ਜਾਗੋ ਜਾਗੋ ਸੁੱਤਿਓ, ਜਾਗਣ ਦਾ ਵੇਲਾ
ਅਜੇ ਵੀ ਰਹੇ ਬੇਹੋਸ਼ ਤਾਂ, ਹੋ ਜਾਊ ਕੁਵੇਲਾ।
ਨਸ਼ਿਆਂ ਵਿੱਚ ਜਵਾਨੀ, ਸਾਡੀ ਰੁੜਦੀ ਜਾਵੇ
ਜ਼ਿੰਦਗੀ ਹੈ ਅਨਮੋਲ, ਦਿਨੋਂ- ਦਿਨ ਥੁੜਦੀ ਜਾਵੇ।
ਸਾਂਭ ਸਕੋ ਤਾਂ ਸਾਂਭ ਲਓ, ਜੀਵਨ ਦਾ ਰੇਲਾ।
ਜਾਗੋ ਜਾਗੋ ਸੁੱਤਿਓ…
ਧੀਆਂ ਨੂੰ ਅਸੀਂ ਮਾਰ ਕੇ, ਬਣ ਗਏ ਕੁੜੀਮਾਰ ਹਾਂ
ਪੀਂਦੇ ਚਿਲਮ ਤਮਾਕੂ, ਬਣ ਗਏ ਨੜੀਮਾਰ ਹਾਂ।
ਬਣ ਗਏ ਹਾਂ ਕੰਗਾਲ ਤੇ, ਪੱਲੇ ਨਹੀਂ ਧੇਲਾ।
ਜਾਗੋ ਜਾਗੋ ਸੁੱਤਿਓ…
ਰੁੱਖ-ਬੂਟੇ ਪੁੱਟ ਸੁੱਟੇ, ਤੇ ਆਇਆ ਹੈ ਸੋਕਾ
ਵਾਤਾਵਰਨ ਵਿਗਾੜ ਕੇ, ਖ਼ੁਦ ਹੀ ਖਾਧਾ ਧੋਖਾ।
ਸਭ ਕੁੱਝ ਦਿੱਤਾ ਉਜਾੜ ਹੁਣ, ਕਾਹਦਾ ਹੈ ਮੇਲਾ।
ਜਾਗੋ ਜਾਗੋ ਸੁੱਤਿਓ…
ਡੇਰਿਆਂ, ਬਾਬਿਆਂ, ਤਾਂਤਰਿਕਾਂ ਦੇ, ਪਿੱਛੇ ਲੱਗ ਕੇ
ਲੁੱਟਿਆ ਇਨ੍ਹਾਂ ਫਰੇਬ ਨਾਲ, ਸਾਨੂੰ ਕੁੱਟਿਆ ਰੱਜ ਕੇ।
ਕਿਹੜਾ ਮੇਰਾ ਗੁਰੂ ਹੈ, ਮੈਂ ਕੀਹਦਾ ਚੇਲਾ?
ਜਾਗੋ ਜਾਗੋ ਸੁੱਤਿਓ…
ਛੱਡ ਦਿੱਤਾ ਅਸੀਂ ਵਿਰਸਾ, ਬੋਲੀ ਆਪਣੀ ਭੁੱਲੇ
ਪੈ ਕੇ ਵਿੱਚ ਤਮਾਸ਼ਿਆਂ, ਪੱਛਮ ਰੰਗ ਡੁੱਲ੍ਹੇ।
ਘਰ ਮੁੜ ਆਈਏ ਆਪਣੇ, ਹੋਵੇ ਪੰਥ ਸੁਹੇਲਾ।
ਜਾਗੋ ਜਾਗੋ ਸੁੱਤਿਓ…
ਵੱਸ ਪੈ ਦਾਜ ਦੇ ਲੋਭੀਆਂ, ਕੱਖੋਂ ਹੌਲੇ ਹੋਏ
ਆਖਣ ਲੋਕ ਨਾ ਜੀਅ ਰਹੇ, ਨਾ ਕਹਿੰਦੇ ਮੋਏ।
ਭੇਖ ਅਡੰਬਰ ਛੱਡੀਏ, ਹੋਵੇ ਰੰਗ ਨਵੇਲਾ।
ਜਾਗੋ ਜਾਗੋ ਸੁੱਤਿਓ…
ਪ੍ਰੋ. ਨਵ ਸੰਗੀਤ ਸਿੰਘ
ਨੇੜੇ ਗਿੱਲਾਂ ਵਾਲਾ ਖੂਹ,
ਤਲਵੰਡੀ ਸਾਬੋ-151302 (ਬਠਿੰਡਾ)