋਂ ਝੱਟ ਉਠ ਖਲੋਦੀਆਂ ਨੇ।ਇਹਨਾਂ ਵਾਪਰੀਆਂ ਘਟਨਾਵਾਂ ਨੂੰ ਇਕ ਸਾਰ ਕਰਕੇ ਕਿਸੇ ਸਿਰੇ ਤੋਂ ਫੜਨ ਦੀ ਕੋਸ਼ਿਸ਼ ਕਰਦਿਆਂ ਮੈਨੂੰ ਯਾਦ ਆਉਂਦੈ ਕਿ ਮੈਂ ਪੰਜਾਂ ਛੇਆਂ ਵਰ੍ਹਿਆਂ ਦੇ ਨੇ ਬੀਬੀ ਦੇ ਪਿੱਛੇ-ਪਿੱਛੇ ਇਸ ਵਿਹੜੇ ’ਚ ਪੈਰ ਧਰਿਆ ਸੀ ਬੁੱਟਰਾਂ ਵਾਲੇ ਗੁਲਜ਼ਾਰੀ ਦੇ ਨਾਲ।ਗੁਲਜ਼ਾਰੀ ਆਪ ਤਾਂ ਸਾਨੂੰ ਸੁੱਤਿਆਂ ਛੱਡ ਕਿਤੇ ਮੂੰਹ ਹਨੇਰੇ ਹੀ ਤੁਰ ਗਿਆ ਸੀ।ਘਰ ’ਚ ਵੱਡੀ ਬੇਬੇ ਸੀ ਤੇ ਇਕ ਉਹਦਾ ਮੁੰਡਾ, ਜਿਹੜਾ ਕਾਗ਼ਜ਼ਾਂ ’ਚ ਮੇਰਾ ਪਿਉ ਬਣ ਗਿਆ ਸੀ।ਭਲਾ ਲੋਕ ਬੰਦਾ ਸੀ, ਥੋੜ੍ਹਾ ਬੋਲਦਾ ਸੀ ਪਰ ਚੰਗਾ ਬੋਲਦਾ ਸੀ। ਬੇਬੇ ਦੇ ਕਹਿਣ ’ਤੇ ਮੈਂ ਉਸ ਨੂੰ ਭਾਪਾ ਕਹਿਣ ਲੱਗਿਆ ਸਾਂ।ਉਸ ਦੀ ਭਰਵੀਂ ਚਿੱਟੀ ਦਾੜ੍ਹੀ ਸੀ।ਮੈਲ ਖੋਰੇ ਜਿਹੇ ਲੀੜੇ ਪਾ ਕੇ ਉਹ ਸਾਰਾ ਦਿਨ ਬਾਹਰਲੇ ਢਾਰੇ ਹੇਠ ਆਰਣ ਤਪਾ ਕੇ ਜ਼ਿਮੀਦਾਰਾਂ ਦਾ ਲੁਹਾਰਾ-ਤਰਖਾਣਾ ਕਰਦਾ ਰਹਿੰਦਾ ਸੀ।
ਬੀਬੀ ਪਹਿਲੇ ਦਿਨ ਹੀ ਸਵੱਖ਼ਤੇ ਉਠ ਖਲੋਤੀ ਸੀ।ਚੁਲ੍ਹੇ ਅੱਗ ਬਾਲ ਕੇ ਉੱਪਰ ਚਾਹ ਵੀ ਧਰ ਦਿੱਤੀ ਸੀ।ਵੱਡੀ ਬੇਬੇ ਪਰ੍ਹਾਂ ਹਟਵੇਂ ਬੈਠੇ ਭਾਪੇ ਦੇ ਕੰਨ ਲਾਗੇ ਮੂੰਹ ਕਰਕੇ ਹੌਲੀ ਜਿਹੀ ਕਹਿ ਰਹੀ ਸੀ, ‘ਪੁੱਤ ਕਰਮਿਆਂ! ਵਹੁਟੀ ਘਰ ਸਾਂਭਣ ਵਾਲੀ ਲੱਗਦੀ ਐ।ਜਿਹੜੀ ਆਉਂਦੀ ਚੌਂਕੇ ਜਾ ਚੜ੍ਹੀ ਐ।ਘਰਾਂ ’ਚ ਬਰਕਤ ਲੈ ਕੇ ਆਉਂਦੀਆਂ ਏਦਾਂ ਦੀਆਂ ਜਨਾਨੀਆਂ।’ ਮੈਂ ਵੱਡੀ ਬੇਬੇ ਦੀਆਂ ਗੱਲਾਂ ਸੁਣ ਕੇ ਹੈਰਾਨ ਵੀ ਸਾਂ ਤੇ ਪ੍ਰੇਸ਼ਾਨ ਵੀ।ਬੀਬੀ ਨੂੰ ਤਾਂ ਬੁੱਟਰਾਂ ਵਾਲਾ ਗੁਲਜ਼ਾਰੀ ਆਪਣੀ ਵਹੁਟੀ ਦੱਸਦਾ ਹੁੰਦਾ ਸੀ।ਹੁਣ ਤੱਕ ਉਥੇ ਹੀ ਤਾਂ ਰਹੇ ਸਾਂ ਅਸੀਂ।ਉਹ ਤਾਂ ਕੱਲ੍ਹ ਹੀ ਘਰੋਂ ਸਾਨੂੰ ਇਹ ਕਹਿ ਕੇ ਤੁਰਿਆ ਸੀ ਕਿ ਮੱਸਿਆ ਨਹਾਉਣ ਚੱਲੇ ਆਂ।ਸਾਰਾ ਦਿਨ ਉਹ ਸਾਨੂੰ ਲੈ ਕੇ ਫਿਰਦਾ ਰਿਹਾ ਸੀ, ਕਦੀ ਮੋਟਰ ਗੱਡੀ ’ਤੇ, ਕਦੀ ਟਾਂਗੇ ਤੇ ਕਦੀ ਪੈਦਲ।ਡੂੰਘੀਆਂ ਤ੍ਰਿਕਾਲਾਂ ਵੇਲੇ ਉਸ ਨੇ ਇਸ ਘਰ ਦਾ ਆਣ ਬੂਹਾ ਖੜਕਾਇਆ ਸੀ।ਉਸ ਸਮੇਂ ਬੀਬੀ ਨੇ ਗੁੱਟ ਲਾਗਿਉਂ ਮੇਰਾ ਹੱਥ ਘੁੱਟ ਕੇ ਫੜਿਆ ਹੋਇਆ ਸੀ ਤੇ ਮੈਂ ਦੂਜੇ ਹੱਥ ਨਾਲ ਆਪਣੇ ਤੇੜ ਪਾਈ ਢਿੱਲੀ ਜਿਹੀ ਨਿੱਕਰ ਨੂੰ ਮੁੜ-ਮੁੜ ਉੱਪਰ ਖਿੱਚਦਾ ਕਾਹਲੀ-ਕਾਹਲੀ ਪੈਰ ਪੁੱਟ ਰਿਹਾ ਸਾਂ।ਓਪਰੀ ਜਗ੍ਹਾ ਵੇਖ ਬੀਬੀ ਸਹਿਮੀ-ਸਹਿਮੀ ਜਿਹੀ ਲੱਗਦੀ ਸੀ, ਜਿਹੜੀ ਵਿਹੜੇ ’ਚ ਲੱਗੀ ਮਰੀਅਲ ਜਿਹੀ ਧਰੇਕ ਦੀ ਦੋਸਾਂਗੜ ਦਾ ਆਸਰਾ ਲੈ ਕੇ ਖਲੋਤੀ ਡੌਰ-ਭੌਰੀ ਹੋਈ ਆਸੇ ਪਾਸੇ ਨੂੰ ਨਿਹਾਰ ਰਹੀ ਸੀ।ਡਰਦੇ ਮਾਰੇ ਦਾ ਸੰਘ ਮੇਰਾ ਵੀ ਸੁੱਕਿਆ ਪਿਆ ਸੀ ਤੇ ਜ਼ੁਬਾਨ ਤਾਲੂ ਨਾਲ ਲੱਗੀ ਹੋਈ ਸੀ।ਮੇਰੇ ਤੋਂ ਖੁਸ਼ਕੀ ਮਾਰੇ ਬੁੱਲ੍ਹ ਵੀ ਥੁੱਕ ਨਾਲ ਗਿੱਲੇ ਨਹੀਂ ਸੀ ਹੋ ਰਹੇ।ਵੱਡੀ ਬੇਬੇ ਨੂੰ ਵਿਹੜੇ ’ਚ ਆਈ ਵੇਖ, ਬੀਬੀ ਨੇ ਵੀ ਕੁੱਝ ਹੌਸਲਾ ਫੜਿਆ ਸੀ।ਮੇਰੇ ਗੁੱਟ ਨੂੰ ਉਸੇ ਤਰ੍ਹਾਂ ਫੜੀ ਉਹ ਦੋ ਕੁ ਪੈਰ ਥੋੜ੍ਹਾ ਹਟਵੀਂ ਖਲੋਤੀ ਬੇਬੇ ਵੱਲ ਨੂੰ ਸਰਕ ਗਈ ਸੀ।
ਗੁਲਜ਼ਾਰੀ ਦਾ ਬੁੱਟਰਾਂ ਵਾਲਾ ਘਰ ਥੋੜ੍ਹਾ-ਥੋੜ੍ਹਾ ਮੈਨੂੰ ਅਜੇ ਵੀ ਚੇਤੇ ਐ।ਘਰ ਕਾਹਦਾ ਪਿੰਡੋਂ ਬਾਹਰਵਾਰ ਬੱਕਰੀਆਂ ਦਾ ਵਾੜਾ ਸੀ।ਉਸੇ ਵਾੜੇ ਦੇ ਅੰਦਰਵਾਰ ਨਿੱਕੇ ਜਿਹੇ ਕਮਰੇ ’ਚ ਰਹਿੰਦੇ ਸਾਂ ਅਸੀਂ।ਦੱਸਦੇ ਨੇ ਮੈਂ ਤੁਰਨਾ ਫਿਰਨਾ ਇਸੇ ਘਰ ਤੋਂ ਸ਼ੁਰੂ ਕੀਤਾ ਸੀ।ਗੁਲਜ਼ਾਰੀ ਵੈਲੀ ਜਿਹੀ ਕਿਸਮ ਦਾ ਬੰਦਾ ਸੀ।ਕਈ ਤਰ੍ਹਾਂ ਦੇ ਨਸ਼ੇ-ਪੱਤੇ ਕਰਨ ਵਾਲਾ।ਸੂਰਜ ਚੜ੍ਹਦੇ ਸਾਰ ਨਿੱਕਾ ਜਿਹਾ ਗੋਲ ਸ਼ੀਸ਼ਾ ਤੇ ਮੋਚਨਾ ਫੜ ਕੰਧ ਨਾਲ ਢੋਹ ਲਾ ਬੈਠਾ ਜਾਂਦਾ ਸੀ ਆਪਣੇ ਧੌਲੇ ਚੁਗਣ।ਉਹਦੇ ਵੈਲੀ ਯਾਰ ਵੀ ਉਸੇ ਘਰ ਵੜੇ ਰਹਿੰਦੇ।ਦਾਰੂ ਪੀਂਦੇ ਤੇ ਬੁਲਬੁਲੀਆਂ ਮਾਰਦੇ।ਮੈਂ ਤੇ ਬੀਬੀ ਡਰਦੇ ਮਾਰੇ ਅੰਦਰ ਵੜੇ ਕੁਸਕਦੇ ਨਾ।ਗੁਲਜ਼ਾਰੀ ਕਈ ਵਾਰੀ ਦਿਨੇ ਉਨ੍ਹਾਂ ਨੂੰ ਘਰੇ ਛੱਡ ਮੈਨੂੰ ਕੰਧਾੜੇ ਚੁੱਕ ਕੇ ਦੂਰ ਰੋਹੀ ਵੱਲ ਨਿਕਲ ਜਾਂਦਾ ਸੀ।ਐਵੇਂ ਆਵਾ ਗਾਉਣ ਤੁਰੀ ਫਿਰਦਾ।ਮੈਂ ਘਰ ਜਾਣ ਲਈ ਜ਼ਿੱਦ ਕਰਦਾ ਤਾਂ ਮੈਨੂੰ ਵਰਾਉਣ ਦੇ ਬਹਾਨੇ ਅੱਕ ਦੇ ਫੁੱਲਾਂ ਦੀਆਂ ਨਿੱਕੀਆਂ-ਨਿੱਕੀਆਂ ਭੰਬੀਰੀਆਂ ’ਚ ਤਿੱਖੀਆਂ ਸੂਲਾਂ ਪਰੋ ਕੇ ਖੇਡਣ ਨੂੰ ਦੇਂਦਾ।ਪੁਰੇ ਦੀ ਵਗਦੀ ਹਵਾ ’ਚ ਭੰਬੀਰੀਆਂ ਤੇਜ਼ ਘੁੰਮਣ ਲੱਗਦੀਆਂ।ਤਿੱਖੀ ਸੂਲ ਦੇ ਮੁੱਢ ਵਾਲੇ ਸਿਰੇ ਨੂੰ ਮੈਂ ਹੱਥ ’ਚ ਫੜੀ, ਹਵਾ ਦੇ ਜ਼ੋਰ ਘੁੰਮਦੀ ਭੰਮੀਰੀ ਨੂੰ ਗਹੁ ਨਾਲ ਤੱਕਦਾ।ਥੋੜ੍ਹੇ ਚਿਰ ’ਚ ਹੀ ਮੇਰੀਆਂ ਅੱਖਾਂ ਅੱਗੇ ਭੰਬੂ ਤਾਰੇ ਨੱਚਣ ਲੱਗਦੇ।ਮੈਨੂੰ ਲੱਗਦਾ ਜਿਵੇਂ ਉਨ੍ਹਾਂ ਨਿੱਕੀਆਂ-ਨਿੱਕੀਆਂ ਭੰਬੀਰੀਆਂ ਨਾਲ ਮੈਂ ਵੀ ਜ਼ੋਰ-ਜ਼ੋਰ ਦੀ ਘੁੰਮੀ ਜਾਨੈ।ਮੇਰਾ ਸਿਰ ਚਕਰਾਉਣ ਲੱਗਦਾ ਤਾਂ ਮੈਂ ਸੁੱਕੀ ਰੋਹੀ ਦੇ ਕੰਢੇ ਦੀ ਰੋੜਾਂ ਵਾਲੀ ਜ਼ਮੀਨ ’ਤੇ ਨਿੱਠ ਕੇ ਬੈਠੇ ਗੁਲਜ਼ਾਰੀ ਵੱਲ ਵੇਖਦਾ।ਉਹਦੀ ਰੱਸੇ ਵਾਂਗ ਵਲੇਟੀ ਮੈਲੀ ਜਿਹੀ ਪੱਗ ਹੇਠੋਂ ਖਿੰਡਰੇ ਵਾਲਾਂ ਦੀਆਂ ਕਰੜ ਬਰੜੀਆਂ ਜਿਹੀਆਂ ਜਟੂਰੀਆਂ ਬਾਹਰ ਨੂੰ ਝਾਕਦੀਆਂ ਤੇ ਹਵਾ ਦੇ ਜ਼ੋਰ ਇਧਰ ਉਧਰ ਨੂੰ ਹਿਲਦੀਆਂ।ਰੂੰ ਦੇ ਫੰਬਿਆਂ ਵਰਗੇ ਹਵਾ ’ਚ ਉਡਦੇ ਮਾਈ ਬੁੱਢੀ ਦੇ ਝਾਟੇ ਉਹਦੀ ਪੋਟਾ-ਪੋਟਾ ਵਧੀ ਬੇ-ਢੱਬੀ ਜਿਹੀ ਦਾੜ੍ਹੀ ’ਚ ਫਸੇ ਵਿਖਾਈ ਦੇਂਦੇ ਸਨ।ਉਹ ਆਪਣੀਆਂ ਚੂਨ੍ਹੀਆਂ ਜਿਹੀਆਂ ਅੱਖਾਂ ਮੀਚ-ਮੀਚ ਜਦੋਂ ਮੇਰੇ ਵੱਲ ਝਾਕਦਾ ਤਾਂ ਮੈਨੂੰ ਉਸ ਤੋਂ ਖੌਫ਼ ਜਿਹਾ ਆਉਂਦਾ ਸੀ।
 ਜਦੋਂ ਅਸੀਂ ਘਰ ਮੁੜਦੇ ਤਾਂ ਬੀਬੀ ਲੋਹੀ ਲਾਖੀ ਹੋਈ ਮੂਧੇ ਮੂੰਹ ਪਈ ਹੁੰਦੀ ਸੀ।ਗੁਲਜ਼ਾਰੀ ’ਚ ਉਸ ਨੂੰ ਬੁਲਾਉਣ ਦੀ ਹਿੰਮਤ ਨਹੀਂ ਸੀ ਹੁੰਦੀ।ਉਹ ਚੁੱਪ-ਚਪੀਤਾ ਬੱਕਰੀ ਦੇ ਥਣਾਂ ਨੂੰ ਪਾਇਆ ਝੋਲਾ ਲਾਹੁੰਦਾ।ਪਾਣੀ ਦੇ ਛਿੱਟੇ ਮਾਰ ਬੱਕਰੀ ਨੂੰ ਪਸਮਾਉਣ ਬੈਠ ਜਾਂਦਾ।ਸਿਲਵਰ ਦੇ ਡੋਲੂ ’ਚ ਧਾਰ ਕਢਦਾ ਤੇ ਫਿਰ ਚਿੱਬ ਖੜਿੱਬੀ ਪਤੀਲੀ ’ਚ ਚਾਹ ਬਣਾ ਕੇ ਚੁੱਪ ਚਾਪ ਬੀਬੀ ਦੇ ਸਿਰਹਾਣੇ ਧਰ ਆਉਂਦਾ ਸੀ। ਬੇਸ਼ੱਕ ਬੀਬੀ ਜ਼ੁਬਾਨੋਂ ਕੁੱਝ ਨਹੀਂ ਸੀ ਬੋਲਦੀ, ਪਰ ਉਹਦੇ ਗੁਸੈਲ ਚਿਹਰੇ ਨੂੰ ਉਹ ਚੰਗੀ ਤਰ੍ਹਾਂ ਸਮਝਦਾ ਸੀ ਤੇ ਉਸ ਤੋਂ ਭੈਅ ਵੀ ਖਾਂਦਾ ਸੀ।ਮੈਂ ਲਾਗੇ ਬੈਠਾ ਸੋਚਦਾ ਕਿ ਇਹ ਜਦੋਂ ਵੀ ਓਪਰੇ ਬੰਦਿਆਂ ਨੂੰ ਇਕੱਲੇ ਘਰ ਛੱਡ ਕੇ ਮੈਨੂੰ ਰੋਹੀ ਵੱਲ ਲੈ ਕੇ ਜਾਂਦੈ ਤਾਂ ਬੀਬੀ ਉਦੋਂ ਹੀ ਗ਼ੁੱਸੇ ਦੀ ਹਾਲਤ ’ਚ ਹੁੰਦੀ ਐ।ਗ਼ੁੱਸਾ ਵੀ ਇੰਨਾ ਕਿ ਜਿਵੇਂ ਅਗਲੇ ਨੂੰ ਚੀਰ ਕੇ ਰੱਖ ਦੇਵੇਗੀ।ਇਹ ਮੈਨੂੰ ਇਸ ਤਰ੍ਹਾਂ ਜਬਰਦਸਤੀ ਕਿਉਂ ਲੈ ਕੇ ਘਰੋਂ ਦੂਰ ਨਿਕਲ ਜਾਂਦਾ ਸੀ, ਮੈਨੂੰ ਇਸ ਬਾਰੇ ਕੁੱਝ ਵੀ ਅਹੁੜਦਾ-ਸੁਝਦਾ ਨਹੀਂ ਸੀ।
ਉਸ ਰਾਤ ਤਾਂ ਹੱਦ ਹੀ ਹੋ ਗਈ ਸੀ, ਜਦੋਂ ਇਹ ਤੇ ਦੋ ਜਣੇ ਹੋਰ ਗਈ ਰਾਤ ਤੀਕ ਵਾੜੇ ’ਚ ਬੈਠੇ ਦਾਰੂ ਪੀਂਦੇ ਰਹੇ ਸਨ।ਮੈਂ ਤੇ ਬੀਬੀ ਵੇਲੇ ਸਿਰ ਹੀ ਵਿਰਲਾਂ ਜਿਹੀਆਂ ਵਾਲੇ ਤਖ਼ਤਿਆਂ ਵਾਲਾ ਬੂਹਾ ਢੋਹ ਕੇ ਲੰਮੇ ਪੈ ਗਏ ਸਾਂ।ਪਤਾ ਨਹੀਂ ਕਦੋਂ ਗੁਲਜ਼ਾਰੀ ਦੱਬੇ ਪੈਰੀਂ ਅੰਦਰ ਆਇਆ ਸੀ ਤੇ ਮੈਨੂੰ ਸੁੱਤੇ ਪਏ ਨੂੰ ਬੀਬੀ ਲਾਗਿਉਂ ਚੁੱਕਣ ਲੱਗਿਆ ਸੀ।ਦੋਹਾਂ ਦੀ ਖੋਹ ਖਿੰਝ ’ਚ ਮੈਂ ਜਾਗ ਪਿਆ ਸਾਂ ਤੇ ਉੱਚੀ-ਉੱਚੀ ਡਾਡਾਂ ਮਾਰਨ ਲੱਗਿਆ ਸਾਂ।ਗੁਲਜ਼ਾਰੀ ਨੇ ਫੁੰਕਾਰਾ ਮਾਰਦਿਆਂ ਮੇਰੀ ਗਿੱਚੀ ’ਚ ਜ਼ੋਰ ਦੀ ਇਕ ਛੱਡੀ ਸੀ ਤੇ ਨਾਲ ਹੀ ‘ਚੁੱਪ ਹੋ ਜਾ ਕੰਜ਼ਰ ਦਿਆ’ ਕਹਿੰਦਿਆਂ ਦਬਕਾ ਵੀ ਮਾਰਿਆ ਸੀ।ਮੇਰੇ ਗਿੱਚੀ ’ਚ ਵੱਜਣ ਕਰਕੇ ਬੀਬੀ ਨੇ ਆਪਣੀ ਪਕੜ ਢਿੱਲੀ ਕਰ ਦਿੱਤੀ ਸੀ ਤੇ ਮੈਂ ਡਰਦਾ ਮਾਰਾ ਦੜ੍ਹ ਵੱਟ ਗਿਆ ਸਾਂ।ਉਸ ਨੇ ਆਪਣੇ ਉੱਪਰ ਲਏ ਖੇਸ ਦੇ ਝੂੰਗਲਮਾਟੇ ’ਚ ਮੈਨੂੰ ਲਿਆ ਤੇ ਬਾਂਸ ਦੀ ਪੌੜੀ ਦੇ ਡੰਡਿਆਂ ’ਤੇ ਪੈਰ ਧਰਦਾ ਕੋਠੇ ਦੀ ਛੱਤ ’ਤੇ ਜਾ ਕੇ ਬਹਿ ਗਿਆ।ਰਾਤ ਦੇ ਸੰਘਣੇ ਘੁੱਪ ਹਨੇਰੇ ’ਚ ਮੈਂ ਉਹਦੀ ਬੁਕਲ ’ਚ ਵੜਿਆ ਡਰ ਤੇ ਖੌਫ਼ ਦਾ ਮਾਰਿਆ ਕੁਸਕਦਾ ਤੱਕ ਨਹੀਂ ਸੀ।ਥੋੜ੍ਹੇ ਚਿਰ ’ਚ ਕੋਠੇ ਅੰਦਰੋਂ ਗੁਥਮਗੁੱਥਾ ਹੋਣ ਦੀਆਂ ਅਵਾਜ਼ਾਂ ਆਉਣ ਲੱਗੀਆਂ।ਲੱਗਦਾ ਸੀ ਕੋਈ ਬੀਬੀ ਨਾਲ ਹੱਥੋ-ਪਾਈ ਹੋ ਰਿਹਾ ਹੈ।ਬੀਬੀ ਕਿਸੇ ਕੋਲੋਂ ਛੁੱਟਣ ਦਾ ਯਤਨ ਕਰਦਿਆਂ ਉੱਚੀ-ਉੱਚੀ ਚੀਕਣ ਦੀ ਕੋਸ਼ਿਸ਼ ਕਰ ਰਹੀ ਸੀ।ਕੋਈ ਉਹਦੇ ਮੂੰਹ ’ਤੇ ਜ਼ੋਰ ਨਾਲ ਹੱਥ ਰੱਖਦਾ ਹੈ, ਜਿਸ ਕਰਕੇ ਉਹਦੀ ਚੀਕਣ ਦੀ ਆਵਾਜ਼ ਕਮਰੇ ਅੰਦਰ ਹੀ ਦਫਨ ਹੋ ਕੇ ਰਹਿ ਜਾਂਦੀ ਹੈ।ਮੈਂ ਖੇਸ ਦੀ ਬੁਕਲ ਅੰਦਰੋਂ ਥੋੜ੍ਹੀਆਂ ਜਿਹੀਆਂ ਅੱਖਾਂ ਖੋਲ੍ਹਦਾ ਹਾਂ।ਘੁੱਪ ਹਨੇਰਾ ਤੇ ਘੁੱਟਣ ਹੈ ਚਾਰੇ ਪਾਸੇ।ਗੁਲਜ਼ਾਰੀ ਦੇ ਗੰਦੀ ਹਵਾੜ ਮਾਰਦੇ ਤੇਜ਼ ਚਲਦੇ ਸਾਹ ਤੇ ਉਹ ਦਾ ਕਲੇਜਾ ਧੜਕਣ ਦੀ ਬਜਾਏ ਜ਼ੋਰ-ਜ਼ੋਰ ਦੀ ਵੱਜਦਾ ਸੁਣਾਈ ਦੇਂਦਾ ਸੀ।ਹੇਠਲਾ ਰੌਲਾ ਮੱਠਾ ਪੈਣ ਦੀ ਬਜਾਏ ਜ਼ਿਆਦਾ ਹੀ ਵਧ ਗਿਆ ਲੱੱਗਦਾ ਸੀ।
ਗੁਲਜ਼ਾਰੀ ਬੈਠਾ-ਬੈਠਾ ਥੋੜ੍ਹਾ ਕੁ ਬਨੇਰੇ ਵੱਲ ਸਰਕ ਕੇ ਹੇਠਾਂ ਵੇਖਣ ਦੀ ਕੋਸ਼ਿਸ਼ ਕਰਦਾ ਹੈ।ਗੁਲਜ਼ਾਰੀ! ਓ ਗੁਲਜ਼ਾਰੀ! ਕੋਠੇ ਹੇਠੋਂ ਕੋਈ ਦੱਬਵੀਂ ਜਿਹੀ ਅਵਾਜ਼ ਮਾਰਦਾ ਹੈ।ਗੁਲਜ਼ਾਰੀ ਬਨੇਰੇ ਤੋਂ ਦੀ ਧੋਣ ਥੋੜ੍ਹੀ ਅੱਗੇ ਕਰਕੇ ਹੌਲੀ ਜਿਹੀ ‘ਹੂੰ ?’ ਕਹਿੰਦਾ ਹੈ।‘ਹੇਠਾਂ ਆ ਛੇਤੀ, ਭੈਣ ’ਚੋ ਗੂੰਗੀ ਦੰਦੀਆਂ ਵੱਢਦੀ ਐ ਅੱਗਿਉਂ।’ ਉਹ ਮੈਨੂੰ ਕੋਠੇ ਦੀ ਛੱਤ ’ਤੇ ਬਿਠਾ ਕੇ ਕਾਹਲੀ-ਕਾਹਲੀ ਹੇਠਾਂ ਜਾ ਉਤਰਿਆ ਸੀ।ਮੈਂ ਪੈਰਾਂ ਭਾਰ ਕੁੰਗੜ ਕੇ ਬੈਠਾ ਆਸੇ ਪਾਸੇ ਨੂੰ ਝਾਕ ਰਿਹਾ ਸਾਂ।ਹਨੇਰੇ ਦੀ ਸੰਘਣੀ ਚਾਦਰ ਚਾਰੇ ਪਾਸੇ ਪਸਰੀ ਹੋਈ ਸੀ।ਅੰਬਰਾਂ ’ਚ ਚੰਦ ਦਾ ਕਿਤੇ ਨਾਮ-ਨਿਸ਼ਾਨ ਵੀ ਨਹੀਂ ਸੀ।ਕਾਲੀ ਤੇ ਹਨੇਰੀ ਰਾਤ ’ਚ ਹੱਥ ਨੂੰ ਹੱਥ ਨਹੀਂ ਸੀ ਦਿਸਦਾ ਕਿਧਰੇ।ਮੈਂ ਡਰਿਆ ਤੇ ਸਹਿਮਿਆ ਹੋਇਆ ਦੋ ਕੁ ਪੈਰ ਬਨੇਰੇ ਵੱਲ ਨੂੰ ਸਰਕ ਗਿਆ ਸਾਂ ਤੇ ਬਨੇਰੇ ਤੋਂ ਉੱਪਰ ਨੂੰ ਵਧੇ ਪੌੜੀ ਦੇ ਪਾਟੇ ਬਾਂਸਾਂ ਨੂੰ ਫੜ ਕੇ ਹੇਠਾਂ ਨੂੰ ਵੇਖਣ ਲੱਗਿਆ ਸਾਂ।ਕੁੱਝ ਨਹੀਂ ਸੀ ਦਿਸਦਾ ਹੇਠਾਂ ਵੀ।ਕਦੀ-ਕਦੀ ਕਿਸੇ ਨੂੰ ਕੁੱਝ ਵੱਜਣ ਦੀਆਂ ਆਵਾਜ਼ਾਂ ਆਉਂਦੀਆਂ ਸਨ।ਫਿਰ ਬੁੜ-ਬੁੜ ਕਰਦੇ ਦੋ ਜਣੇ ਕਮਰੇ ਅੰਦਰੋਂ ਬਾਹਰ ਨਿਕਲਦਿਆਂ ਦਾ ਮੈਨੂੰ ਝਉਲਾ ਜਿਹਾ ਪਿਆ।ਪਿੱਛੇ-ਪਿੱਛੇ ਗੁਲਜ਼ਾਰੀ ਵੀ।ਹਨੇਰੇ ’ਚ ਪਰਛਾਵੇਂ ਜਿਹੇ ਸਰਕਦੇ ਬੇ-ਤਰਤੀਬੇ ਵਿਹੜੇ ’ਚੋਂ ਬਾਹਰ ਨੂੰ ਜਾਂਦੇ ਝੱਟ ਹੀ ਕਿਧਰੇ ਅਲੋਪ ਹੋ ਗਏ ਸਨ।ਮੈਂ ਦੋ ਕੁ ਚੱਪੇ ਗੋਲ ਜਿਹੇ ਬਨੇਰੇ ਲਾਗੇ ਪੌੜੀ ਦੇ ਆਸਰੇ ਨਾਲ ਪੈਰਾਂ ਭਾਰ ਬੈਠਾ ਉੱਚੀ ਸਾਹ ਨਹੀਂ ਸੀ ਲੈ ਰਿਹਾ।ਥੋੜ੍ਹੀ ਸ਼ਾਂਤੀ ਹੋਈ ਤਾਂ ਪੈਰ ਘਸੀਟਦੀ ਬੀਬੀ ਕਮਰੇ ਅੰਦਰੋਂ ਬਾਹਰ ਨਿਕਲੀ ਸੀ ਤੇ ਸੰਭਲ-ਸੰਭਲ ਡੰਡਿਆਂ ’ਤੇ ਪੈਰ ਧਰਦੀ ਬਨੇਰੇ ਤੱਕ ਆਣ ਅਪੜੀ ਸੀ।ਆਪਣੇ ਗਲ ਪਾਏ ਕਮੀਜ਼ ਦੀ ਬਾਂਹ ਨਾਲ ਉਸ ਨੇ ਅੱਖਾਂ ਵਿਚਲੇ ਪਾਣੀ ਨੂੰ ਸਾਫ਼ ਕੀਤਾ ਤੇ ਦੋਵੇਂ ਬਾਂਹਾਂ ਉੱਪਰ ਕਰਕੇ ਮੇਰੇ ਹੱਥ ਸਿਖਰਲੇ ਡੰਡੇ ਨੂੰ ਪੁਆ ਕੇ ਮੈਨੂੰ ਆਪਣੇ ਅੱਗੇ ਪੌੜੀ ’ਤੇ ਖੜ੍ਹੇ ਕਰ ਲਿਆ ਸੀ।ਆਪਣੇ ਆਸਰੇ ਨਾਲ ਇੱਕ-ਇੱਕ ਡੰਡਾ ਉਤਾਰਦੀ ਬੀਬੀ ਮੈਨੂੰ ਕੋਠੇ ਅੰਦਰ ਲੈ ਗਈ ਸੀ।ਮੈਨੂੰ ਚੇਤੇ ਐ ਉਹ ਰਾਤ ਭਰ ਬੁਸਕਦੀ ਰਹੀ ਸੀ ਤੇ ਲਾਗੇ ਪਏ ਨੂੰ ਮੈਨੂੰ ਵੀ ਚੱਜ ਨਾਲ ਨੀਂਦ ਨਹੀਂ ਸੀ ਆਈ।
ਰਾਤ ਦਾ ਨਿਕਲਿਆ ਗੁਲਜ਼ਾਰੀ ਦਿਨ ਚੜ੍ਹੇ ਵੀ ਘਰ ਨਹੀਂ ਸੀ ਮੁੜਿਆ।ਬੀਬੀ ਨੇ ਵੀ ਉਠ ਕੇ ਚੁੱਲ੍ਹੇ ਅੱਗ ਨਹੀਂ ਸੀ ਬਾਲੀ ਉਸ ਦਿਨ।ਚੌਂਕੇ ਦੇ ਓਟੇ ਨਾਲ ਢੋਹ ਲਾ ਕੇ ਬੈਠੀ ਨੇ ਆਪਣਾ ਸਿਰ ਗੋਡਿਆਂ ’ਚ ਦੇ ਰੱਖਿਆ ਸੀ ਤੇ ਮੁੜ-ਮੁੜ ਅੱਖਾਂ ਪੂੰਝਦੀ ਰਹੀ ਸੀ।ਮੈਂ ਉਹਦੀ ਵੱਖੀ ਨਾਲ ਜੁੜ ਕੇ ਬੈਠਾ ਜ਼ਮੀਨ ’ਤੇ ਗੋਲ-ਗੋਲ ਲੀਕਾਂ ਜਿਹੀਆਂ ਮਾਰੀ ਜਾ ਰਿਹਾ ਸਾਂ, ਜਿਸ ਦਾ ਕੋਈ ਸਿਰਾ ਮੇਰੇ ਹੱਥ ਨਹੀਂ ਸੀ ਲੱਗ ਰਿਹਾ।ਪਰ੍ਹਾਂ ਵਿਹੜੇ ’ਚ ਰਾਤ ਦਾ ਖੁੱਲ੍ਹਾ ਬੱਢਾ ਬੱਕਰਾ, ਬੋਅ-ਬੋਅ ਕਰਦਾ ਸਿਆਣੀਆਂ ਬੱਕਰੀਆਂ ਤੇ ਨਿਆਣੀਆਂ ਪੱਠਾਂ ਦੇ ਮਗਰ ਬੁਕਦਾ ਫਿਰਦਾ ਸੀ।ਉਹ ਵਿਚਾਰੀਆਂ ਆਪਣਾ ਬਚਾਅ ਕਰਨ ਲਈ ਮੈਂਅ-ਮੈਂਅ ਕਰਦੀਆਂ ਇਧਰ-ਉਧਰ ਭੱਜਦੀਆਂ ਇਕ ਦੂਜੀ ’ਚ ਵੱਜ ਰਹੀਆਂ ਸਨ ਤੇ ਹਾਰ ਹੰਭ ਕੇ ਵਾੜੇ ਦੀ ਅਗਲੀ ਗੁੱਠੇ ਇਕ ਦੂਜੀ ਨਾਲ ਲੱਗ ਕੇ ਜਾ ਖਲੋਂਦੀਆਂ ਸਨ।
ਰਾਤ ਦੇ ਪਏ ਰੌਲੇ-ਗੌਲੇ ਦੀ ਕੰਨਸੋਅ ਪਤਾ ਨਹੀਂ ਕਿੰੰਝ ਪਿੰਡ ’ਚ ਪਹੁੰਚ ਗਈ ਸੀ।ਬੜੀ ਤੋਏ ਤੋਏ ਹੋਈ ਸੀ ਗੁਲਜ਼ਾਰੀ ਦੀ ਉਸ ਦਿਨ।ਪਰ੍ਹੇ ’ਚ ਖਲੋਤੇ ਨੂੰ ਤਾਈ ਭਜਨ ਕੌਰ ਨੇ ਫਿਟ-ਤੋਏ ਕਰਦਿਆਂ ਘੂਰਿਆ ਸੀ ਕਿ ‘ਕੰਜ਼ਰਾ ਬੇ-ਜ਼ੁਬਾਨ ਤੀਵੀਂ ਨੂੰ ਆਪਣੀ ਭੇਡ-ਬੱਕਰੀ ਹੀ ਸਮਝ ਰੱਖਿਆ ਸੀ।ਜਾਨਵਰ ’ਤੇ ਵੀ ਲੋਕੀ ਰਹਿਮ ਕਰਦੇ ਐ।ਤਾਰੋ ਦੇ ਪਿੰਡੇ ’ਤੇ ਵੱਜੇ ਖਰੂੰਡ ਮੈਂ ਆਪ ਅੰਦਰ ਜਾ ਕੇ ਵੇਖ ਕੇ ਆਈ ਆਂ।ਜਿਵੇਂ ਕਿਤੇ ਹਲਕੇ ਕੁੱਤਿਆਂ ਨੇ ਨੋਚਿਆ ਹੁੰਦਾ ਉਹਨੂੰ।ਨਾਲ ਪਏ ਨਿਆਣੇ ਦੀ ਕਿਤੇ ਬੰਦਾ ਸ਼ਰਮ ਕਰਦੈ, ਕਮੀਣਪੁਣੇ ਦੀ ਵੀ ਕੋਈ ਹੱਦ ਹੁੰਦੀ ਐ।ਜੇ ਤੀਵੀਂ ਦੀ ਇੱਜ਼ਤ ਦਾ ਭਾਈਵਾਲ ਨਹੀਂ ਤਾਂ ਕਾਹਨੂੰ ਘਰ ਰੱਖਿਆ ਈ ਕਰਮਾਂ ਮਾਰੀ ਨੂੰ।ਜਾਣ ਦੇ ਆਪੇ ਕਿਤੇ ਮੰਗ-ਤੰਗ ਕੇ ਗੁਜ਼ਾਰਾ ਕਰ ਲੈਣਗੇ, ਮਾਂ ਪੁੱਤ।ਜਿਦ੍ਹੇ ਮੂੰਹ ਨੂੰ ਰੱਬ ਨੇ ਹੀ ਜਿੰਦਰਾ ਮਾਰ ਛੱਡਿਆ ਉਮਰ ਭਰ ਦਾ ਕਿਸੇ ਵੇਲੇ ਘੜੀ ’ਚ ਇਹੋ ਜਿਹੀ ਬੇ-ਜ਼ੁਬਾਨੀ ਦੀ ਬਦਵਾਈ ਲੱਗ ਗੀ ਨਾ ਕਿਤੇ, ਉਥੇ ਕੀੜੇ ਪੈਣੇ ਐ ਜਿਥੋਂ ਕੋਈ ਕੱਢਣ ਵਾਲਾ ਨਾ ਹੋਵੇ।’ ਤਾਈ ਭਜਨ ਕੌਰ ਦਾ ਬੋਲਦਿਆਂ ਅੱਖਾਂ ਦਾ ਰੰਗ ਲਾਲ ਸੁਰਖ ਹੋ ਗਿਆ ਸੀ।ਜੁੜੀ ਪਰ੍ਹੇ ਨੇ ਵੀ ਝਿੜਕਿਆ ਝੰਬਿਆ ਸੀ ਤੇ ਨਾਲ ਤਾੜਨਾ ਵੀ ਕੀਤੀ ਕਿ ‘ਜਾਂ ਤਾਂ ਕਿਸੇ ਲੋੜਵੰਦ ਤੇ ਇੱਜ਼ਤ ਵਾਲੇ ਘਰ ਛੱਡ ਕੇ ਆ ਇਨ੍ਹਾਂ ਨੂੰ, ਨਹੀਂ ਤਾਂ ਕਿਸੇ ਮੰਦਰ ਗੁਰਦੁਆਰੇ ਅਸੀਂ ਆਪ ਛੱਡ ਕੇ ਆਈਏ।’ ਗੁਲਜ਼ਾਰੀ ਇਸ ਵੇਰਾਂ ਸੱਚਮੁਚ ਹੀ ਡਰ ਗਿਆ ਸੀ।ਲੋੜਵੰਦ ਉਸ ਦੀ ਨਜ਼ਰ ’ਚ ਸੀ ਜਿਨ੍ਹਾਂ ਨੂੰ ਸਾਈ ਉਸ ਨੇ ਪਹਿਲਾਂ ਹੀ ਲਾਈ ਹੋਈ ਸੀ।ਉਹ ਦੋ ਕੁ ਦਿਨ ਬਾਅਦ ਲੋਅ ਲੱਗਣ ਤੋਂ ਪਹਿਲਾਂ ਹੀ ਮੱਸਿਆ ਨਹਾਉਣ ਬਹਾਨੇ ਸਾਨੂੰ ਘਰੋਂ ਲੈ ਕੇ ਤੁਰਿਆ ਸੀ ਤੇ ਸਾਰਾ ਦਿਨ ਇਧਰ ਉਧਰ ਘੁੰਮਦਾ-ਘੁਮਾਉਂਦਾ ਰਾਤ ਪਈ ਉਸ ਨੇ ਇਸ ਘਰ ਦਾ ਆਣ ਬੂਹਾ ਖੜਕਾਇਆ ਸੀ।
ਘੜੀ ਨੇ ਅਲਾਰਮ ਵਜਾਇਆ ਤਾਂ ਮੇਰੀ ਸੁਰਤੀ ਕਮਰੇ ਅੰਦਰ ਪਰਤਦੀ ਐ।ਬੀਬੀ ਨੇ ਇਸ ਵੇਲੇ ਦਾ ਅਲਾਰਮ ਲੁਆ ਰੱਖਿਆ ਮੈਥੋਂ।ਅਲਾਰਮ ਵੱਜਣ ਸਾਰ ਉਠ ਬੈਠਦੀ ਸੀ।ਕੋਈ ਕੰਮ ਧੰਦਾ ਨਾ ਵੀ ਹੋਵੇ ਤਾਂ ਵੀ ਵੇਲੇ ਸਿਰ ਉਠਣ ਦੀ ਆਦਤ ਨਹੀਂ ਛੱਡੀ ਇਹਨੇ।ਮੈਂ ਚੁਗਾਠ ਦੇ ਸੇਰੂ ਨੂੰ ਹੱਥ ਪਾ ਕੇ ਖੜਾ ਕਮਰੇ ਅੰਦਰ ਝਾਕਦਾ ਹਾਂ।ਬੀਬੀ ਅੱਜ ਨਹੀਂ ਉਠੀ।ਸਿੱਧੀ ਸਤੋਲ ਪਈ ਐ, ਜਿਵੇਂ ਮੈਂ ਲਿਟਾ ਕੇ ਆਇਆਂ।ਮੈਨੂੰ ਪਤੈ ਇਹਦੇ ਕੋੋਲੋਂ ਆਪਣੇ ਆਪ ਹੁਣ ਉਠ ਵੀ ਨਹੀਂ ਹੋਣਾ।ਆਸਰੇ ਨਾਲ ਬਿਠਾਉਣਾ ਪੈਣਾ, ਪੈਰ ਪੁੱਟਣਾ ਤਾਂ ਕਿਤੇ ਕਰਮਾਂ ਨਾਲ ਈ ਐ।
ਪੈਰ ਤਾਂ ਬੀਬੀ ਨੇ ਜਿਉਂ ਇਸ ਵਿਹੜੇ ’ਚ ਧਰਿਆ ਸੀ ਮੁੜ ਬਾਹਰ ਨਹੀਂ ਸੀ ਪੁੱਟਿਆ।ਹਮੇਸ਼ਾ ਕੰਮ ’ਚ ਰੁਝੀ ਰਹਿਣ ਵਾਲੀ ਬੀਬੀ ਨੇ ਵੱਡੀ ਬੇਬੇ ਦਾ ਮਨ ਜਿੱਤ ਲਿਆ ਸੀ।ਉਹ ਥਾਂ-ਥਾਂ ਤੋਂ ਕਰੂਪ ਹੋਏ ਵਿਹੜੇ ਨੂੰ ਸੰਵਾਰਦੀ।ਚੰਡ-ਚੰਡ ਕੇ ਅੰਦਰ ਬਾਹਰ ਬਹੁਕਰ ਦਿੰਦੀ।ਚੌਂਕੇ ਦੇ ਓਟੇ ਉਤੇ ਬਣੀਆਂ ਮੋਰ ਘੁੱਗੀਆਂ ਉਹਦੇ ਹੱਥਾਂ ਦੀ ਛੂਹ ਨਾਲ ਮੁੜ ਚਹਿਕ ਉੱਠੀਆਂ ਸਨ।ਬੀਬੀ ਨੂੰ ਵਿਹੜੇ ’ਚ ਇਧਰ ਉਧਰ ਫਿਰਦੀ ਵੇਖ ਘਰ ਵਿਚਲੇ ਦੋਹਾਂ ਜੀਆਂ ਦਾ ਚਾਅ ਸਾਂਭਿਆ ਨਹੀਂ ਸੀ ਜਾਂਦਾ।
ਉਸ ਦਿਨ ਲੌਢੇ ਕੁ ਵੇਲੇ ਵੱਡੀ ਬੇਬੇ ਨੇ ਮੈਨੂੰ ਕੋਲ ਬਿਠਾ ਕੇ ਮੇਰਾ ਨਾਂ ਪੁੱਛਿਆ ਸੀ।ਕੀ ਦੱਸਦਾ ? ਸੁਣ ਕੇ ਮੈਂ ਦੁਚਿਤੀ ਜਿਹੀ ਵਿਚ ਪੈ ਗਿਆ ਸਾਂ।ਗੁਲਜ਼ਾਰੀ ਤਾਂ ਹਮੇਸ਼ਾ ਮੈਨੂੰ ਲੇਲਾ-ਲੇਲਾ ਹੀ ਕਹਿੰਦਾ ਹੁੰਦਾ ਸੀ।ਬੀਬੀ ਨੇ ਵੀ ਜਦ ਕਦੀ ਬੁਲਾਉਣਾ ਹੁੰਦਾ ਸੀ ਜਾਂ ਸੁੱਤੇ ਨੂੰ ਉਠਾਉਣਾ ਹੁੰਦਾ ਸੀ।ਬਹੁਤੀ ਵਾਰੀ ਤਾਂ ਉਹਦੇ ਟੋਹਣ ’ਤੇ ਹੀ ਮੈਂ ਚੌਕਨਾ ਹੋ ਜਾਂਦਾ ਸਾਂ ਤੇ ਉਸ ਵੱਲ ਵੇਖਦਿਆਂ ਹੀ ਉਹਦੀ ਗੱਲ ਵੀ ਸਮਝ ਜਾਂਦਾ ਸਾਂ।ਫਿਰ ਵੀ ਜੇ ਕਦੀ ਕਦਾਈਂ ਉਹ ਮੈਨੂੰ ਅਵਾਜ਼ ਮਾਰਦੀ ਵੀ ਸੀ ਤਾਂ ਜ਼ੋਰ ਲਾ ਕੇ ਉਹਦੇ ਮੂੰਹੋਂ ਪੀ ਪੂ ਹੀ ਨਿਕਲਦਾ ਸੀ।ਇਹ ਪੀ ਪੂ ਕਹਿ ਕੇ ਬੀਬੀ ਮੈਨੂੰ ਕਿਸ ਨਾਂ ਨਾਲ ਬੁਲਾਉਣਾ ਚਾਹੁੰਦੀ ਸੀ, ਮੈਨੂੰ ਖੁਦ ਪਤਾ ਨਹੀਂ ਸੀ ਲੱਗਦਾ।ਮੈਂ ਪਰ੍ਹਾਂ ਹਟਵੀਂ ਬੈਠੀ ਬੀਬੀ ਵੱਲ ਵੇਖਿਆ ਉਹ ਮਾਂਹ ਛੋਲਿਆਂ ਦੀ ਦਾਲ ’ਚੋਂ ਬੜੀ ਨੀਝ ਲਾ ਕੇ ਕੋੜਕੂ ਚੁੱਗ ਕੇ ਪਾਸੇ ਸੁੱਟ ਰਹੀ ਸੀ।ਭਾਵੇਂ ਉਹਦੇ ਕੰਨ ਸਾਡੇ ਵੱਲ ਸਨ, ਪਰ ਫਿਰ ਵੀ ਉਹ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੀ ਸੀ ਜਿਵੇਂ ਇਧਰ ਹੁੰਦੀ ਗੱਲਬਾਤ ’ਚ ਉਹਦੀ ਕੋਈ ਬਹੁਤੀ ਤਵੱਜੋਂ ਨਾ ਹੋਵੇ।ਮੇਰੇ ਮੂੰਹੋਂ ਕੁੱਝ ਵੀ ਜਵਾਬ ਨਾ ਸੁਣ ਕੇ ਬੇਬੇ ਨੇ ਮੇਰੇ ਸਿਰ ’ਤੇ ਹੱ ਫੇਰਿਆ ਤੇ ਗਲ ‘ਚ ਲੈਂਦਿਆਂ ਕਿਹਾ ਕਿ ‘ਅੱਜ ਮੰਗਲਵਾਰ ਐ, ਅੱਜ ਤੋਂ ਤੂੰ ਸਾਡਾ ਮੰਗਲ ਸਿਹੁੰ।ਠੀਕ ਐ।’ ਬੀਬੀ ਨੇ ਧੌਣ ਭੁੰਆਂ ਕੇ ਸਾਡੇ ਵੱਲ ਵੇਖਿਆ ਸੀ।ਉਹਦੇ ਚਿਹਰੇ ’ਤੇ ਅਜੀਬ ਜਿਹੀ ਮੁਸਕਾਨ ਖਿੰਡਰੀ ਹੋਈ ਸੀ।ਉਸ ਨੇ ਆਪਣੇ ਗੋਡਿਆਂ ’ਤੇ ਰੱਖੀ ਕਹਿੰ ਦੀ ਥਾਲੀ ’ਚ ਖਿਲਰੀ ਮਾਂਹ-ਛੋਲਿਆਂ ਦੀ ਦਾਲ ਨੂੰ ਸੱਜੇ ਹੱਥ ਦੀਆਂ ਉਂਗਲਾਂ ਨਾਲ ਰਲਾਉਂਦਿਆਂ ਇਕ ਢੇਰੀ ਜਿਹੀ ਬਣਾ ਲਈ ਸੀ ਤੇ ਉਠ ਕੇ ਪਿਛਾੜੀਉਂ ਆਪਣਾ ਝੱਗਾ ਝਾੜਦੀ ਪਰ੍ਹਾਂ ਚੌਂਕੇ ਨੂੰ ਹੋ ਤੁਰੀ ਸੀ।
ਬਾਹਰ ਆਰਣ ਤਪਾ ਕੇ ਬੈਠਾ ਭਾਪਾ ਕਿਸੇ ਨਾ ਕਿਸੇ ਕੰਮ ਦੇ ਬਹਾਨੇ ਮੈਨੂੰ ਅਵਾਜ਼ ਮਾਰ ਲੈਂਦਾ।ਮੈਂ ਵੇਖਦਾ ਕਿ ਢਾਰਾ ਕੰਮ ਕਰਵਾਉਣ ਆਏ ਬੰਦਿਆਂ ਨਾਲ ਭਰਿਆ ਹੁੰਦਾ ਸੀ।ਮੱਠੀ-ਮੱਠੀ ਚਾਲੇ ਗਿੜਦੇ ਪੱਖੇ ਦੀ ਹਵਾ ਆਰਣ ਅੰਦਰਲੇ ਕੋਲਿਆਂ ਨੂੰ ਭਖਾ ਕੇ ਰੱਖਦੀ।ਉੱਪਰ ਬਣੀ ਲੂੰਬੀ ’ਚੋਂ ਨਿਕਲਦੇ ਧੂੰਏ ਦੇ ਨਾਲ ਨਾਲ ਜਾਂਦੇ ਬਰੀਕ-ਬਰੀਕ ਚਿੰਗਾੜਿਆਂ ਦੇ ਦ੍ਰਿਸ਼ ਨੂੰ ਮੈਂ ਗਹੁ ਨਾਲ ਵੇਖਦਾ।ਭਾਪੇ ਲਾਗੇ ਬੈਠਿਆਂ ’ਚੋਂ ਕੋਈ ਕਹਿੰਦਾ, ‘ਲੈ ਭਈ ਕਰਮ ਸਿੰਹਾਂ, ਹੋਰ ਚੌਂਹ ਵਰ੍ਹਿਆਂ ਨੂੰ ਤੇਰੇ ਬਰਾਬਰ ਬੈਠ ਕੇ ਦਾਤਰੀਆਂ ਦੇ ਦੰਦੇ ਕੱਢਿਆ ਕਰੂ ਮੁੰਡਾ।’ ਲਾਗਿਉਂ ਇਕ ਹੋਰ ਬੋਲਦਾ, ‘ਵੀਰ ਮੇਰਿਆ, ਇਹ ਤਾਂ ਖਾਨ ਗਾਹ ਵਾਲੇ ਬਾਬੇ ਦੀ ਮਿਹਰ ਨਾਲ ਬੁੱਢੇ ਵਾਰੇ ਘਰ ਵੱਸਿਆ ਮਿਸਤਰੀ ਦਾ।ਨਹੀਂ ਤਾਂ ਏਨੇ ਵਰ੍ਹੇ ਪਹਿਲਾਂ ਮਿਸਤਰਾਣੀ ਦਾ ਛਿਲੇ ’ਚ ਜਵਾਕ ਸਣੇ ਪੂਰੀ ਹੋਈ ਦਾ ਸੱਲ ਕਿਤੇ ਘੱਟ ਸੀ।ਬਾਰ੍ਹੀਂ ਵਰ੍ਹੀਂ ਜਾ ਕੇ ਕਿਤੇ ਆਸ ਬਣੀ ਸੀ, ਉਹ ਵੀ ਨਾ ਬੂਟਾ ਬਚਿਆ, ਨਾ ਫਲ ਹੱਥ ਲੱਗਾ।ਖਾਲੀ ਹੱਥ ਮਲਦੇ ਰਹਿ ਗਏ ਸੀ ਟੱਬਰ ਦੇ ਜੀਅ।’
ਇਕ ਹੋਰ ਨੇ ਗੱਲਬਾਤ ਦਾ ਰੁਖ਼ ਬਦਲਣ ਵਾਸਤੇ ਪੁੱਛਿਆ, ‘ਮੈਂ ਕਿਹਾ ਮਿਸਤਰੀ ਸਾਹਿਬ! ਕਿੰਨੇ ਕੁ ’ਚ ਪੈ ਗਈ ਆਪਣੀ ਮਿਸਤਰਾਣੀ ?’ ‘ਭਰਾਵਾ, ਰੱਬ ਜਾਣੇ, ਬੇਬੇ ਨੇ ਈ ਗੱਲ ਕੀਤੀ ਸੀ ਆਜੜੀ ਨਾਲ।’ ਭਾਪੇ ਨੇ ਆਪਣੇ ਵੱਲੋਂ ਗੱਲ ਮੁਕਾਈ ਸੀ।ਮੈਂ ਹੈਰਾਨੀ ਜਿਹੀ ’ਚ ਖਲੋਤਾ ਉਨ੍ਹਾਂ ਵੱਲ ਝਾਕਦਾ ਰਹਿੰਦਾ ਸਾਂ।
ਖੜੇ-ਖੜੇ ਦੀਆਂ ਮੇਰੀਆਂ ਲੱਤਾਂ ’ਚ ਕੀੜੀਆਂ ਤੁਰਨ ਲੱਗੀਆਂ ਨੇ।ਨਾਲ ਹੀ ਇਕ ਪੈਰ ਵੀ ਸੌਂ ਗਿਆ ਲੱਗਦਾ ਸੀ।ਮੈਂ ਕੰਧ ਦਾ ਆਸਰਾ ਲੈ ਕੇ ਵਾਰੋ ਵਾਰੀ ਆਪਣੀਆਂ ਦੋਂਹ ਲੱਤਾਂ ਨੂੰ ਛੰਡਦਾ ਹਾਂ।ਨਾੜਾਂ ’ਚ ਲਹੂ ਦੀ ਗਤੀ ਮੁੜ ਤੋਂ ਹੋਣ ਲੱਗਦੀ ਐ।ਆਪਣੇ ਆਪ ਨੂੰ ਸਥਿਰ ਕਰਨ ਲਈ ਮੈਂ ਮੰਜੀ ’ਤੇ ਲੱਤਾਂ ਲਮਕਾ ਕੇ ਬੈਠ ਜਾਂਦਾ ਹਾਂ।ਬੀਬੀ ਮੁੜ ਮੇਰੀਆਂ ਸੋਚਾਂ ਦਾ ਹਿੱਸਾ ਬਣਦੀ ਹੈ।
ਬੀਬੀ ਦਾ ਕਣਕਵੰਨਾ ਰੰਗ ਨਵੇਂ ਘਰ ’ਚ ਆ ਕੇ ਚਹਿਕ ਉਠਿਆ ਸੀ।ਭਾਪਾ ਆਨੀ ਬਹਾਨੀ ਬੀਬੀ ਦੇ ਲਾਗੇ ਬਹਿਣ ਦੀ ਕੋਸ਼ਿਸ਼ ਕਰਦਾ।ਵੱਡੀ ਬੇਬੇ ਚੁੱਪ ਚੁਪੀਤੀ ਸਹਿਜ਼ ਨਾਲ ਟੋਕਰੀ ਫੜ ਕੇ ਬਾਹਰ ਢਾਹਰੇ ਹੇਠ ਖਿਲਰੇ ਸੱਕ ਇਕੱਠੇ ਕਰਨ ਤੁਰ ਪੈਂਦੀ।ਮੈਂ ਵੀ ਉਹਦੇ ਪਿੱਛੇ-ਪਿੱਛੇ ਢਾਹਰੇ ਹੇਠ ਪਹੁੰਚ ਜਾਂਦਾ ਸਾਂ।ਬੇਬੇ ਇਕੱਲਾ-ਇਕੱਲਾ ਸੱਕ ਚੁੱਗ ਕੇ ਟੋਕਰੀ ’ਚ ਸੁੱੱਟੀ ਜਾਂਦੀ।ਖਿਲਰੇ ਔਜਾਰਾਂ ਨੂੰ ਥਾਂ ਸਿਰ ਕਰਦੀ।ਕਦੀ ਓਪਰਾ-ਓਪਰਾ ਝਾੜੂ ਫੇਰਨ ਲੱਗਦੀ।ਮੈਨੂੰ ਲੱਗਦਾ ਜਿਵੇਂ ਬੇਬੇ ਟੈਮ ਪਾਸ ਕਰਨ ਲਈ ਐਵੇਂ ਹੱਥ ਪੈਰ ਮਾਰ ਰਹੀ ਹੈ।ਮੈਂ ਸੱਕਾਂ ਵਾਲੀ ਟੋਕਰੀ ਚੁੱਲ੍ਹੇ ਅੱਗੇ ਧਰਨ ਜਾਂਦਾ ਵੇਖਦਾ ਕਿ ਬੀਬੀ ਭਾਪੇ ਨੂੰ ਇਸ਼ਾਰਿਆਂ ਨਾਲ ਕੁੱਝ ਸਮਝਾਉਣ ਦਾ ਯਤਨ ਕਰ ਰਹੀ ਐ ਤੇ ਭਾਪਾ ਨਿਆਣਿਆਂ ਵਾਂਗ ਡੌਰ-ਭੌਰ ਹੋਇਆ ਉਹਦੇ ਮੂੰਹ ਵੱਲ ਝਾਕੀ ਜਾਂਦੈ। ਮੈਂ ਵੇਖਦਾ ਕਿ ਕਦੀ ਉਹ ਆਪਣੀ ਵੀਣੀ ਨੂੰ ਹੱਥ ਲਾਉਂਦੀ ਐ, ਕਦੀ ਧੌਣ ਇਧਰ ਉਧਰ ਕਰਕੇ ਸਮਝਾਉਣ ਦਾ ਯਤਨ ਕਰਦੀ ਐ।ਬੀਬੀ ਦੇ ਨਿੱਕੇ-ਨਿੱਕੇ ਇਸ਼ਾਰਿਆਂ ਨਾਲ ਕੀਤੀ ਗੱਲਬਾਤ ਭਾਪੇ ਦੇ ਜ਼ਿਹਨ ’ਚ ਨਾ ਪੈਂਦੀ ਵੇਖ ਕੇ ਮੇਰੇ ਕੋਲੋਂ ਰਿਹਾ ਨਾ ਗਿਆ ਤੇ ਚੌਂਕੇ ਲਾਗੇ ਖਲੋਤਾ ਹੀ ਬੋਲ ਪਿਆ ਸਾਂ ਕਿ ਬੀਬੀ ਤਾਂ ਮੇਲਾ ਵੇਖਣ ਜਾਣ ਨੂੰ ਕਹਿੰਦੀ ਐ।ਸੁਣ ਕੇ ਭਾਪੇ ਦਾ ਚਿਹਰਾ ਖਿੜ ਉਠਿਆ ਸੀ।ਜਿਵੇਂ ਕੋਈ ਖਾਸ ਨੁਕਤਾ ਉਹਦੇ ਹੱਥ ਲੱਗ ਗਿਆ ਹੋਵੇ।
ਮੈਂ ਕਈ ਵਾਰੀ ਵੇਖਦਾ ਦੋਹਾਂ ਦੇ ਨਿੱਕੇ-ਨਿੱਕੇ ਹਾਸੇ ਠੱਠੇ ’ਚ ਬੀਬੀ ਵਲੋਂ ਲੁਕਵੇਂ ਜਿਹੇ ਇਸ਼ਾਰੇ ’ਚ ਕੀਤੀ ਗੱਲ ਜੇ ਭਾਪੇ ਦੀ ਸਮਝ ਨਾ ਪੈਂਦੀ, ਤਾਂ ਉਹ ਮੈਨੂੰ ਆਵਾਜ਼ ਮਾਰ ਲੈਂਦਾ।ਮੈਂ ਗੱਲ ਸਮਝਣ ਲਈ ਬੀਬੀ ਵੱਲ ਵੇਖਦਾ ਤਾਂ ਉਹਦੇ ਚਿਹਰੇ ’ਤੇ ਸੰਗ ਅਤੇ ਸ਼ਰਮ ਦੀ ਇਕ ਤਹਿ ਘੁਲ ਜਾਂਦੀ।ਬੀਬੀ ਮਿੱਠੀ ਜਿਹੀ ਘੂਰੀ ਵੱਟ ਕੇ ਮੈਨੂੰ ਵੱਡੀ ਬੇਬੇ ਵੱਲ ਜਾਣ ਦਾ ਇਸ਼ਾਰਾ ਕਰਦੀ।ਭਾਪਾ ਮੈਨੂੰ ਖਲੋ ਕੇ ਦੱਸਣ ਲਈ ਜ਼ੋਰ ਪਾਉਂਦਾ।ਮੇਰੇ ਕੋਲੋਂ ਕੁੱਝ ਛੁਪਾਉਣ ਦਾ ਯਤਨ ਕਰਦਿਆਂ ਬੀਬੀ ਆਪਣੇ ਚਿਹਰੇ ਅੱਗੇ ਚੁੰਨੀ ਦੇ ਪੱਲੇ ਦਾ ਓਹਲਾ ਕਰਦੀ।ਮੈਨੂੰ ਹਾਸਾ ਵੀ ਆਉਂਦਾ ਤੇ ਮਜ਼ਾ ਵੀ।ਮੈਂ ਉਨ੍ਹਾਂ ਵੱਲ ਵੇਖਦਿਆਂ ਚਾਂਭ੍ਹਲੀਆਂ ਪਾਉਂਦਾ ਸਾਂ ਤੇ ਵਿਹੜੇ ’ਚ ਉਨ੍ਹਾਂ ਦੇ ਇਰਦ-ਗਿਰਦ ਭੱਜਾ ਫਿਰਦਾ ਸਾਂ।
ਬੀਬੀ ਕਈ ਵਾਰੀ ਜ਼ੁਬਾਨੋਂ ਆਹਰੀ ਹੋਣ ਕਰਕੇ ਮਾਯੂਸ ਹੋ ਜਾਂਦੀ ਸੀ।ਖ਼ਾਸ ਕਰਕੇ ਵਿਆਹ ਸ਼ਾਦੀ ਦੇ ਸਮੇਂ ਜਦੋਂ ਹੋਰ ਔਰਤਾਂ ਰਲ ਕੇ ਘੋੜੀਆਂ ਸੁਹਾਗ ਗਾਉਂਦੀਆਂ ਤਾਂ ਕੰਧ ਨਾਲ ਢੋਹ ਲਾ ਕੇ ਬੈਠੀ ਬੀਬੀ ਬੋਲਦੀਆਂ ਔਰਤਾਂ ਦੇ ਚਿਹਰਿਆਂ ਵਲ ਵੇਂਹਦੀ ਰਹਿੰਦੀ ਸੀ।ਉਸ ਦੇ ਆਪਣੇ ਚਿਹਰੇ ’ਤੇ ਉਦਾਸੀ ਦੀ ਇਕ ਤਹਿ ਘੁਲੀ ਹੁੰਦੀ ਸੀ।ਮੈਂ ਚਾਹੁੰਦਾ ਸਾਂ ਕਿ ਬੀਬੀ ਬੈਠੀਆਂ ਜਨਾਨੀਆਂ ਨਾਲ ਰਲ ਕੇ ਕੁਝ ਨਾ ਕੁਝ ਬੋਲੇ।ਕੁਝ ਨਾ ਕੁਝ ਬੋਲਣ ਦੀ ਕੋਸ਼ਿਸ਼ ਕਰੇ।ਸ਼ਾਇਦ ਇਦ੍ਹੀ ਜ਼ੁਬਾਨ ਚੱਲਣ ਲੱਗਜੇ।ਪਰ ਇੰਜ ਕਦੀ ਵੀ ਨਹੀਂ ਸੀ ਹੁੰਦਾ।ਹਰ ਵਾਰੀ ਮੇਰੇ ਪੱਲੇ ਨਿਰਾਸ਼ਤਾ ਹੀ ਪੈਂਦੀ ਸੀ ਤੇ ਬੀਬੀ ਦੇ ਨਾਲ ਨਾਲ ਮੇਰੇ ’ਤੇ ਵੀ ਉਦਾਸੀ ਦੀ ਇਕ ਪਰਤ ਜੰਮੀ ਰਹਿੰਦੀ ਸੀ।ਜਦੋਂ ਕਦੀ ਗਿੱਧੇ ਦਾ ਪਿੜ ਬੱਝਿਆ ਹੁੰਦਾ ਤਾਂ ਵਿਚੋਂ ਈਂ ਕੋਈ ਕਹਿੰਦੀ, ‘ਨੀ ਹੁਣ ਤਾਰੋ ਨੂੰ ਵੀ ਨਚਾਓ।’ ਸੁਣ ਕੇ ਬੀਬੀ ਦਾ ਚਿਹਰਾ ਭਖਣ ਲੱਗਦਾ।ਉਹ ਪੈਰੀਂ ਪਾਈਆਂ ਚੱਪਲਾਂ ਇਕ ਪਾਸੇ ਲਾਹ ਲੈਂਦੀ।ਉੱਪਰ ਲਏ ਲੀੜੇ ਨੂੰ ਆਪਣੇ ਚਿਹਰੇ ’ਤੇ ਖਿਲਾਰ ਕੇ ਮੂੰਹ ਸਿਰ ਢੱਕ ਲੈਂਦੀ। ਪਿੜ੍ਹ ’ਚ ਕੋਈ ਬੋਲੀ ਬੋਲਦੀ, ‘ਨੀ ਜਠਾਣੀਏ ਥਾਲੀ ਵਿਚ ਭੱਬਕਾ ਵੱਜਾ।’ ਬੀਬੀ ਆਪਣੀਆਂ ਦੋਵੇਂ ਬਾਂਹਵਾਂ ਸਿਰ ਤੋਂ ਉੱਪਰ ਕਰਕੇ ਗਿੱਧਾ ਪਾਉਣ ਲੱਗਦੀ।ਉਹਦੇ ਸਾਹਮਣੇ ਇਕ ਹੋਰ ਜਨਾਨੀ ਨਿਤਰਦੀ।ਬੀਬੀ ਸਾਹਮਣੇ ਵਾਲੀ ਜਨਾਨੀ ਦੇ ਪੈਰ ਨਾਲ ਬਰਾਬਰ ਪੈਰ ਉਪਰ ਨੂੰ ਚੁੱਕਦੀ ਤੇ ਨਾਲ ਮੂੰਹ ’ਤੇ ਲਈ ਚੁੰਨੀ ਹੇਠੋਂ ਫੂਹ-ਫੂਹ ਦੀ ਅਵਾਜ਼ ਕੱਢ ਕੇ ਭੱਬਕਾ ਵਜਾਉਂਦੀ।ਸਾਹਮਣੇ ਵਾਲੀ ਦੀ ਹਾਰ ਹੋ ਜਾਂਦੀ, ਪਰ ਬੀਬੀ ਦਾ ਨਾ ਭੱਬਕਾ ਵਜਣਾ ਬੰਦ ਹੁੰਦਾ ਤੇ ਨਾ ਹੀ ਪੈਰਾਂ ਦੀ ਤਾਲ ’ਚ ਕੋਈ ਫਰਕ ਪੈਂਦਾ।ਜਦੋਂ ਉਹ ਚੁੰਨੀ ਹਟਾਉਂਦੀ ਤਾਂ ਤਸੱਲੀ ਅਤੇ ਸ਼ਾਂਤੀ ਵਾਲੀ ਰਲਵੀਂ ਮਿਲਵੀਂ ਜਿਹੀ ਖ਼ੁਸ਼ੀ ਉਹਦੇ ਚਿਹਰੇ ’ਤੇ ਛਾਈ ਹੁੰਦੀ ਸੀ।
ਘਰ ਸਾਂਭਣ ਨੂੰ ਬੀਬੀ ਨੇ ਕੋਈ ਕਸਰ ਨਹੀਂ ਸੀ ਛੱਡੀ।ਸਾਰਾ ਦਿਨ ਲੱਗੀ ਰਹਿੰਦੀ ਸੀ ਖ਼ੁਸ਼ੀ ਖ਼ੁਸ਼ੀ।ਇਕ ਕੰਮ ਨੂੰ ਛੱਡਦੀ ਤਾਂ ਝੱਟ ਦੂਜਾ ਜਾ ਫੜਦੀ ਸੀ, ਪਰ ਉਸ ਦਿਨ ਮੰਗਣ ਆਈ ਤਾਬੋ ਮਰਾਸਣ ਨੇ ਬੀਬੀ ਨੂੰ ਪਛਾਣ ਲਿਆ ਸੀ ਤੇ ਉਸੇ ਦਿਨ ਤ੍ਰੇਲੀਉ-ਤ੍ਰੇਲੀ ਹੋਈ ਬੀਬੀ ਦੇ ਨਵੇਂ ਰੂਪ ਦਾ ਪਤਾ ਚੱਲਿਆ ਸੀ।ਪਤਾ ਕਾਹਦਾ ਚੱਲਿਆ ਘਰ ’ਚ ਹੇਠਲੀ ਉਤਲੀ ਹੋ ਗਈ ਸੀ।ਹੇਠਲੀ ਉਤਲੀ ਵੀ ਐਸੀ ਕਿ ਵੱਡੀ ਬੇਬੇ ਜਿੰੰਨਾ ਚਿਰ ਰਹੀ ਸੀ ਬੀਬੀ ਤੋਂ ਵਿੱਥ ਬਣਾ ਕੇ ਰਹੀ ਸੀ।ਬੇਸ਼ੱਕ ਭਾਪੇ ਦੇ ਵਰਤਾਉ ’ਚ ਕੋਈ ਬਹੁਤਾ ਫਰਕ ਨਹੀਂ ਸੀ ਪਿਆ, ਪਰ ਬੇਬੇ ਉਹਦੇ ਹੱਥਾਂ ਦਾ ਰਿਝਿਆ ਪੱਕਿਆ ਵੀ ਲੱਗਦੀ ਵਾਹੇ ਘੱਟ ਵਧ ਹੀ ਖਾਂਦੀ ਸੀ।ਘਰ ’ਚ ਹੁੰਦੇ ਸ਼ਗਨਾਂ ਸਾਰਥਾਂ ਸਮੇਂ ਵੀ ਬੀਬੀ ਅੰਦਰ ਵੜੀ ਰਹਿੰਦੀ ਸੀ।ਕਿਸੇ ਡਰਾਉਣੀ ਫਿਲਮ ਵਾਂਗੂੰ ਏਨੇ ਵਰ੍ਹੇ ਪਹਿਲਾਂ ਵਾਪਰੀ ਘਟਨਾ ਮੇਰੇ ਸਾਹਮਣੇ ਮੁੜ ਸਾਕਾਰ ਹੋਣ ਲੱਗਦੀ ਐ।
ਸਿਖ਼ਰ ਦੁਪਹਿਰ ਲੱਗੀ ਸੀ ਉਦੋਂ।ਪਰਛਾਵੇਂ ਅਜੇ ਢਲੇ ਨਹੀਂ ਸੀ।ਵੱਡੀ ਬੇਬੇ ਬਾਹਰਲੇ ਦਰਵਾਜ਼ਿਉਂ ਅੰਦਰਵਾਰ ਬਣੀ ਡਿਉੜੀ ਹੇਠਾਂ ਮੰਜੀ ਡਾਹ ਕੇ ਬੈਠੀ ਸੀ।ਉਹਦੇ ਹੱਥ ’ਚ ਫੜੇ ਅਟੇਰਨ ਨੂੰ ਮੈਂ ਗਹੁ ਨਾਲ ਵੇਖ ਰਿਹਾ ਸਾਂ।ਸੂਤ ਦੀ ਉਲਝੀ ਤਾਣੀ ਥਾਂ ਸਿਰ ਕਰਨ ਲਈ ਬੇਬੇ ਸੂਤ ਦੇ ਤਿੰਨ ਚਾਰ ਤੰਦਾਂ ਦੇ ਸਿਰਿਆਂ ਨੂੰ ਇਕੱਠਾ ਫੜ ਕੇ ਅਟੇਰਨ ਦੁਆਲੇ ਵਲੇਟ ਰਹੀ ਸੀ।ਕਦੀ ਮੈਂ ਬੇਬੇ ਦੇ ਗੋਡਿਆਂ ਵਿਚਕਾਏ ਪਏ ਛਿੱਕੂ ’ਚੋਂ ਚਰਖੇ ਤੋਂ ਕੱਤ ਕੇ ਰੱਖੀਆਂ ਛੱਲੀਆਂ ਨੂੰ ਵੇਖਦਾ, ਜਿਨ੍ਹਾਂ ਨੂੰ ਬੇਬੇ ਤੰਦ-ਤੰਦ ਕਰਕੇ ਉਧ੍ਹੇੜਦੀ ਜਾ ਰਹੀ ਸੀ।ਤਿੰਨ-ਚਾਰ ਛੱਲੀਆਂ ਛਿੱਕੂ ਅੰਦਰ ਬੁੜਕ-ਬੁੜਕ ਕੇ ਇਕ ਦੂਜੇ ਦੇ ਉੱਪਰ ਹੇਠਾਂ ਡਿੱਗ ਕੇ ਅਜੀਬ ਜਿਹਾ ਤਮਾਸ਼ਾ ਕਰ ਰਹੀਆਂ ਸਨ।ਉਨ੍ਹਾਂ ਦੇ ਸ਼ੁਰੂ ਤੋਂ ਲੈ ਕੇ ਪੂਰੀ ਤਰ੍ਹਾਂ ਉਧੜ੍ਹਨ ਤੱਕ ਕਈ ਤਰ੍ਹਾਂ ਦੇ ਬਣਦੇ ਢਹਿੰਦੇ ਆਕਾਰ ਦੇਖ, ਮੈਂ ਆਪ ਉਲਝਦਾ ਜਾਂਦਾ ਸਾਂ।ਅਜੇ ਮੈਂ ਇਸ ਅਜੀਬ ਜਿਹੀ ਉਲਝਣ ਤੋਂ ਬਾਹਰ ਨਹੀਂ ਸਾਂ ਨਿਕਲਿਆ ਜਦੋਂ ਮੈਲੇ ਜਿਹੇ ਲੀੜਿਆਂ ਵਾਲੀ, ਮੋਢੇ ’ਤੇ ਬਗਲੀ, ਹੱਥ ਵਿਚ ਪਤਲੀ ਜਿਹੀ ਲੰਮੀ ਸੋਟੀ ਤੇ ਹੋਰ ਨਿਕ-ਸੁਕ ਫੜੀ ਇਕ ਮੰਗਣ ਵਾਲੀ ਬੂਹਿਉਂ ਅੰਦਰ ਆ ਖਲੋਤੀ ਸੀ।ਬੇਬੇ ਨੇ ਮੰਜੀ ’ਤੇ ਬੈਠੀ-ਬੈਠੀ ਨੇ ਪੈਰ ਹੇਠਾਂ ਲਮਕਾ ਕੇ ਫੱਟੀ ਉਹਦੇ ਵਲ ਸਰਕਾਉਂਦਿਆਂ ਉਹਨੂੰ ਬਹਿਣ ਦਾ ਇਸ਼ਾਰਾ ਕੀਤਾ ਸੀ ਤੇ ਨਾਲ ਹੀ ਬੀਬੀ ਨੂੰ ਪਾਣੀ ਪਿਲਾਉਣ ਲਈ ਅਵਾਜ਼ ਵੀ ਮਾਰ ਦਿੱਤੀ ਸੀ।
ਬੀਬੀ ਨੂੰ ਪਿੱਤਲ ਦੀ ਗੜਵੀ ’ਚ ਪਾਣੀ ਲੈ ਕੇ ਆਈ ਵੇਖ, ਮੰਗਣ ਵਾਲੀ ਮੂੰਹ ਅੱਗੇ ਚੱਪਾ ਧਰ ਥੋੜ੍ਹੀ ਕੁ ਅੱਗੇ ਨੂੰ ਝੁਕ ਗਈ ਸੀ।ਬੀਬੀ ਨੇ ਉਸ ਦੀ ਤਲੀ ਤੋਂ ਗਿੱਠ ਭਰ ਗੜਵੀ ਉੱਚੀ ਰੱਖਦਿਆਂ ਪਤਲੀ ਜਿਹੀ ਧਾਰ ਉਹਦੇ ਚੱਪੇ ’ਤੇ ਪਾਉਣੀ ਸ਼ੁਰੂ ਕੀਤੀ ਸੀ।ਗੜਵੀ ਅੱਧਿਉਂ ਬਹੁਤੀ ਖਾਲੀ ਹੋ ਗਈ ਸੀ ਜਦੋਂ ਉਸ ਨੇ ਪਾਣੀ ਹੋਰ ਨਾ ਪਾਉਣ ਲਈ ਸਿਰ ਹਿਲਾਇਆ ਸੀ।ਬੀਬੀ ਨੇ ਬਚਦਾ ਪਾਣੀ ਪਰ੍ਹਾਂ ਹਟਵਾਂ ਵਗਾਹ ਮਾਰਿਆ ਤੇ ਆਪ ਅੰਦਰ ਨੂੰ ਹੋ ਤੁਰੀ ਸੀ।
ਮੰਗਣ ਵਾਲੀ ਨੇ ਉੱਪਰ ਲਏ ਲੀੜੇ ਨਾਲ ਮੂੰਹ ਪੂੰਝਿਆ ਤੇ ਕੰਧ ਨਾਲ ਢੋਹ ਲਾ ਕੇ ਨਿੱਠ ਕੇ ਬਹਿਦਿਆਂ ਹੌਲੀ ਜਿਹੀ ਬੋਲੀ, ‘ਪਰਭਾਣੀ, ਬੁੱਟਰਾਂ ਵਾਲੀ ਤਾਰੋ ਤੇਰੇ ਕੋਲ ਕਿੱਦਾਂ ਪਹੁੰਚ ਗਈ ?’ ਮੈਂ ਵੇਖਿਆ ਬੇਬੇ ਦਾ ਹੱਥ ਥਾਵੇਂ ਰੁਕ ਗਿਆ ਸੀ ਤੇ ਹੌਲੀ ਜਿਹੀ ਬੋਲੀ ਸੀ, ‘ਕੁੜੇ ਤਾਬੋ ਤੂੰ ਸਿਆਣਦੀ ਐਂ ਇਹਨੂੰ ?’ ‘ਪਰਭਾਣੀ, ਤੇਰਾ ਬੱਚਾ ਜੀਵੇ, ਸਾਰੀ ਉਮਰ ਪਿੰਡੋ-ਪਿੰਡ ਮੰਗਦਿਆਂ ਕੱਢੀ ਐ।ਇਕੱਲੇ-ਇਕੱਲੇ ਜੀਅ ਨੂੰ ਪਛਾਣਦੀ ਆਂ।’ ਬੇਬੇ ਅੱਗਿਉਂ ਕੁੱਝ ਨਹੀਂ ਸੀ ਬੋਲੀ, ਗੁੰਮ-ਸੁੰਮ ਵਿਹੰਦੀ ਰਹੀ ਸੀ ਤਾਬੋ ਦੇ ਮੂੰਹ ਵੱਲ।ਥੋੜ੍ਹਾ ਸਹਿਜ ਹੁੰਦਿਆਂ ਤਾਬੋ ਫਿਰ ਬੋਲੀ, ‘ਉਂਜ ਚੰਗਾ ਕੀਤਾ ਪਰਭਾਣੀ।ਨਰਕ ’ਚੋਂ ਕੱਢੇ ਜੇ ਮਾਂ-ਪੁੱਤ।ਪੁੰਨ ਹੋਊ ਤੁਹਾਡਾ।’
ਲੱਗਦਾ ਸੀ ਜਿਵੇਂ ਚੁੱਪ-ਚਾਪ ਬੈਠੀ ਬੇਬੇ ’ਚ ਮੰਗਣ ਵਾਲੀ ਕੋਲੋਂ ਕੁੱਝ ਹੋਰ ਜਾਨਣ ਦੀ ਜਗਿਆਸਾ ਉਠ ਖਲੋਤੀ ਸੀ।ਤਾਂਹੀਉਂ ਉਸ ਨੇ ਮੰਗਣ ਵਾਲੀ ਨੂੰ ਸਿਰ ਦੇ ਇਸ਼ਾਰੇ ਨਾਲ ਥੋੜ੍ਹਾ ਨੇੜੇ ਸਰਕਣ ਲਈ ਕਿਹਾ ਸੀ।ਉਸ ਨੇ ਬੇਬੇ ਦਾ ਇਸ਼ਾਰਾ ਸਮਝਦਿਆਂ ਆਪਣੀ ਟਿੰਡ-ਫੁਹੜੀ ਨੂੰ ਨਾਲ ਘਸੀਟਦੀ ਤੇ ਹੇਠ ਲਈ ਫੱਟੀ ਸਣੇ ਖਿਸਕਦੀ ਖਿਸਕਦੀ ਮੰਜੇ ਦੇ ਸੇਰੂ ਲਾਗੇ ਆਣ ਅੱਪੜੀ ਸੀ।ਵੱਡੀ ਬੇਬੇ ਨੇ ਹਲਕਾ ਜਿਹਾ ਖੰਘੂਰਾ ਮਾਰ ਆਪਣਾ ਗਲ ਸਾਫ ਕਰਦਿਆਂ ਹੌਲੀ ਜਿਹੀ ਪੁੱਛਿਆ ਸੀ, ‘ਕਦੋਂ ’ਕੁ ਦੀ ਸੀ ਬੱਕਰੀਆਂ ਵਾਲੇ ਦੇ ਘਰ ?’
‘ਹਾਅ ਮੁੰਡਾ ਕੁੱਛੜ ਸੀ ਇ੍ਹਦੇ, ਦੁੱਧ ਚੁੰਘਦਾ।ਜਦੋਂ ਉਹਨੇ ਲਿਆਂਦੀ ਸੀ।’ ਮੰਗਣ ਵਾਲੀ ਨੇ ਦੱਸਿਆ।
‘ਲਿਆਇਆ ਕਿੱਥੋਂ ਸੀ ?’ ਬੇਬੇ ਹੋਰ ਜਾਨਣਾ ਚਾਹੁੰਦੀ ਸੀ।
‘ਦਰਿਆਉਂ ਪਾਰ ਕੋਈ ਜਨਾਨੀ ਕਿਸੇ ਪੀਰ ਦੀ ਚੌਂਕੀ ਭਰਦੀ ਐ।ਬੜੀ ਮਾਨਤਾ ਐ ਉਹਦੀ।ਮੈਂ ਆਪ ਜਾ ਕੇ ਆਈ ਆਂ।ਪਰਭਾਣੀ ! ਮੁਲਕ ਢੁਕਦੈ ਉਥੇ।ਬੁੱਟਰਾਂ ਵਾਲੇ ਦਾ ਵੀ ਆਉਣਾ ਜਾਣਾ ਸੀ ਉਥੇ।ਉਸੇ ਜਗ੍ਹਾ ਇਹ ਵੀ ਬਹੁਕਰ ਬਾਰ੍ਹੀ ਦੇ ਕੇ ਰੋਟੀ ਟੁੱਕ ਖਾ ਛੱਡਦੀ ਸੀ।’
‘ਇਦ੍ਹਾ ਕੋਈ ਹੋਰ ਅੱਗਾ ਪਿੱਛਾ ?’ ਬੇਬੇ ਪੁੱਛਦੀ ਐ।
ਮੰਗਣ ਵਾਲੀ ਹੋਰ ਕੁੱਝ ਦੱਸਣ ਹੀ ਲੱਗੀ ਸੀ ਜਦੋਂ ਬੀਬੀ ਨੇ ਦੋ ਰੋਟੀਆਂ ਉੱਤੇ ਅਚਾਰ ਰੱਖ ਕੇ ਉਹਦੇ ਹੱਥ ਦੀ ਤਲੀ ’ਤੇ ਆਣ ਧਰੀਆਂ ਸਨ।ਉਹਨੇ ਬੀਬੀ ਵੱਲ ਨਿਗ੍ਹਾ ਭਰ ਕੇ ਵੇਖਦਿਆਂ ਹੌਲੀ ਜਿਹੀ ਕਿਹਾ, ‘ਤੇਰਾ ਬੱਚਾ ਜੀਵੇ, ਪਾਣੀ ਵੀ ਦੋ ਘੁੱਟ ਪਿਲਾ ਜਾ ਬੀਬੀ ਭੈਣ।ਤਪਸ਼ ਨਾਲ ਤਾਂ ਹਲਕ ਸੱੂਕੀ ਜਾਂਦੈ ਮੁੜ-ਮੁੜ।ਅਈਥੇ ਡਿਉੜੀ ਛਾਂਵੇਂ ਬੈਠਿਆਂ ਫਿਰ ਵੀ ਥੋੜ੍ਹਾ ਚੈਨ ਐ।ਬਾਹਰ ਪਿੰਡੇ ਲੂੰਹਦੀ ਲੂਅ ਵੱਗਦੀ ਐ। ਨਿਰ੍ਹੀ ਅੱਗ।ਹਾੜ ਅੱਧਾ ਲੰਘ ਗਿਆ, ਓਪਰੋਂ ਕਿਤੇ ਛਿੱਟ ਨਹੀਂ ਕਿਰੀ ਐਤਕੀਂ।’
ਬੀਬੀ ਕਰਕੇ ਜਾਂ ਕੁੱਝ ਹੋਰ ਮੰਗਣ ਵਾਲੀ ਨੇ ਆਪਣੀ ਗੱਲਬਾਤ ਦਾ ਝੱਟ ਰੁਖ ਬਦਲ ਲਿਆ ਸੀ।ਬੀਬੀ ਪਾਣੀ ਪਿਲਾ ਕੇ ਮੁੜ ਅੰਦਰ ਜਾ ਵੜੀ ਸੀ।ਪਤਾ ਨਹੀਂ ਡਿਉੜੀ ’ਚ ਹੁੰਦੀ ਗੱਲਬਾਤ ਦਾ ਉਹਨੂੰ ਇਲਮ ਵੀ ਹੈ ਸੀ ਜਾਂ ਨਹੀਂ।ਉਹਦੇ ਚਿਹਰੇ ਤੋਂ ਕੁੱਝ ਵੀ ਸਮਝਿਆ ਨਹੀਂ ਸੀ ਜਾ ਸਕਦਾ।ਮੰਗਣ ਵਾਲੀ ਨੇ ਵੀ ਹੱਥ ਉਤਲੀਆਂ ਰੋਟੀਆਂ ਦੀ ਆਖਰੀ ਬੁਰਕੀ ਤੇ ਅਚਾਰ ਦੀ ਰਹਿੰਦੀ ਫਾੜੀ ਨੂੰ ਚੰਗੀ ਤਰ੍ਹਾਂ ਘਿਸਾ ਲਿਆ ਸੀ ਤੇ ਬੁਰਕੀ ਮੂੰਹ ਅੰਦਰ ਸੁੱਟ ਕੇ ਬਚਦਾ ਪਾਣੀ ਵੀ ਪੀ ਲਿਆ ਸੀ।ਫੱਟੀ ’ਤੇ ਬੈਠਿਆਂ-ਬੈਠਿਆਂ ਉਸ ਨੇ ਆਪਣੀਆਂ ਲੱਤਾਂ ਨਿਸਲ ਕਰ ਲਈਆਂ ਸਨ।ਬੇਬੇ ਉਵੇਂ ਦੀ ਉਵੇਂ ਬੈਠੀ ਅਗਲੀ ਲੜੀ ਸੁਣਨ ਲਈ ਕਾਹਲੀ ਲੱਗਦੀ ਸੀ।ਉਹਦੀ ਨਿਗ੍ਹਾ ਮੰਗਣ ਵਾਲੀ ਦੇ ਚਿਹਰੇ ’ਤੇ ਟਿਕੀ ਹੋਈ ਸੀ। ਮੰਗਣ ਵਾਲੀ ਨੇ ਲੜੀ ਦੇ ਟੁੱਟੇ ਤੰਦ ਨੂੰ ਮੁੜ ਗੰਢਦਿਆਂ ਆਸਾ-ਪਾਸਾ ਚੰਗੀ ਤਰ੍ਹਾਂ ਵੇਖ ਗੱਲ ਸ਼ੁਰੂ ਕੀਤੀ ਸੀ, ‘ਪਰਭਾਣੀ, ਦਰਿਆ ਦੇ ਪੱਤਣ ਤੋਂ ਪੰਜ ਛੇ ਕੋਹ ਚੜ੍ਹਦੇ ਪਾਸੇ ਪਿੰਡ ਐ ਕੋਈ, ਅਵੱਲੇ ਜਿਹੇ ਨਾਂ ਵਾਲਾ।ਬਾਈ ਪੱਤੀਆਂ ਦੱਸਦੇ ਨੇ ਪਿੰਡ ਦੀਆਂ।ਮੇਰੇ ਤੋਂ ਵੱਡੀ ਮੇਰੀ ਭੈਣ ਵਿਆਹੀ ਐ ਉਥੇ।ਅੱਠ ਦਸ ਘਰ ਨੇ ਸਾਡੇ ਮਰਾਸੀਆਂ ਦੇ ਉਥੇ।ਅੱਧਿਉਂ ਬਹੁਤਾ ਪਿੰਡ ਮੁਸਲਮਾਨ ਅਰਾਈਆਂ ਦਾ ਸੀ।’ ਮੰਗਣ ਵਾਲੀ ਨੇ ਇਕ ਹੱਥ ਮੱਥੇ ’ਤੇ ਰੱਖਿਆ ਹੋਇਆ ਸੀ ਤੇ ਦੂਜੇ ਖੁਰਦਰੇ ਜਿਹੇ ਹੱਥ ਨੂੰ ਹਵਾ ’ਚ ਲਹਿਰਾ ਲਹਿਰਾ ਕੇ ਛੋਹੀ ਲੜੀ ਟੁੱਟਣ ਨਹੀਂ ਸੀ ਦੇ ਰਹੀ।ਰੱਬ ਜਾਣੇ ਕਿਹੜਾ ਕਿਹੜਾ ਰਾਜ਼ ਛੁਪਿਆ ਉਹਦੇ ਅੰਦਰ, ਜਿਹਨੂੰ ਵੱਡੀ ਬੇਬੇ ਸੁਣਨਾ ਚਾਹੁੰਦੀ ਸੀ।
ਮੰਗਣ ਵਾਲੀ ਕਹਿੰਦੀ, ‘ਬੇਬੇ, ਤੇਰੇ ਨੈਣ ਪ੍ਰਾਣ ਰਾਜ਼ੀ ਰਹਿਣ, ਮੇਰੀ ਕਹੀ ਗੱਲ ਕਿਤੇ ਵੀਹੀਂ ਵਰ੍ਹੀਂ ਵੀ ਝੂਠ ਨਿਕਲੇ ਤਾਂ ਨੀਵੇਂ ਥਾਂ ਬਿਠਾ ਲੀਂ ਤੇ ਨਾਲ ਹੀ ਉਸ ਨੇ ਆਪਣੀ ਅਵਾਜ਼ ਇੰਜ ਧੀਮੀ ਜਿਹੀ ਕਰ ਲਈ ਸੀ ਜਿਵੇਂ ਕੋਈ ਡੂੰਘੇ ਭੇਤ ਵਾਲੀ ਗੱਲ ਦੱਸਣ ਲੱਗੀ ਹੋਵੇ।ਬੇਬੇ ਨੇ ਵੀ ਧੌਣ ਥੋੜ੍ਹੀ ਨੀਵੀਂ ਕਰਕੇ ਕੰਨ ਉਹਦੇ ਲਾਗੇ ਕਰ ਲਿਆ ਸੀ।‘ਨੂੰਹ ਤੇਰੀ ਉਸੇ ਪਿੰਡ ਦੇ ਫੱਜੇ ਅਰਾਈਂ ਦੀ ਕੁੜੀ ਊ, ਪੰਜਵੇਂ ਥਾਂ ਆਲੀ ਮੁਖਤਾਰਾਂ।’ ਕਹਿੰਦਿਆਂ ਮੰਗਣ ਵਾਲੀ ਚੁੱਪ ਹੋ ਗਈ ਸੀ ਤੇ ਧੌਣ ਉਸ ਨੇ ਹੇਠਾਂ ਸੁੱਟ ਲਈ ਸੀ।ਲੱਗਦਾ ਸੀ ਜਿਵੇਂ ਬੇਬੇ ਦੀ ਨਿਗ੍ਹਾ ਨਾਲ ਨਿਗ੍ਹਾ ਮਿਲਾਉਣ ਦੀ ਉਹਦੇ ’ਚ ਹਿੰਮਤ ਨਾ ਹੋਵੇ, ਜਾਂ ਉਹ ਬੇਬੇ ’ਤੇ ਪਏ ਪ੍ਰਭਾਵ ਨੂੰ ਜਾਚਣਾ ਚਾਹੁੰਦੀ ਸੀ।
ਦੋਵੇਂ ਪਾਸੇ ਸੰਘਣੀ ਚੁੱਪ ਤਣ ਗਈ ਸੀ।ਮੱਠੀ-ਮੱੱੱੱੱੱਠੀ ਵੱਗਦੀ ਪੱਛੋਂ ਦੀ ਹਵਾ ਵੀ ਕਦੋਂ ਦੀ ਰੁਕ ਗਈ ਸੀ।ਕਿਤੇ ਪੱਤਾ ਨਹੀਂ ਸੀ ਹਿਲਦਾ ਵਿਖਾਈ ਦਿੰਦਾ।ਥੋੜ੍ਹਾ ਚਿਰ ਪਹਿਲਾਂ ਜਿਹੜੀਆਂ ਛਿੱਕੂ ਵਿਚਲੀਆਂ ਤੰਦ-ਤੰਦ ਕਰਕੇ ਉਧੜ੍ਹਦੀਆਂ ਛੱਲੀਆਂ ਇਕ ਦੂਜੀ ਨਾਲ ਉਲਝਦੀਆਂ, ਉਛਲ-ਉਛਲ ਕੇ ਛਿੱਕੂ ਅੰਦਰੋਂ ਬਾਹਰ ਡਿੱਗਣ ਨੂੰ ਕਾਹਲੀਆਂ ਸਨ, ਹੁਣ ਬਿਲਕੁੱਲ ਸ਼ਾਂਤ ਪਈਆਂ ਸਨ, ਜਿਵੇਂ ਉਨ੍ਹਾਂ ’ਚ ਕੋਈ ਸਾਹ-ਸਤ ਹੀ ਨਾ ਹੋਵੇ।ਪਤਾ ਨਹੀਂ ਗੱਲਾਂ-ਗੱਲਾਂ ’ਚ ਬੇਬੇ ਕੋਲੋਂ ਆਪਣੇ ਹੱਥ ਅਤੇ ਅਟੇਰਨ ਦੁਆਲੇ ਸੂਤ ਜ਼ਿਆਦਾ ਕਸ ਕੇ ਵਲ੍ਹੇਟਿਆ ਗਿਆ ਸੀ ਜਾਂ ਘੁੱਟ ਕੇ ਫੜਨ ਕਰਕੇ ਉਹਦੀਆਂ ਉਂਗਲਾਂ ਨੂੰ ਭਲ ਪੈ ਗਈ ਸੀ, ਜਿਸ ਕਰਕੇ ਉਹਦਾ ਹੱਥ ਸੂਤ ਅੰਦਰ ਫਸਿਆ ਫਸਿਆ ਜਿਹਾ ਲੱਗਣ ਲੱਗਿਆ।
‘ਉਨ੍ਹਾਂ ਵੱਡੇ ਰੌਲਿਆਂ ’ਚ ਇਹਦੇ ਅਗਲੇ ਪਿਛਲੇ ਮਰ ਖੱਪ ਗਏ ਹੋਣੇ ਐਂ ?’ ਵੱਡੀ ਬੇਬੇ ਨੇ ਚੁੱਪ ਤੋੜੀ ਸੀ।
‘ਪਰਭਾਣੀ, ਬੜੇ ਅਲੋਕਾਰੀ ਕੰਮ ਹੋਏ ਉਹਨਾਂ ਦਿਨਾਂ ’ਚ।ਬਾਕੀ ਧਰਤੀ ਤੇ ਤਾਂ ਲਕੀਰ ਵਜ ਗਈ, ਜਾਨਾਂ ਬਚਾਉਂਦੇ ਲੋਕ ਨੱਠ ਭੱਜ ਗਏ।ਕਈ ਹੋਰਨਾਂ ਪਿੰਡਾਂ ਸਣੇ ਉਸ ਪਿੰਡ ਦਾ ਵੀ ਪਤਾ ਨਾ ਲੱਗੇ ਕਿ ਇਧਰ ਐ ਜਾਂ ਉਧਰ ਐ।ਕਦੀ ਸਵੇਰੇ ਰੌਲਾ ਪੈ ਜੇ ਕਿ ਪਿੰਡ ਉਧਰ ਚਲਿਆ ਗਿਆ।ਮੁਸਲਮਾਨਾਂ ਦੇ ਘਰੀਂ ਜਸ਼ਨ ਤੇ ਹਿੰਦੂ ਸਿੱਖ ਸਮਾਨ ਬੰਨ੍ਹਣ ਲੱਗ ਜਾਣ।ਦੁਪਹਿਰੇ ਰੌਲਾ ਪੈ ਜਏ ਇਹ ਪਿੰਡ ਇਧਰ ਰਹਿ ਗਏ ਤਾਂ ਹਿੰਦੂਆਂ ਸਿੱਖਾਂ ਦੇ ਮੁਰਝਾਏ ਚਿਹਰੇ ਖਿੜ ਉਠਦੇ ਤੇ ਦੂਜਿਆਂ ਦੇ ਚਿਹਰਿਆਂ ’ਤੇ ਮੁਰਦਿਆਣੀ ਛਾ ਜਾਂਦੀ।ਇਸੇ ਉਲਝਣ ’ਚ ਲੋਕਾਂ ਲਈ ਦਿਨ ਦਾ ਚੈਨ ਅਤੇ ਰਾਤ ਦੀ ਨੀਂਦ ਕਿਧਰੇ ਖੰਭ ਲਾ ਕੇ ਉਡ-ਪੁਡ ਗਏ ਸਨ।ਦੱਸਦੇ ਨੇ ਕਿ ਦਿਨ ਅੰਦਰ ਬਾਹਰ ਜਿਹਾ ਸੀ ਜਦੋਂ ਪੱਕੀ ਸੂਹ ਲੈ ਕੇ ਆਇਆ ਕੋਈ ਕਿ ਇਹ ਪਿੰਡ ਬਾਕੀ ਦੇ ਕਈ ਪਿੰਡਾਂ ਸਣੇ ਇਧਰ ਹੀ ਰਹਿ ਗਿਆ ਸੀ।ਲੋਕਾਂ ਦੇ ਸਾਹ ਸੂਤੇ ਗਏ।ਪਰਭਾਣੀ, ਥੋੜ੍ਹਾ ਹਨੇਰਾ ਉਤਰਿਆ ਤਾਂ ਪਿੰਡੋਂ ਲਹਿੰਦੇ ਵੱਲ ਚੀਕ-ਚਿਹਾੜਾ ਮੱਚ ਗਿਆ।ਮਾਰ ਦਿਉ, ਫੜ ਲਉ ਦਾ ਰੌਲਾ ਪੈ ਗਿਆ ਤੇ ਨਾਲ ਪੱਕੀ ਬੰਦੂਕ ਦੇ ਫਾਇਰ ਵੀ ਹੋਏ।ਲੋਕ ਕਹਿਣ ਜਥਾ ਆਣ ਪਿਐ ਪਿੰਡ ’ਚ।ਅਫ਼ਰਾ-ਤਫ਼ਰੀ ਮੱਚ ਗਈ ਚਾਰੇ ਪਾਸੇ।ਚੁੱਲ੍ਹਿਆਂ ’ਤੇ ਸਬਜ਼ੀਆਂ ਰਿੱਝੀਆਂ ਰਹਿ ਗਈਆਂ ਤੇ ਚੰਗੇਰਾਂ ’ਚ ਰੋਟੀਆਂ, ਕੁੱਤਿਆਂ ਬਿੱਲਿਆਂ ਦੇ ਖਾਣ ਗੋਚਰੀਆਂ।ਲੋਕ ਖੁੱਲ੍ਹੇ ਬੂਹੇ ਛੱਡ, ਜੀਆ-ਜੰਤ ਨੂੰ ਆਵਾਜ਼ਾਂ ਮਾਰਦੇ ਭੱਜ ਉਠੇ, ਜਿਧਰ ਕਿਸੇ ਦਾ ਮੂੰਹ ਹੋਇਆ।’
ਇਹਦੀ ਮਾਂ ਕਿਤੇ ਥੋੜ੍ਹੇ ਦਿਨ ਪਹਿਲਾਂ ਕੋਠੇ ਨੂੰ ਮਿੱਟੀ ਲਾਉਂਦੀ ਪੌੜੀ ਤੋਂ ਤਿਲਕ ਕੇ ਹੇਠਾਂ ਆਣ ਪਈ ਸੀ।ਸਰੀਰ ਭਾਰਾ ਸੀ ਸੰਭਲਿਆ ਨਾ ਗਿਆ।ਡਿੱਗਦੀ ਦਾ ਚੂਲਾ ਟੁੱਟ ਗਿਆ, ਨਾਲੇ ਗੋਡੇ ਲਾਗਿਉਂ ਹੱਡੀ ਵੀ।ਉਹ ਮੰਜੇ ’ਤੇ ਪਈ ਸੀ।ਮਾਂ ਵੱਡੀਏ, ਤੇਰੀਆਂ ਵੀ ਤਾਂ ਅੱਖਾਂ ਸਾਹਮਣੇ ਹੋਇਆ ਸਭ ਕੁੱਝ, ਮਾਵਾਂ ਪੁੱਤ ਨਹੀਂ ਸੰਭਾਲੇ ਉਹਨਾਂ ਦਿਨਾਂ ’ਚ।ਉਹਨੂੰ ਮੰਜੇ ’ਤੇ ਪਈ ਨੂੰ ਕੌਣ ਪੁੱਛਦਾ ? ਟੱਬਰ ਸਾਰਾ ਰਾਤ ਦੇ ਹਨੇਰੇ ’ਚ ਨੱਠ ਭੱਜ ਗਿਆ।ਮਾਂ ਇਹਦੀ ਇਕੱਲੀ ਪਈ ਰਹੀ ਅੰਦਰਲੀ ਕੋਠੜੀ ’ਚ।ਜਦੋਂ ਕਿਤੇ ਪਿੰਡੋਂ ਬਾਹਰਵਾਰ ਸੂਏ ਦੇ ਪਾਰਲੇ ਕੰਢੇ ’ਤੇ ਟੱਬਰ ਦੇ ਜੀਅ ਇਕੱਠੇ ਹੋ ਕੇ ਤੁਰਨ ਲੱਗੇ ਤਾਂ ਇਨ੍ਹੇ ਵੇਖਿਆ ਵਿਚ ਮਾਂ ਨਹੀਂ ਐ।ਰਾਤ ਦੇ ਹਨੇਰੇ ’ਚ ਪਿਛਾਂਹ ਨੂੰ ਭੱਜ ਆਈ।ਘਰ ਆਈ ਨੂੰ ਮਾਂ ਨੇ ਝਿੜਕਿਆ, ‘ਕੁੜੇ ਜਾ, ਵਗ ਜਾ ਪਿਉ ਦੇ ਪਿੱਛੇ ਪਿੱਛੇ।ਭੱਜ ਕੇ ਜਾ ਰਲ ਆਪਣੇ ਭੈਣ-ਭਰਾਵਾਂ ਨਾਲ।ਰਹਿਣ ਦੇ ਮੈਨੂੰ।ਮੇਰੀ ਬੁੱਢੀ ਤੇ ਬੀਮਾਰ ਜਾਨ ਕੋਲੋਂ ਕੀ ਲੈਣਾ ਕਿਸੇ ਨੇ।ਥੋੜ੍ਹਾ ਠੰਡ-ਠੰਡੋਲਾ ਹੋਊ ਮੁੜ ਆਇਉ।ਘਰ ਕਿਤੇ ਨਹੀਂ ਭੱਜ ਚਲਿਆ, ਨਾਲੇ ਮੈਂ ਵੀ।ਜਾ ਨੱਠ ਜਾ ਮੇਰੀ ਬੀਬੀ ਧੀ, ਮੇਰਾ ਕਿਹਾ ਮੰਨ।’
ਮੂੰਹੋਂ ਬੋਲਣ ਦੇ ਤੇ ਇੰਨ੍ਹੇ ਵਿਧ ਮਾਤਾ ਤੋਂ ਕਿਤੇ ਕਰਮ ਹੀ ਨਹੀਂ ਲਿਖਾਏ, ਪਰ ਢਿੱਡੋਂ ਮਾਂ ਨਾਲ ਏਨਾ ਮੋਹ ਕਿ ਉਹਦੀ ਮੰਜੀ ਦੇ ਸਿਰਹਾਣੇ ਪਾਵੇ ਫੜ੍ਹ ਭੋਏਂ ’ਤੇ ਬਹਿ ਗਈ ਸੀ।ਮਾਂ ਨੇ ਬੈਠੀ ਦੇ ਸਿਰ ’ਚ ਦੋ ਚਾਰ ਵਾਰ ਪਟੋਕੀਆਂ ਵੀ ਮਾਰੀਆਂ ਤੇ ਝਿੜਕਿਆ ਝੰਭਿਆ ਵੀ, ਪਰ ਇਸ ਮਾਂ ਦੀ ਧੀ ਨੇ ਸਰੀਰ ਹੱਥੋਂ ਨਕਾਰਾ ਹੋਈ ਮਾਂ ਦੀ ਮੰਜੀ ਦੇ ਪਾਵਿਆਂ ਨੂੰ ਨਹੀਂ ਸੀ ਛੱਡਿਆ।ਉਥੇ ਹੀ ਪੈਰਾਂ ਭਾਰ ਬੈਠੀ ਬੁਸਕਦੀ ਰਹੀ ਸੀ।
ਵੱਡੀ ਬੇਬੇ ਮੰਗਣ ਵਾਲੀ ਦੀ ਗੱਲ ਦਾ ਕੋਈ ਬਹੁਤਾ ਹੁੰਗਾਰਾ ਨਹੀਂ ਸੀ ਭਰ ਰਹੀ।ਬਸ, ਅੱਖਾਂ ਝਮੱਕਦੀ ਸੀ ਕਦੀ ਕਦਾਈਂ।ਹੋਰ ਕੋਈ ਹਿਲਜੁੱਲ ਨਹੀਂ ਸੀ ਉਹਦੇ ’ਚ।ਸ਼ਾਇਦ ਉਹ ਮੰਗਣ ਵਾਲੀ ਦਾ ਧਿਆਨ ਅਟਕਾਉਣਾ ਨਹੀਂ ਸੀ ਚਾਹੁੰਦੀ।ਮੰਗਣ ਵਾਲੀ ਵੀ ਵੱਡੀ ਬੇਬੇ ਦੇ ਕੰਨ ਰਸ ਤੇ ਲੱਗੀ ਬਿਰਤੀ ਦਾ ਧਿਆਨ ਰੱਖਦਿਆਂ ਕਿਸੇ ਅਮਰ ਕਥਾ ਵਾਂਗ ਸਾਰੀ ਗੱਲ ਬੇਰੋਕ ਦੱਸ ਰਹੀ ਸੀ ‘ਸਰਦਾਰਨੀਏ, ਗੱਲ ਦੱਸਦਿਆਂ ਕਲੇਜਾ ਮੂੰਹ ਨੂੰ ਆਉਂਦੈ।ਲੁੱਟ ਮਾਰ ਤੇ ਵੱਢ ਟੁੱਕ ਕਰਨ ਵਾਲੇ ਗਲੀਆਂ ’ਚ ਆਦਮ-ਬੋ, ਆਦਮ-ਬੋ ਕਰਦੇ, ਇਨ੍ਹਾਂ ਦੇ ਘਰ ਵੀ ਆਣ ਵੜੇ।ਅੱਖਾਂ ਸਾਹਮਣੇ ਘਰ ਲੁੱਟੀਂਦਾ ਵੇਖ ਮਾਂ ਇਹਦੀ ਪਈ ਪਈ ਅੱਗਿਉਂ ਗਾਲ੍ਹ ਮੰਦਾ ਕਰਨ ਲੱਗੀ।ਤਾਂ ਕਿਸੇ ਨੇ ਅਗਾਂਹ ਹੋ ਕੇ ਗੰਡਾਸੇ ਦੇ ਇੱਕੋ ਟੱਪ ਨਾਲ ਹਮੇਸ਼ਾ ਲਈ ਚੁੱਪ ਕਰਵਾ ਦਿੱਤੀ।ਸਾਰੀ ਰਾਤ ਤਾਂਡਵ ਨਾਚ ਹੁੰਦਾ ਰਿਹਾ ਇਨ੍ਹਾਂ ਦੇ ਵਿਹੜੇ ’ਚ।ਇਹਦੀਆਂ ਚੀਕਾਂ ਪਿੰਡੋਂ ਦੂਜੇ ਪਾਸੇ ਸੁਣਾਈ ਦੇਂਦੀਆਂ ਰਹੀਆਂ ਸਨ।ਉਸ ਰਾਤ ਪਿੰਡ ਦੇ ਲੋਕ ਰੱਬ ਜਾਣੇ ਜਾਗਦੇ ਹੀ ਸੌਂ ਗਏ ਸਨ ਜਾਂ ਫਿਰ ਉਹਨਾਂ ਕੰਨਾਂ ’ਚ ਸਿੱਕਾ ਢਾਲ ਕੇ ਭਰ ਦਿੱਤਾ ਸੀ।
ਲੋਅ ਲਗਦੀ ਨੂੰ ਗਵਾਂਢ ’ਚ ਰਹਿੰਦੀ ਚਰਨੋ ਨੈਣ ਨੇ ਆਪਣੇ ਬਨੇਰੇ ਤੋਂ ਦੀ ਇਨ੍ਹਾਂ ਦੇ ਵਿਹੜੇ ’ਚ ਝਾਤੀ ਮਾਰ ਕੇ ਵੇਖਿਆ ਸੀ, ਇਹਨੂੰ ਵਿਹੜੇ ਦੇ ਵਿਚਕਾਏ ਅਲਾਣੀ ਮੰਜੀ ਦੀਆਂ ਹੀਆਂ ਨਾਲ ਇਕੱਲੇ-ਇਕੱਲੇ ਹੱੱਥ ਤੇ ਪੈਰ ਨੂੰ ਜਕੜ ਕੇ ਬੰਨ੍ਹਿਆ ਹੋਇਆ ਸੀ।ਸਰੀਰ ਦਾ ਨੰਗੇਜ਼ ਕੱਜਣ ਲਈ ਕਿਤੇ ਚੱਪਾ ਭਰ ਵੀ ਕੱਪੜਾ ਨਹੀ ਸੀ ਰਹਿਣ ਦਿੱਤਾ ਚੰਡਾਲਾਂ ਨੇ।ਲੱਕ ਤੋਂ ਥੋੜ੍ਹਾ ਹੇਠਾਂ ਕਰਕੇ ਮੰਜੀ ਦੇ ਵਾਣ ਦੀਆਂ ਲਮਕਦੀਆਂ ਰੱਸੀਆਂ ਰਾਹੀਂ ਸਰੀਰ ਅੰਦਰਲੇ ਲਹੂ ਦੇ ਤੁੱਪਕੇ ਔੜ੍ਹ ਮਾਰੀ ਜ਼ਮੀਨ ’ਤੇ ਡਿੱਗ-ਡਿੱਗ ਕੇ ਤਵੇ ਜਿੰਨੀ ਥਾਂ ਸਿੱਲ੍ਹੀ ਹੋ ਗਈ ਸੀ।ਉਸ ਕਰੂਪ ਹੋਈ ਥਾਂ ’ਤੇ ਮੱਖੀਆਂ ਭਿਣ-ਭਿਣ ਕਰ ਰਹੀਆਂ ਸਨ ਜਿਵੇਂ ਡੂੰਮਣਾ ਲੱਗਿਆ ਹੁੰਦੈ।
ਲੰਮੀ ਕਥਾ ਸੁਣ ਕੇ ਵੱਡੀ ਬੇਬੇ ਹੱਕੀ-ਬੱਕੀ ਰਹਿ ਗਈ ਸੀ।ਉਹਦਾ ਮੱਥਾ ਤ੍ਰੇਲੀਓ-ਤ੍ਰੇਲੀ ਹੋ ਗਿਆ ਸੀ।ਉਹ ਮੁੜ-ਮੁੜ ਆਪਣੇ ਗਲ ਪਾਏ ਕਮੀਜ਼ ਦੇ ਘੇਰੇ ਨਾਲ ਆਪਣਾ ਮੱਥਾ ਪੂੰਝਦੀ ਸੀ।ਮੰਗਣ ਵਾਲੀ ਤਾਬੋ ਕੋਲ ਗੱਲ ਕਰਨ ਦਾ ਤਰੀਕਾ ਵੀ ਐ ਤੇ ਸਲੀਕਾ ਵੀ।ਉਹ ਬੈਠੀ-ਬੈਠੀ ਵੱਡੀ ਬੇਬੇ ਦੇ ਗੋਡੇ ਘੁੱਟਣ ਲੱਗਦੀ ਐ ਤੇ ਗੱਲ-ਗੱਲ ’ਤੇ ਅਸੀਸਾਂ ਵੀ ਦੇਂਦੀ ਐ।ਬੇਸ਼ੱਕ ਵੱਡੀ ਬੇਬੇ ਦਾ ਮਨ ਉਹਦੀਆਂ ਗੱਲਾਂ ਤੋਂ ਭਰ ਗਿਆ ਲੱਗਦਾ ਸੀ।ਉਸ ਨੇ ਅਟੇਰਨ ਅੰਦਰੋਂ ਆਪਣਾ ਹੱਥ ਬਾਹਰ ਕੱਢ ਲਿਆ ਸੀ ਤੇ ਸੂਤ ਨੂੰ ਕੋਲ ਪਏ ਛਿੱਕੂ ’ਚ ਰੱਖ ਕੇ ਆਪਣੇ ਤੋਂ ਥੋੜ੍ਹਾ ਪਰ੍ਹੇ ਸਿਰਕਾ ਦਿੱਤਾ ਸੀ, ਪਰ ਤਾਬੋ ਦੀ ਹਾਲੇ ਵੀ ਤਸੱਲੀ ਨਹੀਂ ਸੀ ਹੋਈ ਲੱਗਦੀ।ਉਸ ਨੇ ਆਪਣੇ ਅੰਦਰ ਛੁਪਾ ਕੇ ਰੱਖਿਆ ਅੰਤਲਾ ਫਾਇਰ ਹਾਲੇ ਦਾਗਣਾ ਸੀ।ਇਸੇ ਕਰਕੇ ਵੱਡੀ ਬੇਬੇ ਦਾ ਧਿਆਨ ਹੋਰ ਪਾਸੇ ਨਹੀਂ ਸੀ ਪੈਣ ਦੇ ਰਹੀ।ਵੱਡੀ ਬੇਬੇ ਵੀ ਆਪਣੇ ਆਪ ਨੂੰ ਥੋੜ੍ਹਾ ਸਥਿਰ ਕਰਕੇ ਸਵਾਲੀਆ ਜਿਹੀ ਨਜ਼ਰੇ ਤਾਬੋ ਵੱਲ ਵੇਖਦੀ ਹੈ।ਉਹਨੂੰ ਪਤੈ ਤਾਬੋ ਦੀ ਕਹਾਣੀ ਅਜੇ ਖਤਮ ਨਹੀਂ ਹੋਈ ਲੱਗਦੀ।
ਮੰਗਣ ਵਾਲੀ ਬੜੀ ਹੁਸ਼ਿਆਰੀ ਨਾਲ ਬੇਬੇ ਦੇ ਕੰਨ ਲਾਗੇ ਮੂੰਹ ਕਰਕੇ, ਹੌਲੀ ਜਿਹੀ ਆਪਣੀ ਅੰਤਲੀ ਗੱਲ ਕਹਿੰਦੀ ਐ, ‘ਪਰਭਾਣੀ ! ਉਸ ਰਾਤ ਹਰ ਉਮਰ ਦੇ ਵਹਿਸ਼ੀ ਨੇ ਤਾਰੋ ਦੇ ਹੱਥ ਪੈਰ ਬੰਨ੍ਹ ਕੇ ਤੇ ਮੂੰਹ ’ਚ ਕੱਪੜਾ ਤੁੰਨ ਕੇ ਇਹਦੀ ਪੱਤ ਰੋਲੀ ਸੀ।ਉਸੇ ਰਾਤ ਦੇ ਇਸ ਹੱਲੇ-ਗੁੱਲੇ ’ਚ ਹਾਅ ਤੇਰੇ ਕੋਲ ਬੈਠਾ ਮੁੰਡਾ ਇਹਦੀ ਕੁੱਖੇ ਆਣ ਪਿਆ ਸੀ, ਜਿਸ ਨੂੰ ਇਹਨੇ ਅੱੱਲੜ੍ਹ ਉਮਰੇ ਡੇਰੇ ’ਚ ਰਹਿੰਦਿਆਂ ਜਨਮ ਦਿੱਤਾ ਸੀ।ਮੁੜ ਉਸ ਤੋਂ ਬਾਅਦ ਇਹ ਢਿੱਡੋਂ ਨਹੀਂ ਫੁਟੀ।’ ਇਹ ਸੁਣ ਕੇ ਬਿਜਲੀ ਦੇ ਕਰੰਟ ਵਰਗਾ ਝਟਕਾ ਲੱਗਿਆ ਮੈਨੂੰ ਵੀ।ਉਸੇ ਝਟਕੇ ਦਾ ਮਾਰਿਆ ਮੈਂ ਅਜੇ ਤੱਕ ਆਪਣੇ ਆਪ ਦਾ ਸਾਹਮਣਾ ਨਹੀਂ ਕਰ ਪਾਉਂਦਾ।ਜਦੋਂ ਕਦੀ ਸ਼ੀਸ਼ੇ ਸਾਹਮਣੇ ਖਲੋਂਦਾ ਹਾਂ ਤਾਂ ਸ਼ਰਮ ਜਿਹੀ ਆਉਂਦੀ ਐ ਆਪਣੇ ਆਪ ਤੋਂ ਵੀ।ਉਸ ਤੋਂ ਬਾਅਦ ਮੈਂ ਜਦੋਂ ਵੀ ਬੀਬੀ ਨੂੰ ਵੇਖਦਾਂ ਤਾਂ ਇਉਂ ਲੱਗਦੈ ਜਿਉਂ ਹਜ਼ਾਰਾਂ ਕੀੜੇ ਕੁਰਬਲ-ਕੁਰਬਲ ਕਰਦੇ ਉਹਦੇ ਸਰੀਰ ’ਤੇ ਰੀਂਗਦੇ ਹੋਣ।ਮੇਰੇ ਵਿਹੰਦਿਆਂ ਸਾਰ ਉਹ ਸਾਰੇ ਮੇਰੇ ਇਰਧ-ਗਿਰਧ ਇਕੱਠੇ ਹੋ ਕੇ ਮੇਰੇ ਅੰਦਰ ਜ਼ਜ਼ਬ ਹੋ ਜਾਂਦੇ ਹੋਣ।
ਇਨ੍ਹਾਂ ਉਲਝਣਾਂ ’ਚ ਉਲਝਿਆ ਮੈਂ ਪਤਾ ਨਹੀਂ ਕਦੋਂ ਦਾ ਪੈਰ ਘਸਟੀਦਾ ਬੀਬੀ ਦੇ ਸਿਰਹਾਣੇ ਆਣ ਖਲੋਤਾ ਸਾਂ।ਬੀਬੀ ਦਾ ਚਿੱਬਾ ਹੋ ਗਿਆ ਮੂੰਹ ਮੇਰੇ ਸਾਹਮਣੇ ਹੈ ਤੇ ਨਾਲ ਹੀ ਉਸ ਦਿਨ ਬੀਬੀ ਦੇ ਧੜੱੱਮ ਕਰਕੇ ਮੂਧੜੇ ਮੂੰਹ ਡਿੱਗਣ `ਤੇ ਉਹਦੇ ਪਾਸਾ ਮਾਰੇ ਜਾਣ ਦੀ ਨਿੱਕੀ-ਨਿੱਕੀ ਗੱਲ ਮੇਰੇ ਅਗਿਉਂ ਦੀ ਗੁਜ਼ਰਦੀ ਹੈ।ਮੈਨੂੰ ਕਦੀ-ਕਦੀ ਆਪਣੇ ਆਪ ਤੇ ਵੀ ਖਿਝ ਆਉਂਦੀ ਐ।ਐਵੇਂ ਕਾਹਲਾ ਪੈ ਗਿਆ ਸਾਂ ਮੈਂ ਵੀ। ਬੀਬੀ ਦਾ ਭਰਮ ਬਣਿਆ ਰਹਿੰਦਾ ਜਿਹੜੀ ਸਾਰੀ ਉਮਰ ਇਹ ਸਮਝਦੀ ਰਹੀ ਸੀ ਕਿ ਮੈਨੂੰ ਆਪਣੀ ਹੋਂਦ ਬਾਰੇ ਪਤਾ ਨਹੀਂ ਹੈ ਅਤੇ ਨਾ ਹੀ ਉਸ ਨੇ ਆਪ ਕਦੀ ਇਸ ਬਾਰੇ ਭਿਣਕ ਬਾਹਰ ਕੱਢੀ ਸੀ।ਫਿਰ ਸੋਚਦਾਂ ਹਾਂ ਕਿ ਮੈਂ ਵੀ ਕਿੰਨਾ ਕੁ ਚਿਰ ਆਪਣੇ ਆਪ ’ਚ ਰਿੱਝਦਾ ਰਹਿੰਦਾ।ਆਪਣੇ ਦਿਲ ਅਤੇ ਦਿਮਾਗ ਤੇ ਪਏ ਬੋਝ ਨੂੰ ਹਲਕਾ ਕਰਨ ਲਈ ਉਸ ਦਿਨ ਵੀ ਦੋ ਕੁ ਹਾੜੇ ਵੱਧ ਲਾ ਬੈਠਾ ਸੀ।ਬੀਬੀ ਮੁੜ-ਮੁੜ ਰੋਕਦੀ ਵੀ ਸੀ ਤੇ ਟੋਕਦੀ ਵੀ ਸੀ।ਉਸ ਦਿਨ ਮੇਰੇ ਅੰਦਰਲੇ ਖੌਰੂ ਪਾਉਂਦੇ ਖਿਆਲਾਂ ਦਾ ਯੁੱਧ ਸਿਖਰ ਤੇ ਸੀ।ਮੇਰੇ ਕੋਲੋਂ ਰਿਹਾ ਨਹੀਂ ਸੀ ਗਿਆ।ਮੈਂ ਆਖਰੀ ਪੈਗ ਦੀ ਖਾਲੀ ਗਿਲਾਸੀ ਲਾਗੇ ਪਏ ਲੱਕੜ ਦੇ ਖੁਰਦਰੇ ਜਿਹੇ ਮੇਜ ਉਤੇ ਜਿੱਥੇ ਟਿਕੀ ਟਿਕਾ ਦਿੱਤੀ ਸੀ। ਮੇਰੇ ਮੂੰਹ ਅੰਦਰਲੀ ਕੌੜ ਅਜੇ ਪੂਰੀ ਤਰ੍ਹਾਂ ਖਤਮ ਵੀ ਨਹੀਂ ਸੀ ਹੋਈ।ਪਤਾ ਨਹੀਂ ਕਿੰਝ ਨਾ ਚਾਹੁੰਦਿਆਂ ਹੋਇਆਂ ਵੀ ਮੈਥੋਂ ਕਹਿ ਹੋਇਆ ਸੀ ਕਿ ‘ਮਾਂ ਮੇਰੀਏ! ਤੇਰੇ ਨਾਲ ਧੱਕਾ ਉਨ੍ਹਾਂ ਪਾਪੀਆਂ ਨੇ ਕੀਤਾ ਸੀ।ਸਜ਼ਾ ਮੈਂ ਭੋਗੀ ਹੈ ਉਮਰ ਭਰ।ਜਦੋਂ ਕਦੀ ਛੋਟੇ ਹੁੰਦਿਆਂ ਨਾਲ ਦੇ ਹਾਣੀ ਖੇਡਦਿਆਂ ਮੱਲਦਿਆਂ ਮੈਨੂੰ ‘ਦਾਜ ’ਚ ਆਇਆ’ ਕਹਿੰਦੇ ਸਨ ਜਾਂ ਫਿਰ ਬੈਠੀਆਂ ਜਨਾਨੀਆਂ ‘ਤਾਰੋ ਪਿੱਛੋਂ ਲੈ ਕੇ ਆਈ ਐ ਇਹਨੂੰ’ ਵਰਗਾ ਮੇਹਣਾ ਮਾਰਦੀਆਂ ਸਨ ਤਾਂ ਚੱਪਣੀ ’ਚ ਨੱਕ ਡੋਬ ਕੇ ਮਰ ਜਾਣ ਨੂੰ ਚਿੱਤ ਕਰਦਾ ਹੁੰਦਾ ਸੀ ਮੇਰਾ।’ ਮੈਂ ਇੱਕ ਟੱਕ ਬੀਬੀ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਵੇਖ ਰਿਹਾ ਸੀ ਤੇ ਉਹ ਹੈਰਾਨ ਜਿਹੀ ਹੋਈ ਓਪਰੀ-ਓਪਰੀ ਨਜ਼ਰੇ ਮੇਰੇ ਵੱਲ ਝਾਕ ਰਹੀ ਸੀ।ਮੈਂ ਟੁੱਟਵੇਂ ਬੋਲਾਂ ’ਚ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਸੀ ‘ਬੀਬੀਏ! ਤੂੰ ਚੰਗਾ ਨਹੀਂ ਕੀਤਾ ਮੇਰੇ ਨਾਲ।ਉਨ੍ਹਾਂ ਵਹਿਸ਼ੀ ਦਰਿੰਦਿਆਂ ਦੇ ਪਾਪ ਨੂੰ ਕਿਤੇ ਜੰਮਦਿਆਂ ਸਾਰ ਉਸੇ ਦਰਿਆ ਦੇ ਡੂੰਘੇ ਖਤਾਨਾਂ ’ਚ ਜਿਉਂਦਿਆਂ ਦੱਬ ਦੇਣਾ ਸੀ ਜੀਹਦੇ ਕੰਢੇ ਤੂੰ ਮੈਨੂੰ ਜਨਮ ਦਿੱਤਾ ਸੀ।’ ਹੋਰ ਪਤਾ ਨਹੀਂ ਨਸ਼ੇ ਦੇ ਲੋਰ ’ਚ ਮੈਂ ਕੀ-ਕੀ ਬੋਲ ਗਿਆ ਸਾਂ, ਜਿਸਨੂੰ ਸੁਣਕੇ ਬੀਬੀ ਗੁੰਮ-ਸੁੰਮ ਹੋ ਗਈ ਸੀ ਤੇ ਮੇਰੇ ਤੋਂ ਅੱਖਾਂ ਫੇਰ ਲਈਆਂ ਸਨ।ਉਸ ਸਮੇਂ ਉਹਦੇ ਦਿਮਾਗ ਦਾ ਤਣਾਅ ਸਿਖਰ ਤੇ ਸੀ ਤੇ ਮੇਰੇ ਵਿਹੰਦਿਆਂ-ਵਿਹੰਦਿਆਂ ਹੀ ਉਹ ਧੜੱਮ ਕਰਕੇ ਮੂਧੜੇ ਮੂੰਹ ਜਾ ਡਿੱਗੀ ਸੀ।
    ਮੈਂ ਦੋ ਕੁ ਪੈਰ ਅਗਾਂਹ ਹੋ ਕੇ ਬੀਬੀ ਦੇ ਡੂੰਘੀਆਂ ਝੁਰੜੀਆਂ ਵਾਲੇ ਚਿਹਰੇ ਨੂੰ ਨੀਝ ਲਾ ਕੇ ਵੇਖਦਾਂ।ਮੈਨੂੰ ਡਾਕਟਰ ਦੀ ਕਹੀ ਗੱਲ ਚੇਤੇ ਆਉਂਦੀ ਹੈ ਕਿ ‘ਮਾਤਾ ਜੀ ਦੇ ਦਿਮਾਗ ਦੀ ਕਿਸੇ ਨਸ ’ਚ ਕਲੌਟ ਅਟਕ ਗਿਆ ਹੈ’।ਮੇਰਾ ਗੱਚ ਭਰ ਆਇਆ।ਮੈਨੂੰ ਇਉਂ ਲਗਦਾ ਜਿਵੇਂ ਇਸ ਵਾਰ ਦਿਮਾਗ ਦੀ ਨਸ ’ਚ ਫਸੇ ਇਸ ਕਲੌਟ ਹੱਥੋਂ ਬੀਬੀ ਦੀ ਹਾਰ ਹੋ ਗਈ ਹੋਵੇ।ਇਸੇ ਉਧੇੜ੍ਹ-ਬੁਣ ’ਚ ਪਤਾ ਨਹੀਂ ਕਦੋਂ ਬੀਬੀ ਦੇ ਪੈਰਾਂ ਵੱਲ ਬੈਠਿਆਂ-ਬੈਠਿਆਂ ਮੇਰੀ ਅੱਖ ਲੱਗ ਗਈ ਸੀ ਤੇ ਜਦੋਂ ਅੱਖ ਖੁੱਲ੍ਹੀ ਸੀ ਤਾਂ ਬਾਹਰ ਦਿਨ ਦੇ ਚੜਾਅ ਦੀ ਵਾਹਵਾ ਲੋਅ ਆਣ ਉਤਰੀ ਸੀ।
Deep Davinder Singh

 

 

 

 

 

 

ਦੀਪ ਦਵਿੰਦਰ ਸਿੰਘ
498-ਏ, ਨਿਊ ਜਸਪਾਲ ਨਗਰ
ਸੁਲਤਾਨਵਿੰਡ ਰੋਡ, ਅੰਮਿ੍ਰਤਸਰ।
ਮੋ: 098721-65707
deepkahanikar@gmail.com

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply