Saturday, July 5, 2025
Breaking News

ਆਪਣੀ ਧਰਤੀ ਦੀ ਮੌਲਿਕਤਾ ਵਿਚੋਂ ਗਿਆਨ ਦੇ ਮਾਡਲ ਉਸਾਰਨੇ ਚਾਹੀਦੇ – ਪ੍ਰੋ. ਬਰਾੜ

ਬਸਤੀਵਾਦੀ ਖੋਜ ਵਿਧੀ ਦੀ ਗੁਲਾਮੀ ਤੋਂ ਮੁਕਤ ਹੋਣ ਦੀ ਲੋੜ – ਡਾ. ਜਸਵਿੰਦਰ ਸਿੰਘ

PPN24091425

ਅੰਮ੍ਰਿਤਸਰ, 24 ਸਤੰਬਰ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਵਿਖੇ ਇਸ ਵਿਦਿਅਕ ਵਰ੍ਹੇ ਦੀ ਸ਼ੁਰੂਆਤ ਤੇ ਯੂਨੀਵਰਸਿਟੀ ਵਿੱਚ ਨਵੇਂ ਆਏ ਸਾਰੇ ਵਿਦਿਆਰਥੀਆਂ ਨੂੰ ਖੁਸ਼ਾਮਦੀਦ ਕਹਿਣ ਲਈ 28ਵਾਂ ਸਾਲਾਨਾ ਜੀ ਆਇਆਂ ਨੂੰ ਗੁਰਮਤਿ ਸਮਾਗਮ ਅੱਜ ਇਥੇ ਯੂਨੀਵਰਸਿਟੀ ਦੇ ਵਿਹੜੇ ਵਿਚ ਕਰਵਾਇਆ ਗਿਆ।ਇਸ ਮੌਕੇ ਵਿਦਿਆਰਥੀਆਂ ਤੇ ਖੋਜਾਰਥੀਆਂ ਤੋਂ ਇਲਾਵਾ ਯੂਨੀਵਰਸਿਟੀ ਪ੍ਰਸ਼ਾਸ਼ਨ, ਅਧਿਆਪਨ ਤੇ ਗੈਰ-ਅਧਿਆਪਨ ਅਮਲਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਸੰਗਤ ਰੂਪ ਸ਼ਾਮਿਲ ਹੋਏ।ਸਮਾਗਮ ਵਿਚ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ, ਬੀਬੀ ਕਿਰਨਜੋਤ ਕੌਰ, ਨਿਰਦੇਸ਼ਕ ਖੋਜ, ਡਾ. ਟੀ.ਐਸ. ਬੇਨੀਪਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਨਿਰਦੇਸ਼ਕ, ਡਾ. ਬਲਵੰਤ ਸਿੰਘ ਢਿੱਲੋਂ, ਡਾ. ਸੁਖਦੇਵ ਸਿੰਘ ਹਾਜ਼ਰ ਸਨ।
ਪ੍ਰੋ. ਬਰਾੜ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੀ ਕਮਾਈ ਕਰਦੇ ਹੋਏ ਜੀਵਨ ਵਿਚ ਅੱਗੇ ਵੱਧਣਾ ਚਾਹੀਦਾ ਹੈ ਅਤੇ ਇਕ ਚੰਗੇ ਇਨਸਾਨ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਨੇ ਭਾਰਤ ਤੇ ਏਸ਼ੀਆ ‘ਤੇ ਕਈ ਸਾਲ ਆਪਣੀ ਬਸਤੀਆਂ ਰਾਹੀਂ ਹਕੂਮਤ ਕੀਤੀ। ਉਨ੍ਹਾਂ ਕਿਹਾ ਕਿ ਅੰਗਰੇਜ਼ਾ ਨੇ ਸਾਡੀ ਸਮਝ ਸਕਤੀ ‘ਤੇ ਬਸਤੀਵਾਦੀ ਪ੍ਰਭਾਵ ਛੱਡੇ ਜਿਸ ਕਰਕੇ ਅਜੋਕੀ ਜੀਵਨ ਸ਼ੈਲੀ ‘ਤੇ ਅਜੇ ਉਹ ਪ੍ਰਭਾਵੀ ਹੈ। ਉਨਾਂ੍ਹ ਕਿਹਾ ਕਿ ਅੱਜ ਅਸੀਂ ਪੱਛਮਤਾ ਦੇ ਪ੍ਰਭਾਵ ਅਧੀਨ ਆਪਣੀ ਮੌਲਿਕਤਾ ਨੂੰ ਵਿਸਾਰਦੇ ਹੋਏ ਅਮੀਰ ਵਿਰਸੇ ਨੂੰ ਅਣਗੌਲਿਆਂ ਕਰ ਰਹੇ ਹਾਂ। ਉਨਾਂ੍ਹ ਕਿਹਾ ਕਿ ਸਾਨੂੰ ਆਪਣੀ ਧਰਤੀ ਦੀ ਮੌਲਿਕਤਾ ਵਿਚੋਂ ਗਿਆਨ ਦੇ ਮਾਡਲ ਉਸਾਰਨੇ ਚਾਹੀਦੇ ਹਨ ਤਾਂ ਜੋ ਬਸਤੀਵਾਦੀ ਪ੍ਰਭਾਵਿਤ ਸਮਝ ਸ਼ਕਤੀ ਤੋਂ ਮੁਕਤ ਹੋਇਆ ਜਾਵੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰੀ ਮਨੁੱਖਤਾ ਦੇ ਗੁਰੂ ਹਨ ਅਤੇ ਭਾਰਤੀ ਮੌਲਿਕਤਾ ਦੇ ਗਿਆਨ ਦੇ ਮਾਡਲ ਸਾਨੂੰ ਸ਼ਬਦ ਦੀ ਰਹਿਨੁਮਾਈ ਹੇਠ ਖੋਜਣ ਵੱਲ ਕਦਮ ਚੁੱਕਣੇ ਚਾਹੀਦੇ ਹਨ।
ਇਸ ਤੋਂ ਪਹਿਲਾਂ ਯੁੂਨੀਵਰਸਿਟੀ ਵਿਦਿਆਰਥੀਆਂ ਵੱਲੋਂ ਗੁਰਬਾਣੀ ਕੀਰਤਨ ਉਪਰੰਤ ਸ. ਅਰਵਿੰਦਰ ਸਿੰਘ, ਚੰਡੀਗੜ ਵੱਲੋਂ ਗੁਰਮਤਿ ਵੀਚਾਰ – ਪਾਠ ਪੁਰਾਤਣ ਜਨਮ ਸਾਖੀ ਪੇਸ਼ ਕੀਤੀ ਗਈ। ਇਸ ਮੌਕੇ ਡਾ. ਜਸਵਿੰਦਰ ਸਿੰਘ, ਸਹਾਇਕ-ਪ੍ਰੋਫ਼ੈਸਰ, ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਭਾਈ ਵੀਰ ਸਿੰਘ ਸ਼ਬਦ-ਚਿੰਤਨ ਯੁਵਾ ਸਨਮਾਨ ਭੇਂਟ ਕੀਤਾ ਗਿਆ ਅਤੇ ਇਹ ਸਨਮਾਨ ਉਨ੍ਹਾਂ ਦੁਆਰਾ ਸੰਪਾਦਿਤ ਕਿਤਾਬ ‘ਪ੍ਰੋ. ਪੂਰਨ ਸਿੰਘ ਰਤਨਾਵਲੀ – ਜਿਲਦ 1 ਅਤੇ 2’ ਨੂੰ ਲੋਕ ਅਰਪਤਿ ਕੀਤਾ ਗਿਆ। ਗੁਰਬਾਣੀ  ਕੀਰਤਨ ਭਾਈ ਹਰਬੰਸ ਸਿੰਘ ‘ਘੁੱਲਾ’, ਭੈਣੀ ਸਾਹਿਬ, ਲੁਧਿਆਣਾ ਨੇ ਕੀਤਾ।
