ਹਰ ਨਵੀਂ ਜੋੜੀ ਨੂੰ ਦਿੱਤਾ ਜਾਵੇਗਾ 180 ਲੀਟਰ ਦਾ ਫਰਿਜ਼ – ਭਾਈ ਗੁਰਇਕਬਾਲ ਸਿੰਘ
ਭਾਈ ਗੁਰਇਕਬਾਲ ਸਿੰਘ ਜੀ ਮੀਟਿੰਗ ਦੌਰਾਨ ਮੈਂਬਰਾਂ ਦੀਆਂ ਡਿਊਟੀਆਂ ਲਗਾਉਂਦੇ ਹੋਏ।
ਅੰਮ੍ਰਿਤਸਰ, 24 ਸਤੰਬਰ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦਾ 31ਵਾਂ ਸਾਲਾਨਾ ਸਮਾਗਮ 28 ਸਤੰਬਰ ਤੋਂ 2 ਅਕਤੂਬਰ ਤੱਕ ਨਿਰੰਤਰ ਭਲਾਈ ਕੇਂਦਰ ਵਿਖੇ ਮਨਾਇਆ ਜਾਵੇਗਾ।ਇਸ ਸਬੰਧ ਵਿੱਚ ਭਾਈ ਗੁਰਇਕਬਾਲ ਸਿੰਘ ਜੀ ਦੀ ਸਰਪ੍ਰਸਤੀ ਹੇਠ ਭਲਾਈ ਕੇਂਦਰ ਵਿਖੇ ਮੀਟਿੰਗ ਹੋਈ ਜਿਸ ਵਿੱਚ ਭਾਈ ਸਾਹਿਬ ਨੇ ਵੱਖ-ਵੱਖ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ।ਭਾਈ ਸਾਹਿਬ ਨੇ ਸਾਰੇ ਸਮਾਗਮ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਬੰਦੀ ਛੋੜ੍ਹ ਦਿਵਸ ਨੂੰ ਸਮਰਪਿਤ 31ਵਾਂ ਸਾਲਾਨਾ ਸਮਾਗਮ 28 ਸਤੰਬਰ ਤੋਂ 2 ਅਕਤੂਬਰ ਤਕ ਹੋ ਰਿਹਾ ਹੈ। ਪ੍ਰੋਗਰਾਮਾਂ ਵਿੱਚ ਚੁਪਹਿਰਾ ਜਪ ਤਪ ਸਮਾਗਮ 28 ਸਤੰਬਰ ਦਿਨ ਐਤਵਾਰ ਨੂੰ ਸਵੇਰੇ 10:00 ਤੋਂ ਸ਼ਾਮ 4:00 ਵਜੇ ਤੱਕ ਗੁ: ਸਤਿਸੰਗ ਸਭਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਜਾਰ ਲੁਹਾਰਾਂ ਵਿਖੇ ਹੋਵੇਗਾ ਅਤੇ 29 ਅਤੇ 30 ਸਤੰਬਰ ਨੂੰ ਭਲਾਈ ਕੇਂਦਰ ਵਿਖੇ ਸਵੇਰੇ 9:30 ਤੋਂ ਸ਼ਾਮ 6:00 ਵਜੇ ਤੱਕ ਸਿਮਰਨ ਪ੍ਰਵਾਹ ਸਮਾਗਮ ਹੋਵੇਗਾ, ਜਿਸ ਵਿੱਚ ਸੰਗਤਾਂ ਵੱਲੋਂ ਵਿਸ਼ੇਸ਼ ਉਪਰਾਲਾ (ਇਕ ਕਰੋੜ ਵਾਹਿਗੁਰੂ ਸਿਮਰਨ ਦੇ ਜਾਪ) ਇਹਨਾਂ ਦੋਨਾਂ ਦਿਨਾਂ ਵਿੱਚ ਇਸੇ ਅਸਥਾਨ ਤੇ ਸ਼ਾਮ 4:00 ਤੋਂ 6:00 ਵਜੇ ਤੱਕ ਕੀਰਤਨ ਦਰਬਾਰ ਵੀ ਸੱਜਣਗੇ ਅਤੇ 30 ਸਤੰਬਰ ਦਿਨ ਮੰਗਲਵਾਰ ਦੁੁਪਹਿਰੇ 1:00 ਵਜੇ ਅੰਮ੍ਰਿਤ ਸੰਚਾਰ ਹੋਵੇਗਾ, ਜਿਸ ਵਿੱਚ ਅੰਮ੍ਰਿਤ ਅਭਿਲਾਖੀਆਂ ਨੂੰ ਕਕਾਰ ਟਰੱਸਟ ਵੱਲੋਂ ਫ੍ਰੀ (ਭੇਟਾ ਰਹਿਤ ਦਿਤੇ ਜਾਣਗੇ) ।
1 ਅਕਤੂਬਰ ਦਿਨ ਬੁੱਧਵਾਰ ਸ਼ਾਮ 7:00 ਤੋਂ ਰਾਤ 12:00 ਵਜੇ ਤੱਕ ਕੀਰਤਨ ਦਰਬਾਰ ਸੱਜਣਗੇ।ਜਿਸ ਵਿੱਚ ਸਿੰਘ ਸਾਹਿਬਾਨ, ਸੰਤ ਮਹਾਂਪੁਰਸ਼ ਅਤੇ ਪੰਥ ਪ੍ਰਸਿੱਧ ਕੀਰਤਨੀ ਜੱਥੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।ਇਸ ਮੌਕੇ 350 ਸਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਲਹਿਰ (ਅਰਧ ਸ਼ਤਾਬਦੀ) ਨੂੰ ਸਮਰਪਿਤ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਕੀਤੇ ਜਪ ਤਪ ਦੀ ਅਰਦਾਸ ਵੀ ਹੋਵੇਗੀ । 1 ਅਕਤੂਬਰ ਦਾ ਸਾਰਾ ਸਮਾਗਮ ਐਮ.ਐਚ ਵੰਨ ਸ਼ਰਧਾ ਚੈਨਲ ਅਤੇ ਚੜ੍ਹਦੀ ਕਲਾ ਟਾਈਮ ਟੀ.ਵੀ. ਤੋਂ ਲਾਈਵ ਦਿਖਾਇਆ ਜਾਵੇਗਾ।
ਮੁੱਖ ਸਮਾਗਮ 2 ਅਕਤੂਬਰ ਦਿਨ ਵੀਰਵਾਰ ਨੂੰ ਭਲਾਈ ਕੇਂਦਰ ਵਿਖੇ ਸਵੇਰੇ 8:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਹੋਵੇਗਾ।ਜਿਸ ਵਿੱਚ ਆਰੰਭਤਾ ਪਾਠ ਸ੍ਰੀ ਸੁਖਮਨੀ ਸਾਹਿਬ, ਕਥਾ ਕੀਰਤਨ, ਕਵੀ ਦਰਬਾਰ, ਢਾਡੀ ਦਰਬਾਰ ਤੋਂ ਇਲਾਵਾ 13 ਲੌੜ੍ਹਵੰਦ ਸਾਬਤ ਸੂਰਤ ਬੱਚੇ ਬੱਚੀਆਂ ਦੇ ਅਨੰਦ ਕਾਰਜ ਹੋਣਗੇ ਅਤੇ 2 ਅਕਤੂਬਰ ਦਾ ਇਹ ਸਮਾਗਮ ਚੈਨਲ ਏ.ਨ ਪੰਜਾਬੀ ਤੋਂ ਲਾਈਵ ਪ੍ਰਸਾਰਿਤ ਵੀ ਕੀਤਾ ਜਾਵੇਗਾ।
ਭਾਈ ਸਾਹਿਬ ਨੇ ਦੱਸਿਆ ਕਿ ਅਨੰਦ ਕਾਰਜ ਵਾਲੀਆਂ ਜੋੜੀਆਂ ਨੂੰ ਸੰਗਤਾਂ ਦੇ ਸਹਿਯੋਗ ਨਾਲ 180 ਲੀਟਰ ਦੇ ਫਰਿਜ਼ ਤੋਂ ਇਲਾਵਾ ਹੋਰ ਘਰੇਲੂ ਸਮਾਨ ਵੀ ਦਿੱਤਾ ਜਾਵੇਗਾ। ਇਹਨਾਂ ਜੋੜੀਆਂ ਨੂੰ ਅਸੀਸ ਦੇਣ ਲਈ ਸੰਤ ਮਹਾਂਪੁਰਸ਼ ਸਿੰਘ ਸਾਹਿਬਾਨ ਵਿਸ਼ੇਸ਼ ਤੋਰ ਤੇ ਹਾਜਰੀ ਭਰਨਗੇ।ਭਾਈ ਸਾਹਿਬ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਲਾਈ ਕੇਂਦਰ ਤੋਂ ਫ੍ਰੀ ਰਾਸ਼ਨ ਪ੍ਰਾਪਤ ਕਰ ਰਹੀਆਂ 1890 ਵਿਧਵਾ ਬੀਬੀਆਂ ਨੂੰ ਸੂਟ ਅਤੇ ਸਿਲਾਈ ਮਸ਼ੀਨਾਂ ਵੀ ਦਿੱਤੀਆਂ ਜਾਣਗੀਆਂ।ਭਾਈ ਸਾਹਿਬ ਜੀ ਵੱਲੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਦੀ ਹੈ ਕਿ ਇਹਨਾਂ ਸਾਰਿਆਂ ਸਮਾਗਮਾਂ ਵਿੱਚ ਪ੍ਰਵਾਰਾਂ ਸਮੇਤ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ।