ਨਵੀਂ ਦਿੱਲੀ, 11 ਸਤੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੰਮੂ-ਕਸ਼ਮੀਰ ਦੇ ਹੜ ਪੀੜਤਾਂ ਦੀ ਮਦਦ ਲਈ ਰਾਹਤ ਪਹੁੰਚਾਣ ਦਾ ਸ਼ੁਰੂ ਕੀਤੇ ਗਏ ਕਾਰਜ਼ ਦੀ ਕੜੀ ‘ਚ ਅੱਜ ਤਿੱਜੇ ਦਿਨ 6 ਟਰੱਕ ਰਾਹਤ ਸਮੱਗਿਰੀ ਦੇ ਭੇਜੇ ਗਏ। ਗੁਰਦੁਆਰਾ ਰਕਾਬ ਗੰਜ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜ. ਕੁਲਦੀਪ ਸਿੰਘ ਭੋਗਲ ਨੇ ਟਰੱਕਾਂ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਸਥਾਨਕ ਹਵਾਈ ਅੱਡੇ ਵੱਲ ਰਵਾਣਾ ਕੀਤਾ। ਵਿਸ਼ੇਸ਼ ਹਵਾਈ ਜਹਾਜ ਰਾਹੀਂ ਇਹ ਸਮੱਗਿਰੀ ਕਮੇਟੀ ਪ੍ਰਧਾਨ ਸ੍ਰ. ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਸ੍ਰ. ਮਨਜਿੰਦਰ ਸਿੰਘ ਸਿਰਸਾ ਵੱਲੋਂ ਆਪਣੀ ਨਿਗਰਾਣੀ ਹੇਠ ਸ਼੍ਰੀ ਨਗਰ ਲੈ ਜਾਈ ਗਈ। ਇੱਥੇ ਇਹ ਜਿਕਰਯੋਗ ਹੈ ਕਿ ਦਿੱਲੀ ਕਮੇਟੀ ਵੱਲੋਂ ਉਤਰਾਖੰਡ ਵਿਖੇ ਆਈ ਕੁਦਰਤੀ ਕਰੋਪੀ ਦੀ ਤਰਜ਼ ‘ਤੇ ਜੰਮੂ-ਕਸ਼ਮੀਰ ਵਿਖੇ ਵੀ ਆਪਦਾ ਪੀੜਤਾਂ ਦੀ ਮਦਦ ਲਈ ਸ਼੍ਰੀ ਨਗਰ ਵਿਖੇ ਦੋ ਥਾਵਾਂ ਤੇ ਲੰਗਰ ਆਰੰਭ ਕੀਤੇ ਗਏ ਹਨ ਜਿਸ ਵਿੱਚ ਰੋਜਾਨਾ ਦਿੱਲੀ ਤੋਂ 10 ਕਵੰਟਲ ਆਟੇ ਦੇ ਪਰਾਂਠੇ ਰੋਜ਼ਾਨਾ ਪੈਕ ਕਰਕੇ ਭੇਜੇ ਜਾ ਰਹੇ ਹਨ। ਅੱਜ ਭੇਜੀ ਗਈ ਰਸਦ ਦੀ ਜਾਣਕਾਰੀ ਸ੍ਰ. ਭੋਗਲ ਜੀ ਨੇ ਦਿੰਦਿਆ ਹੋਇਆ ਦਸਿਆ ਕਿ 6.6 ਕਵੰਟਲ ਚਾਵਲ, 25 ਟੀਨ ਅਚਾਰ, 4898 ਕੰਬਲ ਵੱਡੇ, ਪਤਲੇ ਕੰਬਲ/ਚਾਦਰ (ਸਿੰਗਲ) 110, ਪਤਲੇ ਕੰਬਲ/ਚਾਦਰ (ਡਬਲ) 12, ਮਿਨਰਲ ਪਾਣੀ 100 ਪੇਟੀਆਂ, 60 ਪੀਸ ਜਾਕੇਟ ਆਦਿ ਭੇਜਿਆ ਗਿਆ ਹੈ। ਦਿੱਲੀ ਕਮੇਟੀ ਵੱਲੋਂ ਪਹਿਲੇ ਦਿਨ ਭੇਜੀ ਗਈ ਟੀਮ ਜਿਸ ਵਿੱਚ ਦਿੱਲੀ ਕਮੇਟੀ ਦੇ 5 ਮੈਂਬਰ ਸਾਹਿਬਾਨ ਸ਼ਾਮਿਲ ਸਨ ਅਤੇ ਦੂਸਰੇ ਦਿਨ ਰਸਦ ਲੈ ਕੇ ਗਈ ਟੀਮ ਵਿੱਚ 2 ਮੈਂਬਰ ਸਾਹਿਬਾਨ-ਸ੍ਰ. ਜਸਬੀਰ ਸਿੰਘ ਜੱਸੀ ਅਤੇ ਸ੍ਰ. ਮਨਜੀਤ ਸਿੰਘ ਔਲਖ ਸ਼ਾਮਿਲ ਹਨ। ਦਿੱਲੀ ਕਮੇਟੀ ਵੱਲੋਂ ਸੰਗਤਾਂ ਪਾਸੋਂ ਰਸਦ ਅਤੇ ਮਾਇਆ ਇਸ ਕਾਰਜ਼ ਲਈ ਇਕੱਠੀ ਕਰਨ ਲਈ ਗੁ.ਬੰਗਲਾ ਸਾਹਿਬ, ਗੁ.ਸੀਸ ਗੰਜ ਸਾਹਿਬ, ਗੁ.ਰਕਾਬ ਗੰਜ ਸਾਹਿਬ, ਗੁ.ਨਾਨਕ ਪਿਆਓ ਸਾਹਿਬ ਅਤੇ ਗੁ.ਮੋਤੀ ਬਾਗ ਸਾਹਿਬ ਵਿਖੇ ਵਿਸ਼ੇਸ਼ ਕਲੈਕਸ਼ਨ ਸਟਾਲ ਲਗਾਏ ਗਏ ਹਨ ਜਿੱਥੇ ਸੰਗਤਾਂ ਆਪ ਪਹੁੰਚ ਕਰਕੇ ਹੜ-ਪੀੜਤਾਂ ਦੀ ਮਦਦ ਲਈ ਅੱਗੇ ਆ ਰਹੀਆਂ ਹਨ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ੍ਰ. ਪਰਮਜੀਤ ਸਿੰਘ ਰਾਣਾ, ਦਿੱਲੀ ਕਮੇਟੀ ਮੈਂਬਰ ਸ੍ਰ. ਹਰਵਿੰਦਰ ਸਿੰਘ ਕੇ.ਪੀ., ਸ੍ਰ. ਸਤਪਾਲ ਸਿੰਘ, ਸ੍ਰ. ਹਰਦੇਵ ਸਿੰਘ ਧੰਨੋਵਾ ਅਤੇ ਜਨਰਲ ਮੈਨੇਜਰ ਸ੍ਰ. ਹਰਜੀਤ ਸਿੰਘ ਮੌਜੂਦ ਸਨ।
Check Also
ਖਾਲਸਾ ਕਾਲਜ ਵੁਮੈਨ ਵਿਖੇ ਅੱਖਾਂ ਦੀ ਦੇਖਭਾਲ ’ਤੇ ਲੈਕਚਰ ਕਰਵਾਇਆ ਗਿਆ
ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਰੋਟਰੈਕਟ ਕਲੱਬ …