Thursday, November 21, 2024

ਖ਼ਾਲਸਾ ਇੰਜ. ਕਾਲਜ ਵਿਖੇ ‘ਕਲਾਉਡ ਕੰਪਿਊਟਿੰਗ ਦੀ ਇਕਸਾਰਤਾ’ ਵਿਸ਼ੇ ’ਤੇ 5 ਰੋਜ਼ਾ ਵਰਕਸ਼ਾਪ ਸਮਾਪਤ

ਪੇਸ਼ੇ ਨੂੰ ਇਮਾਨਦਾਰੀ ਨਾਲ ਨਿਭਾਉਣ ’ਤੇ ਹੁੰਦੀ ਹੈ ‘ਰੱਬ ਦੀ ਸੱਚੀ ਬੰਦਗੀ’- ਛੀਨਾ
ਅੰਮ੍ਰਿਤਸਰ, 26 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਕਰੀਬ 1990 ’ਚ ਕੰਪਿਊਟਰ ਯੁੱਗ ਦੇ ਆਉਣ ਨਾਲ ਬੜੀ ਤੇਜ਼ੀ ਨਾਲ ਐਜ਼ੂਕੇਸ਼ਨ PUNJ2707201911ਦੇ ਖੇਤਰ ’ਚ ਵਿਕਾਸ ਹੋਇਆ ਅਤੇ 10-12 ਸਾਲ ਪਹਿਲਾਂ ਇੰਜੀਨੀਅਰਿੰਗ ਖ਼ੇਤਰ ’ਚ ਬੜੇ ਵੱਡੇ ਪੱਧਰ ’ਤੇ ਇੰਜੀਨੀਅਰਾਂ ਦੀ ਮੰਗ ਵਧੀ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜ਼ੀ, ਰਣਜੀਤ ਐਵੀਨਿਊ ਵਿਖੇ ਫ਼ੈਕਲਟੀ ਅਤੇ ਸਟਾਫ਼ ਦੇ ਤਕਨੀਕੀ ਹੁਨਰ ਨੂੰ ਵਧਾਉਣ ਲਈ 5 ਰੋਜ਼ਾ ‘ਮਾਡਰਨ ਯੁੱਗ ’ਚ ਆਈ.ਓ.ਟੀ ਅਤੇ ਕਲਾਉਡ ਕੰਪਿਊਟਿੰਗ’ ਵਿਸ਼ੇ ’ਤੇ ਫ਼ੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੇ ਸੰਪੰਨ ਮੌਕੇ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਤਕਸੀਮ ਕਰਨ ਮੌਕੇ ਸਾਂਝੇ ਕੀਤੇ।
    ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਦੇ ਸਹਿਯੋਗ ਨਾਲ ਏ. ਆਈ.ਸੀ.ਟੀ.ਈ ਅਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਦੁਆਰਾ ਸਪਾਂਸਰ ਕੀਤੇ ਇਸ ਪ੍ਰੋਗਰਾਮ ਦੇ ਅੱਜ ਅਖ਼ੀਰਲੇ ਦਿਨ ਛੀਨਾ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਇੰਜੀਨੀਅਰ ਦੀ ਮੰਗ ਇਸ ਕਦਰ ਵੱਧ ਗਈ ਕਿ ਕਈ ਇੰਡਸਟਰੀਆਂ, ਦੁਕਾਨਾਂ ਨੇ ਪ੍ਰਾਈਵੇਟ ਕੋਚਿੰਗ ਦੇਣੀ ਸ਼ੁਰੂ ਕਰ ਦਿੱਤੀ ਅਤੇ ਕਈ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ ’ਚ ਭੇਜਣ ਦੀ ਹੌਂੜ ਦੇ ਲਾਲਚਵੱਸ ਪੈ ਕੇ ਪੈਸੇ ਦੇ ਕੇ ਇਸ ਪੇਸ਼ੇ ਦੀਆਂ ਡਿਗਰੀਆਂ ਗ਼ਲਤ ਢੰਗ ਨਾਲ ਹਾਸਲ ਕਰਨ ਲੱਗੇ, ਜਿਸ ਦੇ ਸਿੱਟੇ ਵਜੋਂ ਇੰਜੀਨੀਅਰਿੰਗ ਐਜ਼ੂਕੇਸ਼ਨ ’ਚ ਭਾਰੀ ਗਿਰਾਵਟ ਆਉਣੀ ਸ਼ੁਰੂ ਹੋ ਗਈ, ਜਿਸ ਦੇ ਫ਼ਲਸਰੂਪ ਅੱਜ ਬਹੁਤ ਸਾਰੇ ਇੰਜੀਨੀਅਰ ਕਾਲਜ ਬੰਦ ਹੋਣ ਦੀ ਕਗਾਰ ’ਤੇ ਹਨ। ਕਿਉਂਕਿ ਬੱਚਿਆਂ ਕੋਲ ਡਿਗਰੀਆਂ ਤਾਂ ਹਨ ਪਰ ਨੋਲਜ਼ ਨਹੀਂ ਹੈ।
    22 ਜੁਲਾਈ ਤੋਂ ਸ਼ੁਰੂ ਹੋਏ ਇਸ ਪ੍ਰੋਗਰਾਮ ’ਚ 12 ਸ਼ੈਸ਼ਨ ਕਰਵਾਏ, ਜਿਸ ’ਚ ਆਈ.ਆਈ.ਟੀ ਰੁੜਕੀ, ਐਨ.ਆਈ.ਟੀ.ਜਲੰਧਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਡੀ.ਏ.ਵੀ ਆਈ.ਈ.ਟੀ ਜਲੰਧਰ, ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ, ਪੰਜਾਬ ਇੰਸਟੀਚਿਊਟ ਆਫ਼ ਟੈਕਨਾਲੋਜੀ, ਸੀ. ਟੀ. ਗਰੁੱਪ ਆਫ਼ ਇੰਸਟੀਚਿਊਟ, ਜਲੰਧਰ ਵਰਗੀਆਂ ਵੱਖ-ਵੱਖ ਸੰਸਥਾਨਾਂ ਦੇ ਪ੍ਰਸਿੱਧ ਬੁਲਾਰਿਆਂ ਨੇ ਹਿੱਸਾ ਲਿਆ ਅਤੇ ਇਸ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਤਕਨੀਕੀ ਸੰਸਥਾਵਾਂ ਦੇ 45 ਤੋਂ ਵੱਧ ਮੈਂਬਰ ਮੌਜ਼ੂਦ ਸਨ।ਆਈ.ਆਈ.ਟੀ ਰੁੜਕੀ ਤੋਂ ਡਾ ਜੀ.ਐਸ ਰੰਧਾਵਾ ਨੇ ਅਕਾਦਮਿਕ ਗੋਲ ਅਚੀਵਮੈਂਟ ’ਤੇ ਇਕ ਪ੍ਰੇਰਨਾਦਾਇਕ ਭਾਸ਼ਣ ਦਿੱਤਾ।
    ਇਸ ਭਾਸ਼ਣ ਤੋਂ ਪਹਿਲਾਂ ਡਾਇਰੈਕਟਰ ਡਾ. ਬਾਲਾ ਨੇ ਮੁੱਖ ਮਹਿਮਾਨ ਛੀਨਾ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ।ਡਾ. ਮੰਜੂ ਬਾਲਾ ਨੇ ਕਿਹਾ ਕਿ ਐਫ਼.ਡੀ.ਪੀ ਦਾ ਵਿਸ਼ਾ ਬਹੁਤ ਸੰਵੇਦਨਸ਼ੀਲ ਹੈ ਅਤੇ ਵੱਖ-ਵੱਖ ਖੇਤਰਾਂ ਜਿਵੇਂ ਕਿ ਖੇਤੀਬਾੜੀ, ਸਮਾਰਟ ਸ਼ਹਿਰ, ਦਵਾਈ ਅਤੇ ਸਿਹਤ ਦੇਖਭਾਲ, ਸੁਰੱਖਿਆ, ਸਮਾਰਟ ਵਾਹਨ ਆਟੋਮੇਸ਼ਨ ਆਦਿ ’ਚ ਇਸ ਦੇ ਵਿਵਹਾਰਕ ਉਪਯੋਗਾਂ ਕਾਰਨ ਉੱਚ ਮੰਗ ਹੈ।ਉਨ੍ਹਾਂ ਨੇ ਹਾਜ਼ਰ ਫ਼ੈਕਲਟੀ, ਸਟਾਫ਼ ਨੂੰ ਯਕੀਨ ਦਿਵਾਉਂਦਿਆਂ ਪ੍ਰੇਰਿਤ ਕੀਤਾ ਕਿ ਉਹ ਆਪਣੇ ਵਿਦਿਆਰਥੀਆਂ ’ਚ ਵਿਸ਼ਵਾਸ਼ ਪੈਦਾ ਕਰਨ ਜੋ ਕਿ ਸਮੇਂ ਦੀ ਜ਼ਰੂਰਤ ਹੈ।
    ਇਸ ਮੌਕੇ ਛੀਨਾ ਨੇ ਫੈਕਲਟੀ ਨੂੰ ਕਾਲਜ ’ਚ ਐਫ. ਡੀ. ਪੀ. ਨੂੰ ਸੰਗਠਿਤ ਕਰਨ ਦੀ ਸਲਾਹ ਦਿੱਤੀ ਕਿਉਂਕਿ ਇਹ ਫੈਕਲਟੀ ਦੇ ਸ਼ਖਸੀਅਤ ਦੇ ਸਮੁੱਚੇ ਵਿਕਾਸ ’ਚ ਸਹਾਇਤਾ ਕਰਦੀ ਹੈ।ਉਨ੍ਹਾਂ ਨੇ ਕਿਹਾ ਕਿ ਸਿਖਲਾਈ ਇੱਕ ਅਨਕੂਲ ਪ੍ਰਕਿਰਿਆ ਹੈ ਅਤੇ ਇਸ ਨੂੰ ਸਿੱਖਣਾ ਚਾਹੀਦਾ ਹੈ।ਉਨ੍ਹਾਂ ਨੇ ਕਿਹਾ ਕਿ ਅਧਿਆਪਕ ਹੋਣ ਦੇ ਨਾਤੇ ਨੌਜਵਾਨਾਂ ਨੂੰ ਪੋਸ਼ਣ ਦੇਣ ਅਤੇ ਦੇਸ਼ ਦੇ ਵਿਕਾਸ ’ਚ ਯੋਗਦਾਨ ਪਾਉਣ ਦੀ ਜ਼ਿੰਮੇਵਾਰੀ ਸਾਡੀ ਹੈ।ਛੀਨਾ ਨੇ ਕਿਹਾ ਕਿ ਤਿੰਨ ਤਰ੍ਹਾਂ ਦੇ ਪੇਸ਼ੇਵਰ ਅਧਿਆਪਕ, ਡਾਕਟਰ ਅਤੇ ਨਰਸ ਨੂੰ ਪਰਮੇਸ਼ਰ ਦੀ ਪੂਜਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਜੇਕਰ ਉਹ ਆਪਣੀ ਡਿਊਟੀ ਨੂੰ ਵਫ਼ਾਦਾਰੀ ਅਤੇ ਇਮਾਨਦਾਰੀ ਨਾਲ ਨਿਭਾਅ ਰਹੇ ਹਨ ਇਹੀ ਰੱਬ ਦੀ ਸੱਚੀ ਬੰਦਗੀ ਹੈ।ਉਨ੍ਹਾਂ ਨੇ ਇਸ ਪ੍ਰੋਗਰਾਮ ਦੇ ਆਯੋਜਨ ’ਤੇ ਕਾਲਜ ਡਾਇਰੈਕਟਰ ਅਤੇ ਫੈਕਲਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ।ਇਸ ਮੌਕੇ ਡਾ. ਕਿਰਨਦੀਪ ਸਿੰਘ ਨੇ ਐਚ.ਓ.ਡੀ (ਸੀ.ਐਸ.ਈ) ਨੇ ਉਕਤ ਪ੍ਰੋਗਰਾਮ ਦੇ ਸ਼ੈਸ਼ਨ ਨੂੰ ਸਮਾਪਤ ਕੀਤਾ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply