Thursday, November 21, 2024

ਜਦੋਂ ਅੱਖ ਚੁਭੀ ਸੀ ਅਮਨ ਦੀ

Deep Kahanikar
-ਦੀਪ ਦਵਿੰਦਰ ਸਿੰਘ

ਮੋ: 98721-65707

ਸੋਹਣ ਸਿੰਘ ਸੀਤਲ ਦੇ ਬਹੁ ਚਰਚਿਤ ਨਾਵਲ ‘ਈਚੋਗਿਲ ਨਹਿਰ ਤਕ’ ਵਿੱਚ ਇੱਕ ਸਿੱਖ ਪਾਤਰ ਇੱਕ ਹੋਰ ਮੁਸਲਮਾਨ ਪਾਤਰ ਕੋਲੋਂ ਵਿਛੜਨ ਵੇਲੇ ਕਹਿੰਦਾ ਹੈ ”ਓ ਛੱਡ ਇਲਮਦੀਨਾ ਕਿਉਂ ਦਿਲ ਛੋਟਾ ਕਰਦੈਂ, ਇਹ ਚਾਰ ਦਿਨਾਂ ਦਾ ਰੌਲਾ-ਗੋਲਾ ਠੰਡਾ ਹੋ ਗਿਆ ਅਸੀਂ ਫਿਰ ਇੰਨ੍ਹਾਂ ਆਲ੍ਹਣਿਆਂ ਵਿੱਚ ਆ ਬਹਿਣੈ।”
ਮੈਂ ਸੋਚਦਾਂ ਜਦੋਂ 3 ਜੂਨ 1947 ਨੂੰ ਸਦੀਆਂ ਤੋਂ ਵਸਦੇ ਤੇ ਕੁਦਰਤ ਵੱਲੋਂ ਇੱਕ ਬਣਾਏ ਦੇਸ਼ ਨੂੰ ਗੈਰ ਕੁਦਰਤੀ ਢੰਗ ਨਾਲ ਵੰਡਣ ਦਾ ਐਲਾਨ ਹੋਇਆ ਹੋਵੇਗਾ ਤਾਂ ਇਸ ਸਾਂਝੀ ਰਹਿਤਲ ਤੇ ਵਸਦੇ, ਜੀਣ-ਥੀਣ ਦੀਆਂ ਲੋੜਾਂ-ਥੁੜ੍ਹਾਂ ਤਲਾਸ਼ਦੇ, ਸਾਂਝੀ ਵਿਰਾਸਤ, ਜਾਤਾਂ-ਗੋਤਾਂ, ਕੰਮ-ਧੰਦੇ, ਮਰਨੇ-ਪਰਨੇ, ਵਿਆਹ-ਮੁਕਲਾਵੇ, ਗੀਤ-ਸਿੱਠਣੀਆਂ, ਹਲ-ਪੰਜਾਲੀਆਂ, ਸਾਗ-ਸਲੂਣੇ, ਤੰਬੇ-ਸੁੱਥਣਾਂ ਆਦਿ ਦੀਆਂ ਸਾਂਝਾਂ ਦੇ ਪਾਲਣਹਾਰੇ, ਇੱਕ-ਦੂਜੇ ਦੇ ਦੁੱਖ-ਸੁੱਖ ਤੇ ਮਰ ਮਿਟਣ ਵਾਲੇ, ਇੱਕੋ ਪਰਿਵਾਰ ਵਰਗੇ ਜੀਆਂ ਨੇ ਕਦੀ ਸੋਚਿਆ ਹੋਵੇਗਾ ਕਿ ਇਸ ਧਰਤੀ ਦੀ ਹਿੱਕ ਤੇ ਖਿੱਚੀ ਵੰਡ ਦੀ ਲਕੀਰ ਜਿਹੜੀ ਉਨ੍ਹਾਂ ਨੂੰ ਅਜ਼ਾਦੀ ਦੇ ਨਾਲ ‘ਤੋਹਫੇ’ ਦੇ ਰੂਪ ਵਿੱਚ ਠੋਸੀ ਗਈ ਉਹ ਕਈ ਪੀੜ੍ਹੀਆਂ ਤੋਂ ਇਕੱਠੇ ਵਸਦੇ ਲੋਕਾਂ ਵਿੱਚ ਏਨੀਆਂ ਦੂਰੀਆਂ ਮਿੱਥ ਦੇਵੇਗੀ ਕਿ ਲੋਕ ਆਪਣੀ ਜਨਮ ਭੋਏਂ ਵੇਖਣ ਨੂੰ ਤਰਸਦੇ ਮਰ ਜਾਣਗੇ।
ਮੈਂ ਜਦੋਂ ਵੀ ਇਸ ਵਿਸ਼ੇ ਬਾਰੇ ਸੋਚਦਾ ਤਾਂ ਮੇਰੀ ਦਾਦੀ ਦੀ ਧੁੰਦਲੀ ਜਿਹੀ ਤਸਵੀਰ ਮੇਰੇ ਜ਼ਿਹਨ ਵਿੱਚ ਹਮੇਸ਼ਾਂ ਉਭਰਦੀ ਹੈ। ਸਿਆਲਾਂ ਦੇ ਦਿਨਾਂ ਵਿੱਚ ਸ਼ਾਮ ਦੇ ਘੁਸਮੁਸੇ ਜਿਹੇ ਵਿੱਚ ਸਬਾਤ ਦੇ ਓਟੇ ਉਹਲੇ ਵਾਣ ਵਾਲੀ ਮੰਜੀ ਤੇ ਬੈਠੀ, ਹੱਥ ਵਿੱਚ ਅਟੇਰਨ ਫੜੀ, ਸੂਤ ਦੀਆਂ ਉਲਝੀਆਂ ਤੰਦਾਂ ਨੂੰ ਵਲੇਟਦੀ, ਦੂਰ ਚੰਦਾ ਮਾਮਾ ਦੀਆਂ ਕਹਾਣੀਆਂ ਸੁਣਾਉਂਦੀ ਆਪਣੀ ਦਾਦੀ ਕੋਲੋਂ ਕਦੀ ਅਸੀਂ ਪੁੱਛ ਬਹਿਣਾ ਕਿ ਮਾਂ ਕੋਈ ਵੱਡੇ ਰੌਲਿਆਂ ਦੀ ਗੱਲ ਸੁਣਾ ਤਾਂ ਉਸਦਾ ਚਿਹਰਾ ਪਹਿਲਾਂ ਨਾਲੋਂ ਗੰਭੀਰ ਹੋ ਜਾਂਦਾ ਤੇ ਉਹ ਕਹਿੰਦੀ, ‘ਪੁੱਤ ਉਹ ਰਾਤ ਆਮ ਰਾਤਾਂ ਨਾਲੋਂ ਬਹੁਤੀ ਕਾਲੀ ਤੇ ਡਰਾਉਣੀ ਸੀ। ਮੱਸਿਆ ਦੀ ਰਾਤ ਨਾਲੋਂ ਕਾਲੀ ਇੱਕ ਰਾਤ ਨੂੰ ਸਾਡੀ ਗਵਾਂਢਣ ਤਾਬੋ ਤੇਲਣ ਮੇਰੇ ਕੰਨ ਲਾਗੇ ਮੂੰਹ ਕਰਕੇ ਹੌਲੀ ਜਿਹੀ ਕਹਿਣ ਲੱਗੀ, ‘ਭੈਣ ਬੰਸ ਕੌਰੇ ਰੌਲਾ ਤਾਂ ਦਿਨੋਂ ਦਿਨ ਵਧਦਾ ਹੀ ਜਾਂਦਾ। ਹੁਣ ਤਾਂ ਘਰ ਦੀਆਂ ਕੰਧਾਂ ਵੀ ਵੱਢ ਖਾਣ ਨੂੰ ਆਉਂਦੀਆਂ। ਕੋਠੇ ਜਿਡੀਆਂ ਧੀਆਂ ਨੇ ਘਰ। ਕੋਈ ਹੇਠਲੀ ਉਤਲੀ ਹੋ ਗਈ ਕਿਥੇ ਮੂੰਹ ਦੇਵਾਂਗੇ? ਫੱਜੇ ਦਾ ਪਿਉ ਕਹਿੰਦਾ, ਲਾਗਲੇ ਪਿੰਡ ਰਿਸ਼ਤੇਦਾਰਾਂ ਦੇ ਟੱਬਰ ਇਕੱੱਠੇ ਹੋਏ ਨੇ। ਅਸੀਂ ਤਾਂ ਬੂਹੇ ਖੁੱਲ੍ਹੇ ਛੱਡ ਤੁਰਨ ਲੱਗੇ ਈ ਭੈਣ ਮੇਰੀਏ। ਤੂੰ ਜ਼ਰਾ ਵੇਲੇ ਕੁਵੇਲੇ ਘਰ ਵੱਲ ਝਾਤੀ ਮਾਰ ਲਿਆ ਕਰੀਂ। ਵਿਹੜੇ ਵਿੱਚ ਬੱਝੀ ਵਹਿੜ ਨੂੰ ਧੁੱਪੇ ਛਾਵੇਂ ਕਰਵਾ ਦਿਆਂ ਕਰੀਂ। ਪੁੰਨ ਹੋਵੇਗਾ ਤੇਰਾ। ਥੋੜ੍ਹਾ ਰੌਲਾ ਗੌਲਾ ਠੰਡਾ ਹੋਊ ਤਾਂ ਜਰੂਰ ਮੁੜਾਂਗੇ। ਜਿਉਂਦੇ ਜੀਅ ਕਿਤੇ ਘਰ ਛੱਡੇ ਜਾਂਦੇ ਨੇ?’
ਫਿਰ ਸਾਡੀ ਦਾਦੀ ਸਾਡੀ ਚਿਹਰਿਆਂ ਵੱਲ ਵੇਖਦੀ ਤੇ ਉਦਾਸ ਸੁਰ ਵਿੱਚ ਬੋਲਦੀ, ‘ਪੁੱਤ ਕਈ ਹਨੇਰੀਆਂ ਝੱਖੜ ਨਿਕਲ ਗਏ। ਕਈ ਰੁੱਤਾਂ ਆਈਆਂ ਤੇ ਕਈ ਬਦਲੀਆਂ। ਪਰ ਉਹ ਲੋਕ ਜਿਹੜੇ ਆਪਣੇ ਘਰਾਂ ਨੂੰ ਖੁੱਲ੍ਹੇ ਛੱਡ ਤੁਰ ਗਏ ਸਨ। ਉਹ ਨਾ ਮੁੜੇ। ਪਤਾ ਨਹੀਂ ਕਿੰਨੇ ਉਨ੍ਹਾਂ ਵਿੱਚ ਮਰ ਖਪ ਗਏ। ਅਜੇ ਵੀ ਇਉਂ ਲੱਗਦਾ ਜਿਵੇਂ ਕੱਲ੍ਹ ਦੀਆਂ ਹੀ ਗੱਲਾਂ ਹੋਣ।’
ਹਾਂ ਅਜੇ ਕੱਲ੍ਹ ਦੀਆਂ ਹੀ ਤਾਂ ਗੱਲਾਂ ਨੇ। ਇਹ ਮੰਜ਼ਰ ਹਾਲੇ ਵੀ ਕੋਈ ਬਹੁਤ ਦੂਰ ਨਹੀਂ ਗਿਆ। ਆਹ ਸਾਢੇ ਕੁ ਛੇ ਦਹਾਕੇ ਪੁਰਾਣੀ ਗੱਲ ਏ ਮਸਾਂ। ਮੇਰੇ ਬਾਪੂ ਨੇ ਪਿੰਡ ਦੀ ਸਥ ਵਿੱਚ ਪਿੰਡ ਦੀ ਆਬਰੂ ਨੂੰ ਲੀਰੋ ਲੀਰ ਹੁੰਦਾ ਵੇਖਿਆ ਸੀ। ਮੇਰੀ ਦਾਦੀ ਦੀਆਂ ਅੱਖਾਂ ਸਾਹਮਣੇ ਅਰਾਈਆਂ ਦੀ ਸੱਜ ਵਿਆਹੀ ਨੂੰਹ ਨੂੰ ਗੁਰਦਵਾਰੇ ਦੇ ਭਾਈ ਨੇ ਕਿਰਪਾਨ ਦੇ ਜੋਰ ਕੇ ਖੜਿਆ ਸੀ ਤੇ ਹੋਰ ਵੀ ਕਿੰਨੇ ਘਿਨਾਉਣੇ ਕਾਰਨਾਮੇ ਜਿੰਨ੍ਹਾਂ ਨੂੰ ਸੋਚ ਕੇ ਰੂਹ ਕੰਬਦੀ ਏ। ਅਨੇਕਾਂ ਉਹ ਵੀ ਜਿੰਨ੍ਹਾਂ ਦਿਲ ਕੰਬਾਊ ਇੰਨ੍ਹਾਂ ਕਾਰਿਆਂ ਵਿੱਚ ਵੱਲ ਚੜ੍ਹ ਕੇ ਸ਼ਮੂਲੀਅਤ ਕੀਤੀ ਸੀ ਉਹ ਵੀ ਇੱਥੇ ਹੀ ਤੁਰੇ ਫਿਰਦੇ ਹਨ। ਅਜਿਹੇ ਵੇਲੇ ਉਸਤਾਦ ਦਾਮਨ ਦੀ ਕਵਿਤਾ ਦੇ ਇਹ ਬੋਲ ਮੇਰੀ ਕੰਨੀ ਗੂੰਜਦੇ ਹਨ :

ਇੰਨ੍ਹਾ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ,
ਹੋਏ ਤੁਸੀਂ ਵੀ ਹੋ, ਹੋਏ ਅਸੀਂ ਵੀ ਹਾਂ।
ਲਾਲੀ ਅੱਖੀਆਂ ਦੀ ਪਈ ਦੱਸਦੀ ਏ,
ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ ਹਾਂ।

ਮੈਂ ਸੋਚਦਾ ਪੀਰਾਂ ਫ਼ਕੀਰਾਂ ਦੀ ਧਰਤੀ ਨੂੰ ਕੇਹਾ ਸ਼ਰਾਪ ਸੀ ਇਹ ਜੋ ਇਸ ਭੋਗਿਆ। ਸਦੀਆਂ ਤੋਂ ਅੰਗ-ਸੰਗ ਵੱਸਦੇ ਲੋਕ ਇੱਕ ਦੂਜੇ ਦੇ ਖੂਨ ਦੇ ਪਿਆਸੇ ਕਿਵੇਂ ਹੋ ਗਏ? ਉਹ ਜੋ ਕੱਲ੍ਹ ਸ਼ਾਮ ਤੱਕ ਇਕੱਠੇ ਬੈਠੇ ਭੱਠੀਆਂ ਤੇ ਅੱਗ ਸੇਕਦੇ, ਖੇਤਾਂ ਬੇਲਿਆਂ ਵਿੱਚ ਢੋਲੇ ਗਾਉਂਦੇ, ਇੱਕ ਦੂਜੇ ਦੇ ਖੇਤਾਂ ਵਿੱਚ ਸਾਂਝੇ ਹਲ ਚਲਾਉਂਦੇ। ਜਿਹੜੇ ਇੱਕ ਦੂਜੇ ਦੇ ਘਰੀਂ ਜਾ ਕੇ ਧੀਆਂ ਧਿਆਣੀਆਂ ਦੇ ਸਿਰੀਂ ਹੱਥ ਰੱਖਦੇ ਸਨ। ਚੜ੍ਹਦੀ ਸਵੇਰ ਹੀ ਇੰਨ੍ਹਾਂ ਨੂੰ ਕੀ ਹੋ ਗਿਆ ਸੀ? ਇਹ ਤਾਂ ਸਦੀਆਂ ਤੋਂ ਸਾਂਝੇ ਸਭਿਆਚਾਰ ਵਿੱਚ ਜੀਵੇ ਸਨ। ਇੰਨ੍ਹਾਂ ਬਾਬੇ ਨਾਨਕ, ਬੁੱਲ੍ਹੇ ਸ਼ਾਹ ਤੇ ਸ਼ੇਖ ਫਰੀਦ ਹੋਰਾਂ ਨੂੰ ਸਾਂਝੇ ਸਿਜ਼ਦੇ ਕੀਤੇ ਸਨ। ਇੰਨ੍ਹਾਂ ਵਰ੍ਹਿਆਂ ਦੇ ਵਰ੍ਹੇ ਰੱਲ ਕੇ ਤਿੰਜਣ ਲਾਏ, ਤੀਆਂ ਸਜਾਈਆਂ ਤੇ ਮੇਲੇ ਲਾਏ ਸਨ।
ਕੱਲ੍ਹ ਸ਼ਾਮ ਤੱਕ ਤਾਂ ਸੁੱਖ ਸ਼ਾਂਤੀ ਨਾਲ ਰਲ ਮਿਲ ਵੱਸਦੇ-ਹੱਸਦੇ ਖੇਡਦੇ ਤੇ ਲੁੱਡੀਆਂ ਪਾਉਂਦੇ ਸਨ। ਸਵੇਰ ਹੁੰਦਿਆਂ ਕਿਹੜੀ ਕੁਲਿਹਣੀ ਰੁੱਤ ਵਿਹੜੇ ਆਣ ਉਤਰੀ। ਭਰਾ-ਭਰਾ ਦੇ ਖੂਨ ਦਾ ਪਿਆਸਾ ਹੋ ਗਿਆ। ਇਤਿਹਾਸ ਨੂੰ ਉਲਟਾ ਗੇੜ ਦੇਣ ਨਿਕਲ ਤੁਰੇ ਲੋਕ। ਧਰਮ ਦਾ ਨਾਂ ਲੈਂਦੇ। ਮਹਜ਼ਬ ਦੀਆਂ ਕੂਕਾਂ ਮਾਰਦੇ। ਬੋਲੇ ਸੋ ਨਿਹਾਲ, ਹਰ ਹਰ ਮਹਾਦੇਵ ਤੇ ਅੱਲ੍ਹਾ ਹੂ ਅਕਬਰ। ਜਿਵੇਂ ਇੰਨ੍ਹਾ ਦਾ ਸਾਂਝਾ ਮਿਸ਼ਲ ਹੋਵੇ ਨਿਰਦੋਸ਼ਾਂ ਦਾ ਕਤਲੇਆਮ। ਫਿਰ ਨਾ ਕਿਸੇ ਨੂੰ ਕੋਈ ਗੁਰੂ ਰਹਿਬਰ ਯਾਦ ਰਿਹਾ, ਨਾ ਕਿਸੇ ਨੂੰ ਬੁਲ੍ਹਾ ਤੇ ਨਾ ਵਾਰਸ। ਐਸਾ ਜ਼ਹਿਰ ਚੜ੍ਹਿਆ ਕਿ ਪੁਛ ਭਲੀ। ਗਲੀਆਂ ਬਜ਼ਾਰਾਂ ਵਿੱਚ ਹਰਲ-ਹਰਲ ਕਰਦੇ ਨਿਕਲ ਤੁਰੇ ਆਦਮ ਬੋ, ਆਦਮ ਬੋ ਕਰਦੇ।
ਅੱਜ ਵੀ ਮੇਰੀ ਦਾਦੀ ਵਾਂਗ ਕੋਈ ਬਜ਼ੁਰਗ ਬੈਠਾ ਬੈਠਾ ਅੱਖਾਂ ਵਿੱਚੋਂ ਅੱਥਰੂ ਵਗਾਉਂਦਾ ਏ। ਉਸਨੇ ਆਪਣੇ ਟੱਬਰ ਦੇ ਜੀਆਂ ਨੂੰ ਅਜ਼ਾਦੀ ਦੇ ਇਸ ਮਹਾ ਅਗਨੀ-ਕੁੰਡ ਵਿੱਚ ਅਹੂਤੀ ਦੇਂਦੇ ਵੇਖਿਆ ਸੀ। ਅੱਜ ਵੀ ਕੋਈ ਬੁੱਢੀ ਬੇਬੇ ਭੀੜ ਵਿੱਚ ਵਿੱਛੜ ਪਈ ਭੈਣ ਦਾ ਚੇਤਾ ਕਰਕੇ ਰੋਂਦੀ ਏ। ਹਰ ਘਰ, ਹਰ ਗਲੀ, ਹਰ ਪਿੰਡ ਵਿੱਚ ਅੱਜ ਵੀ ਹਜ਼ਾਰਾਂ ਮਿਸਾਲਾਂ ਮਿਲ ਜਾਣਗੀਆਂ। ਅੱਜ ਵੀ ਹਰ ਕੌਰ, ਬਿਸ਼ਨ ਦੇਵੀ ਤੇ ਫਾਤਮਾ ਬੀਬੀ ਦੀਆਂ ਕੁਰਲਾਹਟਾਂ ਸੁਣ ਜਾਣਗੀਆਂ। ਕੋਈ ਨੀਝ ਲਾ ਕੇ ਵੇਖੇ ਆਪਣੇ ਹੀ ਭਾਈ ਬੰਦੀ, ਹੱਥਾਂ ਵਿੱਚ ਮਾਰੂ ਹਥਿਆਰ ਲਈ ਆਪਣੀਆਂ ਧੀਆਂ ਧਿਆਣੀਆਂ ਨੂੰ ਲੀਰੋ ਲੀਰ ਕਰਦੇ ਦਿਸ ਪੈਣਗੇ।
ਇਹ ਸਾਰੇ ਕਿਰਦਾਰ ਹਾਲੇ ਵੀ ਇੱਥੇ ਨੇ। ਸਾਡੇ ਅੰਗ-ਸੰਗ। ਉਹ ਵੀ ਇੱਥੇ ਨੇ ਜਿੰਨ੍ਹਾਂ ਲੋਕਾਂ ਨੂੰ ਬਚਾਉਣ ਵਿੱਚ ਮਦਦ ਕੀਤੀ। ਹਜ਼ਾਰਾਂ ਉਹ ਬਜ਼ੁਰਗ ਜਿੰਨ੍ਹਾਂ ਇਤਿਹਾਸ ਦਾ ਪਹੀਆ ਗਿੜਦਾ ਅੱਖੀਂ ਵੇਖਿਆ। ਧਰਤੀ ਦੀ ਹਿੱਕ ਚੀਰ ਕੇ ਖਿੱਚੀ ਜਾਂਦੀ ਲਕੀਰ ਵੇਖੀ। ਕਾਫ਼ਲਿਆਂ ਨੂੰ ਆਉਂਦੇ ਜਾਂਦੇ ਤੇ ਲੁੱਟੇ ਜਾਂਦੇ ਵੇਖਿਆ। ਰੇਲ ਗੱਡੀਆਂ ਲੋਥਾਂ ਨਾਲ ਭਰੀਆਂ ਵੇਖੀਆਂ। ਆਪਣੀਆਂ ਧੀਆਂ ਦੀ ਬੇਪਤੀ ਆਪਣੇ ਅੱਖੀਂ ਤੱਕੀ। ਜਵਾਨ ਔਰਤਾਂ ਦੀਆਂ ਛਾਤੀਆਂ ਵੱਢ ਕੇ ਪਰੋਏ ਹਾਰਾਂ ਦਾ ਮੰਜ਼ਰ ਇੰਨ੍ਹਾਂ ਦੇ ਚੇਤਿਆਂ ਵਿੱਚੋਂ ਕਿਵੇਂ ਨਿਕਲ ਸਕੇਗਾ? ਪਨਾਹਗੀਰ, ਸ਼ਰਨਾਰਥੀ, ਰਫਿਊਜ਼ੀ ਆਦਿ ਵਰਗੇ ਨਾਵਾਂ ਨਾ ਨਵਾਜ਼ੇ ਲੋਕਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਂਦੇ ਵੇਖਿਆ ਇੰਨ੍ਹਾਂ ਨੇ। ਕੀ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਜਿਹੇ ਹਜ਼ਾਰਾਂ ਅਜ਼ਾਦੀ ਪ੍ਰਵਾਨਿਆਂ ਦਾ ਸੁਫਨਾ ਅਜਿਹੀ ਅਜ਼ਾਦੀ ਦਾ ਹੋਵੇਗਾ। ਲੋਕਾਂ ਦਾ ਤਾਂ ਸੁਪਨਾ ਸੀ ਦੇਸ਼ ਅਜ਼ਾਦ ਹੋਵੇਗਾ। ਸਾਰੇ ਪਾਸੇ ਜਗਮਗ ਹੋਵੇਗੀ। ਮੁਲਕ ਦੀ ਤਕਦੀਰ ਰਾਤੋ ਰਾਤ ਬਦਲ ਜਾਏਗੀ। ਪਰ ਇਹ ਤਾਂ ਕਿਸੇ ਦੇ ਚਿਤ ਖਿਆਲ ਵਿੱਚ ਵੀ ਨਹੀਂ ਹੋਣਾ ਕਿ ਅਜ਼ਾਦੀ ਲਾੜੀ ਦਾ ਸਾਲੂ ਨਿਰਦੋਸ਼ ਲੋਕਾਂ ਦੇ ਲਹੂ ਵਿੱਚ ਰੰਗਿਆ ਉਨ੍ਹਾਂ ਦੇ ਸਾਹਮਣੇ ਆਵੇਗਾ। ਪੰਜਾਂ ਦਰਿਆਵਾਂ ਦੀ ਧਰਤੀ ਦਾ ਸੀਨਾ ਚੀਰ ਕੇ ਇਸ ਦਾ ਆਗਮਨ ਹੋਵੇਗਾ। ਇਹ ਅਜ਼ਾਦੀ ਪੰਜਾਬ ਦੀਆਂ ਧੀਆਂ ਦਾ ਮੁਲ ਤਾਰ ਕੇ ਆਵੇਗੀ। ਕਿਸ ਸੋਚਿਆ ਸੀ ਕਿ ਇਹ ਅਜ਼ਾਦੀ ਪੰਜਾਬ ਦਾ ਮਾਤਮ ਬਣੇਗੀ?
ਦੇਸ਼ਾਂ ਦੀ ਵੰਡ ਦੁਨੀਆਂ ਦੇ ਇਤਿਹਾਸ ਵਿੱਚ ਕੋਈ ਨਵਾਂ ਵਰਤਾਰਾ ਨਹੀਂ। ਦੂਜੀ ਸੰਸਾਰ ਜੰਗ ਦੇ ਤਜਰਬੇ ਨੂੰ ਛੱਡ ਕੇ ਸੰਸਾਰ ਵਿੱਚ ਆਬਾਦੀ ਦੇ ਤਬਾਦਲੇ ਦੀ ਸਭ ਤੋਂ ਵੱਡੀ ਮਿਸਾਲ 1929 ਵਿੱਚ ਬਲਗਾਰੀਆ ਅਤੇ ਯੂਨਾਨ ਦਰਮਿਆਨ ਹੋਇਆ ਤਬਾਦਲਾ ਸੀ। ਜਿੰਨ੍ਹਾ ਦੀ ਕੁੱਲ ਗਿਣਤੀ ਵੀਹ ਲੱਖ ਦੇ ਕਰੀਬ ਬਣਦੀ ਹੈ। ਬਲਗਾਰੀਆ ਅਤੇ ਯੂਨਾਨ ਦਾ ਤਬਾਦਲਾ ਦੋਹਾਂ ਸਰਕਾਰਾਂ ਦੇ ਸਮਝੌਤੇ ਅਧੀਨ ਅਤੇ ਆਪਸੀ ਸਹਿਮਤੀ ਨਾਲ ਸਹਿਜ ਰੂਪ ਵਿੱਚ ਹੋਇਆ ਸੀ। ਜਦੋਂ ਕਿ ਪੰਜਾਬ ਵਿੱਚ ਤਬਾਦਲਾ ਜਬਰਨ ਤੇ ਸਾਜਿਸ਼ ਅਧੀਨ ਹੋਇਆ ਸੀ। ਬਲਗਾਰੀਆ ਅਤੇ ਯੂਨਾਨ ਵਿੱਚ ਪਿਛੇ ਰਹਿ ਗਈਆਂ ਜਾਇਦਾਦਾਂ ਦੀ ਪੂਰੀ ਕੀਮਤ ਅਦਾ ਕੀਤੀ ਗਈ। ਜਦੋਂ ਕਿ ਪੰਜਾਬ ਵਿੱਚ ਇਸ ਦੇ ਉਲਟ ਵਾਪਰਿਆ।
ਉਨ੍ਹਾਂ ਅਣਮਨੁੱਖੀ ਤੇ ਦਰਿੰਦਗੀ ਦੇ ਨੰਗੇ ਨਾਚ ਦੇ ਢੰਗ ਤਰੀਕਿਆਂ ਦੀ ਘੋਖ ਵੱਲ ਨਾ ਜਾਂਦੇ ਹੋਏ ਜੇਕਰ ਉਸ ਤਬਾਹੀ ਦੇ ਸਿੱਟਿਆਂ ਨੂੰ ਤੱਥਾਂ ਦੇ ਰੂਪ ਵਿੱਚ ਦੇਖੀਏ ਤਾਂ ਰੂਹ ਨੂੰ ਕੰਬਣੀ ਛਿੜਦੀ ਏ। 1947 ਦੀ ਵੰਡ ਵੇਲੇ ਝੁਲੀ ਫਿਰਕੂ ਹਨੇਰੀ ਸਮੇਂ ਹੋਏ ਕਤਲੇਆਮ ਵਿੱਚ ਮਰੇ ਪੰਜਾਬੀਆਂ ਦੀ ਗਿਣਤੀ ਦਸ ਲੱਖ ਦਸਦੇ ਹਨ ਜਿਹੜੇ ਇਧਰ ਵੀ ਮਰੇ ਤੇ ਉਧਰ ਵੀ। ਇਸ ਮੌਕੇ ਜਿਹੜੀਆਂ ਔਰਤਾਂ ਨੂੰ ਉਧਾਲਿਆ ਗਿਆ ਉਨ੍ਹਾਂ ਦੀ ਗਿਣਤੀ ਤੀਹ ਹਜ਼ਾਰ ਤਿੰਨ ਸੌ ਪੈਂਤੀ ਦੇ ਕਰੀਬ ਹੈ। ਇੰਨ੍ਹਾਂ ਵਿੱਚੋਂ ਬਹੁਤੀਆਂ ਮੁਸਲਮਾਨ ਔਰਤਾਂ ਤਾਂ ਉਧਾਲੇ ਤੋਂ ਬਾਅਦ ਪਾਕਿਸਤਾਨ ਚਲੀਆਂ ਗਈਆਂ। ਪ੍ਰੰਤੂ ਚੜ੍ਹਦੇ ਪੰਜਾਬ ਦੀਆਂ ਔਰਤਾਂ ਦੀ ਬਹੁਤੀ ਗਿਣਤੀ ਨੇ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾ। ਇਸਦਾ ਕਾਰਨ ਸਮਾਜ ਵਿੱਚ ਪਏ ਸੰਸਕਾਰ ਸਨ। ਜਿੰਨ੍ਹਾਂ ਅਧੀਨ ਮੁੜ ਨਾ ਕਬੂਲੇ ਜਾਣ ਦੇ ਡਰੋਂ ਉਹ ਚਾਹੁੰਦੀਆਂ ਹੋਈਆਂ ਵੀ ਵਾਪਸ ਨਾ ਆ ਸਕੀਆਂ। ਸ਼ਾਇਦ ਉਹ ਬਦਨਸੀਬ ਸੋਚਦੀਆਂ ਹੋਣਗੀਆਂ ‘ਹੁਣ ਬਚਿਆ ਹੀ ਕੀ ਹੈ ਉਨ੍ਹਾਂ ਕੋਲ ਜੋ ਲੈ ਕੇ ਨਵੇਂ ਦੇਸ਼ ਜਾਣ।’ ਉਧਾਲੀਆਂ ਔਰਤਾਂ ਨੂੰ ਲੈਣ ਗਏ ਸਰਕਾਰੀ ਅਧਿਕਾਰੀਆਂ ਨੂੰ ਅਧੇੜ ਉਮਰ ਦੀਆਂ ਔਰਤਾਂ ਜਾਂ ਅਸਲੋਂ ਬਾਲੜੀਆਂ ਤੋਂ ਬਿਨ੍ਹਾਂ ਕੋਈ ਵੀ ਜਵਾਨ ਔਰਤ ਉਧਰਲੇ ਪਿੰਡਾਂ ਤੋਂ ਬਰਾਮਦ ਨਾ ਹੋ ਸਕੀ।
ਭਾਰਤ ਵਿੱਚੋਂ ਪਾਕਿਸਤਾਨ ਜਾਣ ਵਾਲੀਆਂ ਔਰਤਾਂ ਨੂੰ ਅੱਠ ਸੌ ਸੱਠ ਬੱਚੇ ਪਿੱਛੇ ਛੱਡ ਕੇ ਜਾਣੇ ਪਏ। ਜੋ ਉਮਰ ਭਰ ਲਈ ਮਾਂ ਮਹਿੱਟਰ ਬਣ ਗਏ। ਉਜਾੜੇ ਦਾ ਸ਼ਿਕਾਰ ਹੋਣ ਵਾਲੇ ਚੜ੍ਹਦੇ ਪੰਜਾਬ ਦੇ ਲੋਕ ਬਤਾਲੀ ਲੱਖ ਤਰਿਆਨਵੇਂ ਹਜ਼ਾਰ ਅੱਠ ਸੌ ਛਿਆਨਵੇਂ ਸਨ। ਲਹਿੰਦੇ ਪੰਜਾਬ ਵਿੱਚੋਂ ਉਜੜਨ ਵਾਲੇ ਲੋਕ ਸੈਂਤੀ ਲੱਖ ਪਚਾਨਵੇਂ ਹਜ਼ਾਰ ਤਿੰਨ ਸੌ ਛਿਆਨਵੇਂ ਸਨ। ਸਮੁੱਚੇ ਪੰਜਾਬੀ ਜੋ ਇਸ ਉਜਾੜੇ ਦਾ ਸ਼ਿਕਾਰ ਹੋਏ ਉਨ੍ਹਾਂ ਦੀ ਗਿਣਤੀ ਉਨਾਸੀ ਲੱਖ ਪਚਾਨਵੇਂ ਹਜ਼ਾਰ ਦੋ ਸੌ ਬਾਨਵੇਂ ਬਣਦੀ ਹੈ। ਅਗਸਤ ਤੋਂ ਸ਼ੁਰੂ ਹੋਏ ਇਸ ਕਤਲੇਆਮ ਨੇ ਦੋਨੋਂ ਪਾਸਿਉਂ ਦਸ ਲੱਖ ਪੰਜਾਬੀਆਂ ਨੂੰ ਮਾਰਚ ਤੱਕ ਨਿਗਲ ਲਿਆ ਸੀ। ਅਰਬਾਂ ਖਰਬਾਂ ਦੀ ਜਾਇਦਾਦ ਲੁੱਟੀ ਪੁੱਟੀ ਗਈ। ਸ਼ਹਿਰਾਂ ਦੇ ਸ਼ਹਿਰ ਸਾੜੇ ਗਏ। ਪਿੰਡਾਂ ਦੇ ਪਿੰਡ ਦਹਿਸ਼ਤ ਅਤੇ ਦਰਿੰਦਗੀ ਦਾ ਸ਼ਿਕਾਰ ਹੋਏ।
ਇੱਕ ਪਾਸੇ ਅੰਗਰੇਜ ਦੇ ਜਾਣ ਤੇ ਖੁਸ਼ੀ ਦਾ ਵਾਤਾਵਰਣ ਸੀ ਤੇ ਦੂਜੇ ਪਾਸੇ ਪੰਜਾਬ ਬਲ ਰਿਹਾ ਸੀ। ਸੜਕਾਂ ਤੇ ਹੈਵਾਨੀਅਤ ਦਾ ਨੰਗਾ ਨਾਚ ਹੋ ਰਿਹਾ ਸੀ। ਚਿਹਰਿਆਂ ਤੇ ਖਿੜਦੀਆਂ ਮੁਸਕਾਨਾਂ ਦੇ ਨਾਲ ਅਬਲਾ ਧੀਆਂ ਧਿਆਣੀਆਂ ਦੀ ਇੱਜ਼ਤ ਦੀ ਬੇਹੁਰਮਤੀ। ਅਜ਼ਾਦ ਮੁਲਕਾਂ ਦੀਆਂ ਪਾਰਲੀਮੈਂਟਾਂ ਤੇ ਲਹਿਰਾਉਂਦੇ ਝੰਡਿਆਂ ਦੇ ਨਾਲ ਲੋਕਾਂ ਦੇ ਘਰਾਂ ਦੀਆਂ ਛੱਤਾਂ ਤੋਂ ਉਠਦੇ ਅੱਗੇ ਦੇ ਭਾਂਬੜ।
ਪੈਂਹਠ ਛੇਹਾਠ ਵਰ੍ਹੇ ਬੀਤ ਗਏ ਇਸ ਘਲੂਘਾਰੇ ਨੂੰ। ਉਜਾੜੇ ਦੀ ਭੇਟ ਚੜ੍ਹੇ ਦਸ ਲੱਖ ਪੰਜਾਬੀਆਂ ਦੀ ਯਾਦ ਵਿੱਚ ਕਿਸੇ ਨੇ ਵੀ ਸਰਕਾਰੀ ਜਾਂ ਗੈਰ ਸਰਕਾਰੀ ਸਮਾਗਮ ਰਚਾ ਕੇ ਉਨ੍ਹਾਂ ਨੂੰ ਯਾਦ ਨਹੀਂ ਕੀਤਾ। ਹੋਰ ਤਾਂ ਹੋਰ ਦੋਨਾਂ ਮੁਲਕਾਂ ਦੀਆਂ ਸਰਕਾਰਾਂ ਨੇ, ਬੀਤੇ ਪੈਂਹਠ ਛੇਹਾਠ ਵਰ੍ਹਿਆਂ ਵਿੱਚ ਇੱਕ ਵਾਰੀ ਵੀ ਪਾਰਲੀਮੈਂਟ ਦੇ ਅੰਦਰ ਜਾਂ ਬਾਹਰ ਏਡੀ ਵੱਡੀ ਪੱਧਰ ਤੇ ਹੋਏ ਮਨੁੱਖਤਾ ਦੇ ਘਾਣ ਤੇ ਇੱਕ ਵੀ ਸ਼ਬਦ ਨਹੀਂ ਬੋਲਿਆ। ਯਾਦਗਾਰ ਬਣਾਉਣਾ ਤਾਂ ਦੂਰ ਦੀ ਗੱਲ ਸੀ। ਸੰਸਾਰ ਦੇ ਹੋਰ ਦੇਸ਼ਾਂ ਵਿੱਚ ਹੋਏ ਵੱਡੇ ਕਤਲੇਆਮ ਜਾਂ ਜੰਗ ਵਿੱਚ ਮਾਰੇ ਗਏ ਫੌਜੀਆਂ ਜਾਂ ਲੋਕਾਂ ਦੀ ਯਾਦ ਵਿੱਚ ‘ਅਣ-ਪਛਾਤੇ ਸਿਪਾਹੀ’ ਦੇ ਨਾਮ ਤੇ ਯਾਦਗਾਰਾਂ ਬਣੀਆਂ ਹੋਈਆਂ ਹਨ। ਲੋਕ ਆਪਣੇ ਅਜ਼ਾਦੀ ਦਿਵਸ ਜਾਂ ਕੌਮੀ ਤਿਉਹਾਰਾਂ ਤੇ ਉਥੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ। ਕਈ ਮੁਲਕਾਂ ਵਿੱਚ ਤਾਂ ਨਵ ਵਿਆਹੇ ਜੋੜੇ ਇੰਨ੍ਹਾਂ ਯਾਦਗਾਰਾਂ ਤੇ ਜਾ ਕੇ ਜ਼ਿੰਦਗੀ ਦੇ ਸਫਰ ਤੇ ਚੱਲਣ ਦੀ ਸਹੁੰ ਖਾਂਦੇ ਹਨ। ਕਈ ਮੁਲਕਾਂ ਵਿੱਚ ਦੂਜੇ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਜਾਂ ਰਾਸ਼ਟਰਪਤੀਆਂ ਨੂੰ ਪਹਿਲਾਂ ਇੰਨ੍ਹਾਂ ਸਿਪਾਹੀਆਂ ਦੀਆਂ ਯਾਦਗਾਰਾਂ ਤੇ ਫੁੱਲ ਚੜ੍ਹਾਉਣੇ ਪੈਂਦੇ ਹਨ। ਪ੍ਰੰਤੂ ਜੰਗਾਂ, ਯੁੱਧਾਂ, ਤਬਾਹੀਆਂ ਦਾ ਅਹਿਸਾਸ ਰੱਖਣ ਵਾਲੇ ਪੰਜਾਬੀਆਂ ਨੇ ਇੰਨ੍ਹਾਂ ਨੂੰ ਦੋਹਾਂ ਪੰਜਾਬਾਂ ਵਿੱਚ ਹੀ ਅਣਗੌਲੇ ਕਰ ਦਿੱਤਾ ਹੈ।
ਨਵੰਬਰ 1993 ਨੂੰ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਵੀ ਰਵੀ ਪਾਸ਼ ਚੇਤਨਾ ਕਾਰਵਾਂ ਦੇ ਨਾਂ ਹੇਠ ਪੰਜਾਬ ਵਿਆਪੀ ਕਾਫ਼ਲਾ ਚਲਾਇਆ ਸੀ। ਇਸ ਦੇ ਸ਼ੁਰੂਆਤੀ ਪੜਾਅ ਵੇਲੇ ਇੱਕ ਵਿਸ਼ਾਲ ਕਵੀ ਦਰਬਾਰ ਵਾਹਗੇ ਦੀ ਸਰਹੱਦ ਤੇ ਆਯੋਜਿਤ ਕੀਤਾ ਸੀ। ਦੋਹਾਂ ਮੁਲਕਾਂ ਵਿੱਚ ਸਾਂਝਾ ਦਾ ਪੁਲ ਉਸਾਰਨ ਦਾ ਇਹ ਅਗਾਜ਼ ਸੀ।
1947 ਵਿੱਚ ਵਿਛੜੇ ਦਸ ਲੱਖ ਪੰਜਾਬੀਆਂ ਦੀ ਯਾਦ ਵਿੱਚ ਅਣਗੌਲੇ ਪੰਜਾਬੀਆਂ ਦੀ ਯਾਦਗਾਰ ਵਾਹਗਾ ਸਰਹੱਦ ਵਿਖੇ ਗੇਟ ਸਾਹਮਣੇ ਉਸਾਰੀ ਗਈ ਹੈ। ਅਮਨ ਪਸੰਦ ਸੰਸਥਾਵਾਂ ਵੱਲੋਂ ਉਸਾਰੇ ਗਏ ਇਸ ਸਮਾਰਕ ਨੂੰ ਪਾਕਿਸਤਾਨ ਦੇ ਲੋਕ ਤਿੰਨ ਪਾਸਿਆਂ ਤੋਂ ਵੇਖ ਸਕਦੇ ਹਨ। ਇਸ ਯਾਦਗਾਰ ਦੇ ਉਪਰ ਦੋ ਹੱਥ ਬਣਾ ਕੇ ਲਗਾਏ ਹਨ ਜੋ ਦੋਸਤੀ ਦਾ ਪ੍ਰਤੀਕ ਹਨ। ਇੰਨ੍ਹਾਂ ਹੱਥਾਂ ਵਿੱਚੋਂ ਨਿਕਲਦੀ ਨਿੱਬ ਪੁਰਾਣੇ ਜ਼ਖ਼ਮਾਂ ਨੂੰ ਭੁਲਕੇ ਮਿੱਤਰਤਾ ਦਾ ਨਵਾਂ ਇਤਿਹਾਸ ਲਿਖਣ ਦੀ ਪ੍ਰੇਰਨਾ ਦਿੰਦੀ ਹੈ। ਸਮਾਰਕ ਦੇ ਇੱਕ ਪਾਸੇ ਲੱਗੇ ਪੱਥਰ ਉੱਤੇ ਪਾਕਿਸਤਾਨ ਵਾਲੇ ਪਾਸੇ ਅੰਮ੍ਰਿਤਾ ਪ੍ਰੀਤਮ ਦੀ ਵਾਰਿਸ਼ ਸ਼ਾਹ ਨੂੰ ਮਾਰੀ ਅਵਾਜ਼ ‘ਅੱਜ ਆਖਾਂ ਵਾਰਿਸ਼ ਸ਼ਾਹ ਨੂੰ’ ਅੰਕਿਤ ਹੈ। ਭਾਰਤ ਵਾਲੇ ਪਾਸੇ ਫ਼ੈਜ ਅਹਿਮਦ ਫ਼ੈਜ ਦੀ ਨਜ਼ਮ ‘ਹਮ ਜੋ ਤਾਰੀਖ ਰਾਹੋਂ ਮੇਂ ਮਾਰੇ ਗਏ’ ਦਰਜ ਹੈ।
ਕੁੱਝ ਵਿਅਕਤੀ ਹਨ, ਸੰਸਥਾਵਾਂ ਅਤੇ ਅਦਾਰੇ ਹਨ ਜਿੰਨ੍ਹਾਂ ਕੋਲ ਹਨੇਰੇ ਦੀ ਅੱਖ ਚੋਭਣ ਲਈ ਕਲਮਾਂ ਅਤੇ ਸੋਚਾਂ ਹਨ। ਉਹ ਏਧਰ ਵੀ ਹਨ ਤੇ ਉਧਰ ਵੀ। ਉਨ੍ਹਾਂ ਦੇ ਯਤਨ ਸਹਿਜ ਅਤੇ ਨਿਰੰਤਰ ਹਨ। ਉਨ੍ਹਾਂ ਦਾ ਮੁੱਦਾ ਆਪਣੀ ਸੋਚ ਦੇ ਜਰੀਏ ਲੋਕਤਾ ਨੂੰ ਜੋੜਨਾ ਅਤੇ ਇੱਕ ਲਹਿਰ ਉਸਾਰਨਾ ਹੈ। ਅਜਿਹੀ ਵਿਚਾਰਧਾਰਾ ਨਾਲ ਜੁੜੇ ਹੋਰ ਵੀ ਇਸ ਮੰਤਵ ਦੀ ਸਿੱਧੀ ਲਈ ਦਿਨ ਰਾਤ ਕਾਰਜਸ਼ੀਲ ਹਨ ਕਿ ਹਿੰਦ ਪਾਕਿ ਦੋਵੇਂ ਮੁਲਕ ਜਿੰਨ੍ਹਾਂ ਦਾ ਇਤਿਹਾਸ, ਸਭਿਆਚਾਰ, ਭਾਸ਼ਾ ਤੇ ਵਿਰਸਾ ਸਾਂਝਾ ਹੈ ਇਉ ਮੂੰਹ ਵੱਟ ਕੇ ਨਾ ਬਹਿਣ। ਬਲਕਿ ਸਾਂਝੇ ਗੀਤ ਗਾਉਣ, ਰਲਕੇ ਜੀਵਨ ਨਿਰਬਾਹ ਦੇ ਜੁਗਾਂੜ ਕਰਨ ਤੇ ਤਰੱਕੀ ਦੀਆਂ ਨਵੀਂ ਦਿਸ਼ਾਵਾਂ ਖੋਲ੍ਹਣ।
ਇਹ ਸੰਸਥਾਵਾਂ ਪਿਛਲੇ ਡੇਢ ਦਹਾਕੇ ਦੇ ਵੱਧ ਸਮੇਂ ਤੋਂ ਲਗਾਤਾਰ ਲਗੀਆਂ ਨੇ। ਆਪੋ ਆਪਣੇ ਢੰਗ ਨਾਲ ਉਨ੍ਹਾਂ ਨੂੰ ਯਾਦ ਕਰਦੇ ਨੇ ਜੋ ਇਹ ਫਿਰਕੂ ਵੰਡ ਦੀ ਭੇਟ ਚੜ੍ਹ ਅਣਿਆਈ ਮੌਤੇ ਮਾਰੇ ਗਏ। ਉਨ੍ਹਾਂ ਹਕੂਮਤਾਂ ਨੂੰ ਫਿਟਕਾਰਦੇ ਨੇ, ਜਿੰਨ੍ਹਾਂ ਇਸ ਜ਼ਹਿਰੀ ਫਸਲ ਨੂੰ ਬੀਜਿਆ। ਭਰਾ ਤਾਂ ਅੱਜ ਵੀ ਭਰਾ ਹਨ। ਚਿਰਾਂ ਦੇ ਵਿਛੜੇ ਗਲਵਕੜੀਆਂ ਪਾਉਣ ਨੂੰ ਅਹੁਲ ਰਹੇ ਨੇ। ਤੱਪਦੀਆਂ ਹਿੱਕਾਂ ਨੂੰ ਮਿਲ ਕੇ ਠੰਡ ਪਾ ਲੈਣੀ ਚਾਹੀਦੀ ਹੈ। ਕਿਉਂਕਿ ਹਨੇਰੇ ਸਾਨੂੰ ਅੱਜ ਵੀ ਚੇਤੇ ਨੇ। ਇਹ ਕਾਲਖਾਂ ਲੱਦੀ ਸਰਹੱਦੀ ਰੌਸ਼ਨ ਕਰਨ ਦੀ ਜਰੂਰਤ ਹੈ।
ਵਾਹਗੇ ਦੀ ਸਰਹੱਦ ਤੇ ਖਲ੍ਹੋ ਕੇ ਰਾਜ ਗਾਇਕ ਹੰਸ ਰਾਜ ਹੰਸ ਵੱਲੋਂ ਕਹੇ ਗਏ ਬੋਲ ਕਿ ‘ਇਸ ਕੰਡਿਆਲੀ ਤਾਰ ਨੇ ਇੱਕ ਦਿਨ ਫੁੱਲ ਬਣਨਾ, ਤੇਰੇ ਮੇਰੇ ਪਿਆਰ ਨੇ ਸੱਜਣਾ ਪੁਲ ਬਣਨਾ’, ਸੱਚ ਹੁੰਦੇ ਦਿਖਾਈ ਦਿੰਦੇ ਨੇ। ਇੱਕ ਦੂਜੇ ਦੇ ਘਰ ਆਉਣਾ-ਜਾਣਾ ਵਧਿਆ ਹੈ। ਇੱਕ ਦੂਜੇ ਦਾ ਲਿਖਿਆ ਪੜ੍ਹਨ ਦੀ ਸਿਕ ਜਾਗੀ ਹੈ। ਗੁਰਮੁੱਖੀ ਅਤੇ ਸ਼ਾਹਮੁਖੀ ਪੜ੍ਹਨ ਲਿਖਣ ਦੀ ਲਾਲਸਾ ਵਧੀ ਹੈ। ਏਧਰਲੇ ਅਤੇ ਉਧਰਲੇ ਲੇਖਕਾਂ ਦੀਆਂ ਕਿਤਾਬਾਂ ਲਿੱਪੀਅੰਤਰ ਹੋ ਕੇ ਛਪਣ ਲੱਗੀਆਂ ਹਨ। ਗਾਇਕਾਂ ਕਲਾਕਾਰਾਂ ਦੀ ਸਾਂਝੀ ਆਵਾਜ਼ ਦੋਵੇਂ ਪਾਸੇ ਗੂੰਜਣ ਲੱਗੀ ਏ।
ਬਸ ਇੱਕ ਕੰਮ ਤੋਂ ਰੁਕਣ ਦਾ ਬੁਲੰਦ ਹੋਕਾ ਏ ਭਾਈ, ਕੋਈ ਸੰਤਾਲੀ ਨਾ ਵਾਪਰੇ, ਕੋਈ ਚੌਰਾਸੀ ਨਾ ਹੋਵੇ, ਕੋਈ ਗੋਧਰੇ ਵਰਗਾ ਕਾਂਡ ਨਾ ਦੁਹਰਾਇਆ ਜਾਏ। ਕੋਈ ਅਣਸੁਖਾਵਾਂ ਨਾ ਵਾਪਰੇ। ਜਿੱਥੇ ਕਿਤੇ ਵੀ ਮਨੁੱਖੀ ਜੀਵਨ ਧੜਕਦਾ ਹੈ ਉਹਨੂੰ ਤੱਤੀ ਵਾਅ ਨਾ ਲੱਗੇ।’
ਰੱਬ ਕਰੇ ਕਲਮਾਂ ਵਾਲਿਆਂ ਦਾ ਇਹ ਕਾਫਲਾ ਤੁਰਦਾ ਰਹੇ। ਅਮਨ ਦੇ ਦੀਵੇ ਸਰਹੱਦ ਨੂੰ ਰੁਸ਼ਨਾਉਂਦੇ ਰਹਿਣ। ਉਹ ਦਿਨ ਦੂਰ ਨਹੀਂ ਜਦੋਂ ਲੋਕ ਦੁਪਹਿਰ ਦਾ ਖਾਣਾ ਅੰਮ੍ਰਿਤਸਰ ਤੇ ਰਾਤ ਦੀ ਰੋਟੀ ਫੂਡ ਸਟਰੀਟ ਲਾਹੌਰ ਵਿੱਚ ਹਮਸਾਇਆ ਨਾਲ ਬੈਠ ਕੇ ਖਾਇਆ ਕਰਨਗੇ।

498-ਏ, ਜਸਪਾਲ ਨਗਰ,
ਸੁਲਤਾਨਵਿੰਡ ਰੋਡ, ਅੰਮ੍ਰਿਤਸਰ

Check Also

ਉਮੀਦਵਾਰ

ਸੱਥ` ਚ ਬੈਠਿਆਂ ਚੋਣ ਮੈਦਾਨ `ਚ ਉਤਰੇ ਉਮੀਦਵਾਰਾਂ ਦੀ ਜਿੱਤ ਹਾਰ ਦੀਆਂ ਕਿਆਸ-ਅਰਾਈਆਂ ਤੇ ਭਰਵੀਂ …

Leave a Reply