Thursday, November 21, 2024

ਖਾਲਸਾ ਕਾਲਜ ‘ਚ ਪ੍ਰਿੰਸੀਪਲਾਂ ਦੇ ਰਾਸ਼ਟਰੀ ਸੰਮੇਲਨ ਦੌਰਾਨ ‘ਨੈਤਿਕ ਸਿੱਖਿਆ’ ਤੇ ਵਿੱਦਿਅਕ ਅਦਾਰਿਆਂ ਦੀ ‘ਅਕਾਦਮਿਕ ਸੁਤੰਤਰਤਾ’ ‘ਤੇ ਜ਼ੋਰ

      PPN010307

  ਅੰਮ੍ਰਿਤਸਰ, 1 ਮਾਰਚ (   )-ਇਤਿਹਾਸਿਕ ਖਾਲਸਾ ਕਾਲਜ ‘ਚ 15ਵੇਂ ਪ੍ਰਿੰਸੀਪਲਾਂ ਦੇ ਸੰਮੇਲਨ ਦੌਰਾਨ ਅੱਜ ਵਿੱਦਿਅਕ ਮਾਹਿਰਾਂ ਨੇ ‘ਨੈਤਿਕ ਸਿੱਖਿਆ’ ਤੇ ਵਿੱਦਿਅਕ ਅਦਾਰਿਆਂ ਦੀ ‘ਅਕਾਦਮਿਕ ਸੁਤੰਤਰਤਾ’ ‘ਚ ਖਾਸ ਜ਼ੋਰ ਦਿੱਤਾ। ਆਪਣੇ ਖੋਜ਼ ਪੱਤਰਾਂ ‘ਚ ਵੱਖ-ਵੱਖ ਪ੍ਰਿੰਸੀਪਲ ਵਫ਼ਦਾਂ ਨੇ ਬਦਲੇ ਹੋਏ ਸਿੱਖਿਆ ਦੇ ਸਰੂਪ ਦਾ ਹਵਾਲਾ ਦਿੰਦਿਆ ‘ਨੈਤਿਕ ਕਦਰਾਂ-ਕੀਮਤਾਂ’ ਤੇ ਸਿਖਿਆਰਥੀਆਂ ਨੂੰ ਜੀਵਨ ‘ਚ ਚੰਗੇ ਇਨਸਾਨ ਤੇ ਆਤਮ ਨਿਰਭਰ ਬਣਾਉਣ ਦੀਆਂ ਵਿੱਦਿਅਕ ਅਦਾਰਿਆਂ ਦੁਆਰਾ ਕੋਸ਼ਿਸ਼ਾਂ ਕਰਨ ਲਈ ਪ੍ਰੇਰਿਆ। ਉਨ੍ਹਾਂ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਉੱਚ ਸਿੱਖਿਆ ਲਈ ਜਿਆਦਾ ਮਾਲੀ ਸਹਾਇਤਾ ਦੇਣ ਨੂੰ ਵੀ ਕਿਹਾ।
ਐਸੋਸੀਏਸ਼ਨ ਆਫ਼ ਇੰਡੀਅਨ ਕਾਲਜ ਪ੍ਰਿੰਸੀਪਲਸ ਵੱਲੋਂ ਆਯੋਜਿਤ ਇਸ ਸੰਮੇਲਨ ‘ਚ ਪੂਰੇ ਭਾਰਤ ‘ਚੋਂ 200 ਤੋਂ ਵਧੇਰੇ ਕਾਲਜ ਪ੍ਰਿੰਸੀਪਲ ਹਿੱਸਾ ਲੈ ਰਹੇ ਹਨ। ਅੱਜ ਦੂਸਰੇ ਦਿਨ ਕਾਨਫ਼ਰੰਸ ਦੌਰਾਨ ਸਮਾਰੋਹ ‘ਚ ਪਹੁੰਚੇ ਮੁੱਖ ਮਹਿਮਾਨ ਪੰਜਾਬ ਦੇ ਪ੍ਰਿੰਸੀਪਲ ਸਕੱਤਰ, ਉੱਚ ਸਿੱਖਿਆ ਡਾ. ਰੌਸ਼ਨ ਸਨਕਾਰੀਆ ਨੇ ਕਿਹਾ ਕਿ ਸੰਨ 1891 ਤੋਂ ਬਾਅਦ ਭਾਰਤ ‘ਚ ਆਏ ਆਰਥਿਕ ਉਦਾਰਵਾਦ ਦਾ ਜ਼ਿਕਰ ਕਰਦਿਆ ਉੱਚ ਸਿੱਖਿਆ ਦੇ ਬਦਲਦੇ ਸਰੂਪ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅੱਜ ਭਾਰਤ ‘ਚ ਵਿੱਦਿਅਕ ਸੰਸਥਾਵਾਂ ਖੋਲ੍ਹਣ ਦੀ ਹੋੜ ਲੱਗੀ ਹੋਈ ਹੈ ਪਰ ਅਦਾਰਿਆਂ ਦੀ ਗੁਣਵਤਾ ਵੱਲ ਜਰਾ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਨੇ ਪਛੜੀ ਸ਼੍ਰੇਣੀਆਂ, ਔਰਤਾਂ, ਅਪਾਹਿਜ਼ਾਂ ਦੀ ਪੜ੍ਹਾਈ ‘ਤੇ ਵਿਸ਼ੇਸ਼ ਧਿਆਨ ਦੇਣ ਦੀ ਜਰੂਰਤ ‘ਤੇ ਜ਼ੋਰ ਦਿੱਤਾ।
ਆਪਣੇ ਭਾਸ਼ਣ ‘ਚ ਆਗਰਾ ਯੂਨੀਵਰਸਿਟੀ ਦੇ ਸਾਬਕਾ ਉੱਪ ਕੁਲਪਤੀ ਡਾ. ਡੀ. ਐੱਨ. ਜੌਹਰ ਨੇ ਕਿਹਾ ਕਿ ਅੱਜ ਦੀ ਸਿੱਖਿਆ ਨੂੰ ਵਰਤਮਾਨ ਸਮੇਂ ਦੇ ਅਨੁਕੂਲ ਬਣਾਉਣ ਲਈ ਸਾਨੂੰ ਜਿਆਦਾ ਕੋਸ਼ਿਸ਼ ਕਰਨ ਦੀ ਜਰੂਰਤ ਹੈ। ਇਕ ਹੋਰ ਮਹੱਤਵਪੂਰਨ ਭਾਸ਼ਣ ਦੌਰਾਨ ਸੁਧਾਂਸ਼ੂ ਭੂਸ਼ਣ ਨੇ ਕੇਂਦਰ ਸਰਕਾਰ ਦੀ ਨਵੀ ਪਾਲਸੀ ਰਾਸ਼ਟਰੀ ਉੱਚ ਪੱਧਰੀ ਸਿੱਖਿਆ ਅਭਿਆਨ (ਰੂਸਾ) ‘ਤੇ ਚਾਨਣਾ ਪਾਉਂਦੇ ਹੋਏ ਇਸਦੇ ਤਹਿਤ ਵਿੱਦਿਅਕ ਅਦਾਰਿਆਂ ਨੂੰ ਵਿੱਤੀ ਸੁਤੰਤਰਾ ਤੇ ਅਕਾਦਮਿਕ ਮਾਮਲਿਆਂ ‘ਚ ਖ਼ੁਦ-ਮੁਖ਼ਤਿਆਰੀ ਦੀ ਨੀਤੀ ਨੂੰ ਵਿਸਥਾਰਪੂਰਵਕ ਦਰਸਾਇਆ।
ਸਮਾਰੋਹ ਦੌਰਾਨ ਮੁੱਖ ਮਹਿਮਾਨ ਖਾਲਸਾ ਕਾਲਜ ਗਰਵਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਵਿਸ਼ਵ ਭਰ ‘ਚ ਵਿੱਦਿਆ ਪ੍ਰਦਾਨ ਕਰਨ ਦੇ ਤਰੀਕਿਆਂ ‘ਚ ਬਹੁਤ ਜਿਆਦਾ ਤਬਦੀਲੀ ਆਈ ਹੈ, ਜਿਸਦਾ ਅਸਰ ਭਾਰਤ ‘ਚ ਵੀ ਵੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉੱਚ ਸਿੱਖਿਆ ਸੰਸਥਾਵਾਂ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀਆਂ ਨੂੰ ਪਹਿਲ ਦਿੰਦੇ ਹੋਏ ਵਿਦਿਆਰਥੀਆਂ ਨੂੰ ਸਹੀ ਸਿੱਖਿਆ ਦੇ ਕੇ ਉਨ੍ਹਾਂ ਨੂੰ ਆਰਥਿਕ ਤੌਰ ‘ਤੇ ਆਤਮ ਨਿਰਭਰ ਬਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਅਦਾਰਿਆਂ ਨੂੰ ਕਿਸੇ ਵੀ ਸਮਾਜ ਦੇ ਰਚਨਹਾਰਾ ਦੱਸਦੇ ਹੋਏ ਉਨ੍ਹਾਂ ਨੂੰ ਦੇਸ਼ ਦੇ ਭਵਿੱਖ ਨੂੰ ਬਣਾਉਣ ਵਾਲਾ ਕਿਹਾ। ਸ: ਛੀਨਾ ਨੇ ਕਿਹਾ ਗੁਣਵਤਾ ‘ਤੇ ਵਿਸ਼ੇਸ਼ ਧਿਆਨ ਹੋਣਾ ਚਾਹੀਦਾ ਹੈ ਅਤੇ ਪ੍ਰਿੰਸੀਪਲਾਂ ਤੇ ਅਧਿਆਪਕਾਂ ਨੂੰ ਸਮਾਜ ਕਲਿਆਣ ‘ਚ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਕਾਲਜ ਪ੍ਰਿੰਸੀਪਲ ਡਾ. ਦਲਜੀਤ ਸਿੰਘ ਐਸੋਸੀਏਸ਼ਨ ਆਫ਼ ਇੰਡੀਅਨ ਕਾਲਜ ਪ੍ਰਿੰਸੀਪਲਸ ਦੇ ਪ੍ਰਧਾਨ ਸੁਭਾਸ਼ ਬ੍ਰਹਮਭੱਟ ਤੇ ਸਕੱਤਰ ਆਰਵੀ ਗਾਓਂਕਰ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ। ਆਪਣੇ ਭਾਸ਼ਣ ‘ਚ ਬ੍ਰਹਮਭੱਟ ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਆਯੋਜਿਤ ਇਸ ਸੰਮੇਲਨ ਦਾ ਮੁੱਖ ਟੀਚਾ ਬਦਲ ਰਹੇ ਉੱਚ ਸਿੱਖਿਆ ਤੇ ਸਮੱਸਿਆਵਾਂ ‘ਤੇ ਵਿਚਾਰ-ਵਟਾਂਦਰਾ ਕਰਨਾ ਸੀ ਅਤੇ ਵੱਖ-ਵੱਖ ਸੈਸ਼ਨਾਂ ਦੌਰਾਨ ਵਫ਼ਦਾਂ ਨੇ ਵਿਚਾਰ ਚਰਚਾ ‘ਚ ਵੱਧ ਚੜ੍ਹਕੇ ਭਾਗ ਲਿਆ। ਡਾ. ਦਲਜੀਤ ਸਿੰਘ ਨੇ ਆਪਣੇ ਧੰਨਵਾਦੀ ਪ੍ਰਸਤਾਵ ‘ਚ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਇਤਿਹਾਸਿਕ ਖਾਲਸਾ ਕਾਲਜ ਨੇ ਇਸ ਮਹੱਤਵਪੂਰਨ ਸੰਮੇਲਨ ਦੀ ਮੇਜ਼ਬਾਨੀ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਸੀ ਕਿ ਵਫ਼ਦਾਂ ਦੀ ਇਸ ਗੋਸ਼ਟੀ ਦੌਰਾਨ ਉਨ੍ਹਾਂ ਨੂੰ ਕੋਈ ਮੁਸ਼ਕਿਲ ਨਾ ਹੋਵੇ ਤੇ ਉਨ੍ਹਾਂ ਨੂੰ ਸੰਮੇਲਨ ਦੌਰਾਨ ਹੋਈਆਂ ਅਹਿਮ ਵਿਚਾਰਾਂ ‘ਤੇ ਸੰਤੁਸ਼ਟੀ ਪ੍ਰਗਟਾਈ। ਖਾਲਸਾ ਕਾਲਜ ਵਿਦਿਆਰਥੀਆਂ ਵੱਲੋਂ ਰਾਤ ਨੂੰ ਇਕ ਰੰਗਾਰੰਗ ਪ੍ਰੋਗਰਾਮ ਦੌਰਾਨ ਵਫ਼ਦ ਦੇ ਮੈਂਬਰਾਂ ਨੇ ਪੰਜਾਬੀ ਵਿਰਸੇ ਤੇ ਸੰਗੀਤ ਦਾ ਆਨੰਦ ਵੀ ਮਾਣਿਆ। ਸਟੇਜ ਦਾ ਸੰਚਾਲਨ ਡਾ. ਨਵਰੀਨ ਬਾਵਾ ਨੇ ਬਾਖੂਬੀ ਨਿਭਾਇਆ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …

Leave a Reply