ਚਰਨਜੀਤ ਸਿੰਘ ਸਵਰਨਕਾਰ ਸੋਸਾਇਟੀ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ
ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ ਬਿਊਰੋ) – ਭਾਰਤੀ ਸਵਰਨਕਾਰ ਸੇਵਾ ਸੋਸਾਇਟੀ ਦੇ ਸੂਬਾ ਪ੍ਰਧਾਨ ਕਰਤਾਰ ਸਿੰਘ ਜੌੜਾ ਦੀ ਅਗਵਾਈ ਹੇਠ ਸਥਾਨਿਕ ਗੁਰਦੁਆਰਾ ਬੀਬੇਕਸਰ ਵਿਖੇ ਹੋਈ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਸ: ਚਰਨਜੀਤ ਸਿੰਘ ਨੂੰ ਸੁਸਾਇਟੀ ਦੇ ਅੰਮ੍ਰਿਤਸਰ ਇਕਾਈ ਦਾ ਪ੍ਰਧਾਨ ਚੁਣ ਲਿਆ ਗਿਆ। ਇਸ ਮੌਕੇ ਅਰਵਿੰਦਰ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਦਲਜੀਤ ਸਿੰਘ ਜ਼ਿਲ੍ਹਾ ਕੈਸ਼ੀਅਰ ਅਤੇ ਐਡਵੋਕੇਟ ਮੋਹਨ ਸਿੰਘ ਨੂੰ ਜ਼ਿਲ੍ਹਾ ਲੀਗਲ ਐਡਵਾਇਜ਼ਰ ਨਿਯੁਕਤ ਕੀਤਾ ਗਿਆ। ਬਾਕੀ ਅਹੁਦੇਦਾਰਾਂ ਦੀ ਨਿਯੁਕਤੀ ਦੇ ਅਧਿਕਾਰ ਜ਼ਿਲ੍ਹਾ ਪ੍ਰਧਾਨ ਨੂੰ ਦਿੱਤੇ ਗਏ ਹਨ। ਇਸ ਮੌਕੇ ਸਵਰਨਕਾਰ ਸੋਸਾਇਟੀ ਦੇ ਸੂਬਾ ਪ੍ਰਧਾਨ ਅਤੇ ਸਵਰਨਕਾਰ ਸੰਘ ਦੇ ਸੂਬਾ ਉਪ ਪ੍ਰਧਾਨ ਕਰਤਾਰ ਸਿੰਘ ਜੌੜਾ ਨੇ ਕਿਹਾ ਕਿ ਪੰਜਾਬ ਸਵਰਨਕਾਰ ਸੰਘ ਸੋਨੇ-ਚਾਂਦੀ ਦੇ ਕਾਰੋਬਾਰ ਕਰਨ ਵਾਲੇ ਸਾਰੇ ਸਵਰਨਕਾਰਾਂ ਦੀ ਇੱਕ ਮਜ਼ਬੂਤ ਜਥੇਬੰਦੀ ਹੈ ਅਤੇ ਪੰਜਾਬ ਵਿੱਚ ਸਵਰਨਕਾਰ ਬਰਾਦਰੀ ਦੇ ਕਰੀਬ 15 ਲੱਖ ਵੋਟਰ ਹਨ, ਜਿਨ੍ਹਾਂ ਦਾ ਪੰਜਾਬ ਦੀ ਸਿਆਸੀ ਫ਼ਿਜ਼ਾ ਵਿੱਚ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਸਵਰਨਕਾਰ ਭਾਈਚਾਰਾ ਅਕਾਲੀ ਭਾਜਪਾ ਦਾ ਸਮਰਥਨ ਜਾਰੀ ਰਖੇਗਾ। ਉਨ੍ਹਾਂ ਕਿਹਾ ਕਿ ਸਵਰਨਕਾਰ ਸੰਘ ਨੇ ਪੰਜਾਬ ਦੀਆਂ 2012 ਦੀ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਨੂੰ ਸਮਰਥਨ ਦੇ ਕੇ ਸਰਕਾਰ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ 2009 ਅਤੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਸਵਰਨਕਾਰ ਬਰਾਦਰੀ ਨੇ ਅਕਾਲੀ-ਭਾਜਪਾ ਉਮੀਦਵਾਰਾਂ ਦੀ ਖੁੱਲ੍ਹੀ ਹਮਾਇਤ ਕੀਤੀ। ਜੌੜਾ ਜੋ ਕਿ ਪੰਜਾਬ ਪ੍ਰਦੇਸ਼ ਦੇ ਵਪਾਰ ਮੰਡਲ ਦੇ ਸੂਬਾ ਚੇਅਰਮੈਨ ਵੀ ਹਨ ਨੇ ਦੱਸਿਆ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸਵਰਨਕਾਰ ਬਰਾਦਰੀ ਨੂੰ ਪੰਜਾਬ ਦੀ ਬੀ ਸੀ ਸੂਚੀ ਵਿੱਚ ਸ਼ਾਮਿਲ ਕਰਨ ਅਤੇ ਧਾਰਾ 411 ਦੀ ਆੜ ਵਿੱਚ ਸਵਰਨਕਾਰਾਂ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਕਰਨ ਵਾਲੇ ਪੁਲਿਸ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕਰਨ ਸਬੰਧੀ ਭਰੋਸਾ ਦਿੱਤਾ ਹੈ। ਉਨ੍ਹਾਂ ਸਵਰਨਕਾਰ ਭਾਈਚਾਰਾ ਜੋ ਸੋਨਾ ਚਾਂਦੀ ਦੇ ਕੰਮ ਤੋਂ ਇਲਾਵਾ ਕਿਸੇ ਕਿਸਮ ਦਾ ਕਾਰੋਬਾਰ, ਖੇਤੀਬਾੜੀ, ਨੌਕਰੀ ਕਰ ਰਹੇ ਜਾਂ ਰਿਟਾਇਰ ਮੁਲਾਜ਼ਮ ਜਾਂ ਅਧਿਕਾਰੀ ਹਨ ਨੂੰ ਬੇਨਤੀ ਕੀਤੀ ਕਿ ਉਹ ਵਿਆਹ ਸ਼ਾਦੀਆਂ ਵਿੱਚ ਦਾਜ ਆਦਿ ਨਾ ਲੈਣ , ਸਮਾਜਿਕ ਬੁਰਾਈਆਂ ਤੋਂ ਪਰਹੇਜ਼ ਕਰਨ ਅਤੇ ਖੁਸ਼ੀਆਂ-ਗਮੀਆਂ ਦੌਰਾਨ ਵੱਧ ਤੋ ਵੱਧ ਭਾਈਚਾਰੇ ਦੇ ਲੋਕਾਂ ਨਾਲ ਸੰਪਰਕ ਸਾਧ ਕੇ ਆਪਣੇ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਨ ਲਈ ਕਿਹਾ। ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਸੋਸਾਇਟੀ ਦੇ ਉਪ ਪ੍ਰਧਾਨ ਮਨਮੋਹਨ ਸਿੰਘ ਕੁੱਕੂ, ਸਕੱਤਰ ਕੁਲਤਾਰ ਸਿੰਘ, ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸੁਖਦੇਵ ਸਿੰਘ ਅਤੇ ਜਨਰਲ ਸਕੱਤਰ ਰੇਸ਼ਮ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ।