ਅੰਮ੍ਰਿਤਸਰ, 19 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ‘ਅਜ਼ਾਦੀ’ ਸ਼ਬਦ ਹਰੇਕ ਮਨੁੱਖ ਲਈ ਬਹੁਤ ਮਾਇਨੇ ਰੱਖਦਾ ਹੈ, ਬੱਸ ਇਸ ਲਫ਼ਜ਼ ਦੇ ਨਾਲ ਹੀ ਇਨਸਾਨ ਆਪਣੇ ਅਧਿਕਾਰ ਨੂੰ ਉਚਿੱਤ ਢੰਗ ਅਤੇ ਬਿਨ੍ਹਾਂ ਕਿਸੇ ਦਬਾਅ ਜਾਂ ਜਕੜ ਤੋਂ ਮੁਕਤ ਹੋ ਕੇ ਕਾਰਜ ਕਰਦਾ ਹੈ। ਪਰ ਬਦਕਿਸਮਤੀ ਨਾਲ ਭਾਵੇਂ ਦੇਸ਼ ਨੂੰ ਅਜ਼ਾਦ ਹੋਏ 72 ਸਾਲਾ ਦਾ ਵਰ੍ਹਾ ਹੋ ਚੁੱਕਾ ਹੈ ਪਰ ਅੱਜ ਦੇਸ਼ ਅਨੇਕਾਂ ਸਮਾਜਿਕ ਕੁਰੀਤੀਆਂ ਨਾਲ ਜੂਝ ਰਿਹਾ ਹੈ।ਇਹ ਸ਼ਬਦ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨੇਰਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਵਿਖੇ ਅਜ਼ਾਦੀ ਦਿਵਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਉਪਰੰਤ ਹਾਜ਼ਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ।
ਉਨ੍ਹਾਂ ਕਿਹਾ ਕਿ ਪੜ੍ਹਿਆ-ਲਿਖਿਆ ਵਿਦਿਆਰਥੀ ਦੇਸ਼ ਅਤੇ ਸਮਾਜ ਦੀ ਨੁਹਾਰ ਬਦਲ ਸਕਦਾ ਹੈ, ਇਸ ਲਈ ਸਮਾਂ ਰਹਿ ਕੇ ਆਪਣੀ ਜ਼ਿੰਮੇਵਾਰੀ ਅਤੇ ਫਰਜ਼ਾਂ ਨੂੰ ਪਛਾਣੋ। ਉਨ੍ਹਾਂ ਕਿਹਾ ਕਿ ਜਦ ਤੱਕ ਅਸੀਂ ਦੇਸ਼ ਪ੍ਰਤੀ ਸੱਚੀ ਭਾਵਨਾ ਅਤੇ ਨਿਸ਼ਠਾ ਦਾ ਸਬੂਤ ਦਿੰਦੇ ਹੋਏ ਦੇਸ਼ ’ਚ ਫੈਲੀਆਂ ਕੁਰੀਤੀਆਂ ਨੂੰ ਦੂਰ ਨਹੀਂ ਕਰਾਂਗੇ ਉਨ੍ਹੀ ਦੇਰ ਤੱਕ ਦੇਸ਼ ਅਸਲ ਅਰਥਾਂ ’ਚ ਅਜ਼ਾਦ ਨਹੀਂ ਕਹਾਵੇਗਾ।
ਅੱਤ ਦੇ ਹੁੰਮਸ਼ ਭਰੇ ਮਾਹੌਲ ’ਚ ਇਸ ਤੋਂ ਇਲਾਵਾ ਸੋਸਾਇਟੀ ਅਧੀਨ ਚਲਦੇ ਵਿੱਦਿਅਕ ਅਦਾਰਿਆਂ ’ਚ ਖ਼ਾਲਸਾ ਕਾਲਜ ਪਬਲਿਕ ਸਕੂਲ ਜੀ.ਟੀ ਰੋਡ, ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਅਤੇ ਖ਼ਾਲਸਾ ਕਾਲਜ ਪਬਲਿਕ ਸਕੂਲ, ਹੇਰ ਵਿਖੇ ਆਜ਼ਾਦੀ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਉਕਤ ਕਾਲਜ ਅਤੇ ਸਕੂਲਾਂ ਦੇ ਕ੍ਰਮਵਾਰ ਪ੍ਰਿੰਸੀਪਲ ਨਾਨਕ ਸਿੰਘ, ਪ੍ਰਿੰਸੀਪਲ ਏ.ਐਸ ਗਿੱਲ, ਪ੍ਰਿੰ: ਗੁਰਜੀਤ ਸਿੰਘ ਸੇਠੀ ਅਤੇ ਗੁਰਿੰਦਰਜੀਤ ਕੌਰ ਕੰਬੋਜ਼ ਨੇ ਆਪਣੇ ਆਪਣੇ ਭਾਸ਼ਣ ’ਚ ਵਿਦਿਆਰਥੀਆਂ ਨੂੰ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਿਆ ਅਜ਼ਾਦੀ ਘੁਲਾਟੀਆਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ’ਤੋਂ ਜਾਣੂ ਕਰਵਾਇਆ ਅਤੇ ਉਸ ਸਮੇਂ ਲੋਕਾਂ ਦੇ ਵੱਲੋਂ ਆਪਣੇ ਪਿੱਡੇ ’ਤੇ ਹੰਢਾਏ ਸੰਤਾਪ ਸਬੰਧੀ ਦੱਸਿਆ, ਜਿਨ੍ਹਾਂ ਕਰਕੇ ਅੱਜ ਸਮੂਹ ਕੌਮ ਆਜ਼ਾਦੀ ਦਾ ਨਿੱਘ ਮਾਣ ਰਹੀ ਹੈ।
ਉਕਤ ਵਿੱਦਿਅਕ ਅਦਾਰਿਆਂ ’ਚ ਵਿਦਿਆਰਥੀਆਂ ਦੁਆਰਾ ਦੇਸ਼ ਭਗਤੀ ਦੀਆਂ ਕਵਿਤਾਵਾਂ ਅਤੇ ਗੀਤ ਗਾ ਕੇ ਦੇਸ਼ ਦੀ ਅਜ਼ਾਦੀ ਲਈ ਕੁਰਬਾਨ ਹੋਈਆਂ ਮਹਾਨ ਸਖਸ਼ੀਅਤਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਪ੍ਰੋਗਰਾਮ ਦੇ ਅੰਤ ’ਚ ਕਾਲਜ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਨਾਲ ਸਬੰਧਿਤ ਨਾਟਕ ਦੀ ਪੇਸ਼ਕਾਰੀ ਕੀਤੀ ਗਈ।
ਇਸ ਮੌਕੇ ਉਕਤ ਅਦਾਰਿਆਂ ਦੇ ਕਾਲਜ, ਸਕੂਲ ਸਟਾਫ਼ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਮੌਜ਼ੂਦ ਸਨ।