ਭੀਖੀ/ਮਾਨਸਾ, 21 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਲੋਕ ਸਭਾ ਚੋਣਾਂ-2019 ਦੌਰਾਨ ਦਿਵਯਾਂਗ ਵਿਅਕਤੀਆਂ ਦੀ ਚੋਣਾਂ `ਚ ਵੱਧ ਤੋਂ ਵੱਧ ਸ਼ਮੂਲੀਅਤ
ਕਰਵਾਉਣ ਲਈ ਸਥਾਨਕ ਬਾਲ ਭਵਨ ਪਾਰਕ ਵਿਖੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਇਸ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਐਸ.ਡੀ.ਐਮ ਮਾਨਸਾ ਅਭੀਜੀਤ ਕਪਲਿਸ਼ ਨੇ ਕਿਹਾ ਕਿ ਇਹ ਸੈਮੀਨਾਰ ਕੇਵਲ ਵੋਟ ਪੱਖੀ ਹੀ ਨਹੀਂ ਬਲਕਿ ਵਿਸ਼ੇਸ਼ ਲੋੜਾਂ ਵਾਲੇ ਦਿਵਯਾਂਗ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਅਤੇ ਉਨ੍ਹਾਂ ਦੇ ਹੱਲ ਕਰਨ ਲਈ ਕਰਵਾਇਆ ਗਿਆ।ਉਨ੍ਹਾਂ ਦੱਸਿਆ ਕਿ ਦਿਵਯਾਂਗ ਵਿਅਕਤੀਆਂ ਦੀਆਂ ਵੋਟਾਂ ਪਵਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਵ੍ਹੀਲ ਚੇਅਰ ਅਤੇ ਹੋਰ ਕਈ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਇਨ੍ਹਾਂ ਨੂੰ ਵੋਟਾਂ ਪਾਉਣ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ।
ਸੈਮੀਨਾਰ ਦੌਰਾਨ ਉਨ੍ਹਾਂ ਇਕੱਤਰ ਹੋਏ ਦਿਵਯਾਂਗ ਵਿਅਕਤੀਆਂ ਨੂੰ ਪੀ.ਡਬਲਿਊ.ਡੀ (ਪਰਸਨ ਵਿਦ ਡਿਸਐਬੀਲਿਟੀ) ਐਪ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਐਪ ਨੂੰ ਮੋਬਾਇਲ ਉਪਰ ਡਾਊਨਲੋਡ ਕਰਕੇ ਦਿਵਯਾਂਗ ਵਿਅਕਤੀ ਘਰ ਬੈਠੇ ਹੀ ਚੋਣਾਂ ਨਾਲ ਸਬੰਧਤ ਆਪਣੇ ਕੰਮ ਆਨ-ਲਾਈਨ ਪ੍ਰਣਾਲੀ ਰਾਹੀਂ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਹੂਲਤ ਰਾਹੀਂ ਦਿਵਯਾਂਗ ਵਿਅਕਤੀ ਪੀ.ਡਬਲਿਊ.ਡੀ. ਸਬੰਧੀ ਮਾਰਕਿੰਗ, ਨਵੀਂ ਵੋਟ ਰਜਿਸਟਰ ਕਰਾਵਾਉਣ ਸਬੰਧੀ, ਵੋਟ ਬਦਲਵਾਉਣ ਸੰਬਧੀ, ਵੋਟ ਨੂੰ ਠੀਕ ਕਰਵਾਉਣ ਜਾਂ ਕਟਵਾਉਣ ਸਬੰਧੀ, ਵ੍ਹੀਲ ਚੇਅਰ ਸਬੰਧੀ ਅਤੇ ਆਪਣੇ ਬੂਥ ਦੀ ਲੋਕੇਸ਼ਨ ਦੀ ਜਾਣਕਾਰੀ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।
ਐਸ.ਡੀ.ਐਮ ਅਭੀਜੀਤ ਕਪਲਿਸ਼ ਨੇ ਕਿਹਾ ਕਿ ਦਿਵਯਾਂਗ ਲੋਕਾਂ ਨਾਲ ਹਮਦਰਦੀ ਰੱਖਣ ਦੇ ਨਾਲ-ਨਾਲ ਉਨ੍ਹਾਂ ਦੇ ਸਸ਼ਕਤੀਕਰਨ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਉਹ ਆਤਮ-ਨਿਰਭਰਤਾ ਨਾਲ ਕੰਮ ਕਰ ਸਕਣ।ਉਨ੍ਹਾਂ ਕਿਹਾ ਕਿ ਦਿਵਯਾਂਗ ਲੋਕਾਂ ਚ ਆਮ ਲੋਕਾਂ ਨਾਲੋਂ ਵੱਧ ਸੂਝ-ਬੂਝ ਅਤੇ ਸਿਆਣਪ ਹੁੰਦੀ ਹੈ ਪ੍ਰੰਤੂ ਸਰੀਰਕ ਤੌਰ `ਤੇ ਪ੍ਰੇਸ਼ਾਨ ਹੋਣ ਕਾਰਨ ਉਨ੍ਹਾਂ ਨੂੰ ਅੱਗੇ ਵੱਧਣ ਦੇ ਮੌਕੇ ਘੱਟ ਮਿਲਦੇ ਹਨ।
ਅੱਜ ਦੇ ਸੈਮੀਨਾਰ ਦੌਰਾਨ ਦਿਵਯਾਂਗ ਵਿਅਕਤੀਆਂ ਦੀ ਭਾਗੀਦਾਰੀ ਕਰਵਾਉਣ ਲਈ ਉਨ੍ਹਾਂ ਲਈ ਕੁਝ ਖੇਡਾਂ ਕਰਵਾਈਆਂ ਗਈਆਂ।ਇਨ੍ਹਾਂ ਖੇਡਾਂ ਵਿੱਚ ਮਹਿੰਦੀ ਵਿੱਚ ਜਸਪ੍ਰੀਤ ਕੌਰ ਨੇ ਪਹਿਲਾ ਤੇ ਜੋਤੀ ਸ਼ਰਮਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਗੁੱਬਾਰੇ ਫੁਲਾਉਣ ਵਿੱਚ ਰਾਮ ਸਿੰਘ ਬਰੇਟਾ ਨੇ ਪਹਿਲਾ, ਕਵਿਤਾ ਮੁਕਾਬਲੇ ਵਿੱਚ ਗੁਰਸੇਵਕ ਸਿੰਘ ਬਹਿਣੀਵਾਲ ਨੇ ਪਹਿਲਾ, ਮੂੰਹ ਰਾਹੀਂ ਡੱਕੇ ਚੁੱਕਣ ਵਿਚ ਮਿੱਠੂ ਚੰਦ ਬਰੇਟਾ ਨੇ ਪਹਿਲਾ ਅਤੇ ਕਾਗਜ਼ ਦੀ ਕਸ਼ਤੀ ਬਣਾਉਣ ਵਿੱਚ ਗਮਦੂਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਿਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ।ਮੰਚ ਸੰਚਾਲਨ ਦੀ ਭੂਮਿਕਾ ਹਰਦੀਪ ਸਿੰਘ ਸਿੱਧੂ ਵਲੋਂ ਬਾਖ਼ੂਬੀ ਨਿਭਾਈ ਗਈ।
ਇਸ ਮੌਕੇ ਐਸ.ਡੀ.ਐਮ ਬੁਢਲਾਡਾ ਆਦਿਤਯ ਢੱਚਵਾਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਦਿਨੇਸ਼ ਵਿਸ਼ਿਸ਼ਟ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਲਵਲੀਨ ਵੜਿੰਗ, ਹਰਦੀਪ ਸਿੰਘ ਸਿੱਧੂ, ਸਟੇਟ ਅਵਾਰਡੀ ਜੋਗਿੰਦਰ ਸਿੰਘ ਲਾਲੀ, ਸਟੇਟ ਅਵਾਰਡੀ ਸੰਜੀਵ ਗੋਇਲ ਅਤੇ ਅਵਿਨਾਸ਼ ਸ਼ਰਮਾ ਤੋਂ ਇਲਾਵਾ ਜ਼ਿਲ੍ਹੇ ਭਰ ਤੋਂ ਆਏ ਵਿਕਲਾਂਗ ਵਿਅਕਤੀ ਮੌਜੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media