Thursday, November 21, 2024

 ਕੀ ਪੰਜਾਬ ਨੂੰ ਰੁਤਬਾ ਮਿਲਿਆ ਪੰਜਾਬੀ, ਪੰਜਾਬੀਅਤ ਦਾ

Jagdish Sidhu1

                                                                 ਪ੍ਰਿੰਸੀਪਲ ਜਗਦੀਸ ਕੌਰ ਸਿੱਧੂ

ਪੰਜਾਬ ਦੀ ਜਿੰਦ-ਜਾਨ ਮਾਖਿਓਂ ਮਿੱਠੀ ਮਾਂ-ਬੋਲੀ ਪੰਜਾਬੀ ਨੂੰ 13 ਅ੍ਰਪੈਲ 1966 ਵਿਚ ਹਿੰਦੁਸਤਾਨ ਦੀ 14ਵੀਂ ਰਾਜ-ਭਾਸ਼ਾਂ ਦਾ ਦਰਜਾ ਤਾਂ ਭਾਵੇਂ ਮਿਲ ਗਿਆ ਸੀ, ਪਰ ਕੀ ਅੱਜ ਆਜ਼ਾਦ ਭਾਰਤ ਦੀਆਂ ਭਾਸ਼ਾਵਾਂ ਵਿਚ ਪੰਜਾਬੀ ਦਾ ਅਹਿਮ ਸਥਾਨ ਕਾਇਮ ਹੈ? ਤਾਂ ਇਸਦਾ ਉੱਤਰ ਕਾਫ਼ੀ ਹਿਚਕਚਾਹਟ ਵਿਚ ਹੋਵੇਗਾ, ਕਿਉਕਿ ਪੰਜਾਬੀ ਨੂੰ ਮੁੱਢ ਤੋਂ ਲੈ ਕੇ ਅੱਜ ਤੱਕ ਕਈ ਪ੍ਰਕਾਰ ਦੇ ਠੇਡੇ-ਠੋਕਰਾਂ ਖਾਣੀਆਂ ਪਈਆਂ ਹਨ।ਇਹ ਠੀਕ ਹੈ ਕਿ ਮਨੁੱਖ ਦੀ ਸੋਚਣ-ਸਮਝਣ ਸ਼ਕਤੀ ਏਨੀ ਪ੍ਰਫੁੱਲਿਤ ਹੈ, ਕਿ ਉਹ ਅਨੇਕਾਂ ਭਾਸ਼ਾਵਾਂ ਸਿੱਖ ਅਤੇ ਬੋਲ ਸਕਦਾ ਹੈ ਅਤੇ ਹੋਰਨਾਂ ਰਾਜਾਂ ਵਿੱਚ ਵਿਚਰਨ ਲਈ ਮਨੁੱਖ ਨੂੰ ਦੂਸਰੀਆਂ ਭਾਸ਼ਾਵਾਂ ਦਾ ਗਿਆਨ ਹੋਣਾ ਜਰੂਰੀ ਵੀ ਹੈ।ਪਰ ਇਸਦੇ ਨਾਲ ਹੀ ਜੋ ਹੋਰ ਤੱਥ ਵੀ ਉੱਭਰ ਕੇ ਸਾਹਮਣੇ ਆਉਂਦਾ ਹੈ ਉਹ ਇਹ ਹੈ ਕਿ ਮਨੁੱਖ ਚਾਹੇ ਦੂਸਰੀਆਂ ਭਾਸ਼ਾਵਾਂ ‘ਤੇ ਕਿੰਨੀ ਵੀ ਪਕੜ ਮਜਬੂਤ ਕਰ ਲਵੇ, ਪਰ ਆਪਣੀ ਕਲਪਨਾ ਅਤੇ ਆਪਣੇ ਜ਼ਜ਼ਬਾਤਾਂ ਦਾ ਪ੍ਰਗਟਾਵਾ ਉਹ ਸਿਰਫ਼ ਆਪਣੀ ਮਾਂ-ਬੋਲੀ ਵਿਚ ਹੀ ਕਰ ਸਕਦਾ ਹੈ। ਮਾਂ- ਬੋਲੀ ਹੀ ਇਕ ਅਜਿਹੀ ਭਾਸ਼ਾ ਹੈ,ਜਿਸ ਸਦਕਾ ਅਸੀਂ ਆਪਣੇ ਮਨੋਭਾਵਾਂ ਨੂੰ ਬਿਆਨ ਕਰ ਸਕਦੇ ਹਾਂ ‘ਤੇ ਇਹ ਸਾਡੀ ਸੰਸਕ੍ਰਿਤੀ ਸਖਸ਼ੀਅਤ ਦਾ ਪੜਾਅ ਵੀ ਦਰਸਾਉਂਦੀ ਹੈ।ਵਿਚਾਰ ਪ੍ਰਗਟਾਉਣ ਜਾਂ ਸਾਂਝੇ ਕਰਨ ਦੀ ਜੋ ਸੁਭਾਵਿਕਤਾ ਮਾਂ-ਬੋਲੀ ਵਿਚ ਹੈ, ਉਹ ਕਿਸੇ ਹੋਰ ਭਾਸ਼ਾਂ ਵਿੱਚ ਨਹੀ ਹੋ ਸਕਦੀ।
ਪੰਜਾਬੀ ਭਾਸ਼ਾ ਨਾ ਕੇਵਲ ਸਾਹਿਤ ਬਲਕਿ ਲੋਕ-ਸਾਹਿਤ ਦਾ ਵੀ ਵੱਡਮੁੱਲਾ ਖ਼ਜ਼ਾਨਾ ਹੈ।ਘਰੋਗੀ ਹੋਣ ਕਾਰਨ ਲੋਕਾਂ ਦੇ ਉਦਰੇਵਿਆਂ, ਮੋਹ-ਪਿਆਰ ਦੁੱਖ-ਸੁੱਖ, ਖੁਸ਼ੀਆਂ ਨੂੰ ਇਹ ਇਸ ਤਰ੍ਹਾਂ ਪ੍ਰਗਟਾਉਂਦੀ ਹੈ ਕਿ ਉਨ੍ਹਾਂ ਦਾ ਮਨ ਰਸ ਭਰਪੂਰ ਹੋ ਉੱਠਦਾ ਹੈ ਅਤੇ ਉਹ ਆਪਣੇ-ਆਪ ਨੂੰ ਹੌਲਾ-ਫੁੱਲ ਮਹਿਸੂਸ ਕਰਦੇ ਹਨ।ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਗੁਰਬਖ਼ਸ਼ ਸਿੰਘ ਪ੍ਰੀਤਲੜੀ ਵੀ ਲਿਖਦੇ ਹਨ,”ਸਾਰੇ ਬ੍ਰਹਿਮੰਡ ਦੀਆਂ ਕੁੰਜੀਆਂ ਭਾਵੇਂ ਹੋਰ ਕਿਤੋਂ ਵੀ ਲੱਭ ਪੈਣ ਪਰ ਮਨੁੱਖੀ ਦਿਲ’ ‘ਚ ਲੁਕੇ ਕਈ ਖ਼ਜ਼ਾਨਿਆਂ ਦੀਆਂ ਕੁੰਜੀਆਂ ਸਿਰਫ਼ ਮਾਂ-ਬੋਲੀ ਦੇ ਸ਼ਬਦਾਂ ਵਿੱਚੋਂ ਹੀ ਲੱਭ ਸਕਦੀਆਂ ਹਨ।”
ਪੰਜਾਬੀ ਭਾਸ਼ਾ ਦੇ ਜੇਕਰ ਅਸੀਂ ਅੱਜ ਅਸਲੀ ਰੁਤਬੇ ਵੱਲ ਜਾਈਏ ਤਾਂ ਪਤਾ ਲੱਗਦਾ ਹੈ ਕਿ ਇਹ ਕੇਵਲ ਪੰਜਾਬੀ ਪਾਠਕਾਂ, ਆਮ ਲੋਕਾਂ ਅਤੇ ਪਛੜੇ ਵਰਗਾਂ ਦੀ ਬੋਲੀ ਬਣ ਕੇ ਹੀ ਰਹਿ ਗਈ ਹੈ। ਪੰਜ+ਆਬ ਦੀ ਧਰਤੀ ਜਿਹੜੀ ਕਦੇ ਪੰਜ ਲਹਿਲਹਾਉਂਦੇ ਦਰਿਆਵਾਂ ਨਾਲ ਭਰਪੂਰ ਸੀ, ਅੱਜ ਬੰਜਰ ਦੀ ਤਰ੍ਹਾਂ ਬਣਦੀ ਜਾ ਰਹੀ ਹੈ।ਪੰਜਾਬ ਦੇ ਦਰਿਆ ਵੀ ਡਾਵਾਂਡੋਲ ਹੋ ਰਹੇ ਹਨ ‘ਤੇ ਇੱਥੋਂ ਦੇ ਵਸਨੀਕਾਂ ਦਾ ਭਾਸ਼ਾਈ ਅਤੇ ਸੱਭਿਆਚਾਰਕ ਸੁਭਾਅ ਵੀ ਬਦਲਦਾ ਜਾ ਰਿਹਾ ਹੈ। ਜੋ ਪੰਜਾਬ ਕਦੇ ‘ਸੋਨੇ ਦੀ ਚਿੜੀ’ ਅਖਵਾਉਂਦਾ ਸੀ, ਅੱਜ ਉਸੇ ਪੰਜਾਬ ਵਿੱਚ ਗਰੀਬੀ ਤੇ ਭੁੱਖਮਰੀ ਫੈਲੀ ਹੋਈ ਹੈ। ਕਰਜ਼ਿਆਂ ਕਾਰਨ ਪਤਾ ਨਹੀ ਕਿੰਨੇ ਹੀ ਲੋਕ ਖੁਦਕੁਸ਼ੀਆਂ ਕਰਦੇ ਹਨ।ਪੰਜਾਬੀ ਭਾਸ਼ਾ ਦੀ ਗੱਲ ਕਰੀਏ ਤਾਂ ਮੁੱਢ ਤੋਂ ਲੈ ਕੇ ਅੱਜ ਤੱਕ ਇਸਨੂੰ ਹਮੇਸ਼ਾਂ ਹੀ ਦੱਬਿਆ ਕੁਚਲਿਆ ਜਾ ਰਿਹਾ ਹੈ।ਅੰਗਰੇਜ਼ੀ ਰਾਜ ਸਮੇਂ ਤਾਂ ਪੰਜਾਬੀ ਦੀ ਦਸ਼ਾ ਹੋਰ ਵੀ ਤਰਸਯੋਗ ਹੋ ਗਈ ਸੀ।ਪ੍ਰੰਤੂ ਨਿਰੰਤਰ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਵੀ ਆਪਣੀ ਜਟਿਲਤਾ ਦੇ ਕਾਰਨ ਕਿਸੇ ਨਾ ਕਿਸੇ ਰੂਪ ਵਿੱਚ ਪੰਜਾਬੀ ਸੁਰਜੀਤ ਤੁਰੀ ਆ ਰਹੀ ਹੈ।ਕਦੇ ਵਾਰਾਂ, ਕਦੇ ਨਾਵਲ, ਕਦੇ ਕਿੱਸੇ, ਕਾਫ਼ੀਆਂ ਆਦਿ ਕਈ ਪ੍ਰਕਾਰ ਦੇ ਸਾਹਿਤ-ਰੂਪ ਦਾ ਅਨਿੱਖੜਵਾਂ ਅੰਗ ਬਣਦੀ ਰਹੀ।ਸ਼ਾਇਦ ਸਦੀਵੀਂ ਚਾਲ ਅਤੇ ਪੁਰਾਤਨ ਭਾਸ਼ਾ ਹੋਣ ਕਰਕੇ ਹੀ ਇਹ ਕਿਸੇ ਨਾ ਕਿਸੇ ਰੂਪ ਵਿੱਚ ਨਿਰੰਤਰ ਸੁਰਜੀਤ ਬਣੀ ਹੋਈ ਹੈ।ਭਾਰਤ ਦੀ ਸਭ ਤੋਂ ਪੁਰਾਣੀ ਆਰਯ ਬੋਲੀ (ਵੈਦਿਕ-ਸੰਸਕ੍ਰਿਤ) ਨਾਲ ਇਸਦਾ ਸਬੰਧ ਪ੍ਰਮਾਣਿਤ ਹੈ।ਰਿਗਵੇਦ, ਜੋ ਕਿ ਸੰਸਾਰ ਦਾ ਸਭ ਤੋਂ ਪੁਰਾਣਾ ਪ੍ਰਥਮ ਗ੍ਰੰਥ ਹੈ, ਦੇ ਸੂਤਕ ਵੀ ਪੁਰਾਣੀ ਪੰਜਾਬੀ ਵਿੱਚ ਹੀ ਰਚੇ ਮੰਨੇ ਜਾਂਦੇ ਹਨ।ਜਿਸ ਤੋਂ ਪਤਾ ਲੱਗਦਾ ਹੈ ਕਿ ਪੰਜਾਬੀ ਭਾਸ਼ਾ ਕੇਵਲ ਹੁਣੇ ਬਣ ਕੇ ਤਿਆਰ ਨਹੀਂ ਹੋਈ ਹੈ, ਬਲਕਿ ਇਸ ਨੂੰ ਕਈ ਪੜ੍ਹਾਵਾਂ ਵਿੱਚੋਂ ਨਿਕਲ ਕੇ ਤਿਆਰ ਹੋਣਾ ਪਿਆ ਹੈ।ਕੰਨਪਾਟੇ ਜੋਗੀਆਂ ਤੋਂ ਸ਼ੁਰੂ ਹੋ ਕੇ ਬਾਬਾ ਫ਼ਰੀਦ ਜੀ ਦੇ ਸ਼ਲੋਕਾਂ ਵਿੱਚੋਂ ਵਿੱਚਰਦੀ ਹੋਈ ਗੁਰੂਆਂ ਦੀ ਮਿੱਠੀ ਤੇ ਪਵਿੱਤਰ ਬਾਣੀ ਤੋਂ ਸੰਚਾਰ ਕਰਦੀ ਆਧੁਨਿਕ ਸਾਹਿਤਕਾਰਾਂ/ਲੇਖਕਾਂ ਦੀਆਂ ਰਚਨਾਵਾਂ ਦਾ ਹਿੱਸਾ ਬਣ ਗਈ।ਸ੍ਰੀ ਗੁਰੂ ਗ੍ਰੰਥ ਸਾਹਿਬ, ਸ਼ਲੋਕ, ਕਾਫ਼ੀਆਂ, ਵਾਰਾਂ ਆਦਿ ਅਤੇ ਅੱਜ ਦੇ ਸਾਹਿਤਕਾਰਾਂ ਦਾ ਰਚਿਆ ਵਧੀਆ ਸਾਹਿਤ ਵੀ ਮਨੁੱਖ ਨੂੰ ਆਤਮਿਕ ਸ਼ਾਂਤੀ ਦੇਣ ‘ਤੇ ਜੋਸ਼ ਭਰਨ ਵਿੱਚ ਸਹਾਈ ਹੁੰਦਾ ਹੈ। ਪੁਰਤਾਨ ਵਿਸ਼ੇਸ਼ਤਾਵਾਂ ਨਾਲ ਭਰਪੂਰ ਹੋਣ ਦੇ ਬਾਵਜੂੁਦ ਵੀ ਪੰਜਾਬੀ ਭਾਸ਼ਾ ਦੀ ਹਾਲਤ ਦਿਨੋਂ-ਦਿਨ ਨਾਜ਼ਕ ਹੁੰਦੀ ਜਾ ਰਹੀ ਹੈ।ਮਾਂ-ਬੋਲੀ ਦਾ ਦਰਜਾ ਘਟਦਾ ਜਾ ਰਿਹਾ ਹੈ ਅਤੇ ਇਸ ਦੀ ਜਗ੍ਹਾ ਅੰਗਰੇਜ਼ੀ ਦਾ ਪਸਾਰ ਜ਼ਿਆਦਾ ਪ੍ਰਚੱਲਿਤ ਹੋ ਰਿਹਾ ਹੈ।ਇਹ ਠੀਕ ਹੈ ਕਿ ਅੰਗਰੇਜ਼ੀ ਅੰਤਰਰਾਸ਼ਟਰੀ-ਭਾਸ਼ਾ ਹੈ ਪ੍ਰੰਤੂ ਅੰਗਰੇਜ਼ੀ ਸਿੱਖਦੇ/ਬੋਲਦੇ ਆਪਣੀ ਮਾਂ-ਬੋਲੀ ਨੂੰ ਵੀ ਨਾਲ-ਨਾਲ ਵਿਸਾਰਨਾ ਠੀਕ ਨਹੀਂ।ਪਿੱਛੇ ਜਿਹੇ ਜਲੰਧਰ ਦੂਰਦਰਸ਼ਨ ‘ਤੇ ਇੱਕ ਪ੍ਰੋਗਰਾਮ ਵਿੱਚ ਗੁਰਦਾਸ ਮਾਨ ਨੇ ਬੜਾ ਹੀ ਅਰਥ ਭਰਪੂਰ ਗੀਤ ਗਾਇਆ ਸੀ ‘ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ ,ਕਿਹਨੇ ਤੇਰਾ ਲਾਹ ਲਿਆ ਸ਼ਿੰਗਾਰ ਨੀ’। ਜੇਕਰ ਵੇਖਿਆ ਜਾਵੇ ਤਾਂ ਇਸ ਦਾ ਸ਼ਿੰਗਾਰ ਬਿਗਾਨਿਆਂ ਨੇ ਘੱਟ ਪਰ ਇਸਦੇ ਆਪਣਿਆਂ ਨੇ ਜਿਆਦਾ ਉਤਾਰ ਲਿਆ ਹੈ।1947 ਦੀ ਵੰਡ ਸਮੇਂ ਤਾਂ ਇਸਦੇ ਆਪਣਿਆਂ ਨੇ ਹੀ ਇਸ ਨੂੰ ਦੋ ਟੋਟਿਆਂ ਵਿਚ ਵੰਡ ਦਿੱਤਾ ਸੀ।ਪੰਜਾਬੀ ਬੋਲੀ ਸੀ ਤਾਂ ਭਾਵੇਂ ਇੱਕੋ ਹੀ ਪਰ ਅਲੱਗ-ਅਲੱਗ ਲਿਖਤ ਹੋਣ ਕਰਕੇ ਇਸ ਨੂੰ ਗੁਰਮੁੱਖੀ ਅਤੇ ਸ਼ਾਹਮੁੱਖੀ ਨਾਂ ਦੇ ਕੇ ਭਾਰਤੀ ਪੰਜਾਬ ‘ਤੇ ਪੱਛਮੀ ਪੰਜਾਬ ਵਿੱਚ ਵੰਡ ਦਿੱਤਾ।ਇਨ੍ਹਾਂ ਟੋਟਿਆਂ ਨੇ ਕੇਵਲ ਭਾਸ਼ਾਂ ਨੂੰ ਹੀ ਨਹੀ ਬਲਕਿ ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਤਹਜ਼ੀਬ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
ਪੰਜਾਬ ਨਿਵਾਸੀ ਰੀਸੋ-ਰੀਸ ਪੰਜਾਬੀ ਨੂੰ ਹੋਰਨਾਂ ਭਾਸ਼ਾਵਾਂ ਦਾ ਮਿਲਗੋਭਾ ਬਣਾ ਰਹੇ ਹਨ।ਨੌਜਵਾਨ ਪੀੜ੍ਹੀ ਨਾ ਤਾਂ ਪੰਜਾਬੀ ਪਹਿਰਾਵਾ, ਨਾ ਖਾਣਾ ਅਤੇ ਨਾ ਹੀ ਸ਼ੁੱਧ ਪੰਜਾਬੀ ਬੋਲਣਾ ਪਸੰਧ ਕਰਦੇ ਹਨ।ਇੱਥੋਂ ਤੱਕ ਕਿ ਪੰਜਾਬੀ ਸੱਭਿਆਚਾਰ ਨੂੰ ਵੀ ਭੁੱਲਦੇ ਜਾ ਰਹੇ ਹਨ।ਅੰਗਰੇਜ਼ੀ, ਹਿੰਦੀ, ਪੰਜਾਬੀ ਦਾ ਮਿਲਗੋਭਾ ਬਣਾ ਕੇ ਬੋਲਣਾ ਨੌਜਵਾਨ ਪੀੜ੍ਹੀ ਦਾ ਸ਼ੌਕ ਬਣਦਾ ਜਾ ਰਿਹਾ ਹੈ।ਕਈ ਵਾਰ ਤਾਂ ਉਹ ਅਜਿਹੀ ਰਲਗੱਡ ਭਾਸ਼ਾ ਬੋਲਦੇ ਹਨ ਕਿ ਪਤਾ ਲਗਾਉਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਸ਼ਬਦ ਕਿਹੜੀ ਭਾਸ਼ਾ ਦਾ ਹੈ। ਪੰਜਾਬੀ ਭਾਸ਼ਾ ਨੂੰ ਵਿਗਾੜ ਕੇ ਨਵਾਂ ਰੂਪ ਦੇ ਰਹੇ ਹਨ ਜਿਸ ਨੂੰ ਪੰਜਾਬੀ ਆਖਣਾ ਵੀ ਮੁਸ਼ਕਿਲ ਹੈ।
ਅੱਜ ਪੰਜਾਬ ਵਿੱਚੋਂ ਹੀ ਪੰਜਾਬੀਆਂ ਨੂੰ ਚੁਨਣ ਲਈ ‘ਮਿਸ ਪੰਜਾਬਣਾ’ ‘ਤੇ ਦਸਤਾਰਾਂ ਦੇ ਮੁਕਾਬਲੇ ਹੋਣ ਲੱਗੇ ਹਨ।ਜੋ ਪੱਗਾਂ ਕਦੇ ਪੰਜਾਬੀਆਂ ਦੀ ਸ਼ਾਨ ਸਨ।ਅੱਜ ਉਨ੍ਹਾਂ ਪੱਗਾਂ ਨੂੰ ਬੰਨਣਾ ਸਿਖਾਉਣ ਲਈ ਸਿਖ਼ਲਾਈਆਂ ਦਿੱਤੀਆਂ ਜਾ ਰਹੀਆਂ ਹਨ। ਪਹਿਲਾ ਮਾਵਾਂ ਹੀ ਬੱਚਿਆਂ ਦੇ ਪੱਗਾਂ ਬੰਨਦੀਆਂ ਸਨ, ਲੇਕਿਨ ਹੁਣ ਤਾਂ ਪੰਜਾਬਣ ਬੀਬੀਆਂ/ਭੈਣਾਂ ਨੇ ਵੀ ਚੰਨੀਆਂ ਸਿਰੋਂ ਤੇ ਗਲੋਂ ਉਤਾਰ ਕੇ ਬਾਹਾਂ ਵਿੱਚ ਟੰਗ ਲਈਆਂ ਹਨ।
ਅੱਜ-ਕੱਲ੍ਹ ਦੀ ਗਾਇਕੀ ਨੂੰ ਦੇਖ /ਸੁਣਕੇ ਤਸੀਂ ਖੁੱਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਪੰਜਾਬੀ ਗੀਤ ਕਿੰਨੇ ਕੁ ਪੰਜਾਬੀ ਸੱਭਿਆਚਾਰ ਦੇ ਅਨੁਕੂਲ ਚੱਲ ਰਹੇ ਹਨ।ਪੰਜਾਬੀ ਸੱਭਿਆਚਾਰ ਤਾਂ ਆਮ ਨਿੱਖੜਵਾ ਮੁਹਾਂਦਰਾ ਹੈ ਜੋ ਪੁਰਾਣੇ ਪੰਜਾਬੀ ਗੀਤਾਂ ਵਿੱਚੋਂ ਝਲਕਦਾ ਸੀ ਅਤੇ ਜੋ ਪੁਰਾਣੇ ਹੋਣ ਦੇ ਬਾਵਜੂਦ ਵੀ ਅੱਜ ਦੇ ਸਮੇਂ ਵਿੱਚ ਸੁਨਣ ਨਾਲ ਨਵੇਂ ਹੋ ਜਾਂਦੇ ਹਨ।ਨਰਿੰਦਰ ਕਪੂਰ ‘ਡੂੰਘੀਆਂ ਸਿਖ਼ਰਾਂ’ ਵਿਚ ਲਿਖਦਾ ਹੈ-”ਮਹਾਨ ਸੰਗੀਤ ਉਹ ਹੈ ਜਿਹੜਾ ਸਦੀਆਂ ਪੁਰਾਣਾ ਹੋਵੇ ਪਰ ਸਦਾ ਨਵਾਂ ਲੱਗੇ”।
ਪੰਜਾਬੀ ਭਾਸ਼ਾ ਦੇ ਹਾਲਤ ਬਾਰੇ ਇੱਕ ਹੋਰ ਪੱਖ ਤੋਂ ਵਿਚਾਰ ਕੀਤਾ ਜਾਵੇ ਤਾਂ ਪਤਾ ਲੱਗਦਾ ਹੈ ਕਿ ਮਾਪੇ ਵੀ ਅਕਸਰ ਆਪਣੇ ਬੱਚਿਆਂ ਨੂੰ ਅੰਗਰੇਜੀ ਮਾਧਿਅਮ ਵਾਲੇ ਸਕੂਲਾਂ /ਕਾਲਜਾਂ ਵਿੱਚ ਪੜ੍ਹਾਉਣਾ ਜ਼ਿਆਦਾ ਪਸੰਦ ਕਰਦੇ ਹਨ। ਸੋ ਬੱਚੇ ਦੀ ਪਹਿਲੀ ਸ਼ੇਣੀ ਤੋਂ ਹੀ ਅੰਗਰੇਜੀ ਨਾਲ ਲਗਨ ਬਣਾ ਕੇ ਪੰਜਾਬੀ ਨੂੰ ਮਨੋ-ਵਿਸਾਰਨ ਦੇ ਸਾਧਨ ਘੜੇ ਜਾ ਰਹੇ ਹਨ। ਅਨਪੜ੍ਹ ਮਾਪੇ ਵੀ ਆਖਦੇ ਹਨ,” ਪੰਜਾਬੀ ਦਾ ਕੀ ਏ, ਆਪੇ ਆਜੂਗੀ” ਆਪਣੇ ਬੱਚੇ ਨੂੰ ਗਟਰ-ਗਟਰ ਅੰਗਰੇਜ਼ੀ ਬੋਲਦਿਆਂ ਤੇ ਅੰਗਰੇਜ਼ੀ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਵੇਖ ਕੇ ਮਾਤਾ-ਪਿਤਾ ਬਹੁਤ ਖੁਸ਼ ਹੁੰਦੇ ਹਨ।ਕਈ ਵਾਰ ਅਖ਼ਬਾਰਾਂ/ਰਸਲਿਆਂ ਵਿੱਚ ਵੀ ਪੜ੍ਹਨ ਨੂੰ ਮਿਲਦਾ ਹੈ ਕਿ ਪੰਜਾਬੀ ਬੋਲਣ ਕਰਕੇ ਬੱਚਿਆਂ ਨੂੰ ਝਿੜਕਾਂ ਪੈਂਦੀਆਂ ਹਨ।
ਮਾਂ-ਬੋਲੀ ਨੂੰ ਸ਼ਾਇਦ ਬਣਾ ਸਤਿਕਾਰ ਤਾਂ ਨਹੀ ਮਿਲ ਰਿਹਾ ਪਰ ਥਾਂ-ਥਾਂ ਇਸਦੀ ਬੇ-ਕਦਰੀ ਜਰੂਰ ਹੋ ਰਹੀ ਹੈ।ਇੱਥੋਂ ਤੱਕ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੀ ਪੰਜਾਬੀ ਪ੍ਰਤੀ ਸ਼ਹਿਰਦ ਨਹੀ ਜਾਪਦੀਆਂ।ਪੰਜਾਬੀ ਦੀ ਕਦਰ ਦਾ ਰੁਤਬਾ ਤਾਂ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਅੱਜ ਅਸੀ ਕੋਈ ਵੀ ਫ਼ਾਰਮ ਭਰੀਏ, ਨਿੱਜੀ, ਦਫ਼ਤਰੀ ਜਾਂ ਜਨਤਕ, ਜ਼ਿਆਦਾਤਰ ਅੰਗਰੇਜ਼ੀ ਵਿੱਚ ਹੀ ਹੋਵੇਗਾ।1968 ਵਿੱਚ ਮੁੱਖ ਮੰਤਰੀ ਸz: ਲਛਮਣ ਸਿੰਘ ਗਿੱਲ ਨੇ ਬਿੱਲ ਪਾਸ ਕਰਵਾ ਕੇ ਪੰਜਾਬੀ ਸਰਕਾਰੀ ਦਫ਼ਤਰਾਂ ਵਿੱਚ ਸਖ਼ਤੀ ਨਾਲ ਲਾਗੂ ਕਰਵਾਈ ਸੀ, ਪਰ ਅੱਜਕਲ੍ਹ ਇਸ ਕਾਨੂੰਨ ਨੂੰ ਤੋੜਿਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਜੇਕਰ ਵੇਖਿਆ ਜਾਵੇ ਤਾਂ ਪੰਜਾਬੀ ਬੋਲੀ ਦੇ ਕਈ ਅਜਿਹੇ ਉਸੱਰਈਏ ਵੀ ਹਨ ਜੋ ਆਪਣੀ ਮਾਂ-ਬੋਲੀ ਦੀ ਸੇਵਾ ਆਪਣੇ ਖੂਨ-ਪਸੀਨੇ ਨਾਲ ਕਰ ਰਹੇ ਹਨ ਅਤੇ ਇਸ ਨੂੰ ਸਤਿਕਾਰਯੋਗ ਰੁਤਬਾ ਦਿਵਾਉਣ ਲਈ ਨਿਰੰਤਰ ਯਤਨਸ਼ੀਲ ਹਨ।ਪੰਜਾਬੀ ਯੂਨੀਵਰਸਿਟੀ ਦੁਨੀਆਂ ਦੀ ਦੂਜੀ ਤੇ ਭਾਰਤ ਦੀ ਪਹਿਲੀ ਯੂਨੀਵਰਸਿਟੀ ਹੈ, ਜਿਹੜੀ ਭਾਸ਼ਾ ਦੇ ਨਾਂ ਤੇ 30 ਅਪ੍ਰੈਲ 1962 ਵਿੱਚ ਸਥਾਪਿਤ ਕੀਤੀ ਗਈ।ਪੰਜਾਬੀ ਯੂਨੀਵਰਸਿਟੀ ਨਾ ਕੇਵਲ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਭਰਪੂਰ ਯੌਗਦਾਨ ਹੀ ਦੇ ਰਹੀ ਹੈ, ਬਲਕਿ ਹਰ ਵਿਦਿਆਰਥੀ ਨੂੰ ਪੰਜਾਬੀ ਭਾਸ਼ਾ ਵਿੱਚ ਸਿੱਖਿਆ ਦੇਣ ਲਈ ਇਹ ਨਿੱਤ ਨਵੇਂ-ਨਵੇਂ ਕਦਮ ਚੁੱਕਦੀ ਆਈ ਹੈ।ਪ੍ਰਦੇਸੀ ਪੰਜਾਬੀ, ਹਾਲਾਂ ਕਿ ਉਹ ਪੰਜਾਬ ਵਿੱਚ ਨਹੀ ਵੀ ਰਹਿੰਦੇ ਪ੍ਰੰਤੂ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਨੂੰ ਵਧੇਰੇ ਪ੍ਰਫੁੱਲਿਤ ਕਰਨ ਲਈ ਆਪਣੇ ਆਰਥਿਕ ਲਾਭਾਂ ਦੀ ਪ੍ਰਵਾਹ ਕੀਤੇ ਬਿਨ੍ਹਾਂ, ਇਸ ਦੀ ਲਗਾਤਾਰ ਸੇਵਾ ਕਰ ਰਹੇ ਹਨ।ਮਾਂ-ਬੋਲੀ ਦਾ ਬੇਗਾਨੇ ਦੇਸ਼ਾਂ ਵਿੱਚ ਰਹਿ ਕੇ ਵੀ ਹੱਦੋਂ ਵੱਧ ਸਤਿਕਾਰ ਕਰਦੇ ਹਨ। ਉਨ੍ਹਾਂ ਦੇ ਇਨ੍ਹਾਂ ਨਿਰੰਤਰ ਯਤਨਾਂ ਸਦਕਾ ਹੀ ਪੰਜਾਬੀ ਅੱਜ ਕੇਵਲ ਪੰਜਾਬ ਵਿੱਚ ਹੀ ਨਹੀ ਬਲਕਿ ਵਿਦੇਸ਼ਾਂ ਵਿੱਚ ਵੀ ਆਪਣਾ ਵਿਸਥਾਰ ਕਰ ਰਹੀ ਹੈ।ਵਿਦੇਸ਼ ਵੱਸੇ ਪੰਜਾਬੀ ਬਿਗਾਨੇ ਮੁਲਕਾਂ ਵਿੱਚ ਵੱਧ ਤੋਂ ਵੱਧ ਪੰਜਾਬੀ ਦਾ ਪਸਾਰ ਕਰਨ ਲਈ ਸਿਰਤੋੜ ਯਤਨ ਕਰਦੇ ਹਨ ਅਤੇ ਇਸ ਨੂੰ ਦਿਲੋਂ ਪਿਆਰਦੇ ਹਨ।
ਇਸਦੇ ਇਲਾਵਾ ਸਾਹਿਤ ਅਕਾਦਮੀ ਪੁਰਸਕਾਰ ਜੋ ਕਿ 1955 ਵਿੱਚ ‘ ਭਾਈ ਵੀਰ ਸਿੰਘ ‘ ਦੀ ਪੁਸਤਕ ‘ਮੇਰੇ ਸਾਈਆਂ ਜੀਓ’ ਨੂੰ ਮਿਲਣ ਨਾਲ ਸ਼ੁਰੂ ਹੋਇਆ ਸੀ ਵੀ ਪੰਜਾਬੀ ਦੇ ਵਿਕਾਸ ਵਿੱਚ ਸ਼ਲਾਘਾਯੋਗ ਯੋਗਦਾਨ ਪਾ ਰਿਹਾ ਹੈ। ਹਰੇਕ ਸਾਲ ਇੱਕ ਉੱਤਮ ਪੁਸਤਕ ਨੂੰ ਮਿਲਣ ਵਾਲੇ ਇਸ ਪੁਰਸਕਾਰ ਨੂੰ ਪ੍ਰਾਪਤ ਕਰਨ ਲਈ ਲੇਖਕ ਵਧੀਆ ਤੋਂ ਵਧੀਆ ਲਿਖਣ ਲਈ ਤਤਪਰ ਰਹਿੰਦੇ ਹਨ।ਹੁਣ ਤੱਕ ਇਕਵੰਜਵੇਂ ਪੁਰਸਕਾਰ ਦੀ ਸੂਚੀ ਚਲ ਰਹੀ ਹੈ ਜੋ 2011 ਵਿੱਚ ‘ਬਲਦੇਵ ਸਿੰਘ ਸੜਕਨਾਮਾ’ ਦੀ ਪੁਸਤਕ ‘ਢਾਹਵਾਂ ਦਿੱਲੀ ਦੇ ਕਿੰਗਰੇ’ ਨੂੰ ਮਿਲਿਆ ਸੀ।ਆਧੁਨਿਕ ਲੇਖਕ/ਸਾਹਿਤਕਾਰ ਜਿਵੇਂ ਸੁਰਜੀਤ ਪਾਤਰ (ਡਾ:), ਨਰਿੰਦਰ ਕਪੂਰ, ਦਰਸ਼ਨ ਆਸ਼ਟ (ਡਾ:) ਸੁਖਵਿੰਦਰ ਅੰਮ੍ਰਿਤ, ਸ਼ਤੀਸ ਕੁਮਾਰ ਵਰਮਾ (ਡਾ:), ਅਵਤਾਰ ਸਿੰਘ ਕੈਂਥ, ਦਰਸ਼ਨ ਸਿੰਘ ਬਨੂੜ ਆਦਿ ਵੀ ਪੰਜਾਬੀ ਦੇ ਵਿਕਾਸ ਲਈ ਅਹਿਮ ਯੋਗਦਾਨ ਪਾ ਰਹੇ ਹਨ ਅਤੇ ਨਵੇਂ ਉੱੱਭਰ ਰਹੇ ਲੇਖਕ ਵੀ ਪੰਜਾਬੀ ਲਈ ਚਿੰਤਨਸ਼ੀਲ ਹਨ।ਪੰਜਾਬ ਦੀ ਸ਼ਾਨ ਤੇ ਮਾਨ-ਗੁਰਦਾਸ ਮਾਨ ਵਰਗੇ ਗਾਇਕ ਵੀ ਪੰਜਾਬੀ ਦੀਆਂ ਜੜ੍ਹਾਂ ਵਿੱਚ ਮਜ਼ਬੂਤੀ ਲਿਆਉਣ ਲਈ ਸ਼ਲਾਘਾਯੋਗ ਦੇਣ ਦੇ ਰਹੇ ਹਨ।ਅਧਿਆਪਕ ਵੀ ਵਿਦਿਆਰਥੀ ਨੂੰ ਸਾਹਿਤ ਪੜ੍ਹਣ ਲਈ ਪ੍ਰੇਰਣਾ ਦੇਣ ਅਤੇ ਉਨ੍ਹਾਂ ਦੀ ਸਾਹਿਤਕ ‘ਤੇ ਸੱਭਿਆਚਾਰਕ ਪ੍ਰਤਿਭਾ ਨੂੰ ਉਘਾੜਨ ਲਈ ਵਿਸ਼ੇਸ਼ ਉਪਰਾਲੇ ਕਰਨ, ਕਿੳਂੁਕਿ ਅਧਿਆਪਕ ਹੀ ਵਿਦਿਆਰਥੀਆਂ ਦੀ ਕਲਾ ਪਛਾਨਣ ਵਿੱਚ ਉਹ ਅਹਿਮ ਰੋਲ ਨਿਭਾਅ ਸਕਦੇ ਹਨ, ਜੋ ਮਾਪੇ ਵੀ ਨਹੀ ਨਿਭਾਅ ਸਕਦੇ।
ਸੋ, ਗੁਜ਼ਾਰਿਸ਼ ਹੈ ਕਿ ਮਾਂ-ਬੋਲੀ ਪੰਜਾਬੀ ਨੂੰ ਪੜ੍ਹੋ ਤੇ ਸਤਿਕਾਰਯੋਗ ਰੁਤਬਾ ਬਖਸ਼ੋ ‘ਤੇ ਨਾਲ ਹੀ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਲਈ ਯਤਨਸ਼ੀਲ ਕਦਮ ਚੁੱਕੇ ਜਾਣ, ਕਿਉਕਿ ਇਹ ਖਿੜ੍ਹੀ ਹੋਈ ਪ੍ਰਕ੍ਰਿਤੀ ਦੀ ਦੇਣ ਹੈ।ਪੰਜਾਬੀ ਭਾਸ਼ਾ ਦਾ ਆਮ ਲੋਕਾਂ ਨਾਲ ਸਿੱਧਾ ‘ਤੇ ਨਿੱਜੀ ਸਬੰਧ ਹੋਣਾ ਚਾਹੀਦਾ ਹੈ ‘ਤੇ ਇਸਦੀਆਂ ਜੜ੍ਹਾਂ ਵਿੱਚ ਮਜ਼ਬੂਤੀ ਲਿਆਉਣ ਲਈ ਇਸ ਜਿਊਦੀ ਜਾਗਦੀ ਭਾਸ਼ਾ ਤੇ ਸੱਭਿਆਚਾਰ ਨੂੰ ਦਬਾਉਣ ਦੀ ਬਜਾਏ ਵਧਣ-ਫੁੱਲਣ ਦੇਣਾ ਚਾਹੀਦਾ ਹੈ, ਕਿੳਂੁਕਿ ਜੜ੍ਹਾਂ ਦੀ ਮਜ਼ਬੂਤੀ ਤੋਂ ਬਿਨ੍ਹਾਂ ਕੋਈ ਵੀ ਸੱਭਿਆਚਾਰ ਤੇ ਭਾਸ਼ਾ ਉੱਨਤੀ ਨਹੀ ਕਰ ਸਕਦੇ।ਅਜਿਹਾ ਨਾ ਹੋਵੇ ਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ ਕਿਤੇ ਇੱਕ ਨਾਮ ਹੀ ਬਣ ਕੇ ਰਹੇ ਅਤੇ ਸੱਚਮੁੱਚ ਇਸ ਦਾ ਰੁਤਬਾ ਇਸਦੇ ਸ਼ਾਇਰਾਂ ਤੱਕ ਹੀ ਸੀਮਤ ਰਹਿ ਜਾਵੇ।

ਦਸਮੇਸ਼ ਗਰਲਜ਼ ਸੀਨੀ: ਸੈਕੰਡਰੀ ਸਕੂਲ, ਬਾਦਲ (ਸ੍ਰੀ ਮੁਕਤਸਰ ਸਾਹਿਬ)

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਦਾ ਨਵਾਂ ਕੀਰਤੀਮਾਨ -‘ਖਾਲਸਾ ਯੂਨੀਵਰਸਿਟੀ’ ਦੀ ਸਥਾਪਨਾ

ਇਤਿਹਾਸਕ ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਨਵਾਂ ਮੀਲ ਪੱਥਰ ਕਾਇਮ ਕਰਦਿਆਂ ‘ਖਾਲਸਾ ਯੂਨੀਵਰਸਿਟੀ’ ਸਥਾਪਿਤ ਕੀਤੀ …

Leave a Reply