ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੀਆਂ 17ਵੀਂ ਲੋਕ ਸਭਾ ਲਈ ਆਮ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਰਾਜਨੀਤਿਕ ਪਾਰਟੀਆਂ ਆਪਣੀ ਪੂਰੀ ਤਾਕਤ ਨਾਲ ਚੋਣਾਂ ਜਿੱਤਣ ਲਈ ਪੱਬਾਂ ਭਾਰ ਹੋ ਗਈਆਂ ਹਨ।
ਸਾਲ 1951-52 `ਚ ਭਾਰਤ ਵਿੱਚ ਪਹਿਲੀ ਵਾਰ ਆਮ ਚੋਣਾਂ ਹੋਈਆਂ ਅਤੇ 489 ਸੀਟਾਂ ਵਿੱਚੋਂ 364 ਸੀਟਾਂ ਕਾਂਗਰਸ ਨੇ ਜਿੱਤੀਆਂ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ।
ਦੇਸ਼ ਵਿੱਚ ਵੱਖੋ ਵੱਖਰੀਆਂ ਚੋਣਾਂ ਤੋਂ ਬਾਅਦ ਦਾ ਇਤਿਹਾਸ ਗਵਾਹ ਰਿਹਾ ਹੈ ਕਿ ਲੋਕਾਂ ਦੇ ਜ਼ਿਆਦਾਤਰ ਆਮ ਮਸਲੇ ਜਿਉਂ ਦੇ ਤਿਉਂ ਬਣੇ ਰਹਿੰਦੇ ਹਨ ਅਤੇ ਲੋਕ ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਜ਼ਿਆਦਾ ਸੰਤੁਸ਼ਟ ਨਹੀਂ ਹੁੰਦੇ।ਵੋਟਾਂ ਤੋਂ ਪਹਿਲਾਂ ਰਾਜਨੀਤਿਕ ਪਾਰਟੀਆਂ ਆਪਣੇ ਚੋਣ ਮਨੋਰਥ ਪੱਤਰਾਂ ਵਿੱਚ ਲੋਕ ਲੁਭਾਵਣੇ ਵਾਅਦੇ ਕਰਦੀਆਂ ਹਨ ਅਤੇ ਚੋਣਾਂ ਜਿੱਤਣ ਤੋਂ ਬਾਅਦ ਉਹਨਾਂ ਵਾਅਦਿਆਂ ਦਾ ਆਕਾਰ ਹੀ ਬਦਲ ਜਾਂਦਾ ਹੈ ਅਤੇ ਸਰਕਾਰਾਂ ਉਹਨਾਂ ਵਾਅਦਿਆਂ ਤੇ ਖਰ੍ਹਾ ਨਹੀਂ ਉਤਰਦੀਆਂ।ਲੋਕ ਕਦੇ ਇੱਕ ਪਾਰਟੀ ਨੂੰ ਜਿਤਾ ਛੱਡਦੇ ਹਨ, ਕਦੇ ਦੂਜੀ ਨੂੰ।ਪਰੰਤੂ ਸਮੱਸਿਆਵਾਂ ਦਾ ਪਰਨਾਲਾ ਉਥੇ ਦਾ ਉਥੇ ਰਹਿੰਦਾ ਹੈ ਅਤੇ ਜ਼ਿਆਦਾਤਰ ਵੋਟਰ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਹਨ।
ਲੋਕਤੰਤਰ `ਚ ਅਸਲ ਸ਼ਕਤੀ ਲੋਕਾਂ ਕੋਲ ਹੁੰਦੀ ਹੈ, ਬੇਸ਼ੱਕ ਸਰਕਾਰਾਂ ਲੋਕ ਚੁਣਦੇ ਹਨ।ਪਰ ਉਹਨਾਂ ਨੂੰ ਆਪਣੇ ਹੀ ਚੁਣੇ ਹੋਏ ਪ੍ਰਤੀਨਿਧਾਂ ਤੋਂ ਨਮੋਸ਼ੀ ਪੱਲੇ ਪੈਂਦੀ ਹੈ, ਅਜਿਹਾ ਕਿਉਂ? ਇਸ ਸਵਾਲ ਦੇ ਉਤਰ ਦੀ ਘੋਖ ਕਰਨ `ਤੇ ਸਾਫ਼ ਹੋ ਜਾਂਦਾ ਹੈ ਕਿ ਸਰਕਾਰਾਂ ਦੀ ਅਸੰਤੋਸ਼ਜਨਕ ਕਾਰਗੁਜਾਰੀ ਪਿੱਛੇ ਵੀ ਆਮ ਲੋਕ ਸਿੱਧੇ ਤੌਰ `ਤੇ ਜ਼ਿੰਮੇਵਾਰ ਹਨ।
ਇਹ ਕੌੜੀ ਸੱਚਾਈ ਹੈ ਕਿ ਲੋਕਤੰਤਰ ਦੀ ਬੁਨਿਆਦੀ ਕੜੀ ਵੋਟਾਂ ਪਾਉਣ ਸਮੇਂ ਵੋਟਰ ਖੁੱਦ ਭ੍ਰਿਸ਼ਟ ਹੋ ਕੇ, ਜਾਤ ਪਾਤ, ਧਰਮ, ਨਸ਼ਾ, ਪੈਸਾ ਜਾਂ ਕਿਸੇ ਹੋਰ ਲਾਲਚ ਵੱਸ ਹੋ ਕੇ ਵੋਟ ਪਾਉਂਦੇ ਹਨ।ਅਜਿਹੀ ਵੋਟ ਦਾ ਸਿੱਟਾ ਆਪਣੇ ਪੰਜ ਸਾਲ ਗਲਤ ਹੱਥਾਂ ਵਿੱਚ ਦੇਣਾ ਹੈ।ਦੇਸ਼ ਵਿੱਚ ਜਿਆਦਾਤਰ ਲੋਕ ਨੇਤਾਵਾਂ ਨੂੰ ਸਵਾਲ ਕਰਨ ਦੇ ਆਦੀ ਨਹੀਂ ਅਤੇ ਇੱਕ ਤੰਗ ਮਾਨਸਿਕਤਾ ਤੋਂ ਪੀੜਤ ਹਨ।ਉਹ ਆਪਣੇ ਲਈ, ਨਿਰਪੱਖ ਹੋ ਕੇ ਵੋਟ ਦਾ ਭੁਗਤਾਨ ਨਹੀਂ ਕਰਦੇ, ਸਗੋਂ ਕਿਸੇ ਲਈ ਵੋਟ ਪਾਉਂਦੇ ਹਨ, ਜੋ ਕਿ ਲੋਕਤੰਤਰੀ ਵਿਵੱਸਥਾ ਲਈ ਚਿੰਤਾਜਨਕ ਹੈ ਅਤੇ ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਨਮੋਸ਼ੀ ਦਾ ਵੱਡਾ ਕਾਰਨ ਬਣਦਾ ਹੈ।
ਸਮੇਂ ਦਾ ਯਥਾਰਥ ਇਹੋ ਹੈ ਕਿ ਲੋਕ ਲੀਡਰਾਂ ਦੀ ਚਾਪਲੂਸੀ, ਡਰ ਜਾਂ ਕਿਸੇ ਹੋਰ ਕਾਰਨ ਵੱਸ ਚੁੱਪ ਰਹਿ ਕੇ ਵੋਟ ਭੁਗਤਾਉਣ ਦੀ ਥਾਂ ਆਪਣੇ ਮਸਲਿਆਂ ਲਈ ਸਵਾਲ ਕਰਨ ਦੀ ਆਦਤ ਨੂੰ ਆਪਣੇ ਸੁਭਾਅ ਵਿੱਚ ਸ਼ਾਮਿਲ ਕਰਨ ਅਤੇ ਆਪਣੇ ਬਿਹਤਰ ਭਵਿੱਖ ਲਈ ਨਿਰਪੱਖ ਹੋ ਕੇ ਆਪਣੇ ਲਈ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ।ਲੋਕ ਆਪਣੇ ਮਸਲਿਆਂ ਲਈ ਲੀਡਰਾਂ ਦੀ ਜ਼ਿੰਮੇਵਾਰੀ ਤੈਅ ਕਰਨ।ਲੇਕਿਨ ਇਹ ਉਦੋਂ ਹੀ ਸੰਭਵ ਹੋਵੇਗਾ, ਜਦ ਲੋਕ ਲੀਡਰਾਂ ਨੂੰ ਸਵਾਲ ਕਰਨਗੇ।ਜਿਸ ਦਿਨ ਲੋਕਾਂ ਦੀ ਜੁਬਾਨ `ਤੇ ਲੀਡਰਾਂ ਲਈ ਸਵਾਲ ਆਉਣਗੇ, ਉਹ ਦਿਨ ਲੋਕਤੰਤਰ ਲਈ ਸ਼ੁੱਭ ਸੰਕੇਤ ਹੋਵੇਗਾ।

ਗੋਬਿੰਦਰ ਸਿੰਘ ਬਰੜ੍ਹਵਾਲ
ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)
ਜ਼ਿਲ੍ਹਾ – ਸੰਗਰੂਰ (ਪੰਜਾਬ)
ਈਮੇਲ : bardwal.gobinder@gmail.com
Punjab Post Daily Online Newspaper & Print Media