ਡਾ. ਜਸਵਿੰਦਰ ਸਿੰਘ ਕਿਹਾ ਕਿ ਵਿਸ਼ਵ ਚਿੰਤਨ ਵਿਚ ਜੋ ਮੌਜੂਦਾ ਚਲਣ ਅਤੇ ਜਿਸ ਤਰ੍ਹਾਂ ਗਿਆਨ ਸਿਰਜਿਆ ਜਾ ਰਿਹਾ ਹੈ ਉਸ ਨਾਲ ਲਗਾਤਾਰ ਸੰਵਾਦ ਰਚਾਉਣ ਵਿਚ ਸਿੱਖ ਚਿੰਤਨ ਨੂੰ ਕੀ ਮੁਸ਼ਕਿਲ ਪੇਸ਼ ਆ ਰਹੀਆਂ ਹਨ, ਇਸ ਬਾਰੇ ਸੋਚਣ ਦੀ ਲੋੜ ਹੈ।  ਉਨ੍ਹਾਂ ਕਿਹਾ ਕਿ ਭਾਈ ਵੀਰ ਸਿੰਘ ਤੋਂ ਬਾਅਦ ਖੋਜ ਵਿਚ ਪਿਛਲੇ ਸਮੇਂ ਤੋਂ ਸਿੱਖ ਚਿੰਤਨ ਵਿਚ ਕਾਫੀ ਖਲਾਅ ਆ ਚੁੱਕਾ ਹੈ। ਉਨਾਂ੍ਹ ਕਿਹਾ ਕਿ ਭਾਰਤ ਵਿਚ ਅਜੋਕੀ ਖੋਜ ਤੇ ਚਿੰਤਨ ਪਰੰਪਰਾ ਲਗਪਗ ਬਸਤੀਵਾਦੀ ਖੋਜ ਵਿਧੀਆਂ ਤੋਂ ਪ੍ਰਭਾਵਿਤ ਹੈ ਅਤੇ ਅਸੀਂ ਆਪਣੀ ਧਰਤੀ ਦੀ ਮੌਲਿਕਤਾ ਵਿਚੋਂ ਜੋ ਖੋਜ ਮਾਡਲ ਉਸਾਰਨੇ ਚਾਹੀਦੇ ਹਨ ਉਹ ਨਹੀਂ ਉਸਾਰੇ। ਉਨਾਂ੍ਹ ਕਿਹਾ ਕਿ ਵਿਸ਼ਵ ਚਿੰਤਨ ਵਿਚ ਜੇਕਰ ਕਿਸੇ ਦਾ ਰਾਜ ਹੈ ਤਾਂ ਉਹ ਹੈ ਖੋਜ ਵਿਧੀ। ਇਸ ਲਈ ਜਿੰਨਾ ਚਿਰ ਅਸੀਂ ਆਪ ਆਪਣੀ ਖੋਜ ਵਿਧੀ ਦਾ ਨਿਰਮਾਣ ਨਹੀਂ ਕਰਦੇ ਉਨ੍ਹਾਂ ਚਿਰ ਅਸੀਂ ਬਸਤੀਵਾਦੀ ਖੋਜ ਵਿਧੀ ਦੀ ਗੁਲਾਮੀ ਤੋਂ ਮੁਕਤ ਨਹੀਂ ਹੋ ਸਕਦੇ।
ਇਸ ਮੌਕੇ ਵਿਸ਼ੇਸ਼ ਪ੍ਰਦਰਸ਼ਨੀਆਂ ਲਾਈਆਂ ਗਈਆਂ, ਜਿਸ ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਰਮ-ਸੇਵਕ ਭਾਈ ਰੂਪ ਚੰਦ ਜੀ ਦੀ ਅੰਸ-ਬੰਸ ਭਾਈ ਬਲਬੀਰ ਸਿੰਘ (ਬਠਿੰਡਾ) ਅਤੇ ਹੋਰ ਸਤਿ-ਪੁਰਖਾਂ ਵੱਲੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀਆਂ ਨਿਸ਼ਾਨੀਆਂ ਜਿਵੇਂ ਸ਼ੀਸ਼ਾ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੁਕਮਨਾਮਾ ਆਦਿ ਅਤੇ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ ਦਸਵੀਂ (ਬਠਿੰਡਾ) ਵੱਲੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਗੁਰੂ ਕੇ ਮਹਿਲਾਂ ਦੀਆਂ ਨਿਸ਼ਾਨੀਆਂ (ਜਿਵੇਂ ਗੁਰੂ ਸਾਹਿਬ ਜੀ ਦੀ ਦਸਤਾਰ, ਕਛਹਿਰਾ, ਚਾਦਰ ਅਤੇ ਮਾਤਾ ਸੁੰਦਰ ਕੌਰ ਜੀ ਦੀਆਂ ਖੜਾਵਾਂ, ਮਾਤਾ ਸਾਹਿਬ ਕੌਰ ਜੀ ਦੀ ਗੁਰਗਾਬੀ, ਕੁਰਸੀ ਆਦਿ) ਸੰਗਤਾਂ ਦੇ ਦਰਸ਼ਨਾਂ ਲਈ ਸੁਸ਼ੋਭਿਤ ਹੋਣਗੀਆਂ ਜੀ।ਨਾਦ-ਪ੍ਰਗਾਸ, ਸ੍ਰੀ ਅੰਮ੍ਰਿਤਸਰ ਵੱਲੋਂ ਵਿਸ਼ਵ ਦੇ ਚੋਣਵੇਂ ਸਾਹਿਤ ਦੀ ਪ੍ਰਦਰਸ਼ਨੀ। ਡਾ. ਬਲਵਿੰਦਰ ਸਿੰਘ (ਪ੍ਰੋਫ਼ੈਸਰ, ਗੁਰੂ ਰਾਮਦਾਸ ਸਕੂਲ ਆਫ਼ ਪਲੈਨਿੰਗ, ਗੁਰੂ ਨਾਨਕ ਦੇਵ ਯੂਨੀਵਰਸਿਟੀ) ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਿੱਖ-ਭਵਨ ਨਿਰਮਾਣ ਕਲਾ ਅਤੇ ਵਿਰਾਸਤ ਬਾਰੇ ਚਿੱਤਰ ਪ੍ਰਦਰਸ਼ਨੀ। ਸਰਦਾਰ ਹਰਦੀਪ ਸਿੰਘ, ਕੈਲੀਗ੍ਰਾਫ਼ਿਸਟ, ਸ੍ਰੀ ਅੰਮ੍ਰਿਤਸਰ ਵੱਲੋਂ ਸਿੱਖ-ਕੈਲੀਗ੍ਰਾਫ਼ੀ ਬਾਰੇ ਪ੍ਰਦਰਸ਼ਨੀ।ਸਰਦਾਰ ਨਰਿੰਦਰ ਸਿੰਘ, ਵੁੱਡ ਆਰਟਿਸਟ, ਸ੍ਰੀ ਅੰਮ੍ਰਿਤਸਰ ਵੱਲੋਂਸਿੱਖ-ਵੁੱਡ ਆਰਟਸ ਬਾਰੇ ਪ੍ਰਦਰਸ਼ਨੀ। ਸਰਦਾਰ ਤੇਜਿੰਦਰ ਸਿੰਘ, ਸ੍ਰੀ ਅੰਮ੍ਰਿਤਸਰ ਵੱਲੋਂ ਸਿੱਖ-ਚਿੱਤਰਕਲਾ ਅਤੇ ਕਾਵਿ-ਕਲਾ ਪ੍ਰਦਰਸ਼ਨੀ। ਅਕਾਲ ਗਤਕਾ ਸਟੋਰ, ਸ੍ਰੀ ਅੰਮ੍ਰਿਤਸਰ ਵੱਲੋਂ ਸਿੱਖ-ਸ਼ਸਤਰ ਕਲਾ ਬਾਰੇ ਪ੍ਰਦਰਸ਼ਨੀ। ਸ. ਮਨਪ੍ਰੀਤ ਸਿੰਘ (ਖੋਜਾਰਥੀ, ਧਰਮ-ਅਧਿਐਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ) ਵੱਲੋਂ ਚਿੱਤਰਕਲਾ ਪ੍ਰਦਰਸ਼ਨੀ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply