Thursday, July 17, 2025
Breaking News

ਮੰਤਰੀ ਓ.ਪੀ ਸੋਨੀ ਵਲੋਂ ਮੈਡੀਕਲ ਕਾਲਜ `ਚ ਅਚਨਚੇਤੀ ਛਾਪਾ, ਦੇਰੀ ਨਾਲ ਪਹੁੰਚੇ ਸਟਾਫ ਨੂੰ ਕੀਤੀ ਤਾੜਨਾ

ਡਾਕਟਰਾਂ ਦੇ ਨਾਲ-ਨਾਲ ਦਾਖਲ ਤੇ ਦਵਾਈ ਲੈਣ ਵਾਲੇ ਮਰੀਜ਼ਾਂ ਨਾਲ ਕੀਤੀ ਗੱਲਬਾਤ

PPNJ1008201808 ਅੰਮ੍ਰਿਤਸਰ, 10 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ) – ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓ.ਪੀ ਸੋਨੀ ਨੇ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਅਚਨਚੇਤ ਛਾਪਾ ਮਾਰਿਆ।ਗੁਰੂ ਨਾਨਕ ਦੇਵ ਹਸਪਤਾਲ ਵਿੱਚ ਸਵੇਰੇ ਠੀਕ 9 ਵਜੇ ਮਾਰੇ ਗਏ ਛਾਪੇ ਦੌਰਾਨ ਬਹੁਤਾ ਸਟਾਫ ਦੇਰੀ ਨਾਲ ਆ ਰਿਹਾ ਮਿਲਿਆ, ਜਿਸ ਦਾ ਗੰਭੀਰ ਨੋਟਿਸ ਲੈਂਦੇ ਸੋਨੀ ਨੇ ਚੇਤਾਵਨੀ ਦਿੱਤੀ ਕਿ ਅਜਿਹਾ ਅੱਗੇ ਤੋਂ ਨਾ ਹੋਵੇ ਅਤੇ ਹਰੇਕ ਡਾਕਟਰ ਅਤੇ ਸਟਾਫ ਸਮੇਂ ਸਿਰ ਪਹੁੰਚ ਕੇ ਕੰਮ ਉਤੇ ਲੱਗੇ।ਉਨਾਂ ਕਿਹਾ ਕਿ ਭਵਿੱਖ ਵਿਚ ਜੋ ਵੀ ਦੇਰੀ ਨਾਲ ਹਸਪਤਾਲ ਆਉਂਦਾ ਜਾਂ ਗੈਰ ਹਾਜ਼ਰ ਫੜਿਆ ਗਿਆ, ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
        ਸੋਨੀ ਨੇ ਕਿਹਾ ਕਿ ਸੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਬਣਾਏ ਗਏ ਇਸ ਹਸਪਤਾਲ ਨੂੰ ਉਨਾਂ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਸਮੇਂ ਦਾ ਹਾਣੀ ਬਣਾਇਆ ਜਾਵੇਗਾ ਅਤੇ ਇਸ ਲਈ ਹਸਤਪਾਲ ਦੀ ਜੋ ਵੀ ਲੋੜ ਹੈ, ਉਸ ਨੂੰ ਸਰਕਾਰ ਪੂਰਾ ਕਰੇਗੀ।ਉਨਾਂ ਹਸਪਤਾਲ ਨੂੰ ਇਕ ਹੋਰ ਐਬੂਲੈਂਸ ਦੇਣ ਦਾ ਐਲਾਨ ਕਰਦੇ ਹਦਾਇਤ ਕੀਤੀ ਕਿ ਮਰੀਜ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ ਹਸਪਤਾਲ ਸਟਾਫ ਦੀ ਜੋ ਵੀ ਲੋੜ ਹੈ, ਉਸ ਬਾਬਤ ਵੇਰਵੇ ਦਿੱਤੇ ਜਾਣ ਤਾਂ ਜੋ ਸਾਰਾ ਸਾਜ਼ੋ-ਸਮਾਨ ਦਿੱਤਾ ਜਾ ਸਕੇ।ਉਨਾਂ ਕਿਹਾ ਕਿ ਇਸ ਹਸਪਤਾਲ ਦੇ ਮਾਹਿਰ ਡਾਕਟਰ ਤਾਂ ਹੀ ਮਰੀਜ਼ਾਂ ਦਾ ਇਲਾਜ ਸਹੀ ਤਰੀਕੇ ਨਾਲ ਕਰ ਸਕਣਗੇ, ਜੇਕਰ ਲੋੜੀਂਦਾ ਢਾਂਚਾ ਹੋਵੇ।ਉਨਾਂ ਡਾਕਟਰਾਂ ਦੇ ਨਾਲ-ਨਾਲ ਦਾਖਲ ਅਤੇ ਦਵਾਈ ਲੈਣ ਵਾਲੇ ਮਰੀਜਾਂ ਨਾਲ ਗੱਲਬਾਤ ਵੀ ਕੀਤੀ। PPNJ1008201809
       ਹਸਪਤਾਲ ਦੀ ਕੰਟੀਨ ਵਿਚ ਕੀਤੀ ਜਾਂਚ ਦੌਰਾਨ ਉਨਾਂ ਇਸ ਦੇ ਮੰਦੇ ਹਾਲ ਦਾ ਗੰਭੀਰ ਨੋਟਿਸ ਲੈਂਦੇ ਕੰਟੀਨ 10 ਦਿਨ ਲਈ ਬੰਦ ਕਰਨ ਦਾ ਹੁਕਮ ਦਿੰਦੇ ਕਿਹਾ ਕਿ ਪਹਿਲਾਂ ਇਸ ਦੀ ਮੁਰੰਮਤ ਦਾ ਕੰਮ ਪੂਰਾ ਕੀਤਾ ਜਾਵੇ ਅਤੇ ਫਿਰ ਕੰਟੀਨ ਖੋਲ੍ਹੀ ਜਾਵੇ।ਸੋਨੀ ਨੇ ਇਸ ਮੌਕੇ ਹਸਪਤਾਲ ਵਿਚ ਚੱਲ ਰਹੇ ਉਸਾਰੀ ਦੇ ਕੰਮ ਨੂੰ ਛੇਤੀ ਪੂਰਾ ਕਰਨ ਦੀ ਹਦਾਇਤ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਕਰਦੇ ਕਿਹਾ ਕਿ ਸਰਕਾਰ ਸਿਹਤ ਸਹੂਲਤਾਂ ਲਈ ਵਚਨਬੱਧ ਹੈ ਅਤੇ ਇਸ ਵਿਚ ਕੁਤਾਹੀ ਜਾਂ ਢਿੱਲ-ਮੱਠ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
     ਸੋਨੀ ਨੇ ਹੀ ਨਵ ਨਿਯੁੱਕਤ ਮੈਡੀਕਲ ਸੁਪਰਡੈਂਟ ਜੇ.ਐਸ ਕੁਲਾਰ ਨੂੰ ਆਦੇਸ਼ ਦਿੱਤੇ ਕਿ ਹਸਪਤਾਲ ਵਿੱਚ ਜਿੰਨਾਂ ਵੀ ਪੁਰਾਣਾ ਸਮਾਨ ਹੈ, ਉਸ ਨੂੰ ਕੰਡਮ ਕੀਤਾ ਜਾਵੇ ਅਤੇ ਹਸਪਤਾਲ ਵਾਸਤੇ ਨਵੇਂ ਬੈਡ, ਸ਼ੀਟਾਂ ਦੀ ਖਰੀਦ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚੋਂ ਦਲਾਲਾਂ ਦਾ ਖਾਤਮਾ ਕਰਨ ਦੇ ਯੋਗ ਉਪਰਾਲੇ ਕੀਤੇ ਜਾਣ। ਮੈਡੀਕਲ ਸੁਪਰਡੰਟ ਕੁਲਾਰ ਨੇ ਭਰੋਸਾ ਦਿਵਾਇਆ ਕਿ ਅੱਗੇ ਤੋਂ ਕੋਈ ਵੀ ਮੁਲਾਜ਼ਮ ਡਿਊਟੀ `ਤੇ ਲੇਟ ਨਹੀਂ ਹੋਵੇਗਾ ਅਤੇ ਮਿਲੇ ਆਦੇਸ਼ਾਂ ਨੂੰ ਮਿਥੇ ਸਮੇਂ ਅੰਦਰ ਪੂਰਾ ਕੀਤਾ ਜਾਵੇਗਾ।
     ਇਸ ਮੌਕੇ ਡਾ: ਵੀਨਾ ਸ਼ਰਮਾ, ਵਾਇਸ ਪ੍ਰਿੰਸੀਪਲ ਮੈਡੀਕਲ ਕਾਲਜ, ਡਾ: ਸ਼ਿਵਚਰਨ, ਡਾ: ਰਾਕੇਸ਼ ਸ਼ਰਮਾ, ਡਾ: ਅਸ਼ੋਕ ਕੁਮਾਰ ਸਹਾਇਕ ਪ੍ਰੋਫੈਸਰ ਸਰਜਰੀ, ਆਈ.ਪੀ ਖੁੱਲਰ ਚੇਅਰਮੈਨ ਪੰਜਾਬ ਫਾਰਮੇਸੀ ਕੌਂਸਲ ਵੀ ਹਾਜਰ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